ਭਾਸ਼ਾ ਵਿਭਾਗ ਵਿਖੇ ਪੁਸਤਕ ਵਿਕਰੀ ਕੇਂਦਰ ਦਾ ਉਦਘਾਟਨ
ਨਵਾਂਸ਼ਹਿਰ :1ਅਗਸਤ -ਭਾਸ਼ਾ ਵਿਭਾਗ ਪੰਜਾਬ, ਪਾਠਕਾਂ ਨੂੰ ਘੱਟ ਕੀਮਤ 'ਤੇ ਵਧੀਆ ਸਾਹਿਤ ਉਪਲੱਬਧ ਕਰਵਾਉਣ ਲਈ ਯਤਨਸ਼ੀਲ ਹੈ। ਪੁਸਤਕ ਪ੍ਰੇਮੀਆਂ ਲਈ ਇਹ ਖੁਸ਼ੀ ਵਾਲੀ ਗੱਲ ਹੈ ਕਿ ਭਾਸ਼ਾ ਵਿਭਾਗ ਦੇ ਨਵਾਂਸ਼ਹਿਰ ਦਫ਼ਤਰ ਵਿਖੇ ਪੁਸਤਕ ਵਿਕਰੀ ਕੇਂਦਰ ਦਾ ਉਦਘਾਟਨ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਦੁਆਰਾ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨੇ ਬੋਲਦਿਆਂ ਕਿਹਾ ਕਿ ਪੁਸਤਕ ਮਨੁੱਖ ਦੀ ਸੱਚੀ ਦੋਸਤ ਹੈ ਅਤੇ ਇਹ ਮਨੁੱਖ ਨੂੰ ਹਰ ਮੁਸ਼ਕਿਲ ਵਿੱਚੋਂ ਬਾਹਰ ਕੱਢਣ ਲਈ ਰਾਹ ਦਸੇਰੇ ਦਾ ਕੰਮ ਕਰਦੀ ਹੈ। ਸਾਨੂੰ ਸਾਰਿਆਂ ਨੂੰ ਆਪਣੇ ਘਰ ਵਿੱਚ ਵੱਧ ਤੋਂ ਵੱਧ ਕਿਤਾਬਾਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਵੀ ਕਿਤਾਬਾਂ ਦੇ ਲੜ ਲੱਗ ਸਕੇ। ਲੈਕਚਰਾਰ ਬਲਵੀਰ ਕੁਮਾਰ ਨੇ ਕਿਹਾ ਕਿ ਕਿਤਾਬਾਂ ਦੀ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਭਾਵੇਂ ਕਿ ਤਕਨਾਲੋਜੀ ਦੇ ਯੁੱਗ ਵਿੱਚ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਫਿਰ ਵੀ ਕਿਤਾਬ ਦਾ ਕੋਈ ਵੀ ਬਦਲ ਨਹੀਂ ਹੈ। ਪ੍ਰਸਿੱਧ ਗਜ਼ਲਗੋ ਕੁਲਵਿੰਦਰ ਕੁੱਲਾ ਨੇ ਕਿਹਾ ਕਿ ਪੁਸਤਕਾਂ ਪੜ੍ਹਨ ਨਾਲ ਜਿੱਥੇ ਮਨੁੱਖੀ ਸੋਚ ਵਿਕਾਸ ਕਰਦੀ ਹੈ ਉੱਥੇ ਹੀ ਮਨੁੱਖ ਦੀ ਸੋਚ ਨੂੰ ਹਾਂ ਪੱਖੀ ਬਣਾਉਣ ਵਿੱਚ ਵੀ ਸਹਾਈ ਹੁੰਦੀ ਹੈ। ਮਾਸਟਰ ਕੇਵਲ ਰਾਮ ਨੇ ਕਿਹਾ ਕਿ ਪੁਸਤਕਾਂ ਮਨੁੱਖ ਦੇ ਦੁੱਖ ਸੁੱਖ ਦੀਆਂ ਸਾਥੀ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਅਤੇ ਬੱਚਿਆਂ ਨੂੰ ਖ਼ਾਸ ਦਿਨ ਉੱਪਰ ਤੋਹਫ਼ੇ ਦੇ ਰੂਪ ਵਿੱਚ ਪੁਸਤਕਾਂ ਦੇਣੀਆਂ ਚਾਹੀਦੀਆਂ ਹਨ। ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸਿੰਘ ਨੇ ਕਿਹਾ ਕਿ ਭਾਸ਼ਾ ਵਿਭਾਗ ਨੇ ਪਾਠਕਾਂ ਨੂੰ ਪੁਸਤਕਾਂ ਨਾਲ ਜੋੜਨ ਲਈ ਬਹੁਤ ਸਾਰੀਆਂ ਧਾਰਮਿਕ, ਇਤਿਹਾਸਕ ਅਤੇ ਸਾਹਿਤਕ ਪੁਸਤਕਾਂ ਬਹੁਤ ਹੀ ਘੱਟ ਕੀਮਤ ਉੱਪਰ ਉਪਲੱਬਧ ਕਰਵਾਈਆਂ ਹਨ। ਪੁਸਤਕ ਪ੍ਰੇਮੀ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤੋਂ ਖ਼ਰੀਦ ਸਕਦੇ ਹਨ। ਇਸ ਮੌਕੇ ਭਾਸ਼ਾ ਵਿਭਾਗ ਤੋਂ ਅਰਸ਼ਦੀਪ ਸਿੰਘ, ਹਨੀ ਕੁਮਾਰ, ਚਰਨਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ।