ਗੜ੍ਹਸ਼ੰਕਰ ਵਿੱਚ ਸੋਧੇ ਪਾਣੀ ਦੇ ਸਿੰਚਾਈ ਲਈ ਵਰਤੋਂ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ
ਹੁਸ਼ਿਆਰਪੁਰ, 2 ਦਸੰਬਰ: ਭੂਮੀ ਅਤੇ ਜਲ ਸੰਭਾਲ ਵਿਭਾਗ ਵਲੋਂ ਗੜ੍ਹਸ਼ੰਕਰ ਵਿੱਚ ਐਸ.ਟੀ.ਪੀ. (ਸੀਵਰੇਜ ਟਰੀਟਮੈਂਟ ਪਲਾਂਟ) ਦੇ ਸੋਧੇ ਹੋਏ ਪਾਣੀ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਸਿੰਚਾਈ ਲਈ ਵਰਤਣ ਦੇ ਉਦੇਸ਼ ਨਾਲ ਜਾਗਰੂਕਤਾ ਕੈਂਪ ਅਤੇ ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਜੈਕਟ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕੀਤਾ।
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਇਸ ਤਰ੍ਹਾਂ ਦੇ ਹੋਰ ਪ੍ਰੋਜੈਕਟਾਂ ਨੂੰ ਵਧਾਏ ਜਾਣ ਦੀ ਲੋੜ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਭੂਮੀ ਅਤੇ ਜਲ ਸੰਭਾਲ ਦੇ ਕੰਮਾਂ ਨੂੰ ਪਪਹਿਲ ਦਿੱਤੀ ਜਾਵੇਗੀ ਅਤੇ ਜੇਕਰ ਅਜਿਹੀਆਂ ਯੋਜਨਾਵਾਂ ਲਈ ਹੋਰ ਫੰਡਜ਼ ਦੀ ਲੋੜ ਪਵੇ ਤਾਂ ਉਹ ਸਰਕਾਰ ਨੂੰ ਇਸ ਨੂੰ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰਨਗੇ।
ਮੰਡਲ ਭੂਮੀ ਰੱਖਿਆ ਅਫਸਰ ਹਰਪ੍ਰੀਤ ਸਿੰਘ ਬਾਠ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਲਗਭਗ 7 ਕਿਲੋਮੀਟਰ ਲੰਬਾਈ ਦੀ ਐਚ.ਡੀ.ਪੀ.ਈ. (250 ਮੀ.ਮੀ.) ਪਾਈਪਲਾਈਨ ਵਿਛਾਈ ਜਾਵੇਗੀ। ਇਸ ਪ੍ਰੋਜੈਕਟ ਦੇ ਪੂਰਾ ਹੋਣ 'ਤੇ ਪਿੰਡ ਡਗਾਮ ਅਤੇ ਫਤਿਹਪੁਰ ਕਲ੍ਹਾ ਦੀ ਕਰੀਬ 125 ਹੈਕਟੇਅਰ ਜ਼ਮੀਨ ਦੀ ਸਿੰਚਾਈ ਹੋਵੇਗੀ ਅਤੇ 40 ਤੋਂ 50 ਕਿਸਾਨ ਪਰਿਵਾਰਾਂ ਨੂੰ ਸਿੱਧਾ ਲਾਭ ਮਿਲੇਗਾ।
ਇਸ ਮੌਕੇ ਉਪਮੰਡਲ ਮੈਜਿਸਟਰੇਟ ਗੜ੍ਹਸ਼ੰਕਰ ਹਰਬੰਸ ਸਿੰਘ, ਉਪਮੰਡਲ ਭੂਮੀ ਰੱਖਿਆ ਅਫਸਰ ਬਲਜਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਰਜਿੰਦਰ ਸਿੰਘ, ਖੇਤੀਬਾੜੀ ਅਧਿਕਾਰੀ ਅਤੇ ਪੀਸੀਪੀਸੀਐਲ ਦੇ ਐਸ.ਡੀ.ਓ. ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।