ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਵਿਦਿਆਰਥੀਆਂ ਨੇ ਲਗਾਇਆ ਵਿਦਿਅਕ ਟੂਰ
ਨਵਾਂਸ਼ਹਿਰ 6 ਦਸੰਬਰ, ()ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵਿਦਿਅਕ ਟੂਰ ਲਗਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਤੇ ਚਲਦਿਆਂ ਅਤੇ ਸੰਸਥਾ ਦੇ ਮੁਖੀ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਯੋਗ ਅਗਵਾਈ ਹੇਠ ਚੰਡੀਗੜ੍ਹ ਰੋਡ ਸਥਿਤ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਅੱਠਵੇਂ ਜਮਾਤ ਦੇ ਬੱਚਿਆਂ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ ਏ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਦਾ ਵਿਦਿਅਕ ਟੂਰ ਲਗਾਇਆ। ਪ੍ਰਿੰਸੀਪਲ ਵਲੋਂ ਬੱਚਿਆਂ ਦੇ ਵਿਦਿਅਕ ਟੂਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਤੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਏਰੀਏ ਦੇ ਗੁਰਧਾਮਾਂ ਜਿਨ੍ਹਾਂ ਵਿਚ ਸ਼੍ਰੀ ਕੇਸਗੜ੍ਹ ਸਾਹਿਬ,ਕਿਲਾ ਅਨੰਦਗੜ ਸਾਹਿਬ, ਸ਼ੀਸ਼ ਗੰਜ ਸਾਹਿਬ, ਗੁਰੂ ਕੇ ਮਹਿਲ ਆਦਿ ਸ਼ਾਮਲ ਸਨ ਦੇ ਦਰਸ਼ਨ ਕਰਵਾਏ ਗਏ ਅਤੇ ਪੰਜਾਬ ਦੇ ਸਭਿਆਚਾਰ ਤੇ ਧਾਰਮਿਕ ਵਿਰਸੇ ਨੂੰ ਦਰਸਾਉਂਦੀ ਵਿਰਾਸਤ ਏ ਖਾਲਸਾ ਦੀ ਫੇਰੀ ਲਗਵਾਈ ਗਈ।ਇਥੋਂ ਦੇ ਧਾਰਮਿਕ ਸਥਾਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਬੱਚਿਆਂ ਨੇ ਗੁਰੂ ਘਰ ਨਤਮਸਤਕ ਹੋਣ ਉਪਰੰਤ ਲੰਗਰ ਛਕਿਆ।ਇਸ ਮੌਕੇ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦੇ ਅਧਿਆਪਕ ਹਾਜ਼ਰ ਸਨ।