ਨਵਾਂਸ਼ਹਿਰ, 28 ਜੂਨ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਗਾਵਾਂ/ਪਸ਼ੂਆਂ ਨੂੰ ਬੇਸਹਾਰਾ ਛੱਡਣ 'ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਗਊਵੰਸ਼ ਦਾ ਕੁਝ ਧਰਮਾਂ ਵਿਚ ਬਹੁਤ ਜ਼ਿਆਦਾ ਸਤਿਕਾਰ ਹੋਣ ਕਾਰਨ ਗਊਵੰਸ਼ ਨੂੰ ਇਸ ਤਰ੍ਹਾਂ ਬੇਸਹਾਰਾ ਛੱਡਣ ਕਾਰਨ ਉਨ੍ਹਾਂ ਨੂੰ ਪੁੱਜਣ ਵਾਲੇ ਜਾਨੀ ਨੁਕਸਾਨ ਨਾਲ ਜਿਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ, ਉਥੇ ਅਮਨ ਅਤੇ ਕਾਨੂੰਨ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਬੇਸਹਾਰਾ ਛੱਡਣ ਨਾਲ ਇਹ ਸੜਕਾਂ 'ਤੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਹੁਕਮ 28 ਜੂਨ ਤੋਂ 27 ਅਗਸਤ 2023 ਤੱਕ ਲਾਗੂ ਰਹਿਣਗੇ।