ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਆਰੰਭ
ਬੰਗਾ 12 ਨਵੰਬਰ () ਪਹਿਲੀ ਪਾਤਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਵਿਖੇ ਪ੍ਰਭਾਤ ਫੇਰੀਆਂ ਦੀ ਆਰੰਭਤਾ ਪੂਰੀ ਸ਼ਰਧਾ ਭਾਵਨਾ ਨਾਲ ਕੀਤੀ ਗਈ । ਇਸ ਸਬੰਧੀ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਸੰਗਤਾਂ ਵੱਲੋਂ ਗੁਰਬਾਣੀ ਕੀਰਤਨ ਅਤੇ ਨਾਮ ਸਿਮਰਨ ਕਰਦੇ ਹੋਏ ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀ ਦੀ ਆਰੰਭਤਾ ਕੀਤੀ ਗਈ ਅਤੇ ਉਪਰੰਤ ਯੂ ਬੀ ਸੀ ਗੈਸਟ ਹਾਊਸ, ਡਾਕਟਰ ਕੁਆਟਰ, ਪੈਰਾ ਮੈਡੀਕਲ ਅਤੇ ਨਰਸਿੰਗ ਸਟਾਫ ਹੋਸਟਲ, ਬਾਬਾ ਬੁੱਧ ਸਿੰਘ ਟਰੌਮਾ ਸੈਂਟਰ ਅਤੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਪੁੱਜੀ । ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਾਪਸ ਪੁੱਜ ਕੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਵੱਲੋਂ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦੀ ਛਹਿਬਰ ਲਗਾਈ ਅਤੇ ਉਪਰੰਤ ਸੰਗਤੀ ਰੂਪ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ । ਚਾਹ ਦਾ ਲੰਗਰ ਸੰਗਤਾਂ ਵੱਲੋਂ ਪੰਗਤਾਂ ਵਿਚ ਬੈਠ ਕੇ ਬੜੇ ਸਤਿਕਾਰ ਨਾਲ ਛੱਕਿਆ ਗਿਆ । ਇਸ ਮੌਕੇ ਡਾ. ਢਾਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਆਰਾ ਸਾਹਿਬ ਵਿਖੇ 17 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 19 ਨਵੰਬਰ ਨੂੰ ਭੋਗ ਪਾਏ ਜਾਣਗੇ । ਭੋਗ ਉਪਰੰਤ ਮਹਾਨ ਗੁਰਮਤਿ ਸਮਾਗਮ ਵਿਚ ਸਜੇ ਦੀਵਾਨ ਵਿਚ ਪੰਥ ਪ੍ਰਸਿੱਧ ਕੀਰਤਨੀ ਜਥਾ ਭਾਈ ਜਸਕਰਨ ਸਿੰਘ ਪਟਿਆਲਾ ਅਤੇ ਪ੍ਰਚਾਰਕ ਗਿਆਨੀ ਸਰਬਜੀਤ ਸਿੰਘ ਢੋਟੀਆਂ ਵੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਬਾਣੀ ਕਥਾ ਨਾਲ ਨਿਹਾਲ ਕਰਨਗੇ । ਅੱਜ ਪ੍ਰਭਾਤ ਫੇਰੀ ਵਿੱਚ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਭਾਈ ਜੋਗਾ ਸਿੰਘ, ਡਾ. ਕੁਲਦੀਪ ਸਿੰਘ, ਭਾਈ ਨਰਿੰਦਰ ਸਿੰਘ ਢਾਹਾਂ, ਰਣਜੀਤ ਸਿੰਘ ਮਾਨ, ਵੇਦ ਪ੍ਰਕਾਸ਼, ਬੀਬੀ ਸੀਮਾ ਪੂੰਨੀ, ਬੀਬੀ ਸੁਖਵਿੰਦਰ ਕੌਰ, ਬੀਬੀ ਬਲਜਿੰਦਰ ਕੌਰ, ਬੀਬੀ ਮਨਦੀਪ ਕੌਰ ਤੋਂ ਇਲਾਵਾ ਸਮੂਹ ਮੈਡੀਕਲ ਸਟਾਫ਼ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ ਇਲਾਵਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਕੰਪਲੈਕਸ ਵਿਖੇ ਪ੍ਰਭਾਤ ਫੇਰੀ ਵਿਚ ਗੁਰਬਾਣੀ ਕੀਰਤਨ ਕਰਦੀਆਂ ਹੋਈਆਂ ਸੰਗਤਾਂ