-ਆਰਥਿਕ ਰੂਪ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ ਜ਼ਿਲ੍ਹੇ ਦਾ ਪਹਿਲਾ ਮਾਡਲ ਕੋਚਿੰਗ ਸੈਂਟਰ : ਬ੍ਰਮ ਸ਼ੰਕਰ ਜਿੰਪਾ
-ਕੈਬਨਿਟ ਮੰਤਰੀ ਨੇ ਬਾਲ ਕਲਿਆਣ ਕਾਊਂਸਲ ਤੇ ਰੈਡ ਕਰਾਸ ਸੋਸਾਇਟੀ ਵਲੋਂ ਸਰਕਾਰੀ ਸਕੂਲ ਅੱਜੋਵਾਲ 'ਚ ਖੋਲ੍ਹੇ ਗਏ ਸੈਂਟਰ ਦਾ ਕੀਤਾ ਉਦਘਾਟਨ
-ਸੋਨਾਲੀਕਾ ਡਿਵੈਲਪਮੈਂਟ ਸੋਸਾਇਟੀ ਦਾ ਰਿਹਾ ਮਹੱਤਵਪੂਰਨ ਯੋਗਦਾਨ
-ਕੋਚਿੰਗ ਸੈਂਟਰ 'ਚ ਆਈ.ਆਈ.ਟੀ, ਨੀਟ ਅਤੇ ਜੇ.ਈ.ਈ ਦੀ ਵੀ ਦਿੱਤੀ ਜਾਵੇਗੀ ਮੁਫ਼ਤ ਕੋਚਿੰਗ
ਹੁਸ਼ਿਆਰਪੁਰ, 24 ਅਗਸਤ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੱਜੋਵਾਲ (ਨੇੜੇ ਵੇਰਕਾ ਮਿਲਕ ਪਲਾਂਟ) ਵਿਖੇ ਜ਼ਿਲ੍ਹੇ ਦੇ ਪਹਿਲੇ ਮਾਡਲ ਕੋਚਿੰਗ ਸੈਂਟਰ ਦਾ ਉਦਘਾਟਨ ਕੀਤਾ। ਇਸ ਕੋਚਿੰਗ ਸੈਂਟਰ ਦੀ ਸਥਾਪਨਾ ਬਾਲ ਕਲਿਆਣ ਕਾਊਂਸਲ ਅਤੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਦੁਆਰਾ ਕੀਤੀ ਗਈ ਹੈ, ਜਿਸ ਵਿਚ ਸੋਨਾਲੀਕਾ ਡਿਵੈਲਪਮੈਂਟ ਸੋਸਾਇਟੀ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਮੇਅਰ ਸੁਰਿੰਦਰ ਕੁਮਾਰ, ਐਸ.ਡੀ.ਐਮ. ਸੰਜੀਵ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਕੋਚਿੰਗ ਸੈਂਟਰ ਸਲੱਮ ਅਤੇ ਆਰਥਿਕ ਰੂਪ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਪਹਿਲ ਹੈ। ਇਥੇ ਗਿਆਰਵੀਂ ਅਤੇ ਬਾਹਰਵੀਂ ਕਲਾਸ ਦੇ ਮੈਡੀਕਲ ਅਤੇ ਨਾਨ-ਮੈਡੀਕਲ ਸਟਰੀਮ ਦੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ, ਜਿਸ ਨਾਲ ਉਹ ਭਵਿੱਖ ਵਿਚ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ ਅਤੇ ਉਚ ਸਿੱਖਿਆ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਭਵਿੱਖ ਵਿਚ ਆਈ.ਆਈਟੀ, ਨੀਟ ਅਤੇ ਜੇ.ਈ.ਈ ਵਰਗੀਆਂ ਕਠਿਨ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾਈ ਜਾਵੇਗੀ, ਜਿਸ ਨਾਲ ਇਨ੍ਹਾਂ ਬੱਚਿਆਂ ਨੂੰ ਆਪਣੀ ਯੋਗਤਾ ਦਾ ਪੂਰਨ ਵਿਕਾਸ ਕਰਨ ਦਾ ਮੌਕੇ ਮਿਲੇਗਾ। ਇਸ ਤੋਂ ਇਲਾਵਾ ਬਾਹਰਵੀਂ ਉਪਰੰਤ ਕੋਰਸ ਦੀ ਚੋਣ ਵਿਚ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਕਰੀਅਰ ਕਾਊਂਸਲਿੰਗ ਵੀ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਸੋਨਾਲੀਕਾ ਉਦਯੋਗ ਦਾ ਇਸ ਪ੍ਰੋਜੈਕਟ ਵਿਚ ਸਹਿਯੋਗ ਲਈ ਵਿਸ਼ੇਸ਼ ਰੂਪ ਵਿਚ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸੋਨਾਲੀਕਾ ਦੇ ਇਸ ਉਪਰਾਲੇ ਨਾਲ ਆਰਥਿਕ ਰੂਪ ਵਿਚ ਕਮਜ਼ੋਰ ਵਿਦਿਆਰਥੀਆਂ ਵਿਚ ਨਵੀਂ ਉਮੀਦ ਜਾਗੀ ਹੈ ਅਤੇ ਇਹ ਪਹਿਲ ਸਮਾਜ ਵਿਚ ਸਕਰਾਤਮਕ ਬਦਲਾਅ ਲਿਆਉਣ ਵਿਚ ਸਹਾਇਕ ਸਿੱਧ ਹੋਵੇਗੀ।
ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਇਸ ਕੋਚਿੰਗ ਸੈਂਟਰ ਨੂੰ ਬਾਲ ਕਲਿਆਣ ਕਾਊਂਸਲ ਅਤੇ ਰੈਡ ਕਰਾਸ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। ਇਸ ਪ੍ਰੋਜੈਕਟ ਲਈ ਮਾਹਿਰ ਅਧਿਆਪਕਾਂ ਦੀ ਚੋਣ ਕਰ ਲਈ ਗਈ ਹੈ ਅਤੇ ਵਿਦਿਆਰਥੀਆਂ ਦੀ ਸੁਵਿਧਾ ਅਨੁਸਾਰ ਸਵੇਰੇ ਅਤੇ ਸ਼ਾਮ ਦੀਆਂ ਕਲਾਸਾਂ ਆਯੋਜਿਤ ਕੀਤੀਆਂ ਜਾਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਜ਼ਰੂਰਤਮੰਦ ਗਿਆਰਵੀਂ ਜਾਂ ਬਾਹਰਵੀਂ ਦਾ ਮੈਡੀਕਲ ਜਾਂ ਨਾਨ ਮੈਡੀਕਲ ਸਟਰੀਮ ਦਾ ਵਿਦਿਆਰਥੀ ਇਸ ਕੋਚਿੰਗ ਸੈਂਟਰ ਵਿਚ ਮੁਫ਼ਤ ਵਿਚ ਕੋਚਿੰਗ ਪ੍ਰਾਪਤ ਕਰ ਸਕਦਾ ਹੈ।
ਇਸ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ ਅਤੇ ਸੋਸਾਇਟੀ ਦੇ ਹੋਰ ਮੈਂਬਰਾਂ ਨੇ ਕੈਬਨਿਟ ਮੰਤਰੀ ਅਤੇ ਹੋਰ ਪਤਵੰਤੇ ਵਿਅਕਤੀਆਂ ਨੂੰ ਪੌਦੇ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲਲਿਤਾ ਅਰੋੜਾ, ਸੋਨਾਲੀਕਾ ਦੇ ਸੀਨੀਅਰ ਵੀ.ਪੀ. ਸੀ ਐਸ ਆਰ ਜਗਜੀਤ ਸਿੰਘ ਚੌਹਾਨ, ਸੋਨਾਲੀਕਾ ਦੇ ਡੀ.ਜੀ.ਐਮ ਲੀਗਲ ਅਤੇ ਪੀ ਆਰ ਰਜਨੀਸ਼ ਸੰਦਲ, ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜੋਵਾਲ ਸ਼ਰਨਜੀਤ ਕੌਰ, ਲੈਕਚਰਾਰ ਸੰਦੀਪ ਸੂਦ, ਬਹਾਦਰ ਸਿੰਘ ਸੁਨੇਤ, ਸੁਮਨ ਬਹਿਲ, ਕਮਲਜੀਤ ਬਹਿਲ ਅਤੇ ਰੈਡ ਕਰਾਸ ਸੋਸਾਇਟੀ ਦੇ ਮੈਂਬਰ ਰਾਜੀਵ ਬਜਾਜ, ਵਿਨੋਦ ਓਹਰੀ, ਸਨੇਹ ਜੈਨ, ਕੁਮਕੁਮ ਸੂਦ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।