ਕੇਜਰੀਵਾਲ ਦੀ ਰਿਹਾਈ ਨਾਲ ਲੋਕਤੰਤਰੀ ਲਹਿਰਾਂ ਚ ਦੇਸ਼ ਭਰ ਚ ਖੁਸ਼ੀ ਦੀ ਲਹਿਰ
ਅੰਮ੍ਰਿਤਸਰ 13 ਸਤੰਬਰ 2024 - ਪੰਜਾਬ ਟਰੇਡਰਜ਼ ਕਮਿਸ਼ਨ ਦੇ ਸੂਬਾ ਸੰਵਿਧਾਨਕ ਮੈਂਬਰ ਤੇ ਪੰਜਾਬ ਬੁਲਾਰਾ ਆਮ ਆਦਮੀ ਪਾਰਟੀ ਜਸਕਰਨ ਬੰਦੇਸ਼ਾ ਨੇ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਵਲੋਂ " ਆਪ" ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਤੇ ਰਿਹਾਅ ਕਰਨ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਲੋਂ ਸਵਾਗਤ ਕੀਤਾ ਅਤੇ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਜ਼ਮਾਨਤ ਤੇ ਰਿਹਾਈ ਦੇ ਫੈਸਲੇ ਨੇ ਪ੍ਰਤੱਖ ਪ੍ਰਮਾਣ ਦਿੱਤਾ ਹੈ ਕਿ ਸੱਚ ਕਦੇ ਮਰਦਾ ਨਹੀਂ ਅਤੇ ਕੇਂਦਰੀ ਮੋਦੀ ਸਰਕਾਰ ਤੇ ਭਾਜਪਾ ਦੀ ਤਾਨਾਸ਼ਾਹੀ ਤੇ ਬਦਲਾ ਲਉ ਭੱਦੀ ਰਾਜਨੀਤੀ ਤੇ ਨਿਆਂ, ਸੱਚਾਈ ਤੇ ਲੋਕਤੰਤਰ ਦੀ ਜਿੱਤ ਭਾਰੂ ਪੈਣ ਨਾਲ ਇਕੱਲੀ " ਆਪ" ਚ ਨਹੀਂ ਸਗੋਂ ਦੇਸ਼ ਭਰ ਦੀਆਂ ਲੋਕਤੰਤਰੀ ਤੇ ਨਿਆਂ ਪਸੰਦ ਰਾਜਸੀ ਤੇ ਜਨਤਕ ਸੰਗਠਨਾਂ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਾਰਟੀ ਵਲੰਟੀਅਰਾਂ ਤੇ ਆਗੂਆਂ ਵਲੋਂ ਥਾਂ ਥਾਂ ਪ੍ਰਮਾਤਮਾ ਦਾ ਸ਼ੁਕਰਾਨਾ ਤੇ ਸੁਪ੍ਰੀਮ ਕੋਰਟ ਦਾ ਧੰਨਵਾਦ ਕਰਦੇ ਹੋਏ ਲੱਡੂ ਵੰਡ ਕੇ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਗੱਲਬਾਤ ਦੌਰਾਨ ਸੂਬਾ ਆਗੂ ਬੰਦੇਸ਼ਾ ਨੇ ਕਿਹਾ ਕਿ ਸੁਪ੍ਰੀਮ ਕੋਰਟ ਦੇ ਉੱਚ ਤਾਕਤੀ ਬੈਂਚ ਨੇ ਸ੍ਰੀ ਕੇਜਰੀਵਾਲ ਨੂੰ ਜ਼ਮਾਨਤ ਦੇਣ ਸਮੇਂ ਕੇਂਦਰੀ ਸਰਕਾਰ ਤੇ ਕੇਂਦਰੀ ਜਾਂਚ ਸੁਰੱਖਿਆ ਏਜ਼ੰਸੀਆਂ ਨੂੰ ਇੱਕ ਤਰ੍ਹਾਂ ਫਟਕਾਰ ਪਾਉਂਦਿਆ ਕਿਹਾ ਕਿ ਕੇਂਦਰੀ ਜਾਂਚ ਏਜੰਸੀਆਂ ਆਪਣੇ ਕੇਸਾਂ ਦੇ ਮਾਮਲੇ ਚ ਉਚਿਤ ਕਾਰਵਾਈ ਕਰਦਿਆਂ ਨਜ਼ਰ ਆਉਣੀਆਂ ਚਾਹੀਦੀਆਂ ਹਨ ਨਾ ਕਿ ਕੇਂਦਰੀ ਸਰਕਾਰ ਦੇ ਪਿੰਜਰੇ ਦਾ ਤੋਤਾ ਬਣਨ। ਬੰਦੇਸ਼ਾ ਨੇ ਇਹ ਵੀ ਪ੍ਰਗਟਾਵਾ ਕੀਤਾ ਸ੍ਰੀ ਕੇਜਰੀਵਾਲ ਨੂੰ ਜੇਲ੍ਹ ਚ ਨਜ਼ਾਇਜ਼ ਤੌਰ ਤੇ ਬੰਦ ਰੱਖਣ ਦੌਰਾਨ ਕੇਂਦਰੀ ਮੋਦੀ ਸਰਕਾਰ ਨੂੰ ਆਪਣੇ ਤਾਨਾਸ਼ਾਹੀ,ਸੋੜੇ ਤੇ ਕੋਝੇ ਮਿਸ਼ਨ " ਆਪ" ਦੀਆਂ ਸਰਕਾਰਾਂ ਤੋੜਨ ਚ ਕੋਈ ਸਫ਼ਲਤਾ ਨਹੀਂ ਨਹੀਂ ਮਿਲ ਸਕੀ ਅਤੇ ਨਾ ਹੀ ਸ੍ਰੀ ਕੇਜਰੀਵਾਲ ਨੂੰ ਫਸਾਏ ਗਏ ਝੂਠੇ ਮੁੱਕਦਮੇ ਵਿੱਚਲੇ ਕਿਸੇ ਦੋਸ਼ ਦੇ ਤੱਥ ਨੂੰ ਸਾਬਿਤ ਕਰ ਸਕੀ। ਨਤੀਜੇ ਵਜੋਂ ਮੋਦੀ ਸਰਕਾਰ ਤੇ ਭਾਜਪਾ ਨੂੰ ਮੂੰਹ ਦੀ ਖਾਣੀ ਪਈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਰਿਹਾਈ ਨਾਲ ਹਰਿਆਣਾ ਪ੍ਰਦੇਸ਼ ਤੇ ਆਗਾਮੀ ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਸਣੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਚ ਵੋਟ ਫਤਵੇ ਨਾਲ ਇਤਿਹਾਸਿਕ ਜਿੱਤਾਂ ਪਾਰਟੀ ਦੇ ਕਦਮ ਚੁੰਮਣਗੀਆਂ। ਜਦੋਂ ਕਿ ਦੇਸ਼ ਭਰ ਦੀਆਂ ਪਾਰਟੀ ਇਕਾਈਆਂ ਨੂੰ ਪ੍ਰਚੰਡ ਮਜ਼ਬੂਤੀ ਮਿਲੇਗੀ।ਸੂਬਾ ਬੁਲਾਰੇ ਬੰਦੇਸ਼ਾ ਨੇ ਸ੍ਰੀ ਕੇਜਰੀਵਾਲ ਦੀ ਰਿਹਾਈ ਲਈ ਹੁਣ ਤੱਕ ਪ੍ਰਮਾਤਮਾ ਅੱਗੇ ਅਰਦਾਸਾਂ, ਦੁਆਵਾਂ ਕਰਦੇ ਆ ਰਹੇ ਅਤੇ ਕੇਂਦਰੀ ਸਰਕਾਰ ਵਲੋਂ ਸ੍ਰੀ ਕੇਜਰੀਵਾਲ ਨੂੰ ਨਜ਼ਾਇਜ਼ ਫਸਾਏ ਜਾਣ ਤੋਂ ਕੇਂਦਰੀ ਮੋਦੀ ਸਰਕਾਰ ਵਿਰੁੱਧ ਗੁੱਸੇ ਚ ਭਰੇ ਪੀਤੇ ਰੋਸ ਮੁਜ਼ਾਹਰੇ ਕਰਦੇ ਰਹੇ ਪੰਜਾਬ ਵਲੰਟੀਅਰਾਂ ਤੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।