ਚੇਤਨ ਸਿੰਘ ਜੌੜਾਮਾਜਰਾ ਨੇ ਕੇਕ ਕੱਟ ਕੇ ਮਨਾਇਆ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ
- ਆਪ ਸੁਪਰੀਮੋ ਵਿਰੁੱਧ ਦਮਨਕਾਰੀ ਨੀਤੀਆਂ ਲਈ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਕਰੜੇ ਹੱਥੀਂ ਲਿਆ
ਪਟਿਆਲਾ, 16 ਅਗਸਤ: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਆਪਣੇ ਦਫ਼ਤਰ ਵਿਖੇ ਮਨਾਇਆ। ਮੰਤਰੀ ਨੇ ਕੇਕ ਕੱਟ ਕੇ ਸ੍ਰੀ ਕੇਜਰੀਵਾਲ ਨੂੰ ਨਿੱਘੀਆ ਸ਼ੁਭਕਾਮਨਾਵਾਂ ਦਿੱਤੀਆਂ। ਸ੍ਰੀ ਕੇਜਰੀਵਾਲ ਦੀ ਜਲਦੀ ਰਿਹਾਈ ਦੀ ਕਾਮਨਾ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਕਾਨੂੰਨ ਲਾਗੂਕਰਨ ਏਜੰਸੀਆਂ ਦੀ ਦੁਰਵਰਤੋਂ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰਵਾਉਣਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਸੁਚੇਤ ਕੀਤਾ ਕਿ ਦੇਸ਼ ਦੇ ਲੋਕ ਭਾਜਪਾ ਦੀਆਂ ਕੋਝੀਆਂ ਕਾਰਵਾਈਆਂ ਨੂੰ ਨਹੀਂ ਭੁੱਲਣਗੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਿਆਸੀ ਵਿਰੋਧੀਆਂ ਪ੍ਰਤੀ ਆਪਣੀਆਂ ਦਮਨਕਾਰੀ ਨੀਤੀਆਂ ਦੇ ਨਤੀਜੇ ਭੁਗਤਣੇ ਪੈਣਗੇ। ਸ. ਜੌੜਾਮਾਜਰਾ ਨੇ ਭਰੋਸਾ ਪ੍ਰਗਟਾਇਆ ਕਿ 'ਆਪ' ਪਾਰਟੀ ਦੇ ਮੁਖੀ ਜਲਦੀ ਹੀ ਜੇਲ ਵਿੱਚੋਂ ਰਿਹਾਅ ਹੋਣਗੇ ਕਿਉਂ ਜੋ ਕੇਂਦਰੀ ਏਜੰਸੀਆਂ ਕੋਲ ਉਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਹੈ।ਇਸ ਮੌਕੇ ਸੁਰਜੀਤ ਸਿੰਘ ਫੌਜੀ, ਬਿੱਟੂ ਦਿੜਬਾ, ਮਦਨ ਮਿੱਤਲ ਤੇ ਬਲਜਿੰਦਰ ਸਿੰਘ ਦਾਨੀਪੁਰ ਵੀ ਮੌਜੂਦ ਸਨ।