ਡਿਪਟੀ ਕਮਿਸ਼ਨਰ ਵੱਲੋਂ ਧੁੰਦ ਨੂੰ ਵੇਖਦੇ ਹੋਏ ਖਰਾਬ ਲਾਈਟਾਂ ਬਦਲਣ ਅਤੇ ਰਿਫਲੈਕਟਰ ਲਗਾਉਣ ਦੀ ਹਦਾਇਤ

ਡਿਪਟੀ ਕਮਿਸ਼ਨਰ ਵੱਲੋਂ ਧੁੰਦ ਨੂੰ ਵੇਖਦੇ ਹੋਏ ਖਰਾਬ ਲਾਈਟਾਂ ਬਦਲਣ ਅਤੇ ਰਿਫਲੈਕਟਰ ਲਗਾਉਣ ਦੀ ਹਦਾਇਤ
ਟਰੈਫਿਕ ਪੁਲਿਸ ਨੇ ਇਸ ਸਾਲ ਹੁਣ ਤੱਕ 43 ਹਜਾਰ ਤੋਂ ਵੱਧ ਚਲਾਨ ਕੀਤੇ - ਪੁਲਿਸ ਕਮਿਸ਼ਨਰ
ਅੰਮ੍ਰਿਤਸਰ 13 ਨਵੰਬਰ - ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਧੁੰਦ ਦੇ ਮੌਸਮ ਨੂੰ ਵੇਖਦੇ ਹੋਏ ਸ਼ਹਿਰ ਵਿੱਚ ਸੜ੍ਹਕਾਂ ਉੱਤੇ ਲੱਗੀਆਂ ਖਰਾਬ ਹੋਈਆਂ ਸਟਰੀਟ ਲਾਈਟਾਂ ਬਦਲਣ ਅਤੇ ਵੱਧ ਤੋਂ ਵੱਧ ਰਿਫਲੈਕਟਰ ਲਗਾਉਣ ਦੀ ਹਦਾਇਤ ਅਧਿਕਾਰੀਆਂ ਨੂੰ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਲੋੜ ਅਨੁਸਾਰ ਸਪੀਡ ਬਰੇਕਰ ਵੀ ਬਣਾਏ ਜਾਣ। ਸ਼੍ਰੀਮਤੀ ਸਾਹਨੀ ਨੇ ਸ਼ਹਿਰ ਵਿੱਚ ਵੱਧ ਰਹੀ ਟਰੈਫਿਕ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਲੋਕਾਂ ਲਈ ਪਾਰਕਿੰਗ ਤੇ ਵੱਧ ਸਥਾਨ ਉਪਲਬਧ ਕਰਾਉਣ ਤਾਂ ਜੋ ਸੜਕਾਂ ਉੱਤੇ ਗੱਡੀਆਂ ਨਾ ਖੜੀਆਂ ਰਹਿਣ। ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ, ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ ਅਤੇ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਸੜਕਾਂ ਉੱਤੇ ਮੌਸਮ ਦੀ ਲੋੜ ਅਨੁਸਾਰ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ। ਉਹਨਾਂ ਪੁਲਿਸ ਕਮਿਸ਼ਨਰ ਨੂੰ ਇਹ ਵੀ ਅਪੀਲ ਕੀਤੀ ਕਿ ਸ਼ਹਿਰ ਵਿੱਚ ਚਲਦੇ ਆਟੋ ਅਤੇ ਈ ਰਿਕਸ਼ਾ ਨੂੰ ਸਟਰੀਮ ਲਾਈਨ ਕੀਤਾ ਜਾਵੇ ਤਾਂ ਜੋ ਆਮ ਟਰੈਫਿਕ ਵਿੱਚ ਵਿਘਨ ਨਾ ਪਵੇ।
  ਇਸ ਮੌਕੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਿਉਹਾਰਾਂ ਕਾਰਨ ਟਰੈਫਿਕ ਦਾ ਵੱਡਾ ਵਾਧਾ ਹੋਇਆ ਹੈ ਅਤੇ ਇਸ ਨੂੰ ਕੰਟਰੋਲ ਕਰਨ ਲਈ ਸਾਡੇ 299 ਟਰੈਫਿਕ ਕਰਮਚਾਰੀ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸਾਲ ਇੱਕ ਜਨਵਰੀ ਤੋਂ ਲੈ ਕੇ ਹੁਣ ਤੱਕ 43639 ਚਲਾਨ ਟਰੈਫਿਕ ਪੁਲਿਸ ਨੇ ਕੀਤੇ ਹਨ। ਉਹਨਾਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦੇ ਕਿਹਾ ਕਿ ਗੱਡੀਆਂ ਦੀ ਪਾਰਕਿੰਗ ਕਰਦੇ ਵਕਤ ਰੋਡ ਕਲੀਅਰੈਂਸ ਦਾ ਧਿਆਨ ਰੱਖਿਆ ਜਾਵੇ ਅਤੇ ਸ਼ਹਿਰ ਵਿੱਚ ਤੇਜ਼ ਰਫਤਾਰ ਨਾਲ ਗੱਡੀ ਨਾ ਚਲਾਈ ਜਾਵੇ। ਉਹਨਾਂ ਦੱਸਿਆ ਕਿ ਬੀ ਆਰ ਟੀ ਐਸ ਪ੍ਰੋਜੈਕਟ ਦੀ ਲੇਨ ਫਿਲਹਾਲ ਅਸੀਂ ਟੂ ਵੀਲਰ ਅਤੇ ਐਮਰਜੈਂਸੀ ਗੱਡੀਆਂ ਲਈ ਖੋਲੀ ਹੈ। ਉਹਨਾਂ ਕਾਰਪੋਰੇਸ਼ਨਾਂ ਅਧਿਕਾਰੀਆਂ ਨੂੰ ਚੌਂਕਾਂ ਵਿੱਚ ਜੈਬਰਾ ਕ੍ਰਾਸਿੰਗ ਲਗਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਇਸ ਵੇਲੇ 1874 ਸੀਸੀ ਟੀਵੀ ਕੈਮਰੇ ਕੰਮ ਕਰ ਰਹੇ ਹਨ ਅਤੇ 85 ਹਜਾਰ ਲਾਈਟਾਂ ਸ਼ਹਿਰ ਵਿੱਚ ਲਗਾਈਆਂ ਜਾ ਚੁੱਕੀਆਂ ਹਨ ਅਤੇ ਇਹਨਾਂ ਨੂੰ ਲੋੜ ਅਨੁਸਾਰ ਵਧਾਉਣ ਲਈ ਵੀ ਰਿਪੋਰਟ ਮੰਗੀ ਗਈ ਹੈ।
ਇਸ ਮੌਕੇ ਟਰੈਫਿਕ ਸੈਲ ਪੰਜਾਬ ਪੁਲਿਸ ਦੇ ਜੁਆਇੰਟ ਡਾਇਰੈਕਟਰ ਸ਼੍ਰੀ ਦੇਸਰਾਜ ਨੇ ਦੱਸਿਆ ਕਿ ਪੰਜਾਬ ਭਰ ਵਿੱਚ 2023 ਦੌਰਾਨ 6289 ਸੜਕ ਹਾਦਸੇ ਹੋਏ ਜਿਨਾਂ ਵਿੱਚ 4829 ਮੌਤਾਂ ਅਤੇ 2318 ਵਿਅਕਤੀ ਗੰਭੀਰ ਜ਼ਖਮੀ ਹੋਏ। ਉਨਾਂ ਦੱਸਿਆ ਕਿ ਦੁੱਖ ਦੀ ਗੱਲ ਇਹ ਵੀ ਹੈ ਕਿ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਵਿੱਚ 70 ਫੀਸਦੀ ਤੋਂ ਵੱਧ ਦੀ ਉਮਰ 18 ਤੋਂ 45 ਸਾਲ ਦੇ ਵਿਚਕਾਰ ਸੀ। ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਐਕਸੀਡੈਂਟ ਘੱਟ ਕਰਨ ਲਈ ਉਹਨਾਂ ਸਥਾਨਾਂ ਦੀ ਸ਼ਨਾਖਤ ਕਰਨ ਦੀ ਵੀ ਲੋੜ ਹੈ ਜਿੱਥੇ ਵੱਧ ਐਕਸੀਡੈਂਟ ਹੁੰਦੇ ਹਨ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਦਾ ਕਾਰਨ ਕੀ ਬਣਦਾ ਹੈ। ਇਸ ਤੋਂ ਇਲਾਵਾ ਉਹਨਾਂ ਜੈਬਰਾ ਕਰਾਸਿੰਗ ਲਗਾਉਣ ਅਤੇ ਉਸ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਪ੍ਰਬੰਧ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਇਸ ਮੌਕੇ ਏਡੀਸੀਪੀ ਟਰੈਫਿਕ ਸ੍ਰੀ ਹਰਪਾਲ ਸਿੰਘ,  ਏਡੀਸੀਪੀ ਹੈਡਕੁਆਟਰ ਹਰਕਮਲ ਕੌਰ, ਏਸੀਪੀ ਐਚ ਐਸ ਸੰਧੂ ਤੇ ਗਗਨਦੀਪ ਸਿੰਘ ਸਮੇਤ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ : ਸੜਕ ਸੁਰੱਖਿਆ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ। ਨਾਲ ਹਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਗੁਲਪ੍ਰੀਤ ਸਿੰਘ ਔਲਖ