Fwd: ਡਿਪਟੀ ਕਮਿਸ਼ਨਰ ਵੱਲੋਂ ਸਕੂਲ ਆਫ਼ ਐਮੀਨੈਂਸ ਭਾਦਸੋਂ ਦਾ ਦੌਰਾ

ਡਿਪਟੀ ਕਮਿਸ਼ਨਰ ਵੱਲੋਂ ਸਕੂਲ ਆਫ਼ ਐਮੀਨੈਂਸ ਭਾਦਸੋਂ ਦਾ ਦੌਰਾ
-ਆਪਣੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਲਈ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ 'ਚ ਵੀ ਹਿੱਸਾ ਲੈਣ-ਡਾ. ਪ੍ਰੀਤੀ ਯਾਦਵ
-ਸਕੂਲ ਦੇ ਬੁੱਕ ਕੈਫ਼ੇ ਤੇ ਕਾਨਫਰੰਸ ਰੂਮ ਦੀ ਸ਼ਲਾਘਾ
ਭਾਦਸੋਂ, 13 ਦਸੰਬਰ: ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸਕੂਲ ਆਫ਼ ਐਮੀਨੈਂਸ ਭਾਦਸੋਂ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਸਕੂਲ ਬਾਰੇ ਫੀਡਬੈਕ ਹਾਸਲ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਵੈ ਰੱਖਿਆ ਦੇ ਗੁਣਾਂ ਸਮੇਤ ਖੇਡਾਂ ਤੋਂ ਇਲਾਵਾ ਸਾਇੰਸ, ਹਿਸਾਬ ਤੇ ਹੋਰ ਵਿਸ਼ਿਆਂ ਵਿੱਚ ਰੁਚੀ ਪਰਖੀ। 
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਕੂਲ ਦੇ ਨਵੇਂ ਬੁੱਕ ਕੈਫ਼ੇ, ਕਾਨਫਰੰਸ ਰੂਮ ਤੇ ਜਮਾਤਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਵੈ ਰੱਖਿਆ ਲਈ ਕਰਾਟੇ ਦੀ ਕੋਚਿੰਗ ਲੈ ਰਹੀਆਂ ਵਿਦਿਆਰਥਣਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਸਕੂਲ ਵਿਦਿਆਰਥੀਆਂ ਵੱਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਰੁਚੀ ਦਿਖਾਉਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪ੍ਰੇਰਣਾ ਦਿੱਤੀ ਕਿ ਉਹ ਆਪਣੀ ਸ਼ਖ਼ਸੀਅਤ ਦੀ ਉਸਾਰੀ ਲਈ ਪੜ੍ਹਾਈ ਦੇ ਨਾਲ-ਨਾਲ ਹੋਰ ਆਮ ਗਿਆਨ ਵੀ ਵਧਾਉਣ ਤੇ ਖੇਡਾਂ ਸਮੇਤ ਹੋਰ ਉਸਾਰੂ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ।
ਸਕੂਲ ਦੇ ਪ੍ਰਿੰਸੀਪਲ ਪ੍ਰੀਤਇੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆਂ ਸਕੂਲ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਵਿੱਚ ਵਿਦਿਆਰਥੀਆਂ ਲਈ ਇੱਕ ਮਲਟੀਪਰਪਜ ਸ਼ੈਡ ਦੀ ਬਣਾਉਣ ਦੀ ਮੰਗ ਰੱਖੀ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਇਸ ਬਾਰੇ ਜਲਦੀ ਹੀ ਫੰਡ ਜਾਰੀ ਕਰਵਾਉਣਗੇ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਕੁਮਾਰ ਵੀ ਮੌਜੂਦ ਸਨ।