ਹਾਈ ਕੋਰਟ ਦੇ ਨਿਯਮਾਂ ਅਨੁਸਾਰ ਹੀ ਸਕੂਲ ਵਿਦਿਆਰਥੀਆਂ ਤੋਂ ਫੀਸਾਂ ਲਈਆਂ ਜਾਣਗੀਆਂ : ਸ. ਹਰਦੇਵ ਸਿੰਘ ਕਾਹਮਾ

ਹਾਈ ਕੋਰਟ ਦੇ ਨਿਯਮਾਂ ਅਨੁਸਾਰ ਹੀ ਸਕੂਲ ਵਿਦਿਆਰਥੀਆਂ ਤੋਂ ਫੀਸਾਂ ਲਈਆਂ ਜਾਣਗੀਆਂ :  ਸ. ਹਰਦੇਵ ਸਿੰਘ ਕਾਹਮਾ
ਬੰਗਾ : 3 ਅਗਸਤ :-
ਪੇਂਡੂ ਇਲਾਕੇ ਵਿਚ 1987 ਵਿਚ ਸਥਾਪਿਤ ਅਤੇ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵੱਲੋਂ ਇਸ ਸਾਲ ਮਾਣਯੋਗ ਹਾਈ ਕੋਰਟ ਵੱਲੋ ਜਾਰੀ ਨਿਯਮਾਂ ਅਨੁਸਾਰ ਹੀ ਸਕੂਲ ਦੇ ਵਿਦਿਆਰਥੀਆਂ ਕੋਲੋ ਫੀਸਾਂ ਲਈਆਂ ਜਾਣਗੀਆਂ । ਇਹ ਜਾਣਕਾਰੀ ਅੱਜ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਦਾਨ ਕੀਤੀ । ਸ. ਕਾਹਮਾ ਨੇ ਕਿਹਾ ਕਰੋਨਾ ਵਾਇਰਸ ਮਹਾਂਮਾਰੀ ਕਰਕੇ ਸਰਕਾਰ ਵੱਲੋ ਲਗਾਏ ਲਾਕਡਾਊਨ ਦੇ ਸਮੇਂ ਤੋਂ ਹੀ ਸਕੂਲ ਦੇ ਵਿਦਿਆਰਥੀਆਂ ਨੂੰ ਆਨ-ਲਾਈਨ ਸਿਸਟਿਮ ਦੇ ਮਾਧਿਅਮ ਰਾਹੀ  ਪੜ੍ਹਾਈ ਕਰਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਤ ਹੋ ਸਕੇ । ਜਿਸ ਲਈ ਪਿਛਲੇ ਚਾਰ ਮਹੀਨੇ ਤੋਂ ਸਕੂਲ ਦੇ ਅਧਿਆਪਕ ਅਤੇ ਹੋਰ ਸਟਾਫ਼, ਵਿਦਿਆਰਥੀਆਂ ਨੂੰ ਆਨ-ਲਾਈਨ ਪੜ੍ਹਾਈ ਕਰਵਾਉਣ ਲਈ ਸਖਤ ਮਿਹਨਤ ਕਰ ਰਹੇ ਹਨ । ਸ. ਕਾਹਮਾ ਨੇ ਦੱਸਿਆ ਇਹ ਸਕੂਲ ਸੀ ਬੀ ਐਸ ਸੀ ਬੋਰਡ ਦਿੱਲੀ ਤੋਂ ਐਫੀਲੇਟਿਡ ਹੈ ਅਤੇ ਇਲਾਕੇ ਵਿਚ ਪਿਛਲੇ 33 ਸਾਲਾਂ ਤੋਂ ਵਧੀਆ ਪੜ੍ਹਾਈ ਕਰਵਾਉਣ  ਲਈ ਜਾਣਿਆ ਜਾਂਦਾ ਹੈ । ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਚ ਵੱਡੇ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਘੱਟ ਫੀਸਾਂ ਲਈਆਂ ਜਾਂਦੀਆਂ ਹਨ ਅਤੇ ਸਭ ਤੋਂ ਵਧੀਆ ਪੜ੍ਹਾਈ ਵਿਦਿਆਰਥੀਆਂ ਨੂੰ ਕਰਵਾਈ ਜਾਂਦੀ ਹੈ। ਸਕੂਲ ਵਿਚ ਪੜ੍ਹਨ ਵਾਲੇ  ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਕੂਲ ਫੀਸਾਂ ਵਿਚ ਵੱਡੀਆਂ ਰਿਆਇਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ।
 ਉਹਨਾਂ ਦੱਸਿਆ ਕਿ ਸਕੂਲ ਵਿਚ ਪੜ੍ਹੇ-ਲਿਖੇ ਵਧੀਆ ਅਧਿਆਪਕ ਵੱਡੀ ਗਿਣਤੀ ਵਿਚ ਕੰਮ ਕਰ ਰਹੇ ਹਨ। ਸਕੂਲ ਵਿਚ ਵਿਦਿਆਰਥੀਆਂ ਨੂੰ ਘਰ ਤੋਂ ਲਿਆਉਣ ਅਤੇ ਵਾਪਸ ਘਰ ਛੱਡਣ ਲਈ ਦੋ ਦਰਜਨ ਤੋਂ ਵੱਧ ਬੱਸਾਂ ਦਾ ਫਲੀਟ ਹੈ। ਜਿਸ ਤੇ ਵੱਡੀ ਗਿਣਤੀ ਵਿਚ ਡਰਾਈਵਰ ਅਤੇ ਕੰਡਕਟਰ ਨੌਕਰੀ ਕਰਕੇ ਆਪਣੇ ਪਰਿਵਾਰ ਪਾਲ ਰਹੇ ਹਨ।  ਸ. ਕਾਹਮਾ ਨੇ ਕਿਹਾ ਕਿ ਸਕੂਲ ਅਧਿਆਪਕ ਵਿਦਿਆਰਥੀਆਂ ਦੇ ਦੂਜੇ ਮਾਪੇ ਹੁੰਦੇ ਹਨ, ਜਿੱਥੋਂ ਵਿਦਿਆਰਥੀ ਸਕੂਲੀ ਵਿਦਿਆ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਵੀ ਸਿੱਖਦੇ ਹਨ । ਸਕੂਲ ਨੂੰ ਬਲੁੰਦੀਆਂ ਤੇ ਲਿਜਾਣ ਅਤੇ ਵਿਦਿਆਰਥੀਆਂ ਦਾ ਭਵਿੱਖ ਸੁਨਿਹਰੀ ਬਣਾਉਣ ਲਈ ਵਿਦੇਸ਼ਾਂ ਦੇ ਸਕੂਲਾਂ ਨਾਲ ਵਿਦਿਅਕ ਸਮਝੌਤੇ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਬੱਚਿਆਂ ਦਾ ਵਧੀਆ ਭੱਵਿਖ ਬਣਾਉਣ ਲਈ ਸਕੂਲ ਅਧਿਆਪਕ, ਸਹਾਇਕ ਸਟਾਫ਼, ਡਰਾਈਵਰ, ਕੰਡਕਟਰ ਆਦਿ ਵੀ ਆਪਣੇ ਇਲਾਕੇ ਦੇ ਹੀ ਵਾਸੀ ਹਨ ਜੋ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੀ ਸੇਵਾ ਵਿਚ ਜੁਟੇ ਹੋਏ ਹਨ । ਸ. ਕਾਹਮਾ ਨੇ ਕਿਹਾ ਕਿ ਇਸ ਸਾਲ ਸਕੂਲ ਵੱਲੋ ਕੋਈ ਵੀ ਫੀਸ ਨਹੀਂ ਵਧਾਈ ਗਈ ਅਤੇ ਇਹ ਫੀਸਾਂ ਵੀ ਮਾਣਯੋਗ ਹਾਈਕੋਰਟ ਵੱਲੋਂ ਜਾਰੀ ਨਿਯਮਾਂ ਅਨੁਸਾਰ ਟਿਊਸ਼ਨ ਫੀਸ 100%, ਸਲਾਨਾ ਫੰਡ 70% ਅਤੇ ਟਰਾਂਸਪੋਰਟ ਫੀਸ 50% ਹੀ ਲਈ ਜਾਵੇਗੀ। ਇਸ ਮੌਕੇ ਸ. ਕਾਹਮਾ ਨੇ ਫੀਸਾਂ ਜਮ੍ਹਾਂ ਕਰਵਾਉਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਦਾ ਹਾਰਦਿਕ ਧੰਨਵਾਦ ਕੀਤਾ ਅਤੇ  ਬਾਕੀ ਵਿਦਿਆਰਥੀਆਂ ਦੇ ਮਾਪਿਆਂ ਵੀ 10 ਅਗਸਤ 2020 ਤੱਕ ਆਪਣੇ ਬੱਚਿਆਂ ਦੀ ਸਕੂਲ ਫੀਸ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ।  ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਸ. ਹਰਦੇਵ ਸਿੰਘ ਕਾਹਮਾ, ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ