Fwd: ਭਾਸ਼ਾ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ

ਭਾਸ਼ਾ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ
ਪੰਜ ਦਿਨਾ ਸਮਾਗਮ 'ਚ ਗੋਸ਼ਟੀਆਂ, ਨਾਟਕ, ਕਵੀ ਦਰਬਾਰ, ਰੂਬੁਰੂ ਤੇ ਪੁਸਤਕ ਮੇਲੇ ਦਾ ਹੋਵੇਗਾ ਆਯੋਜਨ 

ਪਟਿਆਲਾ 14 ਸਤੰਬਰ:   ਪੰਜਾਬ ਸਰਕਾਰ ਦੀ ਸਰਪ੍ਰਸਤੀ 'ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਫਰੀਦਕੋਟ ਨਾਲ ਮਿਲਕੇ ਬਾਬਾ ਸ਼ੇਖ਼ ਫ਼ਰੀਦ ਆਗਮਨ ਪੂਰਬ ਰਾਜ ਪੱਧਰੀ ਸਮਾਗਮ ਦੇ ਰੂਪ 'ਚ ਮਨਾਇਆ ਜਾਵੇਗਾ। ਇਸ ਪੰਜ ਦਿਨਾ ਸਮਾਗਮ ਦੌਰਾਨ 19 ਤੋਂ 23 ਸਤੰਬਰ ਤੱਕ ਗੋਸ਼ਟੀਆਂ, ਨਾਟਕ, ਕਵੀ ਦਰਬਾਰ, ਰੂਬੁਰੂ ਤੇ ਪੁਸਤਕ ਮੇਲੇ ਦਾ ਆਯੋਜਨ ਕੀਤਾ ਜਾਵੇਗਾ। ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਇਸ ਸਮਾਗਮ ਦਾ ਉਦਘਾਟਨ ਸਵੇਰੇ 9.30 ਵਜੇ ਫਰੀਦਕੋਟ ਤੋਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਕਰਨਗੇ। ਸਮਾਗਮ ਦੌਰਾਨ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਤੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ. ਵਿਸ਼ੇਸ਼ ਮਹਿਮਾਨ ਹੋਣਗੇ। 
                    ਸਮਾਗਮ ਦੇ ਪਹਿਲੇ ਦਿਨ ਬਾਅਦ ਦੁਪਹਿਰ ਬ੍ਰਿਜਿੰਦਰਾ ਕਾਲਜ ਵਿਖੇ ਉੱਘੇ ਰੰਗਕਰਮੀ ਤੇ ਫਿਲਮ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਨਾਲ 3.30 ਵਜੇ 'ਰੰਗਮੰਚ ਤੋਂ ਫਿਲਮਾਂ ਤੱਕ' ਵਿਸ਼ੇ 'ਤੇ ਕੁਮਾਰ ਜਗਦੇਵ ਸੰਵਾਦ ਰਚਾਉਣਗੇ। ਇਸ ਉਪਰੰਤ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿਖੇ ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਸ਼ਾਮ 6 ਵਜੇ 'ਭਾਸ਼ਾ ਵਹਿੰਦਾ ਦਰਿਆ' ਅਤੇ ਸਾਰਥਕ ਰੰਗਮੰਚ ਪਟਿਆਲਾ ਵੱਲੋਂ 7.30 ਵਜੇ 'ਕਰ ਲਓ ਘਿਓ ਨੂੰ ਭਾਂਡਾ' ਨਾਟਕ ਦਾ ਮੰਚਨ ਕੀਤਾ ਜਾਵੇਗਾ। ਅਗਲੇ ਦਿਨ 20 ਸਤੰਬਰ ਨੂੰ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਸਵੇਰ ਦੇ ਸ਼ੈਸ਼ਨ ਵਿੱਚ (11 ਵਜੇ) ਡਾ. ਦੇਵਿੰਦਰ ਸੈਫ਼ੀ ਉੱਘੇ ਚਿੰਤਕ ਡਾ. ਮਨਮੋਹਨ ਨਾਲ ਸੰਵਾਦ ਰਚਾਉਣਗੇ। ਬਾਅਦ ਦੁਪਹਿਰ ਦੇ ਸ਼ੈਸ਼ਨ ਵਿੱਚ (3.30 ਵਜੇ) ਫਿਲਮ ਨਿਰਦੇਸ਼ਕ, ਲੇਖਕ, ਕਾਲਮ ਨਵੀਸ ਤੇ ਖੋਜ ਕਰਤਾ ਜਤਿੰਦਰ ਮੋਹਰ ਨਾਲ ਗੁਰਮੀਤ ਕੜਿਆਲਵੀ 'ਸਿਨੇਮਾ ਤੇ ਸਮਾਜ' ਵਿਸ਼ੇ 'ਤੇ ਸੰਵਾਦ ਰਚਾਉਣਗੇ। ਸ਼ਾਮ ਦੇ ਸ਼ੈਸ਼ਨ ਵਿੱਚ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿਖੇ ਨਾਦ ਰੰਗਮੰਚ ਪਟਿਆਲਾ ਵੱਲੋਂ ਨਾਟਕ 'ਮਿਰਜ਼ਾ' (6 ਵਜੇ) ਅਤੇ ਉੱਘੇ ਰੰਗਕਰਮੀ ਤੇ ਫਿਲਮਸਾਜ਼ ਗੁਰਚੇਤ ਚਿੱਤਰਕਾਰ ਵੱਲੋਂ 'ਟੈਨਸ਼ਨ ਫਰੀ' ਨਾਟਕ (7.30 ਵਜੇ) ਦਾ ਮੰਚਨ ਕੀਤਾ ਜਾਵੇਗਾ। 
 21 ਸਤੰਬਰ ਨੂੰ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਸਵੇਰ ਦੇ ਸ਼ੈਸ਼ਨ ਵਿੱਚ ਨਾਮਵਰ ਪੱਤਰਕਾਰ ਯਾਦਵਿੰਦਰ ਕਰਫ਼ਿਊ ਨਾਲ 'ਚੌਥਾ ਥੰਮ' ਵਿਸ਼ੇ 'ਤੇ ਸ਼ਿਵਜੀਤ ਸਿੰਘ ਸੰਘਾ 11 ਵਜੇ ਸੰਵਾਦ ਰਚਾਉਣਗੇ। ਸ਼ਾਮ ਦੇ ਸ਼ੈਸ਼ਨ 'ਚ 3.30 ਵਜੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਵੀ ਸਵਰਨਜੀਤ ਸਵੀ ਨਾਲ ਗੁਰਪ੍ਰੀਤ 'ਕਵਿਤਾ ਤੇ ਸਮਕਾਲ' ਵਿਸ਼ੇ 'ਤੇ ਸੰਵਾਦ ਰਚਾਉਣਗੇ। 
             22 ਸਤੰਬਰ ਨੂੰ ਸਵੇਰੇ 11 ਵਜੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ 'ਸੁਰਜੀਤ ਪਾਤਰ ਦਾ ਸਾਹਿਤਕ ਗੌਰਵ' ਵਿਸ਼ੇ 'ਤੇ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨਾਲ ਗੁਰਤੇਜ ਕੋਹਾਰਵਾਲਾ ਵਿਚਾਰ ਚਰਚਾ ਕਰਨਗੇ। ਇਸੇ ਦਿਨ ਸਮਾਪਤੀ ਸਮਾਰੋਹ ਦੌਰਾਨ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸਪੀਕਰ ਵਿਧਾਨ ਸਭਾ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਫਰੀਦਕੋਟ ਤੋਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ. ਵਿਸ਼ੇਸ਼ ਮਹਿਮਾਨ ਹੋਣਗੇ। ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਕਰਨਗੇ। ਇਸ ਮੌਕੇ ਹੋਣ ਵਾਲੇ ਕਵੀ ਦਰਬਾਰ 'ਚ ਨਾਮਵਰ ਕਵੀ ਸਤਪਾਲ ਭੀਖੀ, ਸੁਸ਼ੀਲ ਦੁਸਾਂਝ, ਸ਼ਮਸ਼ੇਰ ਮੋਹੀ, ਹਰਮੀਤ ਵਿਦਿਆਰਥੀ, ਗੁਰਸੇਵਕ ਲੰਬੀ, ਜਗਵਿੰਦਰ ਜੋਧਾ, ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਮਨਦੀਪ ਔਲਖ, ਰੇਨੂੰ ਨਈਅਰ, ਰਿਸ਼ੀ ਹਿਰਦੇਪਾਲ, ਵਾਹਿਦ ਤੇ ਵਿਜੇ ਵਿਵੇਕ ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਇੰਨਾਂ ਸਮਾਗਮ ਦੇ ਸਮਾਂਤਰ ਹੀ 19 ਤੋਂ 23 ਸਤੰਬਰ ਤੱਕ ਪੁਸਤਕ ਮੇਲਾ ਵੀ ਲੱਗੇਗਾ। ਸਮਾਗਮ ਦੀ ਸੰਚਾਲਨ ਕਮੇਟੀ ਦੀ ਮੁਖੀ ਸ੍ਰੀਮਤੀ ਵੀਰਪਾਲ ਕੌਰ ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ ਫਰੀਦਕੋਟ, ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਅਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਫ਼ਰੀਦਕੋਟ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਨੇ ਸਮੂਹ ਸਾਹਿਤ ਤੇ ਕਲਾ ਪ੍ਰੇਮੀਆਂ ਨੂੰ ਇਸ ਸਮਾਗਮ ਲਈ ਖੁੱਲ੍ਹਾ ਸੱਦਾ ਦਿੱਤਾ ਹੈ।