ਰਾਜ ਪੱਧਰੀ ਬਾਕਸਿੰਗ ਮੁਕਾਬਲੇ ਲੈਮਰਿਨ ਟੈਂਕ ਸਕਿੱਲ ਯੂਨੀਵਰਸਿਟੀ ਬਲਾਚੌਰ ਵਿਖੇ 16 ਤੋਂ 24 ਤੱਕ ਹੋਣਗੇ
ਨਵਾਂਸ਼ਹਿਰ, 13 ਨਵੰਬਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ 'ਖੇਡਾਂ ਵਤਨ ਪੰਜਾਬ ਦੀਆਂ 2024' ਸੀਜ਼ਨ -03 ਦੇ ਤਹਿਤ ਰਾਜ ਪੱਧਰੀ ਖੇਡ ਮੁਕਾਬਲੇ ਵੱਖ-ਵੱਖ ਜਿਲਿਆਂ ਵਿਚ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵੰਦਨਾ ਚੌਹਾਨ ਨੇ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਖੇਡਾਂ ਦੇ ਤਹਿਤ ਜ਼ਿਲ੍ਹਾ ਸ਼ਹੀਦ ਸਿੰਘ ਨਗਰ ਵਿਖੇ ਬਾਕਸਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਆਦੇਸ਼ਾਂ ਅਨੁਸਾਰ ਇਹ ਰਾਜ ਪੱਧਰੀ ਖੇਡ ਮੁਕਾਬਲੇ ਲੈਮਰਿਨ ਟੈਂਕ ਸਕਿੱਲ ਯੂਨੀਵਰਸਿਟੀ ਬਲਾਚੌਰ ਵਿਖੇ ਮਿਤੀ 16-11-2024 ਤੋਂ ਮਿਤੀ 24-11-2024 ਤੱਕ ਕਰਵਾਏ ਜਾਣਗੇ। ਇਨ੍ਹਾਂ ਰਾਜ ਪੱਧਰੀ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਇਸ ਸਬੰਧੀ ਅੱਜ ਇਕ ਵਿਸ਼ੇਸ਼ ਮੀਟਿੰਗ ਲੈਮਰਿਨ ਟੈਂਕ ਸਕਿੱਲ ਯੂਨੀਵਰਸਿਟੀ ਬਲਾਚੌਰ ਵਿਖੇ ਕੀਤੀ ਗਈ, ਜਿਸ ਵਿਚ ਰਾਮ ਮੇਅਰ ਖਟਕੜ ਸਹਾਇਕ ਡਾਇਰੈਕਟਰ ਸਪੋਟਸ ਲੈਮਰਿਨ ਟੈਂਕ ਸਕਿੱਲ ਯੂਨੀਵਰਸਿਟੀ ਬਲਾਚੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਮਟਿੰਗ ਦੌਰਾਨ ਉਕਤ ਖੇਡ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਾਕਸਿੰਗ ਕੱਚ ਮੁਹੰਮਦ ਹਬੀਬ ਕਨਵੀਨਰ, ਬਾਕਸਿੰਗ ਕੋਚ ਹਰਦੀਪ ਸਿੰਘ ਕੋ-ਕਨਵੀਨਰ ਅਤੇ ਬਾਕਸਿੰਗ ਕੋਚ ਦੀਪਕ ਕੁਮਾਰ ਨਾਲ ਵਿਚਾਰ-ਚਰਚਾ ਕੀਤੀ ਗਈ। ਇਸ ਸਬੰਧੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਸਤਨਾਮ ਸਿੰਘ ਜਲਾਲਪੁਰ ਅਤੇ ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਵੱਲੋਂ ਅੱਜ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਠਹਿਰਾਓ ਸਥਾਨਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਨ੍ਹਾਂ ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਲੱਗਭਗ 2500 ਖਿਡਾਰੀ (ਲੜਕੇ-ਲੜਕੀਆਂ) ਭਾਗ ਲੈ ਰਹੇ ਹਨ।