ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਲੜਕੇ - ਲੜਕੀਆਂ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚੋਂ 3 ਕਾਂਸੀ ਦੇ ਮੈਡਲ ਜਿੱਤੇ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਲੜਕੇ - ਲੜਕੀਆਂ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚੋਂ  3 ਕਾਂਸੀ ਦੇ ਮੈਡਲ ਜਿੱਤੇ
ਜੇਤੂ ਪਹਿਲਵਾਨਾਂ ਦਾ ਸਨਮਾਨ ਦੇ ਮੁੱਖ ਮਹਿਮਾਨ ਸਮਾਜ ਸੇਵਕ ਬੀਬੀ ਰਾਜਨੀਤੀ ਕੌਰ ਸੰਧੂ ਕੈਨੇਡਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ
ਬੰਗਾ  15 ਨਵੰਬਰ -() ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਮੁੱਖ ਕੁਸ਼ਤੀ ਅਖਾੜੇ  ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਪਿੰਡ ਬਾਹੜੋਵਾਲ ਦੇ ਪਹਿਲਵਾਨ ਲੜਕੇ - ਲੜਕੀਆਂ ਨੇ ਬੀਤੇ ਦਿਨੀਂ ਹੋਈਆਂ ਵੱਖ ਵੱਖ ਸੂਬਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪਾਂ ਵਿਚੋਂ 3 ਕਾਂਸੀ ਦੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਕਲੱਬ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕੀਤਾ ਹੈ  । ਇਹਨਾਂ ਜੇਤੂ ਪਹਿਲਵਾਨਾਂ ਦਾ ਸਨਮਾਨ ਦੇ ਮੁੱਖ ਮਹਿਮਾਨ ਸਮਾਜ ਸੇਵਕ ਬੀਬੀ ਰਾਜਨੀਤੀ ਕੌਰ ਸੰਧੂ ਕੈਨੇਡਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਉਹਨਾਂ ਨੇ ਕਲੱਬ ਵੱਲੋਂ ਇਲਾਕੇ ਦੇ ਨੌਜਵਾਨ ਲੜਕੇ - ਲੜਕੀਆਂ ਨੂੰ ਫਰੀ ਕੁਸ਼ਤੀ ਟਰੇਨਿੰਗ ਪ੍ਰਦਾਨ ਕਰਨ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ ਅਤੇ ਕੁਸ਼ਤੀ ਅਖਾੜੇ ਲਈ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ। ਉਹਨਾਂ ਨੇ ਜੇਤੂ ਪਹਿਲਵਾਨ ਲੜਕੇ ਲੜਕੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ।   ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ (ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ ਦਿਨੀ  68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ  ਕੁਸ਼ਤੀਆਂ (ਲੜਕੀਆਂ) ਜ਼ਿਲ੍ਹਾ ਪਟਿਆਲਾ ਵਿਖੇ ਹੋਈਆਂ ਸਨ ਜਿਸ ਵਿਚ ਪਹਿਲਵਾਨ ਹੇਜ਼ਲ ਕੌਰ ਪੁੱਤਰੀ ਮਾਸਟਰ ਗੁਰਨਾਮ ਰਾਮ ਪਿੰਡ ਭਰੋ ਮਜਾਰਾ ਨੇ  ਉਮਰ ਵਰਗ 17 ਸਾਲ ਅਤੇ 49 ਕਿਲੋ ਭਾਰ ਵਰਗ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ  ਮੈਡਲ ਜਿੱਤਿਆ ਹੈ। ਜਦ ਕਿ ਸ੍ਰੀ ਅਮਿ੍ੰਤਸਰ ਸਾਹਿਬ ਵਿਖੇ ਹੋਈ ਪੰਜਾਬ ਰਾਜ ਸਕੂਲ ਕੁਸ਼ਤੀ ਚੈਪੀਅਨਸ਼ਿਪ ਵਿਚ ਉਮਰਵਰਗ 19 ਸਾਲ ਅਤੇ 130 ਕਿਲੋ ਭਾਰ ਵਰਗ ਵਿਚੋਂ ਪਹਿਲਵਾਨ ਗੁਰਸਹਿਜਪ੍ਰੀਤ ਸਿੰਘ ਪੁੱਤਰ ਸੁਖਜੀਤ ਸਿੰਘ ਪਿੰਡ ਕੰਗਰੋੜ ਨੇ ਗ੍ਰੀਕੋ ਰੋਮਨ ਕੁਸ਼ਤੀ ਵਿਚੋਂ ਅਤੇ ਦਿਲਸ਼ਾਨ ਸਿੰਘ ਪੁੱਤਰ ਮਾਸਟਰ ਗੁਰਨਾਮ ਰਾਮ ਪਿੰਡ ਭਰੋ ਮਜਾਰਾ ਨੇ 17 ਸਾਲ ਉਮਰ ਵਰਗ 55  ਕਿਲੋਗ੍ਰਾਮ ਭਾਰ ਵਰਗ ਵਿਚੋਂ ਤੀਜਾ  ਸਥਾਨ ਹਾਸਲ ਕਰਕੇ ਕਾਂਸੀ ਦੇ ਮੈਡਲ ਦੇ ਮੈਡਲ ਜਿੱਤੇ ਹਨ। ਇਸ ਸਨਮਾਨ ਸਮਾਰੋਹ ਮੌਕੇ ਮੁੱਖ ਮਹਿਮਾਨ ਬੀਬੀ ਰਾਜਨੀਤੀ ਕੌਰ ਸੰਧੂ ਕਨੈਡਾ,  ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ,  ਮਾਸਟਰ ਗੁਰਨਾਮ ਰਾਮ,  ਸ. ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ,  ਸ੍ਰੀ ਬਲਬੀਰ ਸੋਂਧੀ ਕੁਸ਼ਤੀ ਕੋਚ ਅਤੇ ਸ੍ਰੀ ਬਲਜੀਤ ਸਿੰਘ ਕੰਗ ਅਤੇ  ਅਖਾੜੇ ਵਿਚ ਟਰੇਨਿੰਗ ਪ੍ਰਾਪਤ ਕਰਨ ਵਾਲੇ ਸਮੂਹ ਪਹਿਲਵਾਨ ਵੀ ਹਾਜ਼ਰ ਸਨ। ਵਰਨਣਯੋਗ ਹੈ ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਦੀ ਅਗਵਾਈ ਵਿਚ ਸਾਲ 2008 ਵਿਚ ਪਿੰਡ ਬਾਹੜੋਵਾਲ ਵਿਖੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੁਸ਼ਤੀ ਟਰੇਨਿੰਗ ਹਾਲ ਬਣਾਇਆ ਗਿਆ ਜਿੱਥੇ ਗੱਦੇ ਦੀ ਅਤੇ ਮਿੱਟੀ ਦੀ ਕੁਸ਼ਤੀ ਦੀ ਟਰੇਨਿੰਗ ਮੁਫਤ ਵਿਚ ਦਿੱਤੀ ਜਾਂਦੀ ਹੈ ।
ਫੋਟੋ ਕੈਪਸ਼ਨ :  ਕੁਸ਼ਤੀ ਮੁਕਾਬਲਿਆਂ ਵਿਜੇਤਾ ਨੌਜਵਾਨ ਪਹਿਲਵਾਨਾਂ ਦਾ ਸਨਮਾਨ ਕਰਨ ਮੌਕੇ ਯਾਦਗਾਰੀ ਤਸਵੀਰ ਵਿਚ ਬੀਬੀ ਰਾਜਨੀਤੀ ਕੌਰ ਸੰਧੂ ਕੈਨੇਡਾ,  ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ  ਤੇ ਪਤਵੰਤੇ ਸੱਜਣ