ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿਖੇ ਮੀਟਿੰਗ ਕਰਕੇ ਸਿਵਲ ਸਰਜਨ ਅਤੇ ਡਾਕਟਰਾਂ ਨੂੰ
ਦਿੱਤੇ ਸਖ਼ਤ ਨਿਰਦੇਸ਼
ਨਵਾਂਸ਼ਹਿਰ, 01 ਫਰਵਰੀ :- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਿਵਲ
ਹਸਪਤਾਲ ਨਵਾਂਸ਼ਹਿਰ ਵਿਖੇ ਅਚਨਚੇਤ ਚੈਂਕਿੰਗ ਕਰਕੇ ਡਾਕਟਰਾਂ ਨੂੰ ਸਾਰੀਆਂ ਦਵਾਈਆਂ
ਮਰੀਜਾ ਨੂੰ ਹਸਪਤਾਲ ਦੇ ਅੰਦਰੋਂ ਹੀ ਉਪਲਬੱਧ
ਕਰਵਾਉਣ ਸਬੰਧੀ ਸਖਤ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਖੇ ਸਿਵਲ ਸਰਜਨ
ਜਸਪ੍ਰੀਤ ਕੌਰ ਅਤੇ ਡਾਕਟਰਾਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ
ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਸਰਕਾਰੀ
ਹਸਪਤਾਲਾਂ ਵਿੱਚ ਡਾਕਟਰਾਂ ਵੱਲੋਂ ਲਿਖਿਆਂ ਜਾਣ ਵਾਲੀਆਂ ਦਵਾਈਆਂ ਮਰੀਜਾਂ ਨੂੰ ਹਸਪਤਾਲ ਦੇ
ਅੰਦਰੋਂ ਹੀ ਉਪਲਬੱਧ ਕਰਵਾਈਆਂ ਜਾਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ 276 ਦਵਾਈਆਂ ਪਹਿਲਾਂ ਹੀ ਲਾਜਮੀ
ਦਵਾਈਆਂ ਦੀ ਸੂਚੀ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਲਾਜਮੀ ਦਵਾਈਆਂ ਦੀ ਸੂਚੀ ਤੋਂ ਇਲਾਵਾ ਹੋਰ
ਦਵਾਈਆਂ ਦੀ ਖਰੀਦ ਲਈ ਕਾਰਜ ਵਿੱਧੀ (ਸਟੈਂਡਰਡ ਅਪਟ੍ਰੇਟਿੰਗ ਪ੍ਰੋਸਿਜਰ) ਜਾਰੀ ਕੀਤੀ ਗਈ ਹੈ
ਅਤੇ ਮਰੀਜਾਂ ਨੂੰ ਦਵਾਈਆਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਡਾਕਟਰ ਅਤੇ ਸਬੰਧਤ
ਅਧਿਕਾਰੀਆਂ ਨੂੰ ਕਿਹਾ ਕਿ ਸੀ.ਐਮ. ਸਾਹਿਬ ਵੱਲੋਂ ਦਿੱਤੇ ਗਏ ਇੰਨ੍ਹਾਂ ਨਿਰਦੇਸ਼ਾਂ ਦੀ
ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਾਰੀਆਂ ਦਵਾਈਆਂ ਹਸਪਤਾਲ ਅੰਦਰੋਂ ਹੀ
ਮਰੀਜਾਂ ਨੂੰ ਉਪਲਬੱਧ ਕਰਵਾਈਆਂ ਜਾਣ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਹਸਪਤਾਲ ਦੇ ਬਾਹਰ ਸਥਿਤ ਦਵਾਈਆਂ ਦੀਆਂ ਦੁਕਾਨਾਂ ਦੇ
ਮਾਲਕਾਂ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਤਕਰੀਬਨ ਸਾਰੀਆਂ ਦਵਾਈਆਂ ਹੁਣ ਮਰੀਜਾਂ
ਨੂੰ ਹਸਪਤਾਲ ਦੇ ਅੰਦਰੋਂ ਹੀ ਮਿਲ ਰਹੀਆਂ ਹਨ ਅਤੇ ਦਵਾਈਆਂ ਦੀ ਵਿਕਰੀ ਵਿੱਚ ਵੀ ਕਮੀ ਆਈ ਹੈ।
ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਅੰਦਰੋਂ ਵੀ ਸਾਰੀਆਂ ਦਵਾਈਆਂ ਉਪਲਬੱਧ ਕਰਵਾਈਆਂ ਜਾ
ਰਹੀਆਂ ਹਨ ਅਤੇ ਇਸ ਤੋਂ ਇਲਾਵਾ 14 ਪ੍ਰਾਈਵੇਟ ਹਸਪਤਾਲ ਵੀ ਇਮਪੈਂਲਡ ਕੀਤੇ ਗਏ ਹਨ ਅਤੇ ਜੇਕਰ
ਕੋਈ ਟੈਸਟ ਹਸਪਤਾਲ ਅੰਦਰੋਂ ਉਪਲਬੱਧ ਨਹੀਂ ਹੁੰਦਾ ਤਾਂ ਉਹ ਇਮਪੈਂਲਡ ਕੀਤੇ ਗਏ ਹਸਪਤਾਲਾਂ
ਵਿਚੋਂ ਸਰਕਾਰੀ ਰੇਟਾਂ 'ਤੇ ਟੈਸਟ ਉਪਲਬੱਧ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ
ਦਵਾਈ ਹਸਪਤਾਲ ਅੰਦਰ ਉਪਲਬੱਧ ਨਹੀਂ ਹੈ ਤਾਂ ਸਬੰਧਤ ਡਾਕਟਰ ਵੱਲੋਂ ਇਹ ਦਵਾਈ ਉਪਲਬੱਧ ਕਰਵਾਈ
ਜਾਵੇਗੀ।
ਇਸ ਮੌਕੇ 'ਤੇ ਸਿਵਲ ਸਰਜਨ ਜਸਪ੍ਰੀਤ ਕੌਰ, ਡੀ.ਐਮ.ਸੀ. ਨਵਾਂਸ਼ਹਿਰ ਡਾ. ਹਰਪ੍ਰੀਤ ਸਿੰਘ,
ਡੀ.ਐਚ ਐਸ.ਐਮ.ਓ ਡਾ. ਸਤਵਿੰਦਰ ਪਾਲ ਸਿੰਘ, ਬੰਗਾ ਐਸ.ਐਮ.ਓ. ਡਾ. ਜਸਵਿੰਦਰ ਸਿੰਘ,
ਮੁਕੰਦਪੁਰ ਐਸ.ਐਮ.ਓ. ਡਾ. ਰਵਿੰਦਰ ਕੁਮਾਰ, ਸਰੋੜਾ ਐਸ.ਐਮ.ਓ ਡਾ. ਗੁਰਿੰਦਰਜੀਤ ਸਿੰਘ, ਡਾ.
ਗੀਤਾਂਜਲੀ, ਡਾ. ਸੋਨੀਆ, ਡਾ. ਨਿਰੰਜਨ ਪਾਲ ਸਿੰਘ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।