-ਸੋਨਾਲੀਕਾ ਨੇ ਪੌਦਿਆਂ ਦੀ ਸੁਰੱਖਿਆ ਲਈ 100 ਟ੍ਰੀ ਗਾਰਡ ਵੀ ਕਰਵਾਏ ਉਪਲਬੱਧ
ਹੁਸ਼ਿਆਰਪੁਰ, 3 ਅਗਸਤ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਦੇ ਰੇਲਵੇ ਮੰਡੀ ਗਰਾਉਂਡ ਵਿਖੇ ਪੌਦੇ ਲਗਾਉਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ। ਇਸ ਦੌਰਾਨ ਸੋਨਾਲੀਕਾ ਵਲੋਂ ਪੌਦਿਆਂ ਦੀ ਸੁਰੱਖਿਆ ਲਈ 100 ਟ੍ਰੀ ਗਾਰਡ ਵੀ ਉਪਲਬੱਧ ਕਰਵਾਏ ਗਏ।
ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਵਿਕਾਸ ਵਿਚ ਸੋਨਾਲੀਕਾ ਉਦਯੋਗ ਦਾ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਦੇ ਨਾਲ-ਨਾਲ ਸੋਨਾਲੀਕਾ ਉਦਯੋਗ ਸ਼ਹਿਰਵਾਸੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਵੀ ਮੋਹਰੀ ਰਿਹਾ ਹੈ। ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਸੋਨਾਲੀਕਾ ਗਰੁੱਪ ਦਾ ਯੋਗਦਾਨ ਕੇਵਲ ਉਦਯੋਗਿਕ ਖੇਤਰ ਵਿਚ ਹੀ ਨਹੀਂ, ਬਲਕਿ ਸਮਾਜਿਕ ਅਤੇ ਵਾਤਾਵਰਣ ਦੀਆਂ ਗਤੀਵਿਧੀਆਂ ਵਿਚ ਵੀ ਜ਼ਿਕਰਯੋਗ ਰਿਹਾ ਹੈ।
ਕੈਬਨਿਟ ਮੰਤਰੀ ਨੇ ਇਸ ਮੌਕੇ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਪੰਜਾਬ ਅਤੇ ਸੋਨਾਲੀਕਾ ਉਦਯੋਗ ਦੇ ਵਾਈਸ ਚੇਅਰਮੈਨ (ਕੈਬਨਿਟ ਮੰਤਰੀ ਦਰਜਾ) ਅੰਮ੍ਰਿਤ ਸਾਗਰ ਮਿੱਤਲ ਦੇ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਪੰਜਾਬ ਦੀ ਅਰਥਵਿਵਸਥਾ ਵਿਚ ਸੋਨਾਲੀਕਾ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਉਦਯੋਗ ਨੇ ਰਾਜ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮਿੱਤਲ ਪਰਿਵਾਰ ਸਦਾ ਸਮਾਜ ਸੇਵਾ ਵਿਚ ਮੋਹਰੀ ਰਿਹਾ ਹੈ ਅਤੇ ਉਨ੍ਹਾਂ ਦੇ ਯਤਨਾਂ ਕਾਰਨ ਹੁਸ਼ਿਆਰਪੁਰ ਸ਼ਹਿਰ ਨੂੰ ਇਕ ਨਵੀਂ ਪਹਿਚਾਣ ਮਿਲੀ ਹੈ।
ਸ਼੍ਰੀ ਜਿੰਪਾ ਨੇ ਪੌਦੇ ਲਗਾਉਣ ਦੇ ਪ੍ਰੋਗਰਾਮ ਦੇ ਮਹੱਤਵ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਵਾਤਾਵਰਣ ਸੰਭਾਲ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਉਨ੍ਹਾ ਕਿਹਾ ਕ ਪੌਦੇ ਕੇਵਲ ਸਾਡੇ ਵਾਤਾਵਰਣ ਨੂੰ ਸਵੱਛ ਰੱਖਣ ਲਈ ਹੀ ਨਹੀਂ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਕ ਸਿਹਤਮੰਦ ਵਾਤਾਵਰਣ ਯਕੀਨੀ ਕਰਨ ਲਈ ਜ਼ਰੂਰੀ ਹੈ। ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ, ਤਾਂ ਜੋ ਸਾਡਾ ਸ਼ਹਿਰ ਹਰਿਆਲੀ ਨਾਲ ਭਰਪੂਰ ਹੋ ਸਕੇ।
ਸੋਨਾਲੀਕਾ ਤੋਂ ਅਤੁਲ ਸ਼ਰਮਾ ਨੇ ਇਸ ਮੌਕੇ ਕੈਬਨਿਟ ਮੰਤਰੀ ਅਤੇ ਹੋਰ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੋਨਾਲੀਕਾ ਗਰੁੱਪ ਹਮੇਸ਼ਾ ਤੋਂ ਸਮਾਜ ਦੀ ਭਲਾਈ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਵਚਨਬੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣਗੇ।
ਇਸ ਮੌਕੇ ਰੇਲਵੇ ਮੰਡੀ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਜਗਵਿੰਦਰ ਸਿੰਘ ਰਾਮਗੜ੍ਹ੍, ਜਨਰਲ ਸਕੱਤਰ ਸਤੀਸ਼ ਰਾਣਾ, ਕਮਲਜੀਤ ਸਿੰਘ, ਇੰਜੀਨੀਅਰ ਸੁਲਖਨ ਪਾਲ, ਇੰਜੀਨੀਅਰ ਸੁਰਿੰਦਰ ਕੁਮਾਰ, ਠਾਕੁਰ ਮੀਰ ਸਿੰਘ, ਸੁਖਵਿੰਦਰ ਰਾਜੂ, ਰਾਜਿੰਦਰ ਸਿੰਘ ਜਿੰਦੀ, ਰਾਜੇਸ਼ ਸੈਣੀ, ਕੁਲਵਿੰਦਰ ਠਾਕੁਰ, ਜਸਪਾਲ ਸਿੰਘ, ਅਸ਼ਵਨੀ ਦੱਤਾ ਵੀ ਮੌਜੂਦ ਸਨ।