ਨਵਾਂਸ਼ਹਿਰ, 29 ਅਗਸਤ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਗੰਡੋਇਆ ਦੀ ਖਾਦ ਤਿਆਰ ਕਰਨ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 22 ਸਿਖਿਆਰਥੀਆਂ ਨੇ ਭਾਗ ਲਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਗੰਡੋਏ ਵਾਤਾਵਰਣ ਵਿੱਚ ਮੌਜੂਦ ਜੈਵਿਕ ਮਾਦਾ ਜਿਵੇਂ ਕਿ ਫ਼ਸਲਾਂ ਦੀ ਰਹਿੰਦ-ਖੂਦ ਅਤੇ ਪਸ਼ੂਆਂ ਦਾ ਗੋਹਾ ਨੂੰ ਭੋਜਨ ਦੇ ਤੌਰ ਤੇ ਵਰਤਦੇ ਹਨ ੳਤੇ ਅਪਣੇ ਮਲ ਦੇ ਰੂਪ ਵਿੱਚ ਖ਼ੁਰਾਕੀ ਤੱਤਾਂ ਨਾਲ ਭਰਭੂਰ ਖਾਦ ਬਾਹਰ ਕੱਢਦੇ ਹਨ।ਜਿਥੇ ਗੰਡੋਏ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਸਹਾਇਕ ਹਨ, ਉਥੇ ਗੰਡੋਇਆ ਤੋਂ ਤਿਆਰ ਖਾਦ ਖ਼ੇਤਾਂ ਵਿੱਚ ਵਰਤਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਇਸ ਦੇ ਨਾਲ ਹੀ ਫ਼ਸਲ ਦੀ ਪੈਦਾਵਾਰ ਅਤੇ ਗੁਣਵਤਾ ਵਿੱਚ ਵੀ ਵਾਧਾ ਹੁੰਦਾ ਹੈ।ਉਨ੍ਹਾਂ ਸਿਖਿਆਰਥੀਆਂ ਨੂੰ ਗੰਡੋਇਆ ਦੀ ਖਾਦ ਤਿਆਰ ਕਰਨ ਦੀ ਵਿਧੀ ਨੂੰ ਰੁਜ਼ਗਾਰ ਅਤੇ ਆਮਦਨ ਦੇ ਸਾਧਨ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ।
ਸਿਖਲਾਈ ਕੋਰਸ ਦੌਰਾਨ ਸਹਾਇਕ ਪ੍ਰੋਫ਼ੈਸਰ ਡਾ. ਜਸਵਿੰਦਰ ਕੁਮਾਰ ਨੇ ਗੰਡੋਇਆ ਤੋਂ ਖਾਦ ਤਿਆਰ ਕਰਨ ਦੀ ਵਿਧੀ ਬਾਰੇ ਦੱਸਿਆ ਕਿ ਸਭ ਤੋਂ ਪਹਿਲਾਂ ਪੱਕਾ ਸੀਮੇਂਟ ਦਾ ਬੈੱਡ, ਜਿਸ ਦਾ ਅਕਾਰ 6 ਫੁੱਟ (ਲੰਬਾਈ)× 3 ਫੁੱਟ (ਚੌੜਾਈ)× 2 ਫੁੱਟ (ਉਚਾਈ) ਬਣਾਓ। ਬੈੱਡ ਦਾ ਫ਼ਰਸ਼ ਵੀ ਪੱਕਾ ਹੋਣਾ ਚਾਹੀਦਾ ਹੈ। ਇਸ ਬੈੱਡ ਹੇਠਾਂ 1 ਫੁੱਟ ਤੱਕ ਫ਼ਸਲਾਂ ਦੀ ਰਹਿੰਦ-ਖੂਦ (ਝੋਨੇ ਦੀ ਪਰਾਲੀ, ਖ਼ਰਾਬ ਮੱਕੀ ਦਾ ਅਚਾਰ) ਨਾਲ ਭਰਨਾ ਚਾਹੀਦਾ ਹੈ, ਇਸ ਨੂੰ ਪਾਣੀ ਛਿੜਕ ਕੇ ਸਲਾਬਾ ਕਰਨਾ ਚਾਹੀਦਾ ਹੈ। ਇਸ ਦੇ ਉਪਰ 1 ਫੁੱਟ ਤੱਕ ਪਸ਼ੂਆਂ ਦਾ ਗੋਹਾ ਪਾਓ, ਗੋਹਾ 5 ਦਿਨ ਪੁਰਾਣਾ ਹੋਵੇ ਕਿਉਕਿ ਤਾਜ਼ੇ ਗੋਹੇ ਦੇ ਉੱਚ ਤਾਪਮਾਨ ਕਰਕੇ ਗੰਡੋਏ ਮਰ ਜਾਂਦੇ ਹਨ।ਇਸ ਤੋਂ ਬਾਅਦ 1 ਕਿਲੋਂ ਗੰਡੋਏ (ਆਈਸੀਨੀਆ ਫਿਉਟਿਡਾ) ਨੂੰ ਬੈੱਡ ਵਿੱਚ ਛੱਡਣਾ ਚਾਹੀਦਾ ਹੈ।ਇਸ ਤੋਂ ਬਾਅਦ ਬੈੱਡ ਨੂੰ ਪਰਾਲੀ ਜਾਂ ਬੋਰੀਆਂ ਨਾਲ ਢੱਕਣਾ ਚਾਹੀਦਾ ਹੈ। ਬੈੱਡ ਅੰਦਰ ਲਗਾਤਾਰ ਨਮੀ ਬਣਾਈ ਰੱਖਣ ਲਈ, ਗਰਮੀਆ ਵਿੱਚ ਪਾਣੀ ਦਾ ਛਿੜਕਾ ਦਿਨ ਵਿੱਚ 2 ਵਾਰ ਕਰਨਾ ਚਾਹੀਦਾ ਹੈ ਅਤੇ ਸਰਦੀਆ ਵਿੱਚ 2-3 ਦਿਨਾਂ ਬਾਅਦ, ਬੈੱਡ ਵਿੱਚ ਹਵਾਖੋਰੀ ਲਈ ਹਫ਼ਤੇ ਬਾਅਦ ਫ਼ਸਲਾਂ ਦੀ ਰਹਿੰਦ-ਖੂਦ ਅਤੇ ਪਸ਼ੂਆਂ ਦਾ ਗੋਹਾ ਨੂੰ ਹਿਲਾ ਦੇਣਾ ਚਾਹੀਦਾ ਹੈ। ਗੰਡੋਇਆਂ ਨੂੰ ਸਿਧੀ ਧੁੱਪ ਜਾਂ ਬਾਰਿਸ਼ ਤੋਂ ਬਚਾਉਣ ਲਈ ਬੈੱਡਾਂ ਦਾ ਉੱਪਰ ਸ਼ੈੱਡ ਬਣਾਉਣਾ ਚਾਹੀਦਾ ਹੈ। ਗੰਡੋਇਆਂ ਤੋਂ ਖਾਦ ਲਗਭਗ 2-2.5 ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ, ਜਿਸ ਨੂੰ ਫ਼ਸਲਾਂ, ਫ਼ਲ ਅਤੇ ਸ਼ਬਜ਼ੀਆਂ ਦੀ ਪੈਦਾਵਾਰ ਲਈ ਵਰਤਿਆ ਜਾ ਸਕਦਾ ਹੈ।ਅੰਤ ਵਿੱਚ ਸਾਰੇ ਸਿਖਿਆਰਥੀਆਂ ਨੇ ਗੰਡੋਇਆ ਖਾਦ ਤਿਆਰ ਕਰਨ ਦੀ ਵਿਧੀ ਨੂੰ ਆਮਦਨ ਦੇ ਸਾਧਨ ਵਜੋਂ ਅਪਣਾਉਣ ਲਈ ਵਿਸ਼ਵਾਸ ਦੁਆਇਆ।