ਗੰਨੇ ਦੀ ਪਿੜਾਈ ਦਾ ਸੀਜ਼ਨ 2024-25'
ਐਮ.ਡੀ ਸ਼ੂਗਰਫੈੱਡ ਡਾ. ਸੇਨੂ ਦੁੱਗਲ ਨੇ ਗੰਨੇ ਦੀ ਪਿੜਾਈ ਸੀਜ਼ਨ ਦੇ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
-ਨਵਾਂਸ਼ਹਿਰ ਦੀ ਸਹਿਕਾਰੀ ਖੰਡ ਮਿੱਲ ਦਾ ਕੀਤਾ ਨਿਰੀਖਣ
-ਕਿਹਾ, ਦੇਸ਼ ਭਰ ਵਿਚ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਭੁਗਤਾਨ ਕਰਨ ਵਾਲਾ ਰਾਜ ਬਣਿਆ ਪੰਜਾਬ
ਨਵਾਂਸ਼ਹਿਰ, 27 ਨਵੰਬਰ : ਗੰਨੇ ਦੇ ਭਾਅ ਵਿਚ 10 ਰੁਪਏ ਦਾ ਤਾਜ਼ਾ ਵਾਧਾ ਕਰਦਿਆਂ ਇਸ ਦੀ ਕੀਮਤ 401 ਰੁਪਏ ਪ੍ਰਤੀ ਕੁਇੰਟਲ ਕਰਨ ਨਾਲ ਪੰਜਾਬ ਹੁਣ ਦੇਸ਼ ਭਰ ਵਿਚ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਭੁਗਤਾਨ ਕਰਨ ਵਾਲਾ ਰਾਜ ਬਣ ਗਿਆ ਹੈ। ਮਿੱਲਾਂ ਵੱਲੋਂ 2024-25 ਦੇ ਪਿੜਾਈ ਸੀਜ਼ਨ ਲਈ ਤਕਨੀਕੀ ਮਾਪਦੰਡਾਂ ਅਨੁਸਾਰ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਅੱਜ ਨਵਾਂਸ਼ਹਿਰ ਦੀ ਸਹਿਕਾਰੀ ਖੰਡ ਮਿੱਲ ਦਾ ਦੌਰਾ ਕਰਦਿਆਂ ਸ਼ੂਗਰਫੈੱਡ ਦੇ ਮੈਨੇਜਿੰਗ ਡਾਇਰੈਕਟਰ ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਸਾਰੇ ਹਿੱਸੇਦਾਰਾਂ, ਖਾਸ ਕਰਕੇ ਸਾਡੇ ਗੰਨਾ ਕਾਸ਼ਤਕਾਰਾਂ ਲਈ ਬਿਨਾਂ ਕਿਸੇ ਮੁਸ਼ਕਿਲ ਅਤੇ ਨਿਰਵਿਘਨ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੇ ਜਨਰਲ ਮੈਨੇਜਰਾਂ ਨੂੰ ਗੰਨੇ ਦੇ ਕਾਸ਼ਤਕਾਰਾਂ ਲਈ ਸਫਲ ਪਿੜਾਈ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ 2024-25 ਦੇ ਸੀਜ਼ਨ ਦੌਰਾਨ ਸੂਬੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਵੱਲੋਂ ਲੱਗਭਗ 230 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਹਿਕਾਰੀ ਗੰਨਾ ਮਿੱਲਾਂ ਨਵਾਂਸ਼ਹਿਰ 29 ਨਵੰਬਰ ਤੋਂ, ਗੁਰਦਾਸਪੁਰ 30 ਨਵੰਬਰ ਤੋਂ ਅਤੇ ਅਜਨਾਲਾ 1 ਦਸੰਬਰ ਤੋਂ ਸ਼ੁਰੂ ਹੋਣਗੀਆਂ। ਇਸੇ ਤਰ੍ਹਾਂ ਭੋਗਪੁਰ ਤੇ ਬੁੱਢੇਵਾਲ ਮਿੱਲਾਂ 2 ਦਸੰਬਰ ਅਤੇ ਮੋਰਿੰਡਾ ਅਤੇ ਨਕੋਦਰ ਮਿੱਲਾਂ 3 ਦਸੰਬਰ ਨੂੰ ਪਿੜਾਈ ਸ਼ੁਰੂ ਕਰਨਗੀਆਂ ਜਦਕਿ ਬਟਾਲਾ 5 ਦਸੰਬਰ ਅਤੇ ਫਾਜ਼ਿਲਕਾ 10 ਦਸੰਬਰ ਤੋਂ ਸ਼ੁਰੂ ਹੋਣਗੀਆਂ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਾਰੇ ਕਿਸਾਨਾਂ ਲਈ ਵਧੀਆ ਅਤੇ ਲਾਹੇਵੰਦ ਤਜ਼ਰਬਾ ਯਕੀਨੀ ਬਣਾਉਣ ਲਈ ਡਾ. ਦੁੱਗਲ ਨੇ ਨਿਰਦੇਸ਼ ਦਿੱਤੇ ਕਿ ਸਬੰਧਤ ਫੀਲਡ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਸਮੁੱਚੀ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਸਪਲਾਈ ਕੈਲੰਡਰ ਅਨੁਸਾਰ ਪਰਚੀਆਂ ਜਾਰੀ ਕੀਤੀਆਂ ਜਾਣ ਅਤੇ ਇਹ ਪਰਚੀਆਂ ਕਿਸਾਨਾਂ ਨੂੰ ਉਨ੍ਹਾਂ ਦੇ ਘਰ ਅਤੇ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਪਹੁੰਚਾਈਆਂ ਜਾਣ। ਉਨ੍ਹਾਂ ਦੱਸਿਆ ਕਿ ਸੀਜ਼ਨ ਦੌਰਾਨ ਕਿਸਾਨਾਂ ਨੂੰ ਦਰਪੇਸ਼ ਕਿਸੇ ਵੀ ਸਮੱਸਿਆ ਦੇ ਫੌਰਨ ਨਿਪਟਾਰੇ ਲਈ ਲਈ ਹਰੇਕ ਮਿੱਲ ਵਿਚ ਇਕ ਨੋਡਲ ਅਫਸਰ ਮੌਕੇ 'ਤੇ ਤਾਇਨਾਤ ਕੀਤਾ ਜਾਵੇਗਾ, ਜਿਸ ਦਾ ਨਾਮ, ਅਹੁਦਾ, ਸੰਪਰਕ ਨੰਬਰ ਅਤੇ ਹਰੇਕ ਨੂੰ ਜਾਰੀ ਕੀਤੀਆਂ ਜਾਣ ਵਾਲੀਆਂ ਸਲਿੱਪਾਂ ਬਾਰੇ ਜਾਣਕਾਰੀ
ਦਾ ਪ੍ਰਕਾਸ਼ਨ ਮਿੱਲਾਂ ਦੇ ਨੋਟਿਸ ਬੋਰਡਾਂ 'ਤੇ ਰੋਜ਼ਾਨਾ ਕੀਤਾ ਜਾਵੇਗਾ।
ਡਾ: ਦੁੱਗਲ ਨੇ ਇਹ ਵੀ ਹਦਾਇਤ ਕੀਤੀ ਕਿ ਸਮੁੱਚੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ, ਜਿਵੇਂ ਕਿ ਰੈਸਟ ਰੂਮ, ਪੀਣ ਵਾਲਾ ਪਾਣੀ, ਚਾਹ ਅਤੇ ਭੋਜਨ ਲਈ ਕੰਟੀਨ ਆਦਿ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਗੰਨੇ ਨੂੰ ਮਿੱਲਾਂ ਵਿਚ ਲਿਆਉਣ ਲਈ ਸੁਖਾਲ਼ਾ ਦਾਖ਼ਲਾ ਯਕੀਨੀ ਬਣਾਇਆ ਜਾਵੇ ਅਤੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਕਿਸਾਨਾਂ ਨੂੰ ਲੋੜ ਤੋਂ ਵੱਧ ਇੰਤਜ਼ਾਰ ਨਾ ਕਰਨਾ ਪਵੇ।
ਡਾ. ਦੁੱਗਲ ਨੇ ਗੰਨਾ ਕਾਸ਼ਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਵਿਭਾਗ ਵੱਲੋਂ ਕਿਸਾਨਾਂ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨੂੰ ਸਫਲ ਕਰਨ ਲਈ ਸਹਿਯੋਗ ਕਰਨ।
ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਰਜਿੰਦਰ ਪ੍ਰਤਾਪ ਸਿੰਘ, ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਹਰੀਪਾਲ ਸਿੰਘ ਜਾਡਲੀ, ਚਰਨਜੀਤ ਸਿੰਘ, ਗੁਰਸੇਵਕ ਸਿੰਘ ਲਿੱਧੜ, ਸੁਰਿੰਦਰ ਕੌਰ, ਕਸ਼ਮੀਰ ਸਿੰਘ, ਸੋਹਣ ਸਿੰਘ ਉੱਪਲ, ਸਰਤਾਜ ਸਿੰਘ, ਮਹਿੰਦਰ ਸਿੰਘ, ਜਗਤਾਰ ਸਿੰਘ, ਵਰਕਰਜ਼ ਫੈਡਰੇਸ਼ਨ ਦੇ ਪ੍ਰਧਾਨ ਹਰਦੀਪ ਸਿੰਘ, ਸਤਨਾਮ ਸਿੰਘ, ਮਹੇਸ਼ ਚੰਦਰ ਅਤੇ ਮਿੱਲ ਦੇ ਸਮੂਹ ਵਿਭਾਗੀ ਮੁਖੀ ਹਾਜ਼ਰ ਸਨ।