ਵਿਸ਼ੇਸ਼ ਸਾਰੰਗਲ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਨਵਾਂਸ਼ਹਿਰ, 4 ਅਕਤੂਬਰ : 2013 ਬੈਚ ਦੇ ਆਈ. ਏ. ਐਸ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਉਹ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਹ ਡਾ. ਸ਼ੇਨਾ ਅਗਰਵਾਲ ਦੀ ਥਾਂ ਇਥੇ ਆਏ ਹਨ, ਜਿਨਾਂ ਨੂੰ ਮਿਊਂਸਪਲ ਕਮਿਸ਼ਨਰ ਪਠਾਨਕੋਟ ਵਜੋਂ ਤਾਇਨਾਤ ਕੀਤਾ ਗਿਆ ਹੈ। ਵਿੱਦਿਅਕ ਯੋਗਤਾ ਪੱਖੋਂ ਥਾਪਰ ਯੂਨੀਵਰਸਿਟੀ ਤੋਂ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਨਾਂ ਆਈ. ਆਈ. ਟੀ ਬੰਬੇ ਤੋਂ ਐਮ. ਬੀ. ਏ ਕੀਤੀ ਹੋਈ ਹੈ। ਪ੍ਰਸ਼ਾਸਨਿਕ ਅਧਿਕਾਰੀ ਵਜੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਜੋਂ ਜਲੰਧਰ ਅਤੇ ਅੰਮਿ੍ਰਤਸਰ ਵਿਖੇ ਸੇਵਾਵਾਂ ਦੇਣ ਤੋਂ ਇਲਾਵਾ ਉਹ ਸਮਾਰਟ ਸਿਟੀ ਜਲੰਧਰ ਦੇ ਸੀ. ਈ. ਓ ਅਤੇ ਵਧੀਕ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਜਲੰਧਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨਾਂ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੀ ਪਵਿੱਤਰ ਧਰਤੀ ਤੋਂ ਆਪਣੇ ਡਿਪਟੀ ਕਮਿਸ਼ਨਰ ਕਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ। ਉਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨਾਲ ਜੁੜੇ ਇਸ ਜ਼ਿਲੇ ਵਿਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ, ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ, ਸਰਕਾਰੀ ਸਕੀਮਾਂ ਦਾ ਲਾਭ ਉਨਾਂ ਤੱਕ ਪਹੁੰਚਾਉਣਾ ਅਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ ਕੇ ਜ਼ਿਲੇ ਨੂੰ ਬੁਲੰਦੀਆਂ 'ਤੇ ਪਹੁੰਚਾਉਣਾ ਉਨਾਂ ਦੀ ਮੁੱਖ ਤਰਜੀਹ ਹੋਵੇਗੀ। ਉਨਾਂ ਕਿਹਾ ਕਿ ਉਹ ਜ਼ਿਲਾ ਵਾਸੀਆਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਰਹਿਣਗੇ। 
ਇਸ ਤੋਂ ਪਹਿਲਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ 'ਤੇ ਪੁਲਿਸ ਦੀ ਟੁਕੜੀ ਨੇ ਉਨਾਂ ਨੂੰ ਸ਼ਾਨਦਾਰ 'ਗਾਰਡ ਆਫ਼ ਆਨਰ' ਦਿੱਤਾ ਗਿਆ। ਡਾ. ਸ਼ੇਨਾ ਅਗਰਵਾਲ ਨੇ ਇਸ ਮੌਕੇ ਉਨਾਂ ਨੂੰ ਵਧਾਈ ਦਿੰਦਿਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਉਨਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ, ਐਸ. ਪੀ ਪਿਰਥੀਪਾਲ ਸਿੰਘ, ਜ਼ਿਲਾ ਮਾਲ ਅਫ਼ਸਰ ਅਜੀਤ ਪਾਲ ਸਿੰਘ, ਤਹਿਸੀਲਦਾਰ ਨਵਾਂਸ਼ਹਿਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਕੁਲਵਰਨ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਤੇ ਹੋਰ ਅਧਿਕਾਰੀ ਸ਼ਾਮਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਪਰਿਵਾਰਕ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 

ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣਾ ਯਕੀਨੀ ਬਣਾਇਆ ਜਾਵੇਗਾ-ਵਿਧਾਇਕ ਅੰਗਦ ਸਿੰਘ

*ਨਵਾਂਸ਼ਹਿਰ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ *ਕਿਸਾਨਾਂ ਨੂੰ ਸੁੱਕਾ ਝੋਨਾ ਹੀ ਮੰਡੀਆਂ ਵਿਚ ਲਿਆਉਣ ਦੀ ਕੀਤੀ ਅਪੀਲ
ਨਵਾਂਸ਼ਹਿਰ, 4 ਅਕਤੂਬਰ : ਵਿਧਾਇਕ ਅੰਗਦ ਸਿੰਘ ਵੱਲੋਂ ਅੱਜ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਝੋਨੇ ਦੀ ਖ਼ਰੀਦ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਰਵਾਈ ਜਾਵੇਗੀ ਅਤੇ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣਾ ਯਕੀਨੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋੋਂ ਝੋਨੇ ਦੀ ਸੁਚੱਜੀ ਖ਼ਰੀਦ ਲਈ ਪੂਰੇ ਸੂਬੇ ਵਿਚ ਯੋਜਨਾਬੱਧ ਢੰਗ ਨਾਲ ਸਾਰੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਤਰਾਂ ਲਿਫਟਿੰਗ ਅਤੇ ਅਦਾਇਗੀ ਵੀ ਨਾਲੋ-ਨਾਲ ਯਕੀਨੀ ਬਣਾਈ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਪਹਿਲਕਦਮੀ ਸਦਕਾ ਹੀ ਕੇਂਦਰ ਸਰਕਾਰ ਨੇ ਪੰਜਾਬ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਪਹਿਲਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ, ਜਿਹੜਾ ਕਿ ਪਹਿਲਾਂ 11 ਅਕਤੂਬਰ ਤੋਂ ਕਰਨ ਦਾ ਐਲਾਨ ਕੀਤਾ ਸੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਉਹ ਸੁੱਕਾ ਝੋਨਾ ਹੀ ਮੰਡੀਆਂ ਵਿਚ ਲਿਆਉਣ। ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਨਿਰਵਿਘਨ ਅਤੇ ਸੁਚੱਜੀ ਖ਼ਰੀਦ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨਾਂ ਆੜਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਾਜਰਾ, ਮਨਜਿੰਦਰ ਸਿੰਘ ਵਾਲੀਆ, ਮਾਲਵਿੰਦਰ ਸਿੰਘ ਮਹਾਲੋਂ, ਚਿੰਨੂੰ ਓਹਰੀ, ਰਾਮਪਾਲ, ਕੁਲਦੀਪ, ਜੌਨੀ, ਸ਼ਿੰਦਾ, ਅਟਵਾਲ, ਵਿਨੈ, ਬਲਵੀਰ ਸਿੰਘ, ਓਨੇਸ਼ ਸਰੀਨ, ਰਮਨ ਖੋਸਲਾ ਤੇ ਹੋਰ ਹਾਜ਼ਰ ਸਨ। 

ਜ਼ਿਲਾ ਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਨੂੰ ਸਦਾ ਯਾਦ ਰੱਖਾਂਗੀ-ਡਾ. ਸ਼ੇਨਾ ਅਗਰਵਾਲ

*'ਅਜਿਹਾ ਲੱਗ ਰਿਹੈ ਜਿਵੇਂ ਪਰਿਵਾਰ ਤੋਂ ਵਿਦਾਇਗੀ ਲੈ ਰਹੀ ਹੋਵਾਂ'
ਨਵਾਂਸ਼ਹਿਰ, 4 ਅਕਤੂਬਰ : ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਅੱਜ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਜੀ ਆਇਆਂ ਕਹਿਣ ਅਤੇ ਪਹਿਲੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਵਿਦਾਇਗੀ ਦੇਣ ਲਈ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਡਾ. ਸ਼ੇਨਾ ਅਗਰਵਾਲ ਵੱਲੋਂ ਡਿਪਟੀ ਕਮਿਸ਼ਨਰ ਦੇ ਤੌਰ 'ਤੇ ਨਿਭਾਈਆਂ ਗਈਆਂ ਬਿਹਤਰੀਨ ਸੇਵਾਵਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਉਨਾਂ ਡਾ. ਸ਼ੇਨਾ ਅਗਰਵਾਲ ਕੋਲੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਉਨਾਂ ਦੀ ਤਰਾਂ ਹੀ ਉਹ ਜ਼ਿਲਾ ਵਾਸੀਆਂ ਦੀ ਸੇਵਾ ਕਰ ਸਕਣ। ਉਨਾਂ ਡਾ. ਸ਼ੇਨਾ ਅਗਰਵਾਲ ਵੱਲੋਂ ਖਾਸ ਕਰਕੇ ਕੋਵਿਡ ਕਾਲ ਦੌਰਾਨ ਨਿਭਾਈਆਂ ਸੇਵਾਵਾਂ ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਸ ਸਦਕਾ ਜ਼ਿਲੇ ਸਮੇਤ ਪੂਰੇ ਸੂਬੇ ਨੂੰ ਸੇਧ ਮਿਲੀ। ਇਸ ਮੌਕੇ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀਆਂ ਵੱਲੋਂ ਮਿਲੇ ਅਥਾਹ ਪਿਆਰ ਅਤੇ ਸਹਿਯੋਗ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਉਨਾਂ ਕਿਹਾ ਕਿ ਉਨਾਂ ਨੂੰ ਅਜਿਹਾ ਲੱਗ ਰਿਹਾ ਹੈ, ਜਿਵੇਂ ਉਹ ਆਪਣੇ ਪਰਿਵਾਰ ਤੋਂ ਵਿਦਾਇਗੀ ਲੈ ਰਹੇ ਹਨ। ਉਨਾਂ ਕਿਹਾ ਕਿ ਜ਼ਿਲੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਬਿਹਤਰੀਨ ਟੀਮ ਦੀ ਤਰਾਂ ਕੰਮ ਕੀਤਾ। ਉਨਾਂ ਆਸ ਪ੍ਰਗਟਾਈ ਕਿ ਨਵੇਂ ਡਿਪਟੀ ਕਮਿਸ਼ਨਰ ਨੂੰ ਵੀ ਉਹ ਇਸੇ ਤਰਾਂ ਸਹਿਯੋਗ ਦੇਣਗੇ। ਇਸ ਮੌਕੇ ਉੱਚ ਅਧਿਕਾਰੀਆਂ ਵੱਲੋਂ ਡਾ. ਸ਼ੇਨਾ ਅਗਰਵਾਲ ਨਾਲ ਆਪਣੇ ਕੰਮ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਉਨਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ, ਜ਼ਿਲਾ ਮਾਲ ਅਫ਼ਸਰ ਅਜੀਤ ਪਾਲ ਸਿੰਘ, ਤਹਿਸੀਲਦਾਰ ਨਵਾਂਸ਼ਹਿਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਕੁਲਵਰਨ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਸੁਪਰਡੈਂਟ ਬਹਾਦਰ ਸਿੰਘ, ਜ਼ਿਲਾ ਨਾਜਰ ਹਰਪਾਲ ਸਿੰਘ, ਪੀ. ਏ ਜਸਬੀਰ ਸਿੰਘ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।  

ਕਿਸਾਨਾਂ ਦੀ ਹੱਤਿਆ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਡੀ ਸੀ ਦਫਤਰ ਅੱਗੇ ਧਰਨਾ

 ਨਵਾਂਸ਼ਹਿਰ 4 ਅਕਤੂਬਰ :-  ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਲੜਕੇ ਵਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਉੱਤੇ ਗੱਡੀ ਚੜ੍ਹਾਕੇ  ਕਿਸਾਨਾਂ ਦੀ ਹੱਤਿਆ ਕਰਨ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਗਿਆ ਜੋ ਬਾਅਦ ਦੁਪਹਿਰ 1 ਵਜੇ ਤੱਕ ਜਾਰੀ ਰਿਹਾ।ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਮੋਰਚੇ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ,ਸੁਰਿੰਦਰ ਸਿੰਘ ਬੈਂਸ, ਕੁਲਦੀਪ ਸਿੰਘ ਦਿਆਲ,ਸੋਹਣ ਸਿੰਘ ਸਲੇਮਪੁਰੀ,ਕੁਲਦੀਪ ਸਿੰਘ ਸੁੱਜੋਂ,ਤਰਸੇਮ ਸਿੰਘ ਬੈਂਸ, ਰਣਜੀਤ ਸਿੰਘ ਰਟੈਂਡਾ, ਸੁਤੰਤਰ ਕੁਮਾਰ ,ਸੁਰਜੀਤ ਕੌਰ ਉਟਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਇਸਦੇ ਗੁੰਡੇ ਅੰਨਦਾਤੇ ਦੀਆਂ ਹੱਤਿਆਵਾਂ ਕਰਨ ਉੱਤੇ ਉਤਰ ਆਈ ਹੈ।ਉਹਨਾਂ ਕਿਹਾ ਕਿ ਜਿਲਾ ਲਖੀਮਪੁਰ ਖੇੜੀ ਉੱਤਰ ਪ੍ਰਦੇਸ਼ ਵਿਖੇ ਸੰਘਰਸ਼ਸ਼ੀਲ ਕਿਸਾਨਾਂ ਦਾ ਡੁੱਲਿਆ ਲਹੂ ਅਜਾਂਈ ਨਹੀਂ ਜਾਵੇਗਾ।ਕਿਸਾਨਾਂ ਦੇ ਇਹਨਾਂ ਕਤਲਾਂ ਕਾਰਨ ਕੇਂਦਰ ਸਰਕਾਰ ਅਤੇ ਯੂ.ਪੀ ਸਰਕਾਰ ਵਿਰੁੱਧ ਦੇਸ਼ ਭਰ ਦੇ ਲੋਕਾਂ ਦਾ ਗੁੱਸਾ ਵਿਆਪਕ ਪੱਧਰ ਉੱਤੇ ਹੈ ਲੋਕ ਇਸਦਾ ਹਿਸਾਬ ਲੈਕੇ ਹੀ ਦੰਮ ਲੈਣਗੇ।ਆਗੂਆਂ ਨੇ ਕਿਹਾ ਕਿ ਇਸ ਘਟਨਾ ਨੇ ਭਾਰਤੀ ਜਨਤਾ ਪਾਰਟੀ ਦਾ ਫਾਸ਼ੀਵਾਦੀ ਚਿਹਰਾ ਨੰਗਾ ਕਰ ਦਿੱਤਾ ਹੈ।ਇਸਤੋਂ ਪਹਿਲਾਂ 700 ਦੇ ਕਰੀਬ ਸੰਘਰਸ਼ਮਈ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ।ਇਸ ਮੌਕੇ ਗੁਰਬਖਸ਼ ਕੌਰ ਸੰਘਾ, ਮਾਸਟਰ ਕਰਨੈਲ ਸਿੰਘ, ਮਲਕੀਤ ਸਿੰਘ, ਮਹਾ ਸਿੰਘ ਰੌੜੀ, ਬੂਟਾ ਸਿੰਘ ਮਹਿਮੂਦ ਪੁਰ, ,ਪਰਦੀਪ ਸਿੰਘ ਗਿੱਲ, ਮਨਦੀਪ ਸਿੰਘ ਨੇ ਵੀ ਵਿਚਾਰ ਪ੍ਰਗਟ ਕੀਤੇ।
     ਬਾਅਦ ਵਿਚ ਡੀ ਸੀ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਦੇਕੇ 3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਜਿਲਾ ਲਖੀਮਪੁਰ ਖੇਰੀ ਵਿਚ  ਪ੍ਰਦਰਸ਼ਨਕਾਰੀ ਕਿਸਾਨਾਂ ਉੱਤੇ ਗੱਡੀ ਚਾੜ੍ਹਕੇ 8 ਕਿਸਾਨਾਂ ਦੀ ਹੱਤਿਆ ਕਰਨ ਦੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਅਧੀਨ ਅਤੇ ਯੂ.ਪੀ ਤੋਂ ਬਾਹਰ ਕਰਵਾਉਣ, ਦੋਸ਼ੀਆਂ ਖਿਲਾਫ ਆਈ ਪੀ ਸੀ ਦੀ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕਰਨ,ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਫੌਰਨ ਬਰਖਾਸਤ ਕਰਨ,ਤਿੰਨ ਖੇਤੀ ਕਾਨੂੰਨ ਰੱਦ ਕਰਨ ਅਤੇ ਫਸਲਾਂ ਤੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੇਣ ਦੀ ਮੰਗ ਕੀਤੀ।

4 ਅਕਤੂਬਰ ਨੂੰ ਸਲਾਟਰ ਹਾਊਸ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ

ਨਵਾਂਸ਼ਹਿਰ, 3 ਅਕਤੂਬਰ : ਜ਼ਿਲਾ ਮੈਜਿਸਟਰੇਟ, ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 4 ਅਕਤੂਬਰ 2021 ਨੂੰ ਵਿਸ਼ਵ ਐਨੀਮਲ ਦਿਵਸ ਮੌਕੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਲਾਟਰ ਹਾਊਸ, ਮੀਟ ਦੀਆਂ ਦੁਕਾਨਾਂ ਅਤੇ ਹੋਟਲ/ਰੈਸਟੋਰੈਂਟ/ਢਾਬੇ, ਜਿਥੇ ਮਾਸਾਹਾਰੀ ਭੋਜਨ ਵਰਤਿਆ ਜਾਂਦਾ ਹੈ, ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਹੁਕਮ ਨੂੰ ਲਾਗੂ ਕਰਨ ਲਈ ਸੀਨੀਅਰ ਪੁਲਿਸ ਕਪਤਾਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਸਮੂਹ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ ਜਿੰਮੇਵਾਰ ਹੋਣਗੇ। 

ਬਜ਼ੁਰਗਾਂ ਨੂੰ ਆਪਣਿਆਂ ਦੇ ਪਿਆਰ, ਸਨਮਾਨ ਅਤੇ ਦੇਖਭਾਲ ਦੀ ਜ਼ਰੂਰਤ, ਅਣਦੇਖੀ ਨਾ ਕਰੋ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

ਨਵਾਂਸ਼ਹਿਰ, 01 ਅਕਤੂਬਰ  : ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਅੱਜ ਜ਼ਿਲ੍ਹੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਬਜ਼ੁਰਗਾਂ ਵਿਰੁੱਧ ਹੋ ਰਹੇ ਦੁਰਵਿਵਹਾਰ ਅਤੇ ਅਨਿਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ।  ਇਸੇ ਦੌਰਾਨ ਬਾਈ ਜੀ ਦੀ ਕੁਟੀਆ,ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿਖੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਉਮਰ ਦੇ ਇਸ ਪੜਾਅ ਵਿਚ ਬਜ਼ੁਰਗਾਂ ਨੂੰ ਆਪਣਿਆਂ ਦੇ ਪਿਆਰ, ਸਨਮਾਨ ਅਤੇ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਇਸ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ। ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਕਿਹਾ ਕਿ ਇਕ ਦਿਨ ਹਰ ਕਿਸੇ ਨੇ ਬਿਰਧ ਅਵਸਥਾ ਵਿਚੋਂ ਲੰਘਣਾ ਹੈ, ਇਸ ਲਈ ਸਮਾਜ ਵਿਚ ਅਜਿਹੀਆਂ ਪਿਰਤਾਂ ਕਾਇਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਸ ਨਾਲ ਹਰ ਵਿਅਕਤੀ ਨੂੰ ਆਪਣੀ ਬਿਰਧ ਅਵਸਥਾ ਦੌਰਾਨ ਸਮਾਜ ਵਿਚ ਬਣਦਾ ਸਤਿਕਾਰ ਮਿਲੇ। ਡਾ ਗੁਰਿੰਦਰਬੀਰ ਕੌਰ ਨੇ ਕਿਹਾ ਕਿ ਸਾਡੇ ਬਜ਼ੁਰਗ ਸਾਡੇ ਦੇਸ਼ ਦਾ ਵਡਮੁੱਲਾ ਸਰਮਾਇਆ ਹਨ, ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਦੇ ਤਜ਼ਰਬੇ ਅਪਣਾ ਕੇ ਹੀ ਸਾਡੀ ਅਗਲੀ ਪੀੜ੍ਹੀ ਅੱਗੇ ਵਧਦੀ ਹੈ।  ਡਾ ਕੌਰ ਨੇ ਕਿਹਾ ਕਿ ਸਮਾਜ ਵਿਚ ਬਜ਼ੁਰਗਾਂ ਦਾ ਪੂਰਾ ਮਾਣ ਸਤਿਕਾਰ ਹੀ ਸਾਨੂੰ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਦਰਜਾ ਪ੍ਰਦਾਨ ਕਰਦਾ ਹੈ। ਸਾਨੂੰ ਬਜ਼ੁਰਗਾਂ ਦੀ ਸੇਵਾ ਕਰਕੇ ਆਪਣੇ ਖੁਦ ਦੇ ਭਵਿੱਖ ਨੂੰ ਵੀ ਸੁਰੱਖਿਅਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਕੋਈ ਬਜ਼ੁਰਗ ਵਿਅਕਤੀ ਇਲਾਜ ਲਈ ਹਸਪਤਾਲ ਜਾਂਦਾ ਹੈ ਤਾਂ ਡਾਕਟਰਾਂ ਵੱਲੋਂ ਪਹਿਲ ਦੇ ਆਧਾਰ ਉੱਤੇ ਉਸ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਬਜ਼ੁਰਗਾਂ ਵਿਰੁੱਧ ਹੋ ਰਹੇ ਦੁਰਵਿਵਹਾਰ ਅਤੇ ਅਨਿਆਂ ਨੂੰ ਰੋਕਣ ਲਈ ਨੈਸ਼ਨਲ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੋਇਆ ਹੈ। ਕੋਈ ਵੀ ਬਿਰਧ ਨਾਗਰਿਕ ਲੋੜ ਪੈਣ ਉੱਤੇ ਆਪਣੀ ਸ਼ਿਕਾਇਤ ਇਸ ਨੰਬਰ ਉਤੇ ਦਰਜ ਕਰਵਾ ਸਕਦਾ ਹੈ।

ਅੰਤ ਵਿਚ ਸਿਵਲ ਸਰਜਨ ਨੇ ਬਿਰਧ ਵਿਅਕਤੀਆਂ ਨੂੰ ਕੋਰੋਨਾ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਵਿਡ-19 ਮਹਾਂਮਾਰੀ ਵਿਰੁੱਧ ਲੜਾਈ ਵਿਚ ਘਰਾਂ ਅੰਦਰ ਰਹਿ ਕੇ ਹੀ ਦੂਰ ਸੰਚਾਰ ਮਾਧਿਅਮਾਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰਕੇ ਆਪਣੀ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਐਸ. ਐਸ. ਪੀ ਦੀ ਮੌਜੂਦਗੀ ਵਿਚ ਜ਼ਿਲਾ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ੇ ਕੀਤੇ ਨਸ਼ਟ

ਨਵਾਂਸ਼ਹਿਰ, 1 ਅਕਤੂਬਰ : ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਜ਼ਿਲੇ ਵਿਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੀ ਵਚਨਬੱਧਤਾ ਦੁਹਰਾਉਂਦਿਆਂ ਅੱਜ ਭਾਰੀ ਮਾਤਰਾ ਵਿਚ ਨਸ਼ੇ ਨਸ਼ਟ ਕੀਤੇ। ਨਸ਼ਿਆਂ ਨੂੰ ਨਸ਼ਟ ਕਰਨ ਦੀ ਕਾਰਵਾਈ ਸੱਨ ਫਾਰਮਾਸੂਟੀਕਲਜ਼ ਇੰਡਸਟਰੀਜ਼ ਲਿਮਟਿਡ, ਟੌਂਸਾ ਵਿਖੇ ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ ਅਤੇ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕੀਤੀ ਗਈ। ਜ਼ਿਲੇ ਵਿਚ ਦਰਜ ਹੋਏ 67 ਕੇਸਾਂ ਵਿਚ ਬਰਾਮਦ ਕੀਤੇ ਗਏ ਇਨਾਂ ਨਸ਼ਟ ਕੀਤੇ ਗਏ ਨਸ਼ਿਆਂ ਵਿਚ 169 ਕਿਲੋ 120 ਗ੍ਰਾਮ ਚੂਰਾ ਪੋਸਤ, 7199 ਗੋਲੀਆਂ, 440 ਕੈਪਸੂਲ, 280 ਗ੍ਰਾਮ ਨਸ਼ੀਲਾ ਪਾਊਡਰ, 293 ਗ੍ਰਾਮ ਹੈਰੋਇਨ, 3 ਕਿਲੋ 221 ਗ੍ਰਾਮ ਸਮੈਕ, 160 ਗ੍ਰਾਮ ਚਰਸ, 2371 ਇੰਜੈਕਸ਼ਨ, 50 ਸਰਿੰਜਾਂ ਅਤੇ 20 ਕਿਲੋ 680 ਗ੍ਰਾਮ ਗਾਂਜਾ ਸ਼ਾਮਿਲ ਸੀ। ਜ਼ਿਕਰਯੋਗ ਹੈ ਕਿ ਸਾਲ 2021-22 ਦੌਰਾਨ ਜ਼ਿਲਾ ਪੁਲਿਸ ਵੱਲੋਂ ਵੱਖ-ਵੱਖ ਪੁਲਿਸ ਥਾਣਿਆਂ ਵਿਚ ਨਸ਼ਿਆਂ ਦੀ ਬਰਾਮਦਗੀ ਦੇ 187 ਕੇਸ ਦਰਜ ਕੀਤੇ ਗਏ ਹਨ, ਜਿਸ ਦੌਰਾਨ 6279 ਕਿਲੋ 790 ਗ੍ਰਾਮ ਚੂਰਾ ਪੋਸਤ, 52205 ਗੋਲੀਆਂ, 4672 ਕੈਪਸੂਲ, 468 ਗ੍ਰਾਮ ਨਸ਼ੀਲਾ ਪਾਊਡਰ, 3 ਕਿਲੋ 416 ਗ੍ਰਾਮ ਹੈਰੋਇਨ, 4 ਕਿਲੋ 898 ਗ੍ਰਾਮ ਚਰਸ, 3 ਕਿਲੋ 221 ਗ੍ਰਾਮ ਸਮੈਕ, 21 ਕਿਲੋ 180 ਗ੍ਰਾਮ ਗਾਂਜਾ ਅਤੇ 10045 ਇੰਜੈਕਸ਼ਨ ਬਰਾਮਦ ਕੀਤੇ ਗਏ ਹਨ। ਜ਼ਿਲਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਜ਼ਿਲੇ ਵਿਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਜ਼ਿਲੇ ਨੂੰ ਨਸ਼ਾ ਮੁਕਤ ਕਰਨ ਲਈ ਜੀਅ-ਤੋੜ ਉਪਰਾਲੇ ਜਾਰੀ ਰਹਿਣਗੇ।   
ਕੈਪਸ਼ਨ :-ਨਸ਼ਿਆਂ ਨੂੰ ਨਸ਼ਟ ਕੀਤੇ ਜਾਣ ਮੌਕੇ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਅਤੇ ਹੋਰ ਪੁਲਿਸ ਅਧਿਕਾਰੀ। 

ਟ੍ਰਾਂਸਪੋਰਟ ਵਿਭਾਗ ਨੇ ਨਵੇਂ ਰੂਟ ਪਰਮਿਟ ਲੈਣ ਲਈ 7 ਅਕਤੂਬਰ ਤੱਕ ਮੰਗੀਆਂ ਦਰਖ਼ਾਸਤਾਂ-ਜੀ. ਐਮ ਰਾਜੀਵ ਦੱਤਾ

*ਸ਼ਹੀਦ ਭਗਤ ਸਿੰਘ ਨਗਰ ਬੱਸ ਸਟੈਂਡ ਦੀ ਸਾਫ਼-ਸਫ਼ਾਈ ਲਈ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ
ਨਵਾਂਸ਼ਹਿਰ, 1 ਅਕਤੂਬਰ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਬੱਸ ਸੇਵਾ ਦੀ ਸਹੂਲਤ ਦੇਣ ਅਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇਣ ਲਈ ਸਟੇਜ ਕੈਰਿਜ ਬੱਸਾਂ ਦੇ ਰੂਟ ਪਰਮਿਟ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਜਿਸ ਤਹਿਤ ਟ੍ਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨ ਟ੍ਰਾਂਸਪੋਰਟ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਇਹ ਆਦੇਸ਼ ਦਿੱਤੇ ਗਏ ਕਿ ਇਸ ਸਕੀਮ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਇਹ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦੇ ਜਨਰਲ ਮੈਨੇਜਰ ਰਾਜੀਵ ਦੱਤਾ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ 248 ਵੱਖ-ਵੱਖ ਰੂਟਾਂ 'ਤੇ 864 ਸਟੇਜ ਕੈਰਿਜ ਬੱਸਾਂ ਦੇ ਰੂਟ ਪਰਮਿਟ ਜਾਰੀ ਕੀਤੇ ਜਾ ਰਹੇ ਹਨ, ਜਿਨਾਂ ਵਿਚੋਂ 502 ਰੂਟ ਪਰਮਿਟ ਨੈਸ਼ਨਲ ਹਾਈਵੇਜ਼ ਦੇ ਹਨ ਅਤੇ 362 ਰੂਟ ਪਰਮਿਟ ਸਟੇਟ ਹਾਈਵੇਜ਼ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਅਤੇ ਆਮ ਲੋਕਾਂ ਨੂੰ ਬੱਸ ਸੇਵਾ ਮੁਹੱਈਆ ਕਰਵਾਉਣ ਲਈ ਦੇ ਮਕਸਦ ਨਾਲ ਕਾਫੀ ਗਿਣਤੀ ਵਿਚ ਮਿੰਨੀ ਬੱਸਾਂ ਦੇ ਰੂਟ ਪਰਮਿਟ ਵੀ ਜਾਰੀ ਕੀਤੇ ਜਾ ਰਹੇ ਹਨ। ਇਹ ਰੂਟ ਪਰਮਿਟ ਰਿਜਨਲ ਟ੍ਰਾਂਸਪੋਰਟ ਅਥਾਰਟੀ ਅੰਮਿ੍ਰਤਸਰ, ਬਠਿੰਡਾ, ਜਲੰਧਰ, ਫ਼ਰੀਦਕੋਟ ਅਤੇ ਹੁਸ਼ਿਆਰਪੁਰ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਜਾਣੇ ਹਨ ਅਤੇ ਇਨਾਂ ਰੂਟ ਪਰਮਿਟਾਂ ਦੀਆਂ ਲਿਸਟਾਂ ਇਨਾਂ ਆਰ. ਟੀ. ਏ ਦਫ਼ਤਰਾਂ ਅਤੇ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਪੰਜਾਬ, ਚੰਡੀਗੜ ਦੇ ਦਫ਼ਤਰ ਵਿਚ ਮੌਜੂਦ ਹਨ। ਨਵੇਂ ਰੂਟ ਪਰਮਿਟਾਂ ਦੀ ਜਾਣਕਾਰੀ ਉਪਰੋਕਤ ਆਰ. ਟੀ. ਏ ਦਫ਼ਤਰਾਂ ਅਤੇ ਸਟੇਟ ਟ੍ਰਾਂਸਪੁਰਟ ਕਮਿਸ਼ਨਰ ਪੰਜਾਬ ਦੇ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਰੂਟ ਪਰਮਿਟ ਲੈਣ ਲਈ 7 ਅਕਤੂਬਰ 2021 ਤੱਕ ਉਪਰੋਕਤ ਆਰ. ਟੀ. ਏ ਦਫ਼ਤਰ/ਐਸ. ਟੀ. ਸੀ ਦਫ਼ਤਰ ਵਿਚ ਅਪਲਾਈ ਕੀਤਾ ਜਾ ਸਕਦਾ ਹੈ। ਜਨਰਲ ਮੈਨੇਜਰ ਰਾਜੀਵ ਦੱਤਾ ਨੇ ਇਹ ਵੀ ਦੱਸਿਆ ਕਿ ਟ੍ਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਸਮੂਹ ਜਨਰਲ ਮੈਨੇਜਰਾਂ ਨੂੰ ਬੱਸ ਸਟੈਂਡਾਂ ਅਤੇ ਬੱਸਾਂ ਦੀ ਸਾਫ਼-ਸਫ਼ਾਈ ਰੱਖਣ ਸਬੰਧੀ ਵੀ ਆਦੇਸ਼ ਦਿੱਤੇ ਗਏ। ਉਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਬੱਸ ਸਟੈਂਡ ਦੀ ਸਾਫ਼-ਸਫ਼ਾਈ ਸਬੰਧੀ ਡਿਪੂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਬੱਸ ਸਟੈਂਡ ਦੀ ਸਾਫ਼-ਸਫ਼ਾਈ ਸਬੰਧੀ ਰੋਜ਼ਾਨਾ ਪੱਧਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਬੱਸਾਂ ਨੂੰ ਰੂਟ 'ਤੇ ਭੇਜਣ ਤੋਂ ਪਹਿਲਾਂ ਅੰਦਰੋਂ ਅਤੇ ਬਾਹਰੋਂ ਸਾਫ਼ ਰੱਖਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਮੌਕੇ ਸਟੇਸ਼ਨ ਸੁਪਰਵਾਈਜ਼ਰ ਗੁਰਨਾਮ ਸਿੰਘ, ਵਰਕਸ ਮੈਨੇਜਰ ਜਸਮੀਤ ਸਿੰਘ, ਸਹਾਇਕ ਮਕੈਨੀਕਲ ਅਫ਼ਸਰ ਗੁਰਤੇਜ ਸਿੰਘ, ਸੁਪਰਡੈਂਟ ਮਨਜੀਤ ਸਿੰਘ, ਸੀਨੀਅਰ ਸਹਾਇਕ ਸਤਪਾਲ ਤੇ ਹੋਰ ਹਾਜ਼ਰ ਸਨ। 
ਕੈਪਸ਼ਨ :-ਬੱਸ ਸਟੈਂਡ ਵਿਖੇ ਗੱਲਬਾਤ ਕਰਦੇ ਹੋਏ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਰਾਜੀਵ ਦੱਤਾ ਅਤੇ ਹੋਰ ਅਧਿਕਾਰੀ। 

* ਡਾਕਟਰ ਨਵਜੋਤ ਸਿੰਘ ਸਹੋਤਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ *

ਡਾਕਟਰ ਨਵਜੋਤ ਸਿੰਘ ਸਹੋਤਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ
ਬੰਗਾ : 01 ਅਕਤੂਬਰ ()  ਪੇਂਡੂ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਕਟਰ ਨਵਜੋਤ ਸਿੰਘ ਸਹੋਤਾ ਐਮ ਐਸ ਨੂੰ ਸਰਜਰੀ ਵਿਭਾਗ ਦੇ ਮੁੱਖ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ ਕੀਤਾ ਗਿਆ ਹੈ। ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪੱਤਰਕਾਰਾਂ ਦੱਸਿਆ ਕਿ ਡਾਕਟਰ ਨਵਜੋਤ ਸਿੰਘ ਸਹੋਤਾ ਐਮ.ਐਸ.  ਹਰ ਤਰ੍ਹਾਂ ਦੇ ਬਰੈਸਟ ਕੈਂਸਰ ਦੇ ਅਪਰੇਸ਼ਨਾਂ, ਅਡਵਾਂਸ ਲੈਪਰੋਸਕੋਪਿਕ ਅਪਰੇਸ਼ਨਾਂ(ਦੂਰਬੀਨੀ ਅਪਰੇਸ਼ਨਾਂ), ਇੰਡੋਸਕੋਪਿਕ ਅਪਰੇਸ਼ਨਾਂ, ਪਿੱਤੇ ਦੀਆਂ ਪੱਥਰੀਆਂ, ਗੁਰਦੇ ਦੀਆਂ ਪੱਥਰੀਆਂ, ਗਦੂਦਾਂ ਦਾ ਅਪਰੇਸ਼ਨ, ਹਰਨੀਆਂ, ਗਿੱਲੜ, ਬਵਾਸੀਰ, ਅੰਤੜੀਆਂ ਦੇ ਰੋਗਾਂ, ਪੇਟ ਦੇ ਰੋਗਾਂ ਦੇ ਇਲਾਜ,  ਛਾਤੀ ਦੀ ਗੱਠਾਂ ਅਤੇ ਹੋਰ ਹਰ ਤਰ੍ਹਾਂ ਦੇ ਵੱਡੇ ਅਪਰੇਸ਼ਨਾਂ ਕਰਨ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਤੇ ਤਜਰਬੇਕਾਰ ਡਾਕਟਰ ਹਨ। ਡਾ. ਸਹੋਤਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਤੋ ਮਾਸਟਰ ਆਫ਼ ਸਰਜਨ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਡਾ. ਨਵਜੋਤ ਸਿੰਘ ਸਹੋਤਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਦੇ ਸਰਜਰੀ ਵਿਭਾਗ ਵਿਚ ਅਤੇ ਇਲਾਵਾ ਸ਼ਮਸ਼ੇਰ ਕੈਂਸਰ ਹਸਪਤਾਲ ਜਲੰਧਰ ਵਿਚ ਚੀਫ ਸਰਜਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਅੱਜ ਤੋਂ ਡਾਕਟਰ ਨਵਜੋਤ ਸਿੰਘ ਸਹੋਤਾ ਐਮ ਐਸ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਰਜਰੀ ਵਿਭਾਗ ਵਿਚ ਚੀਫ ਸਰਜਨ ਕਾਰਜ ਭਾਰ ਸੰਭਾਲ ਲਿਆ ਹੈ । ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਜਰਨਲ ਸਰਜਰੀ ਵਿਭਾਗ ਵਿਚ ਮਰੀਜ਼ਾਂ ਦਾ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਅਤੇ ਤਕਨੀਕਾਂ ਇਲਾਜ ਕੀਤਾ ਜਾਂਦਾ ਹੈ, ਇੱਥੇ ਹਰ ਤਰ੍ਹਾਂ ਦੇ  ਦੂਰਬੀਨੀ (ਲੈਪਰੋਸਕੋਪਿਕ) ਅਤੇ ਇੰਡੋਸਕੋਪਿਕ ਤਕਨੀਕ ਨਾਲ ਅਪਰੇਸ਼ਨ ਕਰਨ ਲਈ ਵਿਸ਼ੇਸ਼ ਮਾਡੂਲਰ ਅਪਰੇਸ਼ਨ ਥੀਏਟਰ ਹਨ । ਸਰਜਰੀ ਵਿਭਾਗ ਵਿਚ ਰੋਜ਼ਾਨਾ ਮਰੀਜ਼ਾਂ ਦਾ ਇਲਾਜ ਅਤੇ ਅਪਰੇਸ਼ਨ ਕੀਤੇ ਜਾਂਦੇ ਹਨ।ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਨਵਜੋਤ ਸਿੰਘ ਸਹੋਤਾ ਐਮ ਐਸ (ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ) ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਡਾਕਟਰ ਨਵਜੋਤ ਸਿੰਘ ਸਹੋਤਾ  ਗੁਰੂ ਨਾਨਕ ਮਿਸ਼ਨ  ਹਸਪਤਾਲ ਢਾਹਾਂ ਕਲੇਰਾਂ ਵਿਖੇ  ਵਿਖੇ ਆਪਣੀ ਉ.ਪੀ.ਡੀ ਵਿਚ


ਡਾਕਟਰ ਨਵਜੋਤ ਸਿੰਘ ਸਹੋਤਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ

ਬੰਗਾ : 01 ਅਕਤੂਬਰ ()  ਪੇਂਡੂ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਕਟਰ ਨਵਜੋਤ ਸਿੰਘ ਸਹੋਤਾ ਐਮ ਐਸ ਨੂੰ ਸਰਜਰੀ ਵਿਭਾਗ ਦੇ ਮੁੱਖ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ ਕੀਤਾ ਗਿਆ ਹੈ। ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪੱਤਰਕਾਰਾਂ ਦੱਸਿਆ ਕਿ ਡਾਕਟਰ ਨਵਜੋਤ ਸਿੰਘ ਸਹੋਤਾ ਐਮ.ਐਸ.  ਹਰ ਤਰ੍ਹਾਂ ਦੇ ਬਰੈਸਟ ਕੈਂਸਰ ਦੇ ਅਪਰੇਸ਼ਨਾਂ, ਅਡਵਾਂਸ ਲੈਪਰੋਸਕੋਪਿਕ ਅਪਰੇਸ਼ਨਾਂ(ਦੂਰਬੀਨੀ ਅਪਰੇਸ਼ਨਾਂ), ਇੰਡੋਸਕੋਪਿਕ ਅਪਰੇਸ਼ਨਾਂ, ਪਿੱਤੇ ਦੀਆਂ ਪੱਥਰੀਆਂ, ਗੁਰਦੇ ਦੀਆਂ ਪੱਥਰੀਆਂ, ਗਦੂਦਾਂ ਦਾ ਅਪਰੇਸ਼ਨ, ਹਰਨੀਆਂ, ਗਿੱਲੜ, ਬਵਾਸੀਰ, ਅੰਤੜੀਆਂ ਦੇ ਰੋਗਾਂ, ਪੇਟ ਦੇ ਰੋਗਾਂ ਦੇ ਇਲਾਜ,  ਛਾਤੀ ਦੀ ਗੱਠਾਂ ਅਤੇ ਹੋਰ ਹਰ ਤਰ੍ਹਾਂ ਦੇ ਵੱਡੇ ਅਪਰੇਸ਼ਨਾਂ ਕਰਨ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਤੇ ਤਜਰਬੇਕਾਰ ਡਾਕਟਰ ਹਨ। ਡਾ. ਸਹੋਤਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਤੋ ਮਾਸਟਰ ਆਫ਼ ਸਰਜਨ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਡਾ. ਨਵਜੋਤ ਸਿੰਘ ਸਹੋਤਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਦੇ ਸਰਜਰੀ ਵਿਭਾਗ ਵਿਚ ਅਤੇ ਇਲਾਵਾ ਸ਼ਮਸ਼ੇਰ ਕੈਂਸਰ ਹਸਪਤਾਲ ਜਲੰਧਰ ਵਿਚ ਚੀਫ ਸਰਜਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਅੱਜ ਤੋਂ ਡਾਕਟਰ ਨਵਜੋਤ ਸਿੰਘ ਸਹੋਤਾ ਐਮ ਐਸ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਰਜਰੀ ਵਿਭਾਗ ਵਿਚ ਚੀਫ ਸਰਜਨ ਕਾਰਜ ਭਾਰ ਸੰਭਾਲ ਲਿਆ ਹੈ । ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਜਰਨਲ ਸਰਜਰੀ ਵਿਭਾਗ ਵਿਚ ਮਰੀਜ਼ਾਂ ਦਾ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਅਤੇ ਤਕਨੀਕਾਂ ਇਲਾਜ ਕੀਤਾ ਜਾਂਦਾ ਹੈ, ਇੱਥੇ ਹਰ ਤਰ੍ਹਾਂ ਦੇ  ਦੂਰਬੀਨੀ (ਲੈਪਰੋਸਕੋਪਿਕ) ਅਤੇ ਇੰਡੋਸਕੋਪਿਕ ਤਕਨੀਕ ਨਾਲ ਅਪਰੇਸ਼ਨ ਕਰਨ ਲਈ ਵਿਸ਼ੇਸ਼ ਮਾਡੂਲਰ ਅਪਰੇਸ਼ਨ ਥੀਏਟਰ ਹਨ । ਸਰਜਰੀ ਵਿਭਾਗ ਵਿਚ ਰੋਜ਼ਾਨਾ ਮਰੀਜ਼ਾਂ ਦਾ ਇਲਾਜ ਅਤੇ ਅਪਰੇਸ਼ਨ ਕੀਤੇ ਜਾਂਦੇ ਹਨ।ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਨਵਜੋਤ ਸਿੰਘ ਸਹੋਤਾ ਐਮ ਐਸ (ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ) ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਡਾਕਟਰ ਨਵਜੋਤ ਸਿੰਘ ਸਹੋਤਾ  ਗੁਰੂ ਨਾਨਕ ਮਿਸ਼ਨ  ਹਸਪਤਾਲ ਢਾਹਾਂ ਕਲੇਰਾਂ ਵਿਖੇ  ਵਿਖੇ ਆਪਣੀ ਉ.ਪੀ.ਡੀ ਵਿਚ