ਪੰਜਾਬ ਸਰਕਾਰ ਵਲੋਂ ਐਨ.ਡੀ.ਏ 'ਚ ਜਾਣ ਦੀਆਂ ਇੱਛੁਕ ਵਿਦਿਆਰਥਣਾਂ ਨੂੰ ਮੁਫ਼ਤ ਦਿੱਤੀ ਜਾਂਦੀ ਹੈ ਟ੍ਰੇਨਿੰਗ
ਹੁਸ਼ਿਆਰਪੁਰ, 5 ਦਸੰਬਰ: ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ ਸ਼ੁਰੂ ਕੀਤੇ ਗਏ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵਿਖੇ ਤੀਜੇ ਬੈਚ ਲਈ ਪ੍ਰਵੇਸ਼ ਪ੍ਰੀਖਿਆ 5 ਜਨਵਰੀ 2025 ਨੂੰ ਲਈ ਜਾ ਰਹੀ ਹੈ ਜਿਸ ਬਾਰੇ ਇੰਸਟੀਚਿਊਟ ਦੀ ਵੈਬ ਸਾਈਟ www.mbafpigirls.in 'ਤੇ ਮੁਕੰਮਲ ਜਾਣਕਾਰੀ ਅਪਲੋਡ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2022 'ਚ ਲੜਕੀਆਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ) ਵਿਚ ਦਾਖਲੇ ਦੀ ਪ੍ਰਵਾਨਗੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿਖੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵਿਖੇ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਸਵੀਂ ਕਲਾਸ ਉਪਰੰਤ ਐਨ.ਡੀ.ਏ ਪ੍ਰੈਪਰੇਟਰੀ ਵਿੰਗ ਵਿਚ ਦਾਖਲ ਹੋਣ ਵਾਲੀਆਂ ਵਿਦਿਆਰਥਣਾਂ ਨੂੰ ਗਿਆਰਵੀਂ ਅਤੇ ਬਾਰ੍ਹਵੀਂ ਦੀ ਪੜ੍ਹਾਈ ਮੋਹਾਲੀ ਵਿਖੇ ਸਥਿਤ ਦੂਨ ਇੰਟਰਨੈਸ਼ਨ ਸਕੂਲ ਤੋਂ ਕਰਵਾਈ ਜਾਂਦੀ ਹੈ ਜਿਸ ਦਾ ਇੰਸਟੀਚਿਊਟ ਨਾਲ ਐਮ.ਓ.ਯੂ ਸਹੀਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟ੍ਰੇਨਿੰਗ, ਰਹਿਣ-ਸਹਿਣ, ਖਾਣ-ਪੀਣ, ਵਰਦੀ ਆਦਿ ਦਾ ਖਰਚਾ ਚੁਕਿਆ ਜਾਂਦਾ ਹੈ ਅਤੇ ਵਿਦਿਆਰਥਣ ਨੂੰ ਸਿਰਫ ਸਕੂਲ ਦੀ ਟਿਊਸ਼ਨ ਫੀਸ ਦੇਣੀ ਪੈਂਦੀ ਹੈ ਜਿਸ ਵਿਚ ਕਾਫੀ ਰਿਆਇਤ ਹੈ।
ਜ਼ਿਕਰਯੋਗ ਹੈ ਕਿ ਇਹ ਇੰਸਟੀਚਿਊਟ ਦੇਸ਼ ਵਿਚ ਕਿਸੇ ਵੀ ਰਾਜ ਸਰਕਾਰ ਵੱਲੋਂ ਚਲਾਇਆ ਜਾਣ ਵਾਲਾ ਆਪਣੀ ਕਿਸਮ ਦਾ ਪਹਿਲਾ ਅਦਾਰਾ ਹੈ। ਹੁਣ ਤੱਕ ਇੰਸਟੀਚਿਊਟ ਵਿਚ ਲੜਕੀਆਂ ਨੂੰ ਗ੍ਰੈਜੂਏਸ਼ਨ ਉਪਰੰਤ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿਚ ਭਰਤੀ ਹੋਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ।