ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਵੱਲੋਂ ਅਰੰਭੇ ਯੋਗਾ ਡਿਪਲੋਮਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਪਟਿਆਲਾ ਦੇ ਸਿਖਿਆਰਥੀਆਂ ਨੇ ਲਾਭ ਲਿਆ

-ਗੰਭੀਰ ਬਿਮਾਰੀਆਂ ਤੋਂ ਰਾਹਤ ਲੈਣ ਲਈ ਸੀ.ਐਮ. ਦੀ ਯੋਗਸ਼ਾਲਾ ਦਾ ਲਾਭ ਲੈਣ ਲੋਕ-ਡਾ. ਸੰਜੀਵ ਗੋਇਲ
ਪਟਿਆਲਾ, 5 ਦਸੰਬਰ : ਸੀ.ਐਮ. ਦੀ ਯੋਗਸ਼ਾਲਾ ਦੇ ਸਲਾਹਕਾਰ ਅਤੇ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਰਜਿਸਟਰਾਰ ਡਾ. ਸੰਜੀਵ ਗੋਇਲ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ.ਐਮ. ਦੀ ਯੋਗਸ਼ਾਲਾ ਦਾ ਰਾਜ ਭਰ ਅੰਦਰ ਲੋਕ ਵੱਡੀ ਗਿਣਤੀ ਵਿੱਚ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਜਿੱਥੇ ਸੀ.ਐਮ. ਦੀਆਂ ਯੋਗਸ਼ਾਲਾਵਾਂ ਖੋਲ੍ਹੀਆਂ ਹਨ, ਉਥੇ ਹੀ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਵੱਲੋਂ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਯੋਗਾ ਦਾ ਡਿਪਲੋਮਾ ਵੀ ਸ਼ੁਰੂ ਕੀਤਾ ਗਿਆ ਹੈ। 
ਸੀ.ਐਮ. ਦੀ ਯੋਗਸ਼ਾਲਾ ਦੇ ਸਲਾਹਕਾਰ ਡਾ. ਸੰਜੀਵ ਗੋਇਲ ਨੇ ਦੱਸਿਆ ਕਿ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤੇ ਗਏ ਯੋਗਾ ਡਿਪਲੋਮਾ ਦਾ ਪਟਿਆਲਾ ਜ਼ਿਲ੍ਹੇ ਦੇ ਸੈਟਲਾਈਟ ਸੈਂਟਰਾਂ ਵਿੱਚ ਇਸ ਕੋਰਸ ਦੇ ਸੈਸ਼ਨ ਦਾ ਅੱਜ ਪਹਿਲਾਂ ਦਿਨ ਸੀ। ਇਸ ਦੌਰਾਨ ਯੂਨੀਵਰਸਿਟੀ ਨੇ ਵੀਡੀਓ ਕਾਨਫਰੰਸਿੰਗ ਜਰੀਏ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੇ ਗਏ ਹਨ, ਇਸੇ ਤਹਿਤ ਹੀ ਜ਼ਿਲ੍ਹਾ ਪਟਿਆਲਾ ਵਿੱਚ ਵੀ ਸਰਕਾਰੀ ਆਯੁਰਵੇਦ ਕਾਲਜ ਪਟਿਆਲਾ ਅਤੇ ਸਰਕਾਰੀ ਰਿਪੁਦਾਮਨ ਕਾਲਜ ਨਾਭਾ ਵਿਖੇ ਦੋ ਸੈਟਲਾਈਟ ਸੈਂਟਰ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇੱਥੇ ਆਨਲਾਈਨ ਢੰਗ ਰਾਹੀਂ ਯੋਗ ਸਿੱਖਣ ਤੇ ਸਿਖਾਉਣ ਦੇ ਢੰਗ ਤਰੀਕਿਆਂ ਤੋਂ ਜਾਣੂ ਕਰਵਾਇਆ ਗਿਆ, ਜਿੱਥੇ ਯੋਗਾ ਡਿਪਲੋਮਾ ਦੇ ਓਰੀਐਂਟੇਸ਼ਨ ਪ੍ਰੋਗਰਾਮ ਲਈ 200 ਸੀਟਾਂ ਵਿੱਚੋਂ 180 ਸੀਟਾਂ 'ਤੇ ਦਾਖਲ ਹੋਏ ਸਿਖਿਆਰਥੀਆਂ ਨੇ ਲਾਭ ਲਿਆ।
ਡਾ. ਸੰਜੀਵ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਆਨ ਲਾਈਨ ਸਿਖਿਆਰਥੀਆਂ ਨੂੰ ਯੋਗਾ ਦੇ ਗੁਰ ਸਿਖਾਏ ਜਦੋਂਕਿ ਅਮਰੇਸ਼ ਝਾਅ, ਕਮਲੇਸ਼ ਮਿਸ਼ਰਾ, ਡਾ. ਗਗਨ ਆਦਿ ਨੇ ਸਰਕਾਰੀ ਆਯੁਰਵੇਦਿਕ ਕਾਲਜ ਪਟਿਆਲਾ ਵਿਖੇ ਜ਼ਿਲ੍ਹਾ ਪਟਿਆਲਾ ਵਿਖੇ ਕਰਵਾਏ ਜਾ ਰਹੇ ਡਿਪਲੋਮਾ ਕੋਰਸ ਦੇ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਕੋਰਸ ਅਤੇ ਵਿਸ਼ਿਆਂ ਆਦਿ ਸਬੰਧੀ ਸਾਰੀ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ।
ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੰਭੀਰ ਬਿਮਾਰੀਆਂ ਤੋਂ ਰਾਹਤ ਲੈਣ ਲਈ ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਅੰਦਰ ਲੱਗ ਰਹੀਆਂ 220 ਯੋਗਾ ਕਲਾਸਾਂ ਦਾ ਲਾਭ ਲੈਣ। ਉਨ੍ਹਾਂ ਨੇ ਲੋਕਾਂ ਨੂੰ ਰੋਜ਼ਾਨਾ ਯੋਗਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਲੋਕ ਟੋਲ ਫਰੀ ਨੰਬਰ 76694-00500 ਉਪਰ ਕਾਲ ਕਰ ਸਕਦੇ ਹਨ ਜਾਂ https://cmdiyogshala.punjab.gov.in 'ਤੇ ਲਾਗਇਨ ਵੀ ਕਰ ਸਕਦੇ ਹਨ।