Fwd: Hindi & Punjabi-- ਨੌਜਵਾਨਾਂ ਤੇ ਕਮਜ਼ੋਰ ਵਰਗਾਂ ਨੂੰ ਤਰਜੀਹ ਦੇ ਆਧਾਰ ’ਤੇ ਕਰਜ਼ੇ ਦੇਣ ਬੈਂਕਾਂ: ਡਿਪਟੀ ਕਮਿਸ਼ਨਰ


ਨੌਜਵਾਨਾਂ ਤੇ ਕਮਜ਼ੋਰ ਵਰਗਾਂ ਨੂੰ ਤਰਜੀਹ ਦੇ ਆਧਾਰ 'ਤੇ ਕਰਜ਼ੇ ਦੇਣ ਬੈਂਕਾਂ: ਡਿਪਟੀ ਕਮਿਸ਼ਨਰ

ਲੀਡ ਬੈਂਕ ਵੱਲੋਂ ਬੈਂਕਾਂ ਦੀ ਕਾਰਗੁਜ਼ਾਰੀ ਦੀ ਜਾਇਜ਼ਾ ਮੀਟਿੰਗ

ਹਸ਼ਿਆਰਪੁਰ, 11 ਦਸੰਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਇਥੇ ਜ਼ਿਲ੍ਹੇ ਦੀ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਵੱਲੋਂ ਜ਼ਿਲ੍ਹੇ ਦੀਆਂ ਬੈਂਕਾਂ ਦੀ ਕਾਰਗੁਜਾਰੀ ਦਾ ਜਾਇਜ਼ਾ ਲੈਣ ਸੰਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਜਾਇਜ਼ਾ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ ਬੈਂਕਾਂ ਨੂੰ ਕਿਹਾ ਕਿ ਨੌਜਵਾਨਾਂ ਅਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਕਰਜ਼ੇ ਮੁਹੱਈਆ ਕਰਵਾ ਕੇ ਸਵੈ-ਰੋਜ਼ਗਾਰ ਦੀ ਸਥਾਪਤੀ ਕਰਵਾਉਣ ਵਿਚ ਯੋਗਦਾਨ ਪਾਇਆ ਜਾਵੇ ਤਾਂ ਜੋ ਇਹ ਵਰਗ ਆਪਣੇ ਕਾਰੋਬਾਰ ਚਲਾ ਸਕਣ।

          ਮੀਟਿੰਗ ਦੌਰਾਨ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈਡ ਸੰਜੀਵ ਕੁਮਾਰ, ਚੀਫ ਲੀਡ ਜ਼ਿਲ੍ਹਾ ਮੈਨੇਜਰ ਚੇਤਨ ਜੋਸ਼ੀ, ਭਾਰਤੀ ਰਿਜ਼ਰਵ ਬੈਂਕ ਦੇ ਐਲ.ਡੀ.ਓ. ਸੰਜੀਵ ਸਿੰਘ, ਡੀ.ਡੀ.ਐਮ ਨਾਬਾਰਡ ਰੱਜਤ ਛਾਬੜਾ, ਡੀ.ਡੀ.ਐਮ. ਨਾਬਾਰਡ ਅਰੁਨ ਕੁਮਾਰ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਰਜਿੰਦਰ ਕੁਮਾਰ ਭਾਟੀਆ, ਡੀ.ਟੀ.ਈ. ਪੀ.ਐਨ.ਬੀ. ਆਰਸੇਤੀ ਅਤੇ ਵੱਖ-ਵੱਖ 33 ਬੈਂਕਾ ਦੇ ਨੁਮਾਇੰਦਿਆਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਸੀਨਅਰ ਅਧਿਕਾਰੀ ਵੀ ਮੌਜੂਦ ਸਨ।

          ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਦੱਸਿਆ ਗਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਕਰਜ਼ਾ ਯੋਜਨਾ ਸਾਲ 2024-25 ਤਹਿਤ ਸਤੰਬਰ, 2024 ਤੱਕ ਕੁੱਲ 6343.68 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਜਦਕਿ ਟੀਚਾ 6694.28 ਕਰੋੜ ਦਾ ਸੀ। ਇਸ ਵਿੱਚੋਂ ਤਰਜੀਹੀ ਖੇਤਰ ਵਿੱਚ 4800.39 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਅਤੇ ਗੈਰ-ਤਰਜੀਹੀ ਖੇਤਰ ਵਿੱਚ 1543.29 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਤਰਜੀਹੀ ਖੇਤਰ ਵਿੱਚ 2945.86 ਕਰੋੜ ਰੁਪਏ ਖੇਤੀਬਾੜੀ ਲਈ, 1770.47 ਕਰੋੜ ਰੁਪਏ ਗੈਰ-ਖੇਤੀ ਸੈਕਟਰ ਲਈ, 84.06 ਕਰੋੜ ਰੁਪਏ ਬਾਕੀ ਪ੍ਰਾਥਮਿਕਤਾ ਸੈਕਟਰ ਨੂੰ ਕਰਜ਼ੇ ਵਜੋਂ ਦਿੱਤੇ ਗਏ। ਉਨ੍ਹਾਂ ਸੀ.ਡੀ. ਦਰ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਬੈਂਕਾਂ ਨੂੰ ਇਸ ਵੱਲ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਖਾਸ ਤੌਰ ਉੱਤੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕ ਕਰਜ਼ੇ ਪ੍ਰਾਪਤ ਕਰਕੇ ਆਰਥਿਕ ਧੰਦੇ ਸ਼ੁਰੂ ਕਰਦਿਆਂ ਆਪਣੇ ਜੀਵਨ ਪੱਧਰ ਨੂੰ ਉਚਾ ਚੁੱਕ ਸਕਣ।

          ਸਰਕਲ ਹੈਡ ਸੰਜੀਵ ਕੁਮਾਰ ਨੇ ਬੈਕਾਂ ਨੂੰ ਵੱਧ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ ਕਰਜਾ ਦੇਣ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਬੈਂਕਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ, ਖੇਤੀ ਤੇ ਛੋਟੇ ਉਦਯੋਗ ਧੰਦੇ, ਸੇਵਾ ਖੇਤਰ, ਸਰਕਾਰੀ ਪ੍ਰੋਗਰਾਮਾਂ, ਜਿਵੇਂ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਪ੍ਰੋਗਰਾਮ, ਰਾਸ਼ਟਰੀ ਸ਼ਹਿਰੀ ਅਜੀਵਿਕਾ ਮਿਸ਼ਨ, ਡੇਅਰੀ ਟਾਈ-ਅਪ ਯੋਜਨਾ, ਪ੍ਰਧਾਨ ਮੰਤਰੀ ਸਵੈਨੀਧੀ ਪ੍ਰੋਗਰਾਮ ਅਧੀਨ ਕਰਜ਼ੇ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ। ਉਹਨਾਂ ਬੈਂਕਾਂ ਨੂੰ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਅਧੀਨ ਵੱਧ ਤੋਂ ਵੱਧ ਗਰੀਬ ਲੋਕਾਂ ਦਾ ਬੀਮਾ ਕੀਤਾ ਜਾਵੇ।

ਇਹ ਵੀ ਦੱਸਿਆ ਗਿਆ ਕਿ ਜ਼ਿਲਾ ਹੁਸ਼ਿਆਰਪੁਰ ਵਿਚ ਬੈਂਕਾਂ ਵਿਚ ਜਮ੍ਹਾਂ ਰਾਸ਼ੀ ਜੋ ਕਿ ਸਤੰਬਰ, 2023 ਵਿੱਚ 42843 ਕਰੋੜ ਰੁਪਏ ਸਨ, ਸਤੰਬਰ, 2024 ਵਿੱਚ ਵੱਧ ਕੇ 47372 ਕਰੋੜ ਰੁਪਏ ਹੋ ਗਈ ਹੈ।  ਇਸੇ ਤਰ੍ਹਾਂ ਬੈਂਕਾਂ ਵੱਲੋਂ ਦਿੱਤੇ ਕੁੱਲ ਕਰਜੇ ਦੀ ਰਕਮ ਜੋ ਕਿ ਸਤੰਬਰ, 2023 ਵਿੱਚ 12137 ਕਰੋੜ ਰੁਪਏ ਸੀ, ਸਤੰਬਰ, 2024 ਵਿੱਚ ਵੱਧ ਕੇ 13298 ਕਰੋੜ ਰੁਪਏ ਹੋ ਗਈ।

          ਚੀਫ ਲੀਡ ਜ਼ਿਲ੍ਹਾ ਮੈਨੇਜਰ ਚੇਤਨ ਜੋਸ਼ੀ ਵੱਲੋਂ ਸੀ.ਡੀ. ਦਰ ਵਿੱਚ ਹੋਰ ਬੇਹਤਰੀ ਲਿਆਉਣ ਲਈ ਵੱਧ ਤੋਂ ਵੱਧ ਕਰਜ਼ੇ ਦੇਣ ਲਈ ਕਿਹਾ। ਉਹਨਾਂ ਬੈਂਕ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਉਦਮੀਆਂ ਨੂੰ ਵੱਧ ਤੋਂ ਵੱਧ ਕਰਜਾ ਦੇਣ ਤਾਂ ਕਿ ਜਿਲ੍ਹੇ ਵਿੱਚ ਨਵੇਂ ਉਦਯੋਗ/ਕਾਰੋਬਾਰ ਲੱਗ ਸਕਣ ਤੇ ਲੋਕਾਂ ਨੂੰ ਰੋਜਗਾਰ ਦੇ ਜਿਆਦਾ ਮੌਕੇ ਮਿਲ ਸਕਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਬੈਂਕਾ ਨੂੰ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ।

          ਮੀਟਿੰਗ ਵਿੱਚ ਜ਼ਿਲ੍ਹਾ ਉਦਯੋਗ ਵਿਭਾਗ, ਐਨ.ਯੂ.ਐਲ.ਐਮ.ਆਦਿ ਦੇ ਅਧਿਕਾਰੀ ਅਤੇ ਸਾਰੇ ਬੈਂਕਾਂ ਦੇ ਡੀ.ਸੀ.ਓ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਐਲ ਡੀ ਐਮ, ਹੁਸ਼ਿਆਰਪੁਰ ਵਲੋਂ ਚਲਾਈ ਗਈ।