Fwd: ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ‘ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਪੌਸ਼ਟਿਕ ਆਹਾਰ’ ਸੰਬੰਧੀ ਸਿਖਲਾਈ ਕੋਰਸ ਆਯੋਜਿਤ

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ 'ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਪੌਸ਼ਟਿਕ ਆਹਾਰ' ਸੰਬੰਧੀ ਸਿਖਲਾਈ ਕੋਰਸ ਆਯੋਜਿਤ
ਨਵਾਂਸ਼ਹਿਰ, 8 ਅਗਸਤ :-ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਪੌਸ਼ਟਿਕ ਆਹਾਰ ਵਿਸ਼ੇ 'ਤੇ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਲਈ ਸਿਖਲਾਈ ਕੋਰਸ ਕਰਵਾਇਆ ਗਿਆ।ਇਸ ਕੈਂਪ ਦੌਰਾਨ ਕੇ.ਵੀ.ਕੇ., ਸ਼ਹੀਦ ਭਗਤ ਸਿੰਘ ਨਗਰ ਤੋਂ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ. ਰਜਿੰਦਰ ਕੌਰ ਨੇ ਸਿਹਤਮੰਦ ਜੀਵਨ ਸ਼ੈਲੀ ਲਈ ਬੱਚਿਆਂ ਅਤੇ ਗਰਭਵਤੀ/ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਪੌਸ਼ਟਿਕ ਪਕਵਾਨਾਂ ਦੀ ਤਿਆਰੀ ਦੀ ਮਹੱਤਤਾ ਬਾਰੇ ਚਰਚਾ ਕੀਤੀ।  ਉਹਨਾਂ ਨੇ ਗਰਭ ਅਵਸਥਾ ਦੌਰਾਨ ਪੌਸ਼ਟਿਕ ਤੱਤਾਂ ਦੇ ਸੇਵਨ ਦੇ ਉਚਿਤ ਅਨੁਪਾਤ ਅਤੇ ਸੁਮੇਲ ਵਿੱਚ ਪੌਸ਼ਟਿਕ ਭੋਜਨ ਦੀ ਵਰਤੋਂ ਦੇ ਫਾਇਦਿਆਂ ਬਾਰੇ ਵੀ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਹੰਜਨਾਂ ਦੇ ਪੱਤਿਆਂ ਦੀ ਮਹੱਤਤਾ ਬਾਰੇ ਦੱਸਿਆ, ਜੋ ਕਿ ਪੇਟ ਦੀ ਚੰਗੀ ਸਿਹਤ ਲਈ ਔਸ਼ਧੀ ਗੁਣ ਰੱਖਦੇ ਹਨ।  ਇਸ ਪ੍ਰੋਗਰਾਮ ਦੌਰਾਨ ਹੋਰ ਪਕਵਾਨਾਂ ਜਿਵੇਂ ਸੋਇਆਬੀਨ-ਕਣਕ ਦੇ ਪੌਸ਼ਟਿਕ ਲੱਡੂ, ਸੱਤੂ ਪਰਾਂਠਾ ਵੀ ਵਰਕਰਾਂ ਨਾਲ ਸਾਂਝੇ ਕੀਤੇ ਗਏ, ਜੋ ਕਿ ਲੋਹੇ ਅਤੇ ਫੋਲਿਕ ਐਸਿਡ ਨਾਲ ਭਰਪੂਰ ਹੁੰਦੇ ਹਨ ਅਤੇ ਜੋ ਸਿਹਤਮੰਦ ਗਰਭ ਅਵਸਥਾ ਅਤੇ ਦੁੱਧ ਚੁੰਘਾਉਣ ਅਵਸਥਾ ਲਈ ਮਾਂ ਨੂੰ ਤਿਆਰ ਕਰਦੇ ਹਨ।
ਪ੍ਰੋਗਰਾਮ ਦੇ ਅੰਤ ਵਿੱਚ ਡੈਮੋਨਸਟਰੇਟਰ (ਗ੍ਰਹਿ ਵਿਗਿਆਨ), ਸ਼੍ਰੀਮਤੀ ਰੇਨੂੰ ਬਾਲਾ, ਨੇ ਕੇ.ਵੀ.ਕੇ. ਵਿਖੇ ਇਸ ਸਿਖਲਾਈ ਕੈਂਪ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਟਾਫ ਦਾ ਧੰਨਵਾਦ ਕੀਤਾ।