ਅੰਮ੍ਰਿਤਸਰ 5 ਫਰਵਰੀ - ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਿਛਲੇ 22 ਮਹੀਨੇ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਨੇ ਵੱਡੀਆਂ ਪੁਲਾਂਘਾ ਪੁੱਟੀਆਂ ਹਨ ਅਤੇ ਚੋਣਾਂ ਦੌਰਾਨ ਲੋਕਾਂ ਨਾਲ ਜੋ ਗਰੰਟੀਆਂ ਕੀਤੀਆਂ ਗਈਆਂ ਸਨ ਉਸਨੂੰ ਪੂਰਾ ਕਰਕੇ ਵਿਖਾਇਆ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਹਲਕੇ ਦੇ ਪਿੰਡ ਜੱਬੋਵਾਲ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸ: ਈ.ਟੀ.ਓ. ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਕਾਰਗੁਜਾਰੀ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਉਂਦੀਆਂ ਲੋਕਸਭਾ ਚੋਣਾਂ ਦੌਰਾਨ ਸਾਡੀ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਹੁਣ ਕਹਿਣ ਨੂੰ ਕੁਝ ਨਹੀਂ ਹੈ ਤੇ ਉਹ ਆਪਣੀ ਇੱਜ਼ਤ ਬਚਾਉਣ ਲਈ ਮਨਘੜ੍ਹਤ ਗੱਲਾਂ ਕਰ ਰਹੇ ਹਨ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਆਪਣੇ ਆਖਿਰੀ ਸਾਲ ਦੌਰਾਨ ਹੀ ਚੋਣ ਵਾਅਦਿਆਂ ਨੂੰ ਪੂਰਾ ਕਰਨ ਦਾ ਯਤਨ ਕਰਦੀਆਂ ਸਨ। ਪਰ ਸਾਡੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਤਿੰਨ ਮਹੀਨੇ ਦੌਰਾਨ ਹੀ ਪ੍ਰਤੀ ਮਹੀਨਾ 300 ਬਿਜਲੀ ਯੂਨਿਟ ਹਰੇਕ ਵਰਗ ਨੂੰ ਮੁਆਫ ਕੀਤੇ ਹਨ। ਉਨਾਂ ਦੱਸਿਆ ਕਿ ਇਸ ਸਮੇਂ 90 ਫੀਸਦੀ ਲੋਕਾਂ ਦੇ ਬਿੱਲ ਜੀਰੋ ਆ ਰਹੇ ਹਨ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਤਾਂ ਕੇਵਲ ਬਿਜਲੀ ਬੋਰਡ ਨੂੰ ਘਾਟੇ ਵਿੱਚ ਹੀ ਦੱਸਦੀਆਂ ਸਨ, ਪਰ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹਰੇਕ ਘਰ ਨੂੰ 300 ਯੂਨਿਟ ਮੁਆਫ਼ ਕਰਕੇ ਵੀ ਬਿਜਲੀ ਵਿਭਾਗ ਨੂੰ 564 ਕਰੋੜ ਰੁਪਏ ਵਾਧੇ ਵਿੱਚ ਜਾ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਪ੍ਰਾਈਵੇਟ ਜਾਇਦਾਦ ਨੂੰ ਖ਼ਰੀਦ ਕੇ ਸਰਕਾਰੀ ਜਾਇਦਾਦ ਬਣਾਇਆ ਹੈ। ਉਨਾਂ ਦੱਸਿਆ ਕਿ ਗੁਰੂ ਅਮਰਦਾਸ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਨੂੰ ਸਰਕਾਰ ਨੇ 1080 ਕਰੋੜ ਰੁਪਏ ਵਿੱਚ ਖਰੀਦ ਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ ਜਿਸ ਨਾਲ ਲੋਕਾਂ ਨੂੰ ਹੁਣ ਹੋਰ ਸਸਤੀ ਬਿਜਲੀ ਮੁਹੱਈਆ ਹੋਵੇਗੀ।
ਸ: ਈ.ਟੀ.ਓ. ਨੇ ਸਿਹਤ ਅਤੇ ਸਿੱਖਿਆ ਦੀ ਗੱਲ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਘਰ ਦੇ ਨੇੜੇ ਹੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕਰੀਬ 600 ਮੁਹੱਲਾ ਕਲੀਨਿਕ ਖੋਲ੍ਹੇ ਹਨ ਜਿਸ ਨਾਲ ਲੋਕਾਂ ਨੂੰ ਉਨਾਂ ਦੇ ਘਰ ਨੇੜੇ ਹੀ ਸਿਹਤ ਸੁਵਿਧਾਵਾਂ ਮੁਹੱਈਆ ਹੋ ਰਹੀਆਂ ਹਨ। ਉਨਾਂ ਦੱਸਿਆ ਕਿ ਸਰਕਾਰ ਨੇ ਇਕ ਨਿਵੇਕਲੀ ਪਹਿਲਕਦਮੀ ਕਰਦਿਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਵਾਈ ਦੀ ਸਹੂਲਤ ਵੀ ਮੁਹੱਈਆ ਕਰਵਾ ਦਿੱਤੀ ਹੈ। ਜਿਸ ਨਾਲ ਕਿਸੇ ਵੀ ਮਰੀਜ ਨੂੰ ਹਸਪਤਾਲ ਦੇ ਬਾਹਰੋਂ ਦਵਾਈ ਖਰੀਦ ਨਹੀਂ ਕਰਨੀ ਪਵੇਗੀ। ਉਨਾਂ ਸਿੱਖਿਆ ਦੀ ਗੱਲ ਕਰਦਿਆ ਕਿਹਾ ਕਿ ਸੂਬੇ ਵਿੱਚ ਵੱਡੇ ਪੱਧਰ ਤੇ ਸਕੂਲ ਆਫ਼ ਐਮੀਨੈਂਸ ਬਣਾਏ ਜਾ ਰਹੇ ਹਨ। ਜਿਨਾਂ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਉਣਾ ਹੈ ਅਤੇ ਇਸ ਤਰ੍ਹਾਂ ਸਾਰੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਸੁਧਾਰ ਵੀ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਈ.ਟੀ.ਓ. ਨੇ ਕਿਹਾ ਕਿ ਭ੍ਰਿਸ਼ਟਾਚਾਰ ਪ੍ਰਤੀ ਅਸੀਂ ਜੀਰ ਟਾਲਰੇਂਸ ਦੀ ਨੀਤੀ ਤੇ ਕੰਮ ਕਰ ਰਹੇ ਹਾਂ ਅਤੇ ਲਗਭੱਗ 500 ਤੋਂ ਵੱਧ ਭ੍ਰਿਸ਼ਟਾਚਾਰੀਆਂ ਨੂੰ ਫੜਿਆ ਗਿਆ ਹੈ। ਉਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਹੈ ਉਨਾਂ ਵਿਰੁੱਧ ਵੀ ਸਰਕਾਰ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸ: ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦਾ ਇਕ ਹੀ ਉਦੇਸ਼ ਹੈ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣਾ। ਉਨਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰੀਏ ਤਾਂ ਜੋ ਇਕ ਨਵੀਂ ਆਸ ਅਤੇ ਨਵੀਂ ਉਮੀਦ ਨਾਲ ਪੰਜਾਬ ਨੂੰ ਮੁੜ ਰੰਗਲਾ ਬਣਾਇਆ ਜਾ ਸਕੇ।
ਇਸ ਮੌਕੇ ਚੇਅਰਮੈਨ ਛਨਾਖ ਸਿੰਘ, ਚੇਅਰਮੈਨ ਡਾ. ਗੁਰਿੰਦਰ ਸਿੰਘ, ਸੁਨੈਨਾ ਰੰਧਾਵਾ, ਸ: ਸੁਰਿੰਦਰ ਸਿੰਘ, ਸ: ਦਰਸ਼ਨ ਸਿੰਘ ਮੁੱਛਲ, ਬਲਾਕ ਪ੍ਰਧਾਨ ਸ: ਭੁਪਿੰਦਰ ਸਿੰਘ ਰਮਾਣਾ ਚੱਕ, ਮਨਜਿੰਦਰ ਸਿੰਘ ਠੇਕੇਦਾਰ, ਪ੍ਰਦੀਪ ਸਿੰਘ, ਗੁਰਬਾਜ਼ ਸਿੰਘ, ਅਮਰੀਕ ਸਿੰਘ, ਠੇਕੇਦਾਰ ਕਸ਼ਮੀਰ ਸਿੰਘ, ਬਰਕਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।