ਅਧਿਕਾਰ ਰੈਲੀ ਮੋਰਿੰਡਾ ਵਿਖੇ ਐਨ ਪੀ ਐਸ ਮੁਲਾਜ਼ਮਾਂ ਤੇ ਹੋਇਆ ਪੁਲੀਸ ਤਸਦੱਦ ਸ਼ਰਮਨਾਕ - ਮਾਨ

ਨਵਾਂਸ਼ਹਿਰ 7 ਦਸੰਬਰ : ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ  ਮੁੱਖ ਮੰਤਰੀ ਦੀ ਮੋਰਿੰਡਾ ਸਥਿਤ ਕੋਠੀ ਦਾ ਘਿਰਾਓ ਕਰਨ ਗਏ ਐਨ ਪੀ ਐਸ ਮੁਲਾਜ਼ਮਾਂ ਤੇ ਪੁਲੀਸ ਵਲੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ। ਇਸ ਤੇ ਵੀ ਜਦ ਮੰਨ ਨਾ ਭਰਿਆ ਤਾਂ ਪੁਲੀਸ ਧੱਕਾ ਮੁੱਕੀ ਤੇ ਉੱਤਰ ਆਈ। ਮੁਲਾਜਮਾਂ ਦੇ ਹੌਸਲੇ ਵਧਦੇ ਗਏ ਤੇ ਪੁਲੀਸ ਨੇ ਲਾਠੀ ਚਾਰਜ ਕਰਦਿਆਂ ਪੱਗਾਂ ਰੋਲ ਦਿੱਤੀਆਂ। ਇਸ ਤੇ ਸਖਤ ਨੋਟਿਸ ਲੈਂਦਿਆਂ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ ਗੁਰਦਿਆਲ ਮਾਨ ਨੇ ਕਿਹਾ ਕਿ ਜਿੱਥੇ ਚੰਨੀ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਘਰ ਘਰ ਚੱਲੀ ਏਹੋ ਗੱਲ ਚੰਨੀ ਕਰਦਾ ਮਸਲੇ ਹੱਲ, ਇਸ ਤੋਂ ਪ੍ਰਭਾਵਿਤ ਹੋ ਐਨ ਪੀ ਐਸ ਮੁਲਾਜ਼ਮ ਐਨ ਪੀ ਐਸ ਦੇ ਮੁੱਦੇ ਦੇ ਹੱਲ ਲਈ ਮੁੱਖ ਮੰਤਰੀ ਜੀ ਦੀ ਕੋਠੀ ਗਏ ਸਨ। ਪਰ ਇਸ ਦੇ ਉਲਟ ਸਰਕਾਰ ਵਲੋਂ ਸੰਘਰਸ਼ ਨੂੰ ਦਬਾਉਣ ਦੀ ਸ਼ਰਮਨਾਕ ਕੋਸ਼ਿਸ਼ ਕੀਤੀ ਗਈ। ਇਸਦੀ  ਜਿੰਨੀ ਨਿਖੇਧੀ ਕੀਤੀ ਜਾਏ ਉਹ ਘੱਟ ਹੈ। ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਸੱਚ ਦੀ ਅਵਾਜ ਨਾ ਕਦੇ ਦਬੀ ਹੈ ਨਾ ਦਬੇਗੀ। ਸਰਕਾਰ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਹ ਜੋ ਐਨ ਪੀ ਐਸ ਮੁਲਾਜ਼ਮ ਹਨ ਇਹ ਸ਼ਹੀਦ ਭਗਤ ਸਿੰਘ ਦੇ ਵਾਰਿਸ਼ ਹਨ, ਕਰਤਾਰ ਸਿੰਘ ਸਰਾਭਾ ਤੋਂ ਸੇਧ ਲੈਂਦੇ ਹਨ ਇਹਨਾਂ ਦੇ ਸੰਘਰਸ਼ ਨੂੰ ਦਬਾਉਣ ਦਾ ਇੱਕੋ ਤਰੀਕਾ ਹੈ ਕਿ ਇਹਨਾਂ ਦਾ ਮਸਲਾ ਹੱਲ ਕਰ ਦਿਉ। ਜੇ ਸਰਕਾਰ ਨੇ ਅਜੇ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਸੱਤਾਧਿਰ ਦੇ ਨੁਮਾਇੰਦਿਆਂ ਨੂੰ  ਲੋਕਾਂ ਵਿੱਚ ਜਾ ਕੇ ਵੋਟਾਂ ਮੰਗੀਆਂ ਮੁਸਕਿਲ ਹੋ ਜਾਣਗੀਆਂ। ਦੋ ਲੱਖ ਦੇ ਕਰੀਬ ਪ੍ਰਭਾਵਿਤ ਮੁਲਾਜਮ ਅਤੇ  ਦਸ ਲੱਖ ਦੇ ਕਰੀਬ ਪਰਿਵਾਰ ਇਸ ਤੋਂ ਸਿੱਧੇ ਅਸਿੱਧੇ ਤੌਰ ਤੇ ਪ੍ਰਭਾਵਿਤ ਹਨ। ਜੇ ਸੱਤਾਧਿਰ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੀ ਹੈ ਤਾਂ ਇਸ ਅੰਕੜੇ ਨੂੰ ਗੰਭੀਰਤਾ ਨਾਲ ਲਵੇ। ਹਰ ਮੁਲਾਜ਼ਮ ਦੀ ਨਜਰ ਦਸ ਦਿਸੰਬਰ ਨੂੰ  ਪ੍ਰਿੰਸੀਪਲ ਸਕੱਤਰ ਨਾਲ ਹੋਣ ਜਾ ਰਹੀ ਮੀਟਿੰਗ ਤੇ ਹੈ ਜੇ ਉਸ ਵਿੱਚ ਵੀ ਟਾਲ ਮਟੋਲ ਵਾਲਾ ਰਵੱਈਆ ਅਪਣਾਇਆ ਗਿਆ ਤਾਂ ਮੁਲਾਜਮਾਂ ਦੇ ਰੋਹ ਨੂੰ ਰੋਕ ਪਾਉਣਾ ਸਾਡੇ ਵੱਸ ਦੀ ਗੱਲ ਨਹੀਂ ਹੋਵੇਗੀ। ਉਮੀਦ ਹੈ ਸਰਕਾਰ ਸਕਾਰਾਤਮਕ ਦਿਸ਼ਾ ਵੱਲ ਕਦਮ ਜਰੂਰ ਵਧਾਏਗੀ। ਇਸ ਮੌਕੇ ਉਨ੍ਹਾ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਹਰੇਬਾਜੀ ਵੀ ਕੀਤੀ। ਉਨ੍ਹਾਂਦੇ ਨਾਲ ਇਸ ਮੌਕੇ ਜੁਝਾਰ ਸੰਹੂਗੜਾ,ਹਰਪ੍ਰੀਤ ਬੰਗਾ,ਸੁਦੇਸ਼ ਦੀਵਾਨ,ਰਾਜ ਕੁਮਾਰ ਜੰਡੀ,ਭੁਪਿੰਦਰ ਸਿੰਘ,ਅਜੀਤ ਗੁੱਲਪੁਰੀ,ਸੋਮਨਾਥ ਸੜੋਆ,ਯੁਗਰਾਜ ਸਿੰਘ,ਹਰਚਰਨਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਵੀ ਹਾਜਰ ਸਨ।
ਕੈਪਸ਼ਨ: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਸਰਕਾਰ ਵਿਰੁੱਧ ਨਾਹਰੇਬਾਜੀ ਕਰਦੇ ਹੋਏ।

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਮਹਾਪ੍ਰੀਨਿਰਵਾਣ ਦਿਵਸ ਮਨਾਇਆ

-ਡਾ. ਅੰਬੇਦਕਰ ਵਿੱਦਿਅਕ ਸੋਚ ਦੇ ਧਾਰਨੀ ਅਤੇ ਕਾਨੂੰਨ ਨੀਤੀ ਘਾੜੇ : ਡਾ. ਜੀ.ਐਸ. ਬਾਜਪਾਈ
ਪਟਿਆਲਾ, 6 ਦਸੰਬਰ:- ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਦੇਸ਼ ਭਰ 'ਚ ਮਨਾਏ ਜਾ ਰਹੇ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਮਹਾਪ੍ਰੀਨਿਰਵਾਣ ਦਿਵਸ ਅੱਜ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਮਿੰਨੀ ਸਕੱਤਰੇਤ ਵਿਖੇ ਡਾ. ਭੀਮ ਰਾਓ ਅੰਬੇਦਕਰ ਵੱਲੋਂ ਕੀਤੇ ਗਏ ਵਿਲੱਖਣ ਕਾਰਜਾਂ ਨੂੰ ਯਾਦ ਕਰਦਿਆ ਸ਼ਰਧਾ ਦੇ ਫੁੱਲ ਭੇਂਟ ਕਰਕੇ ਮਨਾਇਆ ਗਿਆ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਜੀ.ਐਸ. ਬਾਜਪਾਈ ਨੇ ਕਿਹਾ ਕਿ ਡਾ. ਅੰਬੇਦਕਰ ਵਿੱਦਿਅਕ ਸੋਚ ਦੇ ਧਾਰਨੀ ਅਤੇ ਕਾਨੂੰਨ ਨੀਤੀ ਘਾੜੇ ਸਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ 'ਚ ਡਾ. ਬੀ.ਆਰ ਅੰਬੇਦਕਰ ਚੇਅਰ ਸਥਾਪਤ ਕਰਨ ਲਈ ਸਰਕਾਰ ਨੂੰ ਲਿਖਿਆ ਜਾਵੇਗਾ ਤਾਂ ਜੋ ਡਾ. ਅੰਬੇਦਕਰ ਵੱਲੋਂ ਕਾਨੂੰਨ ਦੇ ਖੇਤਰ 'ਚ ਪਾਏ ਯੋਗਦਾਨ 'ਤੇ ਹੋਰ ਖੋਜ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਡਾ. ਅੰਬੇਦਕਰ ਨੇ ਪੂਰਬ ਤੇ ਪੱਛਮ ਦਾ ਸਹੀ ਵਿਸ਼ਲੇਸ਼ਣ ਕਰਕੇ ਹਰੇਕ ਮਨੁੱਖ ਨੂੰ ਬਰਾਬਰੀ ਦਾ ਅਧਿਕਾਰ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਇਕ ਸਿੱਖਿਆ ਸ਼ਾਸਤਰੀ, ਸਮਾਜ ਸੁਧਾਰਕ ਤੇ ਸੰਵਿਧਾਨ ਦੇ ਰਚੇਤਾ ਹੋਣ ਦੇ ਨਾਲ-ਨਾਲ ਸਮਾਜ ਦੇ ਹਰੇਕ ਵਰਗ ਦੀ ਆਵਾਜ਼ ਹਨ। ਗੁਰਮਤਿ ਲੋਕ ਧਾਰਾ ਵਿਚਾਰ ਮੰਚ ਦੇ ਪ੍ਰਧਾਨ ਵਿਸ਼ਵ ਬੁੱਧੀਜੀਵੀ ਫੋਰਮ ਦੇ ਚੀਫ਼ ਪੈਟਰਨ ਡਾ. ਸਵਰਾਜ ਨੇ ਡਾ. ਬੀ.ਆਰ ਅੰਬੇਦਕਰ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਇਕ ਸੰਸਥਾ ਸਨ ਜੋ ਸਭ ਦੇ ਸਾਂਝੇ, ਸਿੱਖਿਅਤ ਅਤੇ ਨੈਤਿਕ ਸਮਾਜ ਦੀ ਗੱਲ ਕਰਦੇ ਸਨ। ਪ੍ਰਧਾਨ ਪੰਜਾਬ ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਇੰਜ. ਆਰ.ਐਸ. ਸਿਆਣ ਨੇ ਡਾ. ਅੰਬੇਦਕਰ ਦੀ ਜੀਵਨ ਸ਼ੈਲੀ, ਵਿੱਦਿਅਕ ਸਫ਼ਰ ਤੇ ਸੰਵਿਧਾਨ ਪ੍ਰਤੀ ਕਾਰਜਾਂ 'ਤੇ ਚਾਨਣਾ ਪਾਇਆ। ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਡਾ. ਸਾਹਿਬ ਦੇ ਖੋਜ ਕਾਰਜਾਂ ਅਤੇ ਕਿਤਾਬਾਂ ਦੇ ਜ਼ਿਕਰ ਦੇ ਨਾਲ ਨਾਲ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ 'ਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਪੰਜਾਬ ਅਕਾਦਮਿਕ ਕੌਂਸਲ ਦੇ ਮੈਂਬਰ ਡਾ. ਹਰਨੇਕ ਸਿੰਘ ਨੇ ਡਾ. ਸਾਹਿਬ ਦੀ ਆਰਥਿਕ ਮਾਹਰ ਵਜੋਂ ਸ਼ਖਸੀਅਤ 'ਤੇ ਚਾਨਣਾ ਪਾਇਆ। ਸਮਾਗਮ ਦੌਰਾਨ ਪੀ.ਸੀ.ਆਰ. ਐਕਟ 1955 ਤਹਿਤ ਅੰਤਰਜਾਤੀ ਵਿਆਹ ਕਰਵਾਉਣ ਵਾਲੇ 30 ਜੋੜਿਆਂ ਨੂੰ 20 ਹਜ਼ਾਰ ਪ੍ਰਤੀ ਜੋੜੇ ਦੇ ਹਿਸਾਬ ਨਾਲ 6 ਲੱਖ ਰੁਪਏ ਦੀ ਰਾਸ਼ੀ ਤੇ ਐਨ.ਐਸ.ਸੀ. ਸਰਟੀਫਿਕੇਟਾਂ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਜਸਲੀਨ ਕੌਰ ਭੁੱਲਰ, ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ ਸੁਖਸਾਗਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਸਮੇਤ ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ, ਡਾ. ਅੰਬੇਦਕਰ ਸਟੂਡੈਂਟ ਫਰੰਟ ਆਫ਼ ਇੰਡੀਆ, ਡਾ. ਅੰਬੇਦਕਰ ਲਿਟਰੇਰੀ ਮਿਸ਼ਨ ਪਟਿਆਲਾ ਤੇ ਡਾ. ਬੀ.ਆਰ ਅੰਬੇਦਕਰ ਕਲੱਬ ਪਟਿਆਲਾ ਸਮੇਤ ਵੱਡੀ ਗਿਣਤੀ ਸੰਸਥਾਵਾਂ ਹਾਜ਼ਰ ਸਨ।

ਬੰਦੀਆਂ ਨੂੰ ਚੰਗੇ ਨਾਗਰਿਕ ਬਨਾਊਣ ਲਈ 'ਸਿੱਖਿਆ ਦਾਤ', 'ਗਲਵਕੜੀ' ਤੇ 'ਸਮਾਧਾਨ' ਅਹਿਮ ਸਾਬਤ ਹੋਣਗੇ-ਰੰਧਾਵਾ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀਆਂ ਲਈ ਸਜਾ ਮੁਆਫ਼ੀ ਦਾ ਫੈਸਲਾ
ਪਟਿਆਲਾ, 6 ਦਸੰਬਰ:- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੀਆਂ ਜੇਲਾਂ 'ਚ ਬੰਦੀਆਂ ਨੂੰ ਸੁਧਾਰਨ ਹਿੱਤ ਤਿੰਨ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਬੰਦੀਆਂ ਲਈ ਸਜਾ ਮੁਆਫ਼ੀ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਬਹੁਤ ਜਲਦ ਪ੍ਰਵਾਨਗੀ ਮਿਲ ਜਾਵੇਗੀ। ਸ. ਰੰਧਾਵਾ, ਅੱਜ ਪਟਿਆਲਾ ਦੀ ਕੇਂਦਰੀ ਜੇਲ ਵਿਖੇ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਜੇਲਾਂ ਦੇ ਬੰਦੀਆਂ ਨੂੰ ਖੇਡ ਭਾਵਨਾ ਰਾਹੀਂ ਇੱਕ ਚੰਗੇ ਨਾਗਰਿਕ ਬਣਨ ਦਾ ਮੌਕਾ ਪ੍ਰਦਾਨ ਕਰਨ ਲਈ ਕਰਵਾਈਆਂ ਗਈਆਂ ਤੀਜੀਆਂ 'ਪੰਜਾਬ ਜੇਲ ਉਲੰਪਿਕ-2021' ਖੇਡਾਂ ਦੀ ਸਮਾਪਤੀ ਮੌਕੇ, ਜੇਤੂ ਬੰਦੀ ਖਿਡਾਰੀਆਂ ਨੂੰ ਸਨਮਾਨਤ ਕਰਨ ਪੁੱਜੇ ਹੋਏ ਸਨ। ਇਨ੍ਹਾਂ ਖੇਡਾਂ 'ਚ ਪਟਿਆਲਾ ਕੇਂਦਰੀ ਜੇਲ ਓਵਰਆਲ ਜੇਤੂ ਰਹੀ। ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੌਰਾਨ ਦੱਸਿਆ ਕਿ ਬੰਦੀਆਂ ਨੂੰ ਅਸਲ ਅਰਥਾਂ 'ਚ ਸੁਧਾਰਨ ਲਈ, ਸ਼ੁਰੂ ਕੀਤੇ ਤਿੰਨੇ ਪ੍ਰਾਜੈਕਟਾਂ, 'ਸਿੱਖਿਆ ਦੀ ਦਾਤ', ਜਿਸ 'ਚ ਬੰਦੀਆਂ ਨੂੰ ਸਿੱਖਿਅਤ ਕੀਤਾ ਜਾਵੇਗਾ ਸਮੇਤ 'ਗਲਵਕੜੀ', ਜਿਸ ਤਹਿਤ ਬੰਦੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਅ ਕੇ ਆਪਣੀ ਜਿੰਦਗੀ ਬਿਹਤਰ ਬਨਾਉਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ 'ਸਮਾਧਾਨ', ਜਿਸ ਨਾਲ ਬੰਦੀਆਂ ਨੂੰ ਜੇਲ ਪ੍ਰਸ਼ਾਸਨ ਨੂੰ ਹੋਰ ਬਿਹਤਰ ਬਨਾਉਣ ਲਈ ਅਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ 181 ਕਾਲ ਸੈਂਟਰ  'ਤੇ ਫੋਨ ਕਾਲ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਅਰੰਭ ਕੀਤੇ ਗਏ ਜੇਲ ਸੁਧਾਰਾਂ ਨਾਲ ਅਗਲੇ ਦੋ ਸਾਲਾਂ 'ਚ ਸਮੁੱਚੀਆਂ ਜੇਲਾਂ ਦੀ ਕਾਇਆਂ ਕਲਪ ਹੋ ਜਾਵੇਗੀ।
ਉੱਪ ਮੁੱਖ ਮੰਤਰੀ ਸ. ਰੰਧਾਵਾ ਨੇ ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਬੰਦੀਆਂ ਨੂੰ ਹੁਨਰਮੰਦ ਬਨਾਉਣ ਲਈ ਕਪੂਰਥਲਾ ਜੇਲ ਤੋਂ 10 ਦਸੰਬਰ ਤੋਂ ਸਕਿਲ ਡਿਵੈਲਪਮੈਂਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ ਜਦਕਿ ਰਾਜ ਦੀਆਂ ਜੇਲਾਂ 'ਚ ਬੰਦੀਆਂ ਭਲਾਈ ਲਈ ਫੰਡ ਜੁਟਾਉਣ ਲਈ 11 ਜੇਲਾਂ 'ਚ ਪੈਟਰੋਲ ਪੰਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਲਾਂ ਦੇ ਆਧੁਨਿਕੀਕਰਨ ਸਮੇਤ ਬਾਡੀ ਸਕੈਨਿੰਗ ਅਤੇ ਪਰਿਵਾਰਾਂ ਨੂੰ ਫੋਨ ਕਰਨ ਲਈ 15 ਮਿੰਟ ਰੋਜ਼ ਦੇ ਦਿੱਤੇ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਬੰਦੀਆਂ ਦੀ ਚੰਗੀ ਸਿਹਤ ਲਈ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਵੇਰਕਾ, ਮਾਰਕਫੈਡ, ਮਿਲਕਫੂਡ, ਮਿਲਕਫੈਡ, ਸੂਗਰਫੈਡ ਦਾ ਸਮਾਨ ਪ੍ਰਦਾਨ ਕੀਤਾ ਜਾ ਰਿਹਾ ਹੈ।
ਸ. ਰੰਧਾਵਾ ਨੇ ਦੱਸਿਆ ਕਿ ਜੇਲਾਂ ਦੀਆਂ ਫੈਕਟਰੀਆਂ ਨੂੰ ਵੱਡੇ ਪੱਧਰ 'ਤੇ ਚਲਾਉਣ ਲਈ ਬਾਹਰੀ ਕੰਪਨੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ, ਅੰਮ੍ਰਿਤਸਰ ਜੇਲ 'ਚ ਟਾਈਲ ਫੈਕਟਰੀ ਅਤੇ ਲੁਧਿਆਣਾ ਜੇਲ ਦੀ ਨਮਕੀਨ ਫੈਕਟਰੀ ਵੀ ਚਲਾਈ ਜਾ ਰਹੀ ਹੈ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਲਾਂ 'ਚ ਬੰਦ ਗੁੰਡਾ ਅਨਸਰ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਕਾਰਾ ਕੀਤਾ ਹੈ, ਨੂੰ ਇਹ ਦੱਸਿਆ ਗਿਆ ਹੈ ਕਿ ਜੇਲਾਂ ਕੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ 'ਚੋਂ ਦੂਜਾ ਸੂਬਾ ਹੈ, ਜਿੱਥੇ ਜੇਲ ਸੁਧਾਰ ਬੋਰਡ ਦਾ ਗਠਨ ਕੀਤਾ ਗਿਆ ਹੈ।
ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਵੱਖਰੀ ਪਾਰਟੀ ਬਣਾਏ ਜਾਣ ਅਤੇ ਹਾਈ ਕੋਰਟ 'ਚ ਨਸ਼ਿਆਂ ਦੇ ਮਾਮਲੇ 'ਚ ਰਿਪੋਰਟ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ 'ਚ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੀਜੇ ਹੋਏ ਕੰਡੇ ਉਹ ਚੁਗ ਰਹੇ ਹਨ, ਕਿਉਂਕਿ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਇਸ ਰਿਪੋਰਟ ਨੂੰ ਲਿਫ਼ਾਫੇ 'ਚ ਬੰਦ ਕਰੀ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਹੈ ਅਤੇ ਪੰਜਾਬ ਸਰਕਾਰ ਜਲਦ ਹੀ ਇਸ ਨੂੰ ਲੋਕਾਂ ਦੇ ਸਾਹਮਣੇ ਰੱਖੇਗੀ।
ਸ. ਰੰਧਾਵਾ ਨੇ ਹੋਰ ਕਿਹਾ ਕਿ ਅਫ਼ਸੋਸ ਹੈ ਕਿ ਕੈਪਟਨ, ਖ਼ੁਦ ਕਾਂਗਰਸ ਪ੍ਰਧਾਨ ਹੁੰਦਿਆਂ ਕਦੇ ਪਾਰਟੀ ਦਫ਼ਤਰ ਨਹੀਂ ਗਏ ਤੇ ਮੁੱਖ ਮੰਤਰੀ ਹੁੰਦਿਆਂ ਘਰੋਂ ਨਹੀਂ ਨਿਕਲੇ ਤੇ ਹੁਣ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਅਸਲੀਅਤ ਕੀ ਹੈ, ਜਿਸ ਲਈ ਉਹ ਅੱਜ ਬਹੁਤੇ ਹੇਠਲੇ ਪੱਧਰ 'ਤੇ ਪੁੱਜ ਗਏ ਹਨ।
ਇਸ ਤੋਂ ਬਾਅਦ ਕੇਂਦਰੀ ਜੇਲ ਦੇ ਬੰਦੀਆਂ ਨੂੰ ਸੰਬੋਧਨ ਕਰਦਿਆਂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਦਾ ਫ਼ਖਰ ਹੈ ਕਿ ਉਹ ਰਾਜ ਦੀਆਂ ਜੇਲਾਂ 'ਚ ਕੁਝ ਸੁਧਾਰ ਕਰ ਸਕੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜੇਲ ਸੁਧਾਰਾਂ 'ਚ ਪੰਜਾਬ ਬਾਕੀ ਰਾਜਾਂ ਦੀਆਂ ਜੇਲਾਂ ਤੋਂ ਅੱਗੇ ਜਾਵੇਗਾ। ਉਨ੍ਹਾਂ ਕਿਹਾ ਕਿ ਗੁਨਾਹ ਕਰਨ ਵਾਲੇ ਬੰਦੀਆਂ ਦੇ ਬੱਚਿਆਂ ਤੇ ਘਰ ਦੇ ਜੀਆਂ ਦਾ ਕੋਈ ਕਸੂਰ ਨਹੀਂ ਹੁੰਦਾ ਇਸ ਲਈ ਬੰਦੀ ਆਪਣੇ ਪਰਿਵਾਰਕ ਜੀਆਂ ਦਾ ਧਿਆਨ ਕਰਕੇ ਚੰਗੇ ਨਾਗਰਿਕ ਬਣਨ।
ਸ. ਰੰਧਾਵਾ ਨੇ ਇਹ ਓਲੰਪਿਕ ਖੇਡਾਂ ਕਰਵਾਉਣ ਵਾਲੇ ਜੇਲ ਅਧਿਕਾਰੀਆਂ, ਖਾਸ ਕਰਕੇ ਏ.ਡੀ.ਜੀ.ਪੀ. ਜੇਲਾਂ ਪਰਵੀਨ ਕੁਮਾਰ ਸਿਨਹਾ, ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਸਮੇਤ ਖੇਡਾਂ 'ਚ ਹਿੱਸਾ ਲੈਣ ਵਾਲਿਆਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਜੇਲਾਂ 'ਤੇ ਇੱਕ ਫ਼ਿਲਮ ਬਣਾਈ ਜਾਵੇਗੀ ਤਾਂ ਕਿ ਕੋਈ ਵਿਅਕਤੀ ਗੁਨਾਹ ਨਾ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਭਗਤ ਵੀ ਜੇਲਾਂ 'ਚ ਰਹੇ ਹਨ ਪਰੰਤੂ ਕਿਸੇ ਗੁਨਾਹ ਕਰਕੇ ਜੇਲ ਆਉਣਾ ਅਫ਼ਸੋਸਨਾਕ ਹੈ।
ਇਸ ਦੌਰਾਨ ਉਪ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਏ.ਡੀ.ਜੀ.ਪੀ. ਜੇਲਾਂ ਸ੍ਰੀ ਪਰਵੀਨ ਕੁਮਾਰ ਸਿਨਹਾ ਨੇ ਪੰਜਾਬ ਜੇਲ ਉਲੰਪਿਕ ਖੇਡਾਂ ਬੰਦੀਆਂ ਦੇ ਸੁਧਾਰ ਹਿਤ ਇੱਕ ਬਹੁਤ ਛੋਟਾ ਪਰੰਤੂ ਬਹੁਤ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਜੇਲ ਵਿਭਾਗ, ਇਤਿਹਾਸਕ ਸੁਧਾਰਾਂ ਲਈ, ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਸਦਾ ਰਿਣੀ ਰਹੇਗਾ। ਸ੍ਰੀ ਸਿਨਹਾ ਨੇ ਕਿਹਾ ਕਿ ਕੈਦੀਆਂ ਦੇ ਆਚਰਣ 'ਚ ਸੁਧਾਰ, ਇੱਕਲਾ ਬੈਰਕਾਂ ਨੂੰ ਕਲੀ ਕੂਚੀ ਕਰਨ ਨਾਲ ਹੀ ਨਹੀਂ ਹੁੰਦਾ ਬਲਕਿ ਇਸ ਲਈ ਬਹੁਤ ਵੱਡੇ ਉਪਰਾਲੇ ਕਰਨੇ ਪੈਂਦੇ ਹਨ, ਜਿਸ 'ਚ ਪੰਜਾਬ ਦਾ ਜੇਲ ਵਿਭਾਗ ਅਹਿਮ ਕਦਮ ਉਠਾ ਰਿਹਾ ਹੈ। ਪ੍ਰਮੁੱਖ ਸਕੱਤਰ ਜੇਲਾਂ ਡੀ.ਕੇ. ਤਿਵਾੜੀ ਨੇ ਸ. ਰੰਧਾਵਾ ਦਾ ਧੰਨਵਾਦ ਕੀਤਾ।
ਪੰਜਾਬ ਜੇਲ ਓਲੰਪਿਕ-2021 ਦੌਰਾਨ ਰੱਸਕੱਸੀ 'ਚ ਪਟਿਆਲਾ ਜੇਲ ਜੇਤੂ ਰਹੀ ਤੇ ਅੰਮ੍ਰਿਤਸਰ ਦੀ ਟੀਮ ਦੂਜੇ ਸਥਾਨ 'ਤੇ ਰਹੀ। ਕਬੱਡੀ 'ਚ ਫਰੀਦਕੋਟ ਜੇਲ ਪਹਿਲੇ ਤੇ ਅੰਮ੍ਰਿਤਸਰ ਜੇਲ ਦੂਜੇ ਸਥਾਨ 'ਤੇ ਰਹੀ। ਮਹਿਲਾਵਾਂ ਦੀ 60 ਮੀਟਰ ਰੇਸ 'ਚ ਕਪੂਰਥਲਾ ਜੇਲ ਦੀ ਉਬੋਪ੍ਰੀਸੀਅਰ, ਫਰੀਦਕੋਟ ਦੀ ਸੀਤਾ ਦੇਵੀ ਦੂਜੇ ਸਥਾਨ 'ਤੇ ਰਹੀ। ਮਰਦਾਂ ਦੀ 100 ਮੀਟਰ ਰੇਸ 'ਚ ਪਟਿਆਲਾ ਜੇਲ ਦੀ ਅਲੈਕ ਪਹਿਲੇ, ਅੰਮ੍ਰਿਤਸਰ ਜੇਲ ਦੀ ਅਸ਼ਵਨੀ ਦੂਜੇ ਥਾਂ 'ਤੇ ਰਹੀ। ਇਸ ਤੋਂ ਇਲਾਵਾ ਲੌਂਗ ਜੰਪ 'ਚ ਅਲੈਕ ਪਹਿਲੇ ਤੇ ਅੰਮ੍ਰਿਤਸਰ ਦੀ ਨਮਨ ਦੂਜੇ ਥਾਂ 'ਤੇ ਰਹੀ, ਵਾਲੀਬਾਲ 'ਚ ਕਪੂਰਥਲਾ ਜੇਲ ਪਹਿਲੇ ਥਾਂ 'ਤੇ ਅਤੇ ਅੰਮ੍ਰਿਤਸਰ ਜੇਲ ਦੂਜੇ ਥਾਂ 'ਤੇ। ਬੈਡਮਿੰਟਨ 'ਚ ਪਟਿਆਲਾ ਜੇਲ ਪਹਿਲੇ ਤੇ ਕਪੂਰਥਲਾ ਜੇਲ ਦੂਜੇ ਥਾਂ 'ਤੇ ਰਹੀ। ਚੈਸ 'ਚ ਪਟਿਆਲਾ ਦੀ ਰਵਦੀਪ ਪਹਿਲੇ ਤੇ ਕਪੂਰਥਲਾ ਜੇਲ ਦੀ ਸਿਲੇਲ ਦੂਜੇ ਥਾਂ 'ਤੇ ਅਤੇ ਸ਼ਾਟਪੁੱਟ 'ਚ ਨਾਭਾ ਦੀ ਜੌਲੀ ਚਿਖਾ ਪਹਿਲੇ ਤੇ ਅੰਮ੍ਰਿਤਸਰ ਦੀ ਸੁਰਜੀਤ ਕੌਰ ਦੂਜੇ ਸਥਾਨ 'ਤੇ ਰਹੀ।
ਇਸ ਦੌਰਾਨ ਵੱਖ-ਵੱਖ ਜੇਲਾਂ ਦੇ ਬੰਦੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਦਿਲਕਸ਼ ਪੇਸ਼ਕਾਰੀ ਕੀਤੀ। ਕੇਂਦਰੀ ਜੇਲ ਪਟਿਆਲਾ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਉਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਸ਼ੁਤਰਾਣਾ ਤੇ ਸ. ਰਾਜਿੰਦਰ ਸਿੰਘ, ਹਰਿੰਦਰਪਾਲ ਸਿੰਘ ਹੈਰੀਮਾਨ, ਪ੍ਰਮੁੱਖ ਸਕੱਤਰ ਜੇਲਾਂ ਡੀ.ਕੇ. ਤਿਵਾੜੀ, ਆਈ.ਜੀ. ਪਟਿਆਲਾ ਰੇਂਜ ਐਮ.ਐਸ. ਛੀਨਾ, ਆਈ.ਜੀ. ਜੇਲਾਂ ਰੂਪ ਕੁਮਾਰ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਡੀ.ਆਈ.ਜੀ. ਜੇਲਾਂ ਅਮਨੀਤ ਕੌਂਡਲ, ਸੁਰਿੰਦਰ ਸਿੰਘ ਸੈਣੀ, ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ, ਐਸ.ਡੀ.ਐਮ. ਚਰਨਜੀਤ ਸਿੰਘ, ਵੱਖ-ਵੱਖ ਜੇਲਾਂ ਦੇ ਸੁਪਰਡੈਂਟ, ਪ੍ਰਿੰਸੀਪਲ ਜੇਲ ਸਿਖਲਾਈ ਗੁਰਚਰਨ ਸਿੰਘ ਧਾਲੀਵਾਲ, ਵਧੀਕ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਐਸ.ਪੀ. ਹਰਪਾਲ ਸਿੰਘ, ਡਿਪਟੀ ਸੁਪਰਡੈਂਟ ਹਰਚਰਨ ਸਿੰਘ ਗਿੱਲ, ਹਰਜੋਤ ਸਿੰਘ ਕਲੇਰ, ਡਿਪਟੀ ਸੁਪਰਡੈਂਟ ਸੁਰੱਖਿਆ ਬਲਜਿੰਦਰ ਸਿੰਘ ਚੱਠਾ, ਵਰੁਣ ਸ਼ਰਮਾ ਸਮੇਤ ਵੱਡੀ ਗਿਣਤੀ ਹੋਰ ਅਧਿਕਾਰੀ ਮੌਜੂਦ ਸਨ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਸਲਾ ਧਾਰਕਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਦੇ ਆਦੇਸ਼

-ਪਟਿਆਲਾ ਜ਼ਿਲ੍ਹੇ ਦੇ ਸਾਰੇ ਅਸਲਾ ਧਾਰਕ 20 ਦਸੰਬਰ 2021 ਤੱਕ ਆਪਣਾ ਅਸਲਾ ਲਾਜਮੀ ਜਮ੍ਹਾ ਕਰਵਾਉਣ-ਸੰਦੀਪ ਹੰਸ
ਪਟਿਆਲਾ, 6 ਦਸੰਬਰ:- ਵਿਧਾਨ ਸਭਾ ਚੋਣਾਂ-2022 ਸਬੰਧੀਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਸੰਦੀਪ ਹੰਸ ਨੇ ਪਟਿਆਲਾ ਜ਼ਿਲ੍ਹੇ ਦੇ ਸਮੂਹ ਅਸਲਾ ਧਾਰਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਪਣਾ ਲਾਇਸੈਂਸੀ ਅਸਲਾ 20 ਦਸੰਬਰ 2021 ਤੱਕ ਹਰ ਹਾਲ ਜਮ੍ਹਾ ਕਰਵਾਉਣ।
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 05 ਫਰਵਰੀ 2022 ਤੱਕ ਲਾਗੂ ਹੋਣ ਵਾਲੇ ਇੱਕ ਤਰਫ਼ਾ ਹੁਕਮ ਜਾਰੀ ਕਰਦਿਆਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਸਮੂਹ ਅਸਲਾ ਧਾਰਕ ਆਗਾਮੀ ਵਿਧਾਨ ਸਭਾ ਚੋਣ ਅਮਲ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪਟਿਆਲਾ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ, ਲੋਕ ਹਿਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਅਤੇ ਹੋਣ ਵਾਲੀਆਂ ਚੋਣਾਂ ਨੂੰ ਸੁਚੱਜੇ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਲਈ ਅਸਲਾਧਾਰੀਆਂ ਪਾਸੋਂ ਉਨ੍ਹਾਂ ਦੇ ਅਸਲੇ ਨੂੰ ਜਮ੍ਹਾ ਕਰਵਾਉਣਾਂ ਜਰੂਰੀ ਹੈ ਤਾ ਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਜ, ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਬੈਂਕਾਂ 'ਚ ਗਾਰਡ ਦੀ ਨੌਕਰੀ ਕਰਦੇ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਣਗੇ।

ਜਿਮ ਅਤੇ ਸਪੋਰਟਸ ਕਿੱਟਾਂ ਰਾਂਹੀ ਖੇਡਾਂ ਨੂੰ ਕੀਤਾ ਜਾਵੇਗਾ ਪ੍ਰਫੁਲਿੱਤ - ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ - 06 ਦਸੰਬਰ :- ਵਿਧਾਇਕ ਅੰਗਦ ਸਿੰਘ ਵੱਲੋਂ  ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਪਿਛਲੇ ਲੰਬੇ ਸਮੇਂ ਤੋਂ ਵੱਖ- ਵੱਖ ਪਿੰਡਾਂ ਵਿੱਚ ਜਿਮ ਦਾ ਸਮਾਨ ਅਤੇ ਸਪੋਰਟਸ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਉਹਨਾਂ ਨੇ ਪਿੰਡ ਧਰਮਕੋਟ ਅਤੇ ਮੁਬਾਰਕਪੁਰ ਵਿੱਚ ਜਿਮ ਦਾ ਸਮਾਨ ਅਤੇ ਸਪੋਰਟਸ ਕਿੱਟਾਂ ਵੰਡੀਆਂ। ਉਹਨਾਂ ਨੇ ਕਿਹਾ ਕਿ ਇਲਾਕੇ ਦੀ ਭਲਾਈ ਲਈ ਤੁਹਾਡੇ ਸਭ ਦੇ ਸਹਿਯੋਗ ਸਦਕਾ ਹੀ ਅੱਗੋਂ ਹੋਰ ਵੀ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਈ ਰੱਖਦੀਆਂ ਹਨ। ਬਿਹਤਰ ਸਰੀਰ ਨਾਲ ਹੀ ਇੱਕ ਚੰਗੇ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ ਹੈ। ਇਸ ਕੰਮ ਵਿੱਚ ਲੋਕਾਂ ਵੱਲੋਂ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਿੰਡ ਧਰਮਕੋਟ ਵਿਖੇ ਉੱਥੋਂ ਦੇ ਸਰਪੰਚ ਬਹਾਦਰ ਸਿੰਘ, ਪੰਚ ਕੁਲਵੰਤ ਸਿੰਘ, ਸਰਵਣ, ਸੁਖਜਿੰਦਰ ਕੌਰ, ਮੱਖਣ ਸਿੰਘ ਰਾਏ, ਪ੍ਰੇਮ ਕੁਮਾਰ, ਅਮਰਜੀਤ ਸਿੰਘ ਅਤੇ ਡਾ. ਭਜਨ ਆਦਿ ਸ਼ਾਮਿਲ ਸਨ।
ਪਿੰਡ ਮੁਬਾਰਕਪੁਰ ਵਿੱਚ ਸਰਪੰਚ ਆਰਤੀ ਰਾਣੀ, ਪੰਚ ਬਲਵਿੰਦਰ ਕੁਮਾਰ, ਕੇਵਲ ਰਾਮ, ਮਨਜੀਤ ਕੌਰ, ਰਮੇਸ਼ ਕੌਰ, ਰਾਮ ਧੰਨ, ਸੁੱਚਾ ਰਾਮ, ਨ ਲਾਲ ਅਤੇ ਸ਼ਿੰਦੋ ਰਾਣੀ ਹਾਜਰ ਸਨ।

ਮੁੱਖ ਮੰਤਰੀ ਚੰਨੀ ਸਮੇਤ ਸਮਾਜ ਦੇ ਹਰ ਵਰਗ ਦੇ ਆਗੂ ਤੇ ਲੋਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਦੇ ਮਾਤਾ ਰਾਜ ਰਾਣੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜੁੜੇ

ਰੂਪਨਗਰ/ਆਸਰੋਂ (ਸ਼ਹੀਦ ਭਗਤ ਸਿੰਘ ਨਗਰ), 5 ਦਸੰਬਰ : - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਦੀ ਮਾਤਾ ਸ਼੍ਰੀਮਤੀ ਰਾਜ ਰਾਣੀ ਨੂੰ ਅੱਜ ਗੁਰਦੁਆਰਾ ਟਿੱਬੀ ਸਾਹਿਬ ਵਿਖੇ, ਉਨ੍ਹਾਂ ਨਮਿਤ ਹੋਈ ਅੰਤਮ ਅਰਦਾਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ।     ਮਾਤਾ ਰਾਜ ਰਾਣੀ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ, ਉਨ੍ਹਾਂ ਦੇ ਪਰਿਵਾਰ ਨਾਲ ਲੰਮੇ ਸਮੇਂ ਤੋਂ ਜੁੜੇ ਰਿਸ਼ਤਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰੀਮਤੀ ਰਾਜ ਰਾਣੀ ਜੀ ਦੀ ਮੌਤ ਉਨ੍ਹਾਂ ਲਈ ਵੱਡਾ ਨਿੱਜੀ ਘਾਟਾ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀ ਇੱਕ ਪਵਿੱਤਰ ਅਤੇ ਧਾਰਮਿਕ ਸਖਸ਼ੀਅਤ ਸਨ, ਜਿਨ੍ਹਾਂ ਨੇ ਆਪਣੀ ਸੰਤਾਨ ਨੂੰ ਉੱਚ ਸਿੱਖਿਆ ਪ੍ਰਦਾਨ ਕਰਕੇ ਪਰਿਵਾਰ ਦਾ ਭਵਿੱਖ ਸੰਵਾਰਨ ਵਿੱਚ ਅਹਿਮ ਭੂਮਿਕਾ ਨਿਭਾਈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮਾਤਾ ਰਾਜ ਰਾਣੀ ਜੀ ਦੀ ਦੂਰਅੰਦੇਸ਼ੀ ਅਤੇ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਸਿੱਖਿਅਤ ਕਰਨ ਦਾ ਜਨੂੰਨ, ਇਸ ਤੱਥ ਤੋਂ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦਾ ਪੁੱਤਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਸਰਵਉੱਚ ਸੰਵਿਧਾਨਕ ਅਹੁਦੇ 'ਤੇ ਬਿਰਾਜਮਾਨ ਹੋ ਕੇ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ।
   ਮੁੱਖ ਮੰਤਰੀ ਨੇ ਰਾਣਾ ਪਰਿਵਾਰ ਦੀ ਵਿਲੱਖਣ ਭੂਮਿਕਾ ਦੀ ਸ਼ਲਾਘਾ ਕੀਤੀ, ਜਿਸ ਨੇ ਇੱਕ ਪਾਸੇ ਮਾਨਵਤਾ ਦੀ ਭਲਾਈ ਲਈ ਇਮਾਨਦਾਰੀ, ਦਿਆਨਤਦਾਰੀ ਅਤੇ ਲਗਨ ਅਤੇ ਦੂਜੇ ਪਾਸੇ ਇਮਾਨਦਾਰੀ ਅਤੇ ਤਨਦੇਹੀ ਨਾਲ ਸੂਬੇ, ਪਾਰਟੀ ਅਤੇ ਲੋਕਾਂ ਦੀ ਸੇਵਾ ਕਰਨ ਲਈ ਖਿੱਤੇ ਵਿੱਚ ਨਾਮਣਾ ਖੱਟਿਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮਾਤਾ ਰਾਜ ਰਾਣੀ ਜੀ ਦੇ ਅਕਾਲ ਚਲਾਣੇ ਨਾਲ ਇੱਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਨੇੜ ਭਵਿੱਖ ਵਿੱਚ ਭਰਿਆ ਜਾਣਾ ਮੁਸ਼ਕਿਲ ਹੈ। ਉਨ੍ਹਾਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਖਟਾਣਾ ਦੀ ਸਰਪੰਚ ਹੁੰਦਿਆਂ ਮਾਤਾ ਰਾਜ ਰਾਣੀ ਦੀਆਂ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।  ਮਾਤਾ ਰਾਜ ਰਾਣੀ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਭੋਗ ਅਤੇ ਅੰਤਮ ਅਰਦਾਸ ਮੌਕੇ ਹਰ ਵਰਗ ਦੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਦਰਸਾਉਂਦੀ ਹੈ ਕਿ ਇਲਾਕੇ ਦੇ ਲੋਕ ਉਨ੍ਹਾਂ ਦਾ ਕਿੰਨਾ ਸਤਿਕਾਰ ਕਰਦੇ ਸਨ। ਮੁੱਖ ਮੰਤਰੀ ਚੰਨੀ ਨੇ ਮਾਤਾ ਜੀ ਨੂੰ ਇੱਕ ਦੂਰਅੰਦੇਸ਼ ਅਤੇ ਸੂਝਵਾਨ ਸਖਸ਼ੀਅਤ ਦੱਸਿਆ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਅਤੇ ਸਮਾਜ ਦੀ ਸੇਵਾ ਕਰਨ ਲਈ ਚੰਗੀ ਸਿੱਖਿਆ  ਦਿੱਤੀ, ਉਹ ਵੀ ਅਜਿਹੇ ਸਮੇਂ ਵਿੱਚ, ਜਦੋਂ ਲੋਕਾਂ ਵਿੱਚ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕਤਾ ਦੀ ਘਾਟ ਸੀ।
      ਮਾਤਾ ਰਾਜਾ ਰਾਣੀ ਦੀ ਅੰਤਮ ਅਰਦਾਸ ਵਿੱਚ ਹਾਜ਼ਰੀ ਭਰਨ ਵਾਲੀਅਂ ਅਤੇ ਸ਼ਰਧਾ ਸੁਮਨ ਅਰਪਿਤ ਕਰਨ ਵਾਲੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਮੁਹੰਮਦ ਸਦੀਕ, ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ, ਐੱਚ ਐਸ ਹੰਸਪਾਲ, ਅਵਿਨਾਸ਼ ਰਾਏ ਖੰਨਾ ਤੇ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਮੰਤਰੀ ਡਾ.ਦਲਜੀਤ ਸਿੰਘ ਚੀਮਾ ਤੇ ਮਾਸਟਰ ਮੋਹਣ ਲਾਲ, ਵਿਧਾਇਕ ਬਲਬੀਰ ਸਿੰਘ ਸਿੱਧੂ,ਦਰਸ਼ਨ ਲਾਲ ਮੰਗੂਪੁਰ,ਅੰਗਦ ਸਿੰਘ ਨਵਾਂਸ਼ਹਿਰ, ਅਮਰੀਕ ਸਿੰਘ ਢਿੱਲੋਂ, ਸ. ਕੁਲਬੀਰ ਸਿੰਘ ਜ਼ੀਰਾ, ਅਮਨ ਅਰੋੜਾ, ਅਮਰਜੀਤ ਸਿੰਘ ਸੰਦੋਆ, ਸੁਨੀਲ ਦੱਤੀ, ਸਾਬਕਾ ਐਮ.ਐਲ.ਏਜ਼ ਭਾਗ ਸਿੰਘ, ਜੁਗਲ ਕਿਸ਼ੋਰ, ਸ਼ਮਸ਼ੇਰ ਸਿੰਘ ਰਾਏ, ਹਿਮਾਚਲ ਪ੍ਰਦੇਸ਼ ਤੋਂ ਵਿਧਾਇਕ ਮੁਕੇਸ਼ ਅਗਨੀਹੋਤਰੀ (ਹਰੋਲੀ-ਊਨਾ) ਤੇ ਠਾਕੁਰ ਰਾਮ ਲਾਲ (ਨੈਨਾ ਦੇਵੀ), ਚੌਧਰੀ ਰਾਮ ਕੁਮਾਰ ਸਾਬਕਾ ਵਿਧਾਇਕ ਬੱਦੀ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ,ਪਵਨ ਦੀਵਾਨ, ਰਾਣਾ ਵਰਿੰਦਰ ਸਿੰਘ,ਮਮਤਾ ਦੱਤਾ, ਐਨ ਆਰ ਆਈ ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਦਲਜੀਤ ਸਹੋਤਾ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਹੁਸਨ ਲਾਲ, ਕਮਿਸ਼ਨਰ ਰੂਪਨਗਰ ਡਵੀਜ਼ਨ ਮਨਵੇਸ਼ ਸਿੰਘ ਸਿੱਧੂ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ,ਰਮੇਸ਼ ਚੰਦ ਦਸਗਰਾਈ ਚੇਅਰਮੈਨ ਜ਼ਿਲਾ ਯੋਜਨਾ ਬੋਰਡ,ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਪਰੂਵਮੈਟ ਟਰੱਸਟ ਰੂਪਨਗਰ, ਰਕੇਸ਼ ਨਈਅਰ ਚੇਅਰਮੈਨ ਇੰਪਰੂਵਮੈਟ ਟਰੱਸਟ ਨੰਗਲ, ਹਰਬੰਸ ਲਾਲ  ਮਹਿੰਦਲੀ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ, ਕਮਲਦੇਵ ਜੋਸ਼ੀ ਡਾਇਰੈਕਟਰ ਪੀਆਰਟੀਸੀ ਸੰਜੇ ਸਾਹਨੀ ਪ੍ਰਧਾਨ ਨਗਰ ਕੌਸਲ ਨੰਗਲ, ਹਰਜੀਤ ਸਿੰਘ ਜੀਤਾ ਪ੍ਰਦਾਨ ਨਗਰ ਕੌਸਲ ਸ਼੍ਰੀ ਅਨੰਦਪੁਰ ਸਾਹਿਬ, ਪਾਲੀ ਸ਼ਾਹ ਕੌੜਾ ਪ੍ਰਧਾਨ ਨਗਰ ਕੌਸਲ ਕੀਰਤਪੁਰ ਸਾਹਿਬ, ਨਰਿੰਦਰ ਪੁਰੀ ,ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਚੇਅਰਮੈਨ ਪੀਆਰਟੀਸੀ ਅਸ਼ਵਨੀ ਸ਼ਰਮਾ ਨੂਰਪੁਰ ਬੇਦੀ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਲੋਕ ਹਾਜ਼ਰ
ਸਨ।

ਵਿਧਾਇਕ ਅੰਗਦ ਸਿੰਘ ਨੇ 98.78 ਲੱਖ ਰੁਪਏ ਦੇ ਸੜਕੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ

ਨਵਾਂਸ਼ਹਿਰ  5  ਦਸੰਬਰ :-  ਵਿਧਾਇਕ ਅੰਗਦ ਸਿੰਘ ਨੇ ਸ਼ਨੀਵਾਰ ਨੂੰ ਨਵਾਂਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ 98.78 ਲੱਖ ਰੁਪਏ ਦੇ ਤਿੰਨ ਸੜਕੀ ਪ੍ਰੋਜੈਕਟ ਲੋਕ ਅਰਪਣ ਕੀਤੇ।  ਉਦਘਾਟਨੀ ਪ੍ਰੋਜੈਕਟਾਂ ਵਿੱਚ ਕੁਲਾਮ ਰੋਡ ਤੋਂ ਦੁਰਗਾਪੁਰ ਰੋਡ, ਮੋਹਨ ਨਗਰ ਅਤੇ ਵਾਰਡ-9 ਵਿੱਚ ਰਾਜਪਾਲ ਬਿਲਡਿੰਗ ਦੇ ਸਾਹਮਣੇ ਮਾਸਟਰ ਲੰਬੜ ਦੀ ਗਲੀ ਸ਼ਾਮਲ ਹਨ।  ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਜਿੱਥੇ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ।  ਉਨ੍ਹਾਂ ਕਿਹਾ ਕਿ ਸਰਕਾਰ ਨਵਾਂਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਨਵਾਂਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਵਿਕਸਤ ਤੇ ਵਧੀਆ ਹਲਕਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਵਿਧਾਇਕ ਨੇ ਕਿਹਾ ਕਿ ਕੁਆਲਿਟੀ ਕੰਟਰੋਲ ਨੂੰ ਯਕੀਨੀ ਬਣਾ ਕੇ ਅਤੇ ਅਧਿਕਾਰੀਆਂ ਨੂੰ ਜਵਾਬਦੇਹ ਬਣਾ ਕੇ ਕਰੋੜਾਂ ਰੁਪਏ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਮੁਕੰਮਲ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਹੋ ਕੇ ਕੰਮ ਕਰ ਰਹੀ ਹੈ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸਚਿਨ ਦੀਵਾਨ, ਕੌਂਸਲਰ ਬਲਵਿੰਦਰ ਭੁੰਬਲਾ, ਜਸਬੀਰ ਕੌਰ ਬਡਵਾਲ, ਮੋਨਿਕਾ ਜਾਂਗੜਾ, ਕੁਲਵੰਤ ਕੌਰ, ਪ੍ਰਵੀਨ ਭਾਟੀਆ, ਚੇਤ ਰਾਮ ਰਤਨ, ਯੂਥ ਪ੍ਰਧਾਨ ਕਰਨ ਦੀਵਾਨ, ਬਿੱਟੂ ਬਜਾਜ ਤੇ ਸਰਪੰਚ ਸਰਵਣ ਸਿੰਘ ਭੋਲੂ ਮੌਜੂਦ ਸਨ।

ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅਤੇ ਹਲਕਾ ਨਵਾਂਸ਼ਹਿਰ ਦੇ ਸਿਹਤ ਪੱਖੋਂ ਬਿਹਤਰ ਪ੍ਰਦਰਸ਼ਨ ਲਈ ਹਰ ਸੰਭਵ ਕਦਮ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ - ਵਿਧਾਇਕ ਅੰਗਦ ਸਿੰਘ

 ਨਵਾਂਸ਼ਹਿਰ - 5 ਦਸੰਬਰ : -   ਵੱਖ ਵੱਖ ਪਿੰਡਾਂ ਵਿੱਚ ਜਿਮ ਅਤੇ ਸਪੋਰਟਸ ਕਿੱਟਾਂ ਵੰਡਦੇ ਹੋਏ ਅੱਜ ਅੰਗਦ ਸਿੰਘ ਨੇ ਚੱਕਲੀ, ਤਾਜੋਵਾਲ ਅਤੇ ਗੋਲੜ੍ਹੋ ਪਿੰਡ ਵਿੱਚ ਨੌਜਵਾਨਾਂ ਨੂੰ ਚੰਗੀ ਸਿਹਤ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਮੰਗ ਅਤੇ ਸਮੇਂ ਦੀ ਲੋੜ ਅਨੁਸਾਰ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੀ ਪੀੜ੍ਹੀ ਨੂੰ ਇੱਕ ਤੰਦਰੁਸਤ ਪੀੜੀ ਬਣਾਉਣ ਲਈ ਇਹ ਯਤਨ ਕੀਤੇ ਜਾ ਰਹੇ ਹਨ।    ਇਸ ਮੌਕੇ ਉੱਤੇ ਪਿੰਡਾਂ ਦੇ ਲੋਕਾਂ ਨੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ। ਵਿਧਾਇਕ ਨੇ ਨੋਜਵਾਨਾਂ ਨੂੰ ਖੇਡਾਂ ਅਤੇ ਤੰਦਰੁਸਤੀ ਵੱਲ ਪ੍ਰੇਰਿਤ ਕਰਦਿਆਂ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ।    
  ਨੌਜਵਾਨਾਂ ਦੇ ਸਹਿਯੋਗ ਨਾਲ ਅਸੀਂ ਹਲਕਾ ਨਵਾਂਸ਼ਹਿਰ ਨੂੰ ਹੋਰ ਤੰਦਰੁਸਤ ਬਣਾਵਾਂਗੇ। ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਇਹ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿ ਹਲਕਾ ਨਵਾਂਸ਼ਹਿਰ ਦਾ ਆਉਣ ਵਾਲਾ ਕੱਲ ਸੁਰੱਖਿਅਤ ਅਤੇ ਤੰਦਰੁਸਤ ਹੋਵੇ। ਨਵਾਂਸ਼ਹਿਰ ਦੀ ਅੱਜ ਦੀ ਪੀੜ੍ਹੀ ਨੂੰ ਖੇਡਾਂ ਵਿੱਚ ਅੱਗੇ ਲਿਆ ਕੇ ਉਹਨਾਂ ਦਾ ਭਵਿੱਖ ਹੋਰ ਤੰਦਰੁਸਤ ਹੋਵੇ ਤਾਂ ਜੋ ਕਿ ਉਹ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ।  ਇਸ ਮੌਕੇ 'ਤੇ ਪਿੰਡ ਚੱਕਲੀ ਵਿਖੇ ਸਰਪੰਚ ਸੋਹਣ ਲਾਲ, ਮਨਕੀਤ ਸਿੰਘ ਪੰਚ, ਕਰਨੈਲ ਅਟਾਰੀ ਲੰਬੜਦਾਰ, ਮੋਹਣ ਲਾਲ, ਸਤਨਾਮ ਸਿੰਘ, ਮੱਖਣ ਸਿੰਘ , ਪਿੰਡ ਤਾਜੋਵਾਲ ਵਿੱਚ ਮਹਿੰਦਰ ਪਾਲ ਸਰਪੰਚ, ਝਲਮਣ ਸਿੰਘ ਲੰਬੜਦਾਰ, ਸੁਰਿੰਦਰ ਕੁਮਾਰ ਪੰਚ, ਅਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਨਿਰਮਲ ਨਿੰਮਾ, ਸਤਨਾਮ ਸਿੰਘ , ਪਿੰਡ ਗੋਲੜ੍ਹੋਂ ਵਿੱਚ ਸਰਪੰਚ ਕੈਲਾਸ਼ ਰਾਣੀ, ਸੰਤੋਖ ਰਾਮ ,  ਮਾਸਟਰ ਹਰਬੰਸ,  ਰਾਜਾ ਜੇਠੂ ਮਜਾਰਾ, ਕੁਲਦੀਪ ਸਿੰਘ, ਰੂਪ ਲਾਲ ਪੰਚ, ਸੱਤਿਆ ਰਾਣੀ ਪੰਚ ਅਤੇ ਬਖਤਾਵਰ ਸਿੰਘ ਮੌਜੂਦ ਸਨ।

​ਕੁਲਵਿੰਦਰ ਸਿੰਘ ਸਰਾਏ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ਨੇ ਡੀ. ਈ. ਓ. (ਸੈ) ਤੇ ਹਰਕੰਵਲਜੀਤ ਸਿੰਘ ਨੇ ਡੀ. ਈ. ਓ. (ਐਲੀ) ਦਾ ਅਹੁਦਾ ਸੰਭਾਲਿਆ

ਨਵਾਂਸ਼ਹਿਰ 4 ਦਸੰਬਰ :-  ਕੁਲਵਿੰਦਰ ਸਿੰਘ ਸਰਾਏ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ਤੇ ਹਰਕੰਵਲਜੀਤ ਸਿੰਘ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿ) ਸ਼ਹੀਦ ਭਗਤ ਸਿੰਘ ਨਗਰ ਦਾ ਅਹੁਦਾ ਸੰਭਾਲ ਲਿਆ ਹੈ |   ਕੁਲਵਿੰਦਰ ਸਿੰਘ ਸਰਾਏ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿ) ਬਰਨਾਲਾ ਦੀ ਬਦਲੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਸ਼ਹੀਦ ਭਗਤ ਸਿੰਘ ਤੇ ਹਰਕੰਵਲਜੀਤ ਸਿੰਘ ਪਿ੍ੰਸੀਪਲ ਸ. ਸ. ਸ. ਸ. ਬੋਹਨ (ਹੁਸ਼ਿਆਰਪੁਰ) ਨੂੰ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿ) ਸ਼ਹੀਦ ਭਗਤ ਸਿੰਘ ਨਗਰ ਲਗਾਇਆ ਹੈ | ਅਹੁਦਾ ਸੰਭਾਲਣ ਉਪਰੰਤ ਇਨ੍ਹਾਂ ਦੋਨਾਂ ਅਧਿਕਾਰੀਆਂ ਨੇ ਕਿਹਾ ਕਿ ਉਹ ਜ਼ਿਲ੍ਹੇ 'ਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ਼ ਕਰਨ 'ਚ ਆਪਣਾ ਯੋਗਦਾਨ ਪਾਉਣਗੇ | ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ 'ਚ ਬੱਚਿਆ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਅਮਰੀਕ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ), ਜਰਨੈਲ ਸਿੰਘ, ਜਸਕੀਰਤ ਸਿੰਘ ਸਹਾਏ, ਮਦਨ ਲਾਲ ਜਲੰਧਰ, ਪ੍ਰਮੋਦ ਭਾਰਤੀ, ਜਗਜੀਤ ਕੌਰ ਹੁਸ਼ਿਆਰਪੁਰ, ਲਖਵੀਰ ਸਿੰਘ, ਮੋਹਨਜੀਤ ਸਿੰਘ, ਪ੍ਰਭਜੀਤ ਸਿੰਘ ਵਾਈਸ ਪਿ੍ੰਸੀਪਲ ਬੋਹਣ, ਪਿੰ੍ਰ: ਅਮਰਜੀਤ ਖਟਕੜ, ਪਿ੍ੰ: ਰਜਨੀਸ਼ ਕੁਮਾਰ, ਅਸ਼ੋਕ ਕੁਮਾਰ ਬੀ. ਪੀ. ਈ. ਓ., ਅਨੀਤਾ ਕੁਮਾਰੀ ਬੀ. ਪੀ. ਈ. ਓ. ਸੜੋਆ, ਮਹਿੰਦਰ ਸਿੰਘ ਸਟੈਨੋ, ਨਰਿੰਦਰ ਪਾਲ ਵਰਮਾ, ਡਾ: ਸੁਰਿੰਦਰ ਪਾਲ ਅਗਨੀਹੋਤਰੀ, ਸਤਨਾਮ ਸਿੰਘ ਜ਼ਿਲ੍ਹਾ ਪ੍ਰਾਜੈਕਟ ਕੋਆਰਡੀਨੇਟਰ, ਗੁਰਦਿਆਲ ਸਿੰਘ ਮਾਨ, ਪਿ੍ੰ: ਗੁਰਪ੍ਰੀਤ ਸਿੰਘ, ਪਿ੍ੰ: ਰਾਜੇਸ਼ ਕੁਮਾਰ, ਪਿ੍ੰ: ਜਤਿੰਦਰ ਮੋਹਣ, ਪਿ੍ੰ: ਰਣਜੀਤ ਕੌਰ, ਪਿ੍ੰ: ਅਲਕਾ ਰਾਣੀ, ਜਸਵਿੰਦਰ ਸਿੰਘ ਸੁਪਰਡੈਂਟ, ਬਲਵੰਤ ਰਾਏ, ਵਿਨੇ ਕੁਮਾਰ ਸ਼ਰਮਾ, ਨੀਲ ਕਮਲ ਆਦਿ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |

ਸਵੱਛ ਸਰਵੇਖਣ ਗ੍ਰਾਮੀਣ-2021 ਜ਼ਿਲ੍ਹੇ ਵਿੱਚ 10 ਦਸੰਬਰ ਤੋਂ 10 ਜਨਵਰੀ ਤੱਕ ਹੋਵੇਗਾ- ਡੀ.ਸੀ.ਵਿਸ਼ੇਸ਼ ਸਾਰੰਗਲ

 ਨਵਾਂਸ਼ਹਿਰ, 3 ਦਸੰਬਰ, 2021: ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ ਸਵੱਛ ਸਰਵੇਖਣ ਗ੍ਰਾਮੀਣ-2021 ਮਿਤੀ 10 ਦਸੰਬਰ, 2021 ਤੋਂ 10 ਜਨਵਰੀ, 2022 ਤੱਕ ਕੀਤਾ ਜਾਵੇਗਾ।
 ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਜਲ ਅਤੇ ਸਵੱਛਤਾ ਮਿਸ਼ਨ ਨੂੰ ਲਾਗੂ ਕਰਨ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੱਛ ਸਰਵੇਖਣ ਗ੍ਰਾਮੀਣ 2021 ਭਾਰਤ ਭਰ ਦੇ ਸਾਰੇ ਜ਼ਿਲ੍ਹਿਆਂ ਅਤੇ ਰਾਜਾਂ ਦੀ ਸਫ਼ਾਈ ਤੇ ਹੋਰ ਮਾਪਦੰਡਾਂ ਦੇ ਅਧਾਰ 'ਤੇ ਦਰਜਾਬੰਦੀ ਕਰਨ ਲਈ ਇੱਕ ਸੁਤੰਤਰ ਸਰਵੇਖਣ ਏਜੰਸੀ ਦੁਆਰਾ ਕਰਵਾਇਆ ਜਾਵੇਗਾ।
 ਉਨ੍ਹਾਂ ਕਿਹਾ ਕਿ ਸਰਵੇਖਣ ਏਜੰਸੀ ਪਲਾਸਟਿਕ ਵੇਸਟ ਪ੍ਰਬੰਧਨ, ਤਰਲ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਆਦਿ ਸਫਾਈ ਅਤੇ ਸਵੱਛਤਾ ਮਾਪਦੰਡਾਂ ਦਾ ਮੁਲਾਂਕਣ ਕਰੇਗੀ। ਇਸ ਤੋਂ ਇਲਾਵਾ ਏਜੰਸੀ ਪੇਂਡੂ ਖੇਤਰਾਂ ਵਿੱਚ ਖੁੱਲੇ ਵਿੱਚ ਸ਼ੌਚ ਮੁਕਤ ਪਲੱਸ (ਓ ਡੀ ਪਲੱਸ) ਸਥਿਤੀ ਦੀ ਵੀ ਦੇਖਭਾਲ ਕਰੇਗੀ।
 ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਨਿੱਜੀ ਤੌਰ 'ਤੇ ਪ੍ਰੇਰਿਤ ਕਰਕੇ ਪਿੰਡਾਂ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਖੁੱਲ੍ਹੇ ਵਿੱਚ ਸ਼ੌਚ ਮੁਕਤ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ।  ਉਨ੍ਹਾਂ ਲੋਕਾਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਤਰੀਕਿਆਂ ਰਾਹੀਂ ਜਨਤਕ ਘੋਸ਼ਣਾ ਕਰਨ ਲਈ ਵੀ ਕਿਹਾ ਤਾਂ ਜੋ ਜ਼ਿਲ੍ਹੇ ਦੇ ਪਿੰਡਾਂ ਨੂੰ ਸਰਵੇਖਣ ਵਿੱਚ ਚੰਗੀ ਰੈਂਕਿੰਗ ਮਿਲ ਸਕੇ।
 ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸੁਫ਼ਨਾ ਹੈ ਕਿ ਸੂਬੇ ਨੂੰ ਸਾਫ਼ ਸੁਥਰਾ ਅਤੇ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਚੰਗੇ ਕਾਰਜ ਲਈ ਕੋਈ ਕਸਰ ਬਾਕੀ ਨਾ ਛੱਡਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਦੀਪ ਸਿੰਘ ਬੈਂਸ, ਦਿਹਾਤੀ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਐਸ.ਡੀ.ਓਜ਼ ਮਨਜੀਤ ਸਿੰਘ ਅਤੇ ਹਰਦੀਪ ਸਿੰਘ , ਪੇਂਡੂ ਵਿਕਾਸ ਤੇ ਪੰਚਾਇਤ, ਸਿਹਤ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।