ਬੱਚਿਆਂ ਦੀ ਵਿਗਿਆਨਿਕ ਸੋਚ ਨੂੰ ਵਧਾਉਣ ’ਚ ਸਹਾਇਕ ਹੈ ਚਿਲਡਰਨ ਸਾਇੰਸ ਕਾਂਗਰਸ: ਕੋਮਲ ਮਿੱਤਲ



ਹੁਸ਼ਿਆਰਪੁਰ, 2 ਫਰਵਰੀ:  ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਚਿਲਡਰਨ ਸਾਇੰਸ ਕਾਂਗਰਸ ਬੱਚਿਆਂ ਦੀ ਵਿਗਿਆਨਿਕ ਸੋਚ ਨੂੰ ਅੱਗੇ ਵਧਾਉਣ ਵਿਚ ਮਦਦ ਕਰਦੀ  ਹੈ। ਉਹ ਅੱਜ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਚੱਲ ਰਹੀ 31ਵੀਂ ਰਾਜ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਦੇ ਦੂਜੇ ਦਿਨ ਬੱਚਿਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ
ਉਨ੍ਹਾਂ ਨੇ ਬੱਚਿਆਂ ਦੇ ਪ੍ਰੋਜੈਕਟ ਦੇਖ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦਿਵਿਆ ਪੀ, ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਿਦਿੱਕੀ, ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਿੰਦਰਜੀਤ ਕੌਰ, ਡਾ. ਕੇ.ਐਸ ਬਾਠ ਸੰਯੁਕਤ ਡਾਇਰੈਕਟਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਡਾ. ਮੰਦਾਕਨੀ ਠਾਕੁਰ ਪ੍ਰੋਜੈਕਟ ਸਾਇੰਸਟਿਸਟ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚੇ ਜੋ ਪ੍ਰੋਜੈਕਟ ਲੈ ਕੇ ਆਏ ਹਨ, ਉਸ ਨਾਲ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਕਈ ਦਿਨਾਂ ਤੱਕ ਆਪਣੇ ਗਾਈਡ ਅਧਿਆਪਕ ਨਾਲ ਮਿਲ ਕੇ ਮਿਹਨਤ ਕੀਤੀ ਹੈ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਅੱਜ ਦੀ ਚਿਲਡਰਨ ਕਾਂਗਰਸ ਨੂੰ ਉਹ ਆਪਣੀ ਪਹਿਲੀ ਪੌੜੀ ਮੰਨ ਕੇ ਜੀਵਨ ਵਿੱਚ ਅੱਗੇ ਵੱਧਣ ਅਤੇ ਮਿਹਨਤ ਦਾ ਰਾਸਤਾ ਕਦੇ ਨਾ ਛੱਡਣ ਕਿਉਂਕਿ ਮਿਹਨਤ ਨਾਲ ਹੀ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ।
ਕੋਮਲ ਮਿੱਤਲ ਨੇ ਕਿਹਾ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਬੱਚਿਆਂ ਦੇ ਆਤਮ ਵਿਸ਼ਵਾਸ਼ ਨੂੰ ਵਧਾਉਣ ਲਈ ਹਮੇਸ਼ਾ ਅੱਗੇ ਆਉਂਦੀ ਹੈ। ਬੱਚੇ ਰਿਸਰਚ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵੱਧਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਕੱਢਣ ਲਈ ਵੀ ਵਿਗਿਆਨਿਕ ਤਰੀਕੇ ਨਾਲ ਸਮਾਜ ਦੀ ਮਦਦ ਕਰਦੇ ਹਨ। ਇਸ ਮੌਕੇ ਡਾ. ਕੇ.ਐਸ ਬਾਠ ਸੰਯੁਕਤ ਡਾਇਰੈਕਟਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੇ ਕਿਹਾ ਕਿ ਅੱਜ ਦੂਜੇ ਦਿਨ 12 ਜ਼ਿਲਿ੍ਹਆਂ ਦੇ ਬੱਚਿਆਂ ਨੇ ਆਪਣੇ ਪ੍ਰੋਜੈਕਟ ਪੇਸ਼ ਕੀਤੇ। ਹਰੇਕ ਜ਼ਿਲ੍ਹੇ ਦੀ ਸੀਨੀਅਰ ਅਤੇ ਜੂਨੀਅਰ ਵਰਗ ਵਿੱਚ ਟੀਮਾਂ ਨੇ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦੌਰ ਵਿਗਿਆਨ ਦਾ ਦੌਰ ਹੈ ਅਤੇ ਬੱਚੇ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਉਦੇ ਹੋਏ ਹਰ ਚੀਜ ਨੂੰ ਕਸੌਟੀ 'ਤੇ ਪਰਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਅੱਗੇ ਵੱਧਣ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਦੇ ਨਾਲ-ਨਾਲ ਅਧਿਆਪਕ ਵੀ ਪੂਰਾ ਸਾਥ ਦੇ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਿੰਦਰਜੀਤ ਕੌਰ ਨੇ ਇਸ ਮੌਕੇ 'ਤੇ ਸਾਰੇ ਜ਼ਿਲਿ੍ਹਆਂ ਤੋਂ ਆਏ ਬੱਚਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਪੱਧਰ ਦੀ ਚਿਲਡਰਨ ਸਾਇੰਸ ਕਾਂਗਰਸ ਵਿੱਚ ਭਾਗ ਲੈਣਾ ਉਨ੍ਹਾਂ ਦੀ ਯੋਗਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਹਰ ਬੱਚੇ ਵਿੱਚ ਕੋਈ ਨਾ ਕੋਈ ਵਿਸ਼ੇਸ਼ ਗੁਣ ਜ਼ਰੂਰ ਹੁੰਦਾ ਹੈ ਅਤੇ ਉਸ ਨੂੰ ਬਾਹਰ ਲਿਆਉਣ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਸਹਾਇਕ ਸਿੱਧ ਹੁੰਦੇ ਹਨ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਅਤੇ ਸੁਖਵਿੰਦਰ ਸਿੰਘ, ਜ਼ਿਲ੍ਹਾ ਕੁਆਰਡੀਨੇਟਰ ਅਸ਼ੋਕ ਕਾਲੀਆ, ਰਿਆਤ ਐਂਡ ਬਾਹਰਾ ਤੋਂ ਡਾ. ਜਿਯੋਤਸਨਾ, ਰਾਜਿੰਦਰ ਮੈਡੀ, ਡਾ. ਗੌਰਵ ਪ੍ਰਾਸ਼ਰ, ਸੰਦੀਪ ਕੁਮਾਰ ਸੂਦ, ਰਾਜੀਵ ਕੁਮਾਰ, ਨੀਰਜ ਕੰਵਰ, ਹਰਿੰਦਰ ਸਿੰਘ, ਡਾ. ਕੁਲਦੀਪ ਵਾਲੀਆ ਆਦਿ ਵੀ ਮੌਜੂਦ ਸਨ।