Fwd: ਭੂਮੀ ਪਾਲ ਮੋਹਾਲੀ ਵੱਲੋਂ ਮਾਈਕਰੋ ਸਿੰਚਾਈ ਦੇ ਪ੍ਰਦਰਸ਼ਨੀ ਪਲਾਂਟ ਪ੍ਰੋਜੈਕਟ ਦਾ ਨਿਰੀਖਣ ਅਤੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਰੰਭ

 ਭੂਮੀ ਪਾਲ ਮੋਹਾਲੀ ਵੱਲੋਂ ਮਾਈਕਰੋ ਸਿੰਚਾਈ ਦੇ ਪ੍ਰਦਰਸ਼ਨੀ ਪਲਾਂਟ ਪ੍ਰੋਜੈਕਟ ਦਾ ਨਿਰੀਖਣ ਅਤੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਰੰਭ
ਨਵਾਂਸ਼ਹਿਰ, 01ਅਗਸਤ :-ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਵੱਖ-ਵੱਖ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ।ਵਿਭਾਗ ਵੱਲੋਂ ਸਿੰਚਾਈ ਲਈ ਜਮੀਨਦੋਜ ਨਾਲੀਆਂ ਵਿਛਾਉਣ ਦੇ ਪ੍ਰੋਜੈਕਟ,ਤੁਪਕਾ ਤੇ ਫੁਹਾਰਾ ਸਿੰਚਾਈ ਵਿਧੀਆਂ ਨੂੰ ਪ੍ਰਫੁੱਲਤ ਕਰਨਾ, ਛੱਤਾਂ ਦੇ ਮੀਂਹ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨਾ, ਨਹਿਰਾਂ ਤੋਂ ਪਾਈਪਲਾਈਨ ਵਿਛਾ ਕੇ ਖੇਤਾਂ ਦੀ ਸਿੰਚਾਈ ਕਰਨਾ, ਚੈੱਕ ਡੈਮ ਬਣਾਉਣਾ ਵਗੈਰਾ ਰਾਹੀਂ ਪਾਣੀ ਬਚਾਉਣ ਦੇ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਇਹਨਾਂ ਗਤੀਵਿਧੀਆਂ ਨੂੰ ਕਿਸਾਨਾਂ ਤੱਕ ਸਹੀ ਢੰਗ ਨਾਲ ਪਹੁੰਚਾਉਣ ਲਈ ਭੂਮੀ ਰੱਖਿਆ ਕੰਪਲੈਕਸ ਬਲਾਚੌਰ ਦੇ ਕਿਸਾਨ ਚੇਤਨਾ ਕੇਂਦਰ ਵਿਖੇ ਵੱਖ-ਵੱਖ ਤਰਾਂ ਦੀ ਸੂਖਮ ਸਿੰਚਾਈ ਵਿਧੀਆਂ ਦਾ ਪ੍ਰਦਰਸ਼ਨੀ ਪਲਾਂਟ ਨਾਬਾਰਡ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ । ਇਸ ਪ੍ਰਦਰਸ਼ਨੀ ਪਲਾਂਟ ਦਾ ਨਿਰੀਖਣ ਕਰਨ ਲਈ ਭੂਮੀ ਪਾਲ ,ਮੋਹਾਲੀ ਸ੍ਰੀ ਅਰਵਿੰਦਰ ਸਿੰਘ ਜੀ ਵੱਲੋਂ ਅੱਜ ਦੌਰਾ ਕੀਤਾ ਗਿਆ। ਨਿਰੀਖਣ ਦੌਰਾਨ ਭੂਮੀਪਾਲ ਮੋਹਾਲੀ ਜੀ ਨੇ ਕਿਹਾ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ ਕਿਸਾਨਾਂ ਨੂੰ ਜਮੀਨ ਦੋਜ ਨਾਲੀਆਂ ਵਿਛਾਉਣ ਉੱਪਰ 50 ਫੀਸਦੀ ਸਬਸਿਡੀ ਮੁੱਹਈਆ ਕਰਵਾ ਰਿਹਾ ਹੈ ਅਤੇ ਤੁਪਕਾ ਤੇ ਫੁਹਾਰਾ ਸਿੰਚਾਈ ਸਕੀਮ ਅਧੀਨ 80 ਤੋਂ 90 ਫੀਸਦੀ ਸਬਸਿਡੀ ਮੁੱਹਈਆ ਕਰਵਾਈ ਜਾ ਰਹੀ ਹੈ। ਮੰਡਲ ਭੂਮੀ ਰੱਖਿਆ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਬਾਠ ਨੇ ਪ੍ਰਦਰਸ਼ਨੀ ਪਲਾਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਭੂਮੀ ਪਾਲ ਜੀ ਨੂੰ ਦੱਸਿਆ ਕਿ ਇਸ ਪਲਾਂਟ ਨੂੰ ਲਗਾਉਣ ਲਈ 38,000 ਲੀਟਰ ਦੀ ਸਮਰੱਥਾ ਵਾਲਾ ਪਾਣੀ ਦਾ ਟੈਂਕ ਬਣਾਇਆ ਗਿਆ ਹੈ ।ਜਿਸ ਤੋਂ ਤਿੰਨ ਹਾਰਸ ਪਾਵਰ ਦੀ ਮੋਟਰ ਨਾਲ ਪਾਣੀ ਲਿਫ਼ਟ ਕਰਕੇ ਰੇਨ ਗੰਨ, ਮਿੰਨੀ ਸਪਰਿੰਕਲਰ, ਮਾਈਕਰੋ ਸਪਰਿੰਕਲਰ, ਫੋਗਰ ਅਤੇ ਤੁਪਕਾ ਸਿੰਚਾਈ ਵਿਧੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਉਪਰ ਨਾਬਾਰਡ ਦੀ ਸਹਾਇਤਾ ਨਾਲ 13 ਲੱਖ ਰੁਪਏ ਖਰਚ ਕੀਤੇ ਗਏ ਹਨ। ਉਹਨਾ ਦੱਸਿਆ ਕਿ ਕੰਪਲੈਕਸ ਅੰਦਰ ਕਿਸਾਨ ਚੇਤਨਾ ਕੇਂਦਰ ਸਥਾਪਤ ਕੀਤਾ ਗਿਆ ਹੈ ਜਿੱਥੇ ਵੱਖ-ਵੱਖ ਜਿਲਿਆਂ ਤੋਂ ਵਿਭਾਗ ਦੇ ਕਰਮਚਾਰੀ ਅਤੇ ਕਿਸਾਨ ਸਿੰਚਾਈ ਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ ਅਤੇ ਸਿੰਚਾਈ ਸਕੀਮਾਂ ਨੂੰ ਅਪਨਾਉਣਗੇ।
ਇਸ ਮੌਕੇ ਤੇ ਭੂਮੀ ਪਾਲ ਮੋਹਾਲੀ ਜੀ ਵੱਲੋਂ ਕੰਪਲੈਕਸ ਅੰਦਰ ਬੂਟਾ ਲਗਾ ਕੇ ਪਲਾਂਟੇਸ਼ਨ ਸਬੰਧੀ ਚਲਾਈ ਜਾ ਰਹੀ ਸਕੀਮ ਦਾ ਆਗਾਜ ਕੀਤਾ ਗਿਆ ।ਇਸ ਮੌਕੇ ਸ੍ਰੀ ਕ੍ਰਿਸ਼ਨ ਦੁੱਗਲ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਨਵਾਂਸ਼ਹਿਰ, ਸ੍ਰੀ ਦਵਿੰਦਰ ਕਟਾਰੀਆ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਬਲਾਚੌਰ ਪ੍ਰਦਰਸ਼ਨੀ ਪਲਾਂਟ ਲਗਾਉਣ ਵਾਲੀ ਅਵੀਕਾ ਐਗਰੀ ਇੰਜ ਤੋਂ ਇੰਦਰ ਕੁਮਾਰ ਅਤੇ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।