Fwd: 75 ਮਿਲੀਗ੍ਰਾਮ ਤੋਂ ਵੱਧ ਮਾਤਰਾ ਵਾਲੀ ਪ੍ਰੀਗਾਬਾਲਿਨ ਦਵਾਈ 'ਤੇ ਪਾਬੰਦੀ, ਏ.ਡੀ.ਸੀ. ਵੱਲੋਂ ਹੁਕਮ ਜਾਰੀ

75 ਮਿਲੀਗ੍ਰਾਮ ਤੋਂ ਵੱਧ ਮਾਤਰਾ ਵਾਲੀ ਪ੍ਰੀਗਾਬਾਲਿਨ ਦਵਾਈ 'ਤੇ ਪਾਬੰਦੀ, ਏ.ਡੀ.ਸੀ. ਵੱਲੋਂ ਹੁਕਮ ਜਾਰੀ
ਪਟਿਆਲਾ, 13 ਨਵੰਬਰ:ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਇਸ਼ਾ ਸਿੰਗਲ ਨੇ ਭਾਰਤੀਆ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪ੍ਰੀਗਾਬਾਲਿਨ ਦੀ 75 ਮਿਲੀਗ੍ਰਾਮ ਤੋਂ ਵੱਧ ਮਾਤਰਾ ਵਾਲੀਆਂ ਦਵਾਈਆਂ, ਗੋਲੀਆਂ ਤੇ ਕੈਪਸੂਲਾਂ ਦੀ ਵਿਕਰੀ ਅਤੇ ਭੰਡਾਰਨ 'ਤੇ ਪਾਬੰਦੀ ਲਗਾਈ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦਵਾਈਆਂ ਦੇ ਥੋਕ ਤੇ ਪ੍ਰਚੂਨ ਵਿਕਰੇਤਾ, ਕੈਮਿਸਟਸ, ਮੈਡੀਕਲ ਸਟੋਰਾਂ ਵਾਲੇ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਜਾਂ ਕੋਈ ਵੀ ਹੋਰ ਵਿਅਕਤੀ ਪ੍ਰੀਗਾਬਾਲਿਨ ਦੀ 75 ਐਮ.ਜੀ. ਤੋਂ ਵੱਧ ਵਾਲੀ ਦਵਾਈ ਦੀ ਬਿਨ੍ਹਾਂ ਅਸਲ ਡਾਕਟਰ ਦੀ ਪਰਿਸਕ੍ਰਿਪਸ਼ਨ ਸਲਿਪ ਦੇ ਕਿਸੇ ਨੂੰ ਵਿਕਰੀ ਨਹੀਂ ਕਰੇਗਾ।
ਇਹ ਪਾਬੰਦੀ ਜ਼ਿਲ੍ਹੇ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਦਿੱਤੀ ਸੂਚਨਾ ਦੇ ਮੱਦੇਨਜ਼ਰ ਸਿਵਲ ਸਰਜਨ ਦੀ ਅਗਵਾਈ ਹੇਠ ਇੱਕ ਕਮੇਟੀ ਵੀ ਗਠਿਤ ਕੀਤੀ ਗਈ ਹੈ, ਜਿਸ ਵੱਲੋਂ ਪ੍ਰੀਗਾਬਾਲਿਨ ਖਾਣ ਦੇ ਮਾੜੇ ਪ੍ਰਭਾਵਾਂ ਦੀ ਇੱਕ ਰਿਪੋਰਟ ਵੀ ਤਿਆਰ ਕੀਤੀ ਗਈ ਕਿ 75 ਐਮ.ਜੀ. ਤੋਂ ਵੱਧ ਮਾਤਰਾ ਵਾਲੀ ਪ੍ਰੀਗਾਬਾਲਿਨ ਦਵਾਈ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਨਸ਼ੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ, ਪਟਿਆਲਾ ਤੇ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਬੈਠਕ ਕੀਤੀ ਗਈ, ਜਿਨ੍ਹਾਂ ਨੇ ਇਸ ਉਪਰ ਪਾਬੰਦੀ ਨੂੰ ਜਾਇਜ਼ ਠਹਿਰਾਇਆ ਸੀ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਇਸ਼ਾ ਸਿੰਗਲ ਨੇ ਹੁਕਮਾਂ ਵਿੱਚ ਅੱਗੇ ਕਿਹਾ ਕਿ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਇਹ ਦਵਾਈ ਬਹੁਤ ਘੱਟ ਡਾਕਟਰਾਂ ਵੱਲੋਂ ਮਰੀਜਾਂ ਨੂੰ ਲਿਖੀ ਜਾਂਦੀ ਹੈ ਤੇ ਪ੍ਰੀਗਾਬਾਲਿਨ ਦੀ 75 ਐਮ.ਜੀ. ਤੋਂ ਵੱਧ ਵਾਲੀ ਦਵਾਈ ਉਪਰ ਪਾਬੰਦੀ ਲਗਾਉਣੀ ਸਮਾਜ ਦੀ ਬਿਹਤਰੀ ਲਈ ਯੋਗ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਨੇ ਕਿਹਾ ਕਿ ਇਸੇ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਨਾਲ ਅਜਿਹੀ ਦਵਾਈ ਦੀ ਵਿਕਰੀ ਅਤੇ ਭੰਡਾਰਨ 'ਤੇ ਪਾਬੰਦੀ ਲਗਾਈ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਦਵਾਈ ਦੀ ਖਰੀਦ ਤੇ ਵੇਚ ਦਾ ਸਾਰੇ ਸਬੰਧਤ ਵਿਸਥਾਰਤ ਰਿਕਾਰਡ ਰੱਖਣਗੇ। ਇਸ ਤੋਂ ਬਿਨ੍ਹਾਂ ਪ੍ਰੀਗਾਬਾਲਿਨ ਦੀ 75 ਐਮ.ਜੀ. ਤੋਂ ਵੱਧ ਵਾਲੀ ਦਵਾਈ ਵਾਲੀ ਡਾਕਟਰ ਦੀ ਅਸਲ ਪਰਚੀ ਉਪਰ ਦਵਾਈ ਵਿਕਰੇਤਾ ਕੈਮਿਸਟ/ਰੀਟੇਲਰ ਦੇ ਟਰੇਡ ਦੇ ਨਾਮ, ਦਵਾਈ ਦੇਣ ਦੀ ਮਿਤੀ ਤੇ ਕਿੰਨੀ ਦਵਾਈ ਦਿੱਤੀ ਦੀ ਮੋਹਰ ਲਗਾਉਣੀ ਵੀ ਯਕੀਨੀ ਬਣਾਏਗਾ।
ਦਵਾਈਆਂ ਦੇ ਥੋਕ ਤੇ ਪ੍ਰਚੂਨ ਵਿਕਰੇਤਾ, ਕੈਮਿਸਟਸ, ਮੈਡੀਕਲ ਸਟੋਰਾਂ ਵਾਲੇ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਇਹ ਵੀ ਯਕੀਨੀ ਬਣਾਉਣਗੇ ਕਿ ਡਾਕਟਰ ਦੀ ਪਰਚੀ ਬਾਰੇ ਇਹ ਵੀ ਪੂਰਾ ਧਿਆਨ ਰੱਖਣਗੇ ਕਿ ਇਸੇ ਪਰਚੀ ਉਪਰ ਕਿਸੇ ਹੋਰ ਦਵਾਈ ਵਿਕਰੇਤਾ ਵੱਲੋਂ ਪਹਿਲਾਂ ਹੀ ਦਵਾਈ ਨਾ ਦਿੱਤੀ ਗਈ ਹੋਵੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜਿੰਨੇ ਸਮੇਂ ਲਈ ਡਾਕਟਰ ਵੱਲੋਂ ਦਵਾਈ ਲਿਖੀ ਗਈ ਹੈ, ਉਨੀ ਹੀ ਦਵਾਈ ਦੀ ਮਾਤਰਾ ਮਰੀਜ ਨੂੰ ਦਿੱਤੀ ਜਾਵੇ। ਇਹ ਹੁਕਮ 2 ਜਨਵਰੀ 2025 ਤੱਕ ਜ਼ਿਲ੍ਹੇ ਵਿੱਚ ਲਾਗੂ ਰਹਿਣਗੇ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪਟਿਆਲਾ ਵੱਲੋਂ ਰਾਜਿੰਦਰਾ ਹਸਪਤਾਲ ਵਿੱਚ ਚਲਾਏ ਜਾ ਰਹੇ ਮੈਡੀਕਲ ਸਟੋਰ ਵਿੱਚ 75 ਐਮਜੀ ਦੀ ਮਾਤਰਾ ਤੋਂ ਵਧੇਰੀ ਡੋਜ਼ ਵਾਲੀ ਦਵਾਈ ਮਰੀਜ ਦੀ ਲੋੜ ਮੁਤਾਬਕ ਮੁਹਈਆ ਕਰਵਾਈ ਜਾ ਸਕਦੀ ਹੈ ਪਰੰਤੂ ਸਕੱਤਰ ਰੈਡ ਕਰਾਸ ਇਸ ਦਾ ਪੂਰਾ ਰਿਕਾਰਡ ਰੱਖਣਗੇ ਤੇ ਇਸ ਲਈ ਜਿੰਮੇਵਾਰ ਹੋਣਗੇ।