ਪੀ.ਏ.ਯੂ. - ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਲਾਇਬ੍ਰੇਰੀ ਦੀ ਵਰਤੋਂ ਸਬੰਧੀ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ

ਨਵਾਂਸ਼ਹਿਰ, 01ਅਗਸਤ - ਪੀ.ਏ.ਯੂ.- ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਵਿਦਿਆਰਥੀਆਂ ਲਈ ਲਾਇਬ੍ਰੇਰੀ ਅਤੇ ਡਿਜੀਟਲ ਸਰੋਤਾਂ ਦੀ ਵਰਤੋਂ ਸਬੰਧੀ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਫੈਕਲਟੀ ਮੈਂਬਰ ਡਾ. ਆਰਤੀ ਸ਼ਰਮਾ ਅਤੇ ਸ਼੍ਰੀ ਅਮਿਤ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਡਾ. ਮਨਮੋਹਨਜੀਤ ਸਿੰਘ, ਡੀਨ, ਪੀ.ਏ.ਯੂ.- ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਲਾਇਬ੍ਰੇਰੀ ਦੇ ਸਰੋਤਾਂ, ਸੇਵਾਵਾਂ ਅਤੇ ਨਿਯਮਾਂ ਤੋਂ ਜਾਣੂ ਕਰਵਾਉਣਾ ਹੈ। ਉਹਨਾਂ ਨੇ ਵਿਦਿਆਰਥੀ ਜੀਵਨ ਵਿੱਚ ਲਾਇਬ੍ਰੇਰੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ।
ਡਾ: ਆਰਤੀ ਸ਼ਰਮਾ ਨੇ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਲਾਇਬ੍ਰੇਰੀ ਦੀ ਅਹਿਮ ਭੂਮਿਕਾ ਅਤੇ ਇਸ ਦੇ ਸਰੋਤਾਂ ਦੀ ਸੁਚੱਜੀ ਵਰਤੋਂ ਕਰਨ ਬਾਰੇ ਦੱਸਿਆ। ਉਹਨਾਂ ਨੇ ਲਾਇਬ੍ਰੇਰੀ ਦੀਆਂ ਆਨਲਾਈਨ ਸੇਵਾਵਾਂ ਦੀ ਵਰਤੋਂ ਕਰਨ ਬਾਰੇ ਕਿਹਾ। ਲਾਇਬ੍ਰੇਰੀ ਦੇ ਈ-ਸਰੋਤਾਂ ਦੀ ਸਹੀ ਢੰਗ ਨਾਲ ਵਰਤੋਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਲਾਇਬ੍ਰੇਰੀ ਦੇ ਨਿਯਮਾਂ ਬਾਰੇ ਦੱਸਿਆ।
ਸ਼੍ਰੀ ਅਮਿਤ ਕੁਮਾਰ ਨੇ ਲਾਇਬ੍ਰੇਰੀ ਇੰਚਾਰਜ ਅਤੇ ਕਾਲਜ ਸਟਾਫ਼ ਨੂੰ ਡਿਜੀਟਲ ਲਾਇਬ੍ਰੇਰੀ ਬਾਰੇ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਕਿਵੇਂ ਡਿਜੀਟਲ ਲਾਇਬ੍ਰੇਰੀ ਦੀ ਵਰਤੋਂ ਕਰਕੇ ਘਰ ਤੋਂ ਹੀ ਪਤਾ ਲਗਾ ਸਕਦੇ ਹਨ ਕਿ ਕਿਹੜੀ ਕਿਤਾਬ ਕਿੱਥੇ ਹੈ। ਉਹਨਾਂ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੇ ਸਰੋਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਦਾ ਆਯੋਜਨ ਲਾਇਬ੍ਰੇਰੀ ਇੰਚਾਰਜ ਸ਼੍ਰੀਮਤੀ ਪੁਨੀਤ ਵੱਲੋਂ ਕੀਤਾ ਗਿਆ।