Fwd: ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਦਿਵਾਲੀ ਦੀ ਰਾਤ ਪਰਾਲੀ ਸੰਭਾਲਣ ਵਾਲੇ ਕਿਸਾਨਾਂ ਦੀ ਖੇਤਾਂ 'ਚ ਪੁੱਜਕੇ ਕੀਤੀ ਸ਼ਲਾਘਾ

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਦਿਵਾਲੀ ਦੀ ਰਾਤ ਪਰਾਲੀ ਸੰਭਾਲਣ ਵਾਲੇ ਕਿਸਾਨਾਂ ਦੀ ਖੇਤਾਂ 'ਚ ਪੁੱਜਕੇ ਕੀਤੀ ਸ਼ਲਾਘਾ
-ਪਿੰਡ ਹਿਰਦਾਪੁਰ ਵਿਖੇ ਪਰਾਲੀ ਸੰਭਾਲਣ ਲਈ ਚੱਲ ਰਹੀ ਮਸ਼ੀਨ ਦਾ ਲਿਆ ਜਾਇਜ਼ਾ
ਪਟਿਆਲਾ, 2 ਨਵੰਬਰ: ਬੀਤੀ ਰਾਤ ਦਿਵਾਲੀ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਪਰਾਲੀ ਸੰਭਾਲ ਰਹੇ ਕਿਸਾਨਾਂ ਦੀ ਉਨ੍ਹਾਂ ਦੇ ਖੇਤਾਂ 'ਚ ਜਾ ਕੇ ਪ੍ਰਸ਼ੰਸਾ ਕੀਤੀ। ਡੀ.ਸੀ. ਅਤੇ ਐਸ.ਐਸ.ਪੀ. ਪਿੰਡ ਹਿਰਦਾਪੁਰ ਪੁੱਜੇ, ਜਿੱਥੇ ਕਿ ਇੱਕ ਵੱਡੀ ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਵੱਡੀਆਂ ਗੱਠਾਂ ਬਣਾਈਆਂ ਜਾ ਰਹੀਆਂ ਸਨ, ਉਨ੍ਹਾਂ ਨੇ ਇਸ ਮਸ਼ੀਨ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਸੱਦਾ ਕਿ ਉਹ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਤੇ ਪ੍ਰਦੂਸ਼ਣ ਤੋਂ ਬਚਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਨੇ ਪਿੰਡ ਕਿਸ਼ਨਗੜ੍ਹ ਦਾ ਵੀ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਜਮੀਨ ਵਿੱਚ ਹੀ ਮਿਲਾਉਣ ਜਾਂ ਪਰਾਲੀ ਸੰਭਾਲਣ ਲਈ ਪ੍ਰੇਰਿਤ ਕੀਤਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨਰਿੰਦਰ ਸਿੰਘ ਚੌਧਰੀ ਵੱਲੋਂ ਚਲਾਏ ਜਾ ਰਹੇ ਵੱਡੀ ਮਸ਼ੀਨ ਦੇ ਬੇਲਰ ਨਾਲ ਇੱਕ ਦਿਨ ਵਿੱਚ ਇੱਕ ਸੌ ਏਕੜ ਦੇ ਕਰੀਬ ਜਮੀਨ ਵਿੱਚ ਪਰਾਲੀ ਇਕੱਠੀ ਕਰਕੇ ਐਕਸ-ਸੀਟੂ ਮੈਨੇਜਮੈਂਟ ਤਹਿਤ ਪਰਾਲੀ ਦੀਆਂ ਵੱਡੀਆਂ ਗੱਠਾਂ ਬਣਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਪਿੰਡ ਬਖ਼ਸ਼ੀਵਾਲ, ਹਿਰਦਾਪੁਰ, ਲਚਕਾਣੀ ਤੇ ਸਿੱਧੂਵਾਲ ਆਦਿ ਪਿੰਡਾਂ ਵਿੱਚ ਕੰਮ ਕਰ ਰਹੀ ਹੈ, ਇਸ ਲਈ ਕਿਸਾਨ ਇਸ ਦਾ ਲਾਭ ਲੈਣ ਤੇ ਅੱਗ ਨਾ ਲਗਾਉਣ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਸੰਭਾਲਣ ਲਈ ਬੇਲਰ ਤੇ ਲੋੜੀਂਦੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ ਤੇ ਸਰਫ਼ੇਸ ਸੀਡਰ ਆਦਿ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਸੈਂਟਰ ਦੇ ਫੋਨ ਨੰਬਰ 0175-2350550  'ਤੇ ਸੰਪਰਕ ਕਰਨ ਜਾਂ ਉਨਤ ਕਿਸਾਨ ਐਪ ਦਾ ਲਾਭ ਲੈਣ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਕਿਸਾਨਾਂ ਨੂੰ ਪਰਾਲੀ ਬਿਨ੍ਹਾਂ ਸਾੜੇ ਇਸਦੇ ਸੁਚੱਜੇ ਪ੍ਰਬੰਧਨ ਲਈ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ।
ਇਸ ਮੌਕੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਕਿਸਾਨਾਂ ਤੱਕ ਪਿੰਡ-ਪਿੰਡ ਪਹੁੰਚ ਬਣਾਕੇ ਪਰਾਲੀ ਨਾ ਸਾੜਨ ਲਈ ਜਾਗਰੂਕ ਵੀ ਕਰ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਇਸ ਦੇ ਸੁਚੱਜੇ ਪ੍ਰਬੰਧਨ ਲਈ ਅੱਗੇ ਆਉਣ। ਇਸੇ ਦੌਰਾਨ ਏ.ਡੀ.ਸੀ. ਇਸ਼ਾ ਸਿੰਗਲ ਨੇ ਏ.ਈ.ਓ. ਰਵਿੰਦਰ ਸਿੰਘ ਚੱਠਾ ਨੂੰ ਨਾਲ ਲੈਕੇ ਡਕਾਲਾ, ਕਰਹਾਲੀ, ਪੰਜੋਲਾ, ਬਲਬੇੜਾ, ਰਾਮਨਗਰ, ਤਰੈਂ, ਮਰਦਾਹੇੜੀ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਜਾਗਰੂਕ ਕੀਤਾ। ਇਸ ਦੌਰਾਨ ਉਨ੍ਹਾਂ ਨੇ ਡਕਾਲਾ ਵਿਖੇ ਇੱਕ ਖੇਤ ਨੂੰ ਲੱਗੀ ਅੱਗ ਵੀ ਬੁਝਾਈ ਗਈ।