ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤਪੁਰ ਦੀ ਵਿਦਿਆਰਥਣ ਨੇ ਮੁਹਾਲੀ ਬੋਰਡ ਦੀ ਮੈਰਿਟ ਵਿੱਚ ਬਾਜ਼ੀ ਮਾਰੀ

ਨਵਾਂਸ਼ਹਿਰ 4 ਜੁਲਾਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀ ਐਲਾਨੀ ਗਈ ਮੈਰਿਟ ਲਿਸਟ   ਵਿਚ ਬੱਬਰ ਕਰਮ ਸਿੰਘ  ਯਾਦਗਾਰੀ ਸਕੂਲ ਦੌਲਤ ਪੁਰ ਦੀ ਵਿਦਿਆਰਥਣ ਗੁਰਲੀਨ ਕੌਰ  ਨੇ 650 ਵਿੱਚੋਂ 632(97.23) ਅੰਕ ਪ੍ਰਾਪਤ ਕਰ ਕੇ ਬੋਰਡ ਦੀ ਮੈਰਿਟ ਸੂਚੀ ਰੈਂਕ 12 ਜ਼ਿਲ੍ਹਾ  ਸ਼ਹੀਦ ਭਗਤ ਸਿੰਘ ਨਗਰ  ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ।  ਜਿਸ ਨਾਲ ਸਮੁੱਚੇ ਸਕੂਲ ਦੇ ਸਟਾਫ਼ ਪ੍ਰਬੰਧਕਾਂ ਅਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਟਰੱਸਟ ਦੇ ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ ਵੱਲੋਂ ਵਿਦਿਆਰਥਣ ਦੀ ਹੌਂਸਲਾ ਅਫਜ਼ਾਈ ਕਰਦਿਆਂ ਇਸ ਪ੍ਰਾਪਤੀ ਦਾ ਸਿਹਰਾ ਅਣਥੱਕ ਅਧਿਆਪਕਾਂ ਦੇ ਸਿਰ ਬੰਨ੍ਹਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਪੇਸ਼ ਕੀਤੀ। ਸਕੂਲ ਵੱਲੋਂ ਬੱਚੀ  ਨੂੰ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ ਇਸ ਮੌਕੇ ਸਕੂਲ ਦੇ ਡਾਇਰੈਕਟਰ ਕਿਰਪਾਲ ਸਿੰਘ, ਪ੍ਰਿੰਸੀਪਲ ਸੁਖਵੀਰ ਸਿੰਘ, ਵਾਇਸ ਪ੍ਰਿੰਸੀਪਲ ਜਸਕੀਰਤ ਕੌਰ,ਬੱਚੀ ਦੇ ਪਿਤਾ ਠੇਕੇਦਾਰ ਸੰਤੋਖ ਸਿੰਘ ਮਾਤਾ ਗੁਰਦੀਪ ਕੌਰ  ਅਤੇ ਸਟਾਫ਼ ਹਾਜ਼ਰ ਸੀ ।

ਸਰਕਾਰੀ ਸਕੂਲ ਲੰਗੜੋਆ ਦਾ ਅੱਠਵੀਂ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

 ਨਵਾਂਸ਼ਹਿਰ 4 ਜੁਲਾਈ : ਸਸਸਸ ਲੰਗੜੋਆ ਦਾ ਅੱਠਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ।ਜਿਸ ਵਿਚ ਦੋਵਾਂ ਜਮਾਤਾਂ ਵਿੱਚ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ।ਅੱਠਵੀਂ ਜਮਾਤ ਦੀ ਵਿਦਿਆਰਥਣ ਪਲਕ ਪੁੱਤਰੀ ਰਾਮ ਚੰਦਰ ਨੇ 600 ਵਿੱਚੋਂ 556 ਅੰਕ ਪ੍ਰਾਪਤ ਕਰ ਕੇ ਪਹਿਲਾਂ ਸਥਾਨ ਤੇ ਤਨਵੀਰ ਕੌਰ ਪੁੱਤਰੀ ਇੰਦਰਜੀਤ ਸਿੰਘ ਨੇ 545/600 ਅੰਕਾਂ ਨਾਲ ਦੂਸਰਾ ਤੇ ਸ਼ਾਜ਼ੀਆ ਪੁੱਤਰੀ ਰਤਨ ਰਾਏ ਨੇ 600 ਵਿੱਚੋਂ 540 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਵਿਚ ਆਰਟਸ ਗਰੁੱਪ ਵਿਚ ਰਮਨਦੀਪ ਕਜਲੇ ਨੇ 91.8% ਅੰਕਾਂ ਨਾਲ ਪਹਿਲਾਂ, ਸੁਸ਼ਮਿਤਾ ਟੋਪਨੋ ਨੇ 88.4 % ਅੰਕਾਂ ਨਾਲ ਦੂਜਾ ਅਤੇ ਵਿਦਿਆਰਥਣ ਖੁਸ਼ੀ ਨੇ 87%ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਾਇੰਸ ਗਰੁੱਪ ਵਿਚ ਅੰਸਿਕਾ ਰੱਤ ਨੇ 93.4 % , ਗੁਰਪ੍ਰੀਤ ਕੌਰ ਨੇ 91.8% ਨਾਲ ਦੂਸਰਾ ਤੇ ਹਿਮਾਂਸ਼ੀ ਬਡਵਾਲ ਨੇ 91.6% ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾਕਟਰ ਸੁਰਿੰਦਰਪਾਲ ਅਗਨੀਹੋਤਰੀ ਤੇ ਸਮੂਹ ਸਟਾਫ਼ ਵੱਲੋਂ ਬੱਚਿਆਂ ਨੂੰ ਵਧੀਆ ਕਾਰਗੁਜ਼ਾਰੀ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਮੈਡਮ ਗੁਨੀਤ ਵੱਲੋਂ ਬੱਚਿਆਂ ਨੂੰ ਤੇ ਉਨ੍ਹਾਂ ਦੇ ਮਾਪਿਆਂ ਨੂੰ ਚੰਗੇ ਨਤੀਜੇ ਆਉਣ ਲਈ ਵਧਾਈ ਦਿੱਤੀ।

ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਲਈ ਵਚਨਬੱਧ-ਹਰਭਜਨ ਸਿੰਘ ਈ ਟੀ ਓ

ਪਾਵਰਕਾਮ ਦੇ ਨਵਾਂਸ਼ਹਿਰ ਸਰਕਲ ਦਫ਼ਤਰ ਦੀ ਅਚਨਚੇਤ ਚੈਕਿੰਗ

ਨਵਾਂਸ਼ਹਿਰ, 4 ਜੁਲਾਈ :- ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ, ਹਰਭਜਨ ਸਿੰਘ ਈ ਟੀ ਓ ਨੇ ਅੱਜ ਇੱਥੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਘਰੇਲੂ ਖਪਤਕਾਰਾਂ ਦੇ 300 ਯੂਨਿਟ ਬਿਜਲੀ ਮੁਆਫ਼ ਕਰਨ ਦਾ ਫ਼ੈਸਲਾ ਲੋਕਾਂ ਪ੍ਰਤੀ ਸਰਕਾਰ ਦੀ ਸੁਹਿਰਦਤਾ ਅਤੇ ਵਚਨਬੱਧਤਾ ਦੀ ਸਭ ਤੋਂ ਵੱਡੀ ਮਿਸਾਲ ਹੈ।
ਉਹ ਅੱਜ ਚੰਡੀਗੜ੍ਹ ਜਾਂਦੇ ਹੋਏ ਨਵਾਂਸ਼ਹਿਰ ਦੇ ਸਰਕਲ ਦਫ਼ਤਰ ਦੀ ਅਚਨਚੇਤ ਚੈਕਿੰਗ ਮੌਕੇ ਇੱਥੇ ਰੁਕੇ ਸਨ। ਉਨ੍ਹਾਂ ਇਸ ਮੌਕੇ ਦਫ਼ਤਰ ਵਿੱਚ ਮੌਜੂਦ ਸਟਾਫ਼ ਦੀ ਹਾਜ਼ਰੀ ਦੀ ਪੜਤਾਲ ਵੀ ਕੀਤੀ। ਉਨ੍ਹਾਂ ਆਖਿਆ ਕਿ ਲੰਚ ਸਮੇਂ ਦੌਰਾਨ ਸਟਾਫ਼ ਦਫ਼ਤਰ ਦਾ ਚੌਗਿਰਦਾ ਨਾ ਛੱਡਣ ਅਤੇ ਦਫ਼ਤਰ ਵਿੱਚ ਸਮੇਂ ਦੀ ਪਾਬੰਦਗੀ ਦਾ ਖਿਆਲ ਰੱਖਣ। ਉਨ੍ਹਾਂ ਇਸ ਮੌਕੇ ਦਫ਼ਤਰੀ ਕੰਮ ਕਾਜ਼ ਦੀ ਕਰਮਚਾਰੀਆਂ ਵਿਚਕਾਰ ਵੰਡ ਦਾ ਵੀ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੀ ਤਨਦੇਹੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲ ਹੀ ਵਿੱਚ ਪੇਸ਼ ਕੀਤੇ ਗਏ ਬਜਟ ਦੌਰਾਨ ਕੋਈ ਨਵਾਂ ਟੈਕਸ ਨਾ ਲਾਇਆ ਜਾਣਾ ਸਰਕਾਰ ਦੀ ਲੋਕਾਂ ਪ੍ਰਤੀ ਸੰਜੀਦਗੀ ਦਾ ਸਭ ਤੋਂ ਵੱਡਾ ਪ੍ਰਮਾਣ ਹੈ।
ਉਨ੍ਹਾਂ ਆਖਿਆ ਕਿ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਖਰਾ ਉਤਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਪੰਜਾਬ ਨੂੰ ਮੁੜ ਤੋਂ 'ਰੰਗਲਾ ਪੰਜਾਬ' ਬਣਾਉਣ ਵੱਲ ਵਧ ਰਹੀ ਹੈ।
ਉਨ੍ਹਾਂ ਕਿਹਾ ਕਿ ਤਕਨੀਕੀ ਸਿਖਿਆ ਬਜਟ ਵਿੱਚ 48 ਫ਼ੀਸਦੀ ਵਾਧਾ, ਮੈਡੀਕਲ ਸਿਖਿਆ ਬਜਟ ਵਿੱਚ 57 ਫ਼ੀਸਦੀ ਵਾਧਾ, ਖੇਡਾਂ ਤੇ ਯੁਵਕ ਸੇਵਾਵਾਂ ਬਜਟ ਵਿੱਚ 52 ਫ਼ੀਸਦੀ ਵਾਧਾ, 100 ਸਰਕਾਰੀ ਸਕੂਲਾਂ ਦੀ ਪਹਿਲੇ ਪੜਾਅ ਵਿੱਚ 'ਸਕੂਲ ਆਫ਼ ਐਮੀਨੈਂਸ' ਵਜੋਂ ਚੋਣ, 16 ਨਵੇਂ ਮੈਡੀਕਲ ਕਾਲਜ, 117 ਮੁਹੱਲਾ ਕਲੀਨਿਕ, ਸਿਹਤ ਬਜਟ ਵਿੱਚ 24 ਫ਼ੀਸਦੀ ਦਾ ਵਾਧਾ, ਕਿਸਾਨ ਪੱਖੀ ਸਕੀਮਾਂ ਲਈ 11560 ਕਰੋੜ ਰੁਪਏ, ਰੋਜ਼ਗਾਰ ਵਧਾਉਣ ਲਈ ਬਜਟ ਵਿੱਚ 32 ਫ਼ੀਸਦੀ ਵਾਧਾ, ਉਦਯੋਗ ਤੇ ਵਪਾਰ ਬਜਟ ਵਿੱਚ 48 ਫ਼ੀਸਦੀ ਵਾਧਾ, ਸਰਹੱਦ 'ਤੇ ਸੈਨਿਕਾਂ ਦੇ ਸ਼ਹੀਦ ਹੋਣ 'ਤੇ ਪਰਿਵਾਰ ਨੂੰ ਇੱਕ ਕਰੋੜ ਦੀ ਐਕਸ-ਗ੍ਰੇਸ਼ੀਆ, ਕਾਨੂੰਨ ਤੇ ਵਿਵਸਥਾ 'ਚ ਸੁਧਾਰ ਲਈ 9449 ਕਰੋੜ ਅਤੇ 45 ਨਵੇਂ ਆਧੁਨਿਕ ਬੱਸ ਅੱਡਿਆਂ ਦੀ ਉਸਾਰੀ ਦਾ ਐਲਾਨ ਜਿਹੇ ਫੈਸਲੇ ਪਹਿਲੇ ਬਜਟ 'ਚ ਹੀ ਲੈਣਾ, ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬੇ ਦੇ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਵਾਤਾਵਾਰਣ ਦੀ ਸਾਂਭ-ਸੰਭਾਲ ਲਈ ਹਰਿਆ-ਭਰਿਆ ਚੌਗਿਰਦਾ ਮੁਹੱਈਆ ਕਰਵਾਉਣ ਲਈ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ 60000 ਬੂਟੇ ਲਾਉਣ ਦੀ ਯੋਜਨਾ ਵੀ ਇਸੇ ਬਜਟ ਸੈਸ਼ਨ ਵਿੱਚ ਮੁੱਖ ਮੰਤਰੀ ਵੱਲੋਂ ਐਲਾਨੀ ਗਈ ਹੈ।
ਉੁਨ੍ਹਾਂ ਕਿਹਾ ਕਿ ਉਹ ਰਾਜ ਵਿੱਚ ਬਿਜਲੀ ਢਾਂਚੇ ਨੂੰ ਮਜ਼ਬੂਤ ਕਰਨ, ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਆਪਣੇ ਦੂਸਰੇ ਮਹਿਕਮੇ ਲੋਕ ਨਿਰਮਾਣ ਵਿਭਾਗ ਰਾਹੀਂ ਲੋਕਾਂ ਨਾਲ ਸਬੰਧਤ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਪੂਰੇ ਜ਼ੋਰ ਨਾਲ ਕੰਮ ਕਰ ਰਹੇ ਹਨ।

Document from ARRS Sandhu

White_Paper_Punjabi.pdf 

ਪੰਜਾਬੀ ਭਾਸ਼ਾ ਦੇ ਸਭ ਤੋਂ ਵੱਡੇ ਦੁਸ਼ਮਣ

ਪੰਜਾਬੀ ਭਾਸ਼ਾ ਦੇ ਸਭ ਤੋਂ ਵੱਡੇ ਦੁਸ਼ਮਣ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਦੇ ਝੰਡਾ ਅਲੰਬਰਦਾਰ ਕਹਾਉਂਦੇ ਬੁੱਧੀਜੀਵੀ ਹੀ  ਹਨ । ਯੂਨੀਵਰਸਿਟੀਆਂ  ਵਿੱਚ ਪੰਜਾਬੀ ਦੇ ਵਿਭਾਗ ਹਨ । ਪੰਜਾਬੀ ਦੇ ਪ੍ਰੋਫੈਸਰ,  ਸਹਾਇਕ ਪ੍ਰੋਫੈਸਰ  ਹਨ । ਪੰਜਾਬ ਦੇ ਕਾਲਜਾਂ ਵਿਚ ਪੰਜਾਬੀ ਦੇ ਪ੍ਰੋਫੈਸਰ , ਸਹਾਇਕ ਪ੍ਰੋਫੈਸਰ , ਲੈਕਚਰਾਰ ਹਨ ।ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੰਜਾਬੀ ਦੇ ਲੈਕਚਰਾਰ ਗਿਆਰਵੀਂ ਅਤੇ ਬਾਰਵੀਂ ਸ਼੍ਰੇਣੀਆਂ ਨੂੰ ਪੜ੍ਹਾ ਰਹੇ ਹਨ  ।  ਪੰਜਾਬ ਦੇ ਸੀਨੀਅਰ ਸੈਕੰਡਰੀ ,  ਸੈਕੰਡਰੀ ਤੇ ਮਿਡਲ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੇ ਮਾਸਟਰ ਕਾਡਰ ਟੀਚਰ ਤਾਇਨਾਤ ਹਨ । ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ  ਪ੍ਰਾਇਮਰੀ ਟੀਚਰ (ਜੇ .ਬੀ. ਟੀ. , ਈ. ਟੀ .ਟੀ .) ਮੁੱਖ ਰੂਪ ਵਿੱਚ ਪੰਜਾਬੀ ਭਾਸ਼ਾ  ਵਿੱਚ  ਹੀ ਪੜ੍ਹਾਉਂਦੇ ਹਨ । ਪੰਜਾਬੀ ਪੜ੍ਹਾ ਰਹੇ ਇਹਨਾਂ ਅਧਿਆਪਕ  ਬੁੱਧੀਜੀਵੀਆਂ ਦੀ ਗਿਣਤੀ ਹੋਰ ਵਿਸ਼ਿਆਂ ਦੇ ਟੀਚਰਾਂ ਨਾਲੋਂ  ਕਾਫ਼ੀ ਵੱਧ ਹੈ । ਪੰਜਾਬੀ ਭਾਸ਼ਾ ਲਈ ਸਰਕਾਰੀ ਤੌਰ ਉੱਤੇ ਜ਼ਿੰੰਮੇਵਾਰ ਉਪਰੋਕਤ ਬੁੱਧੀਜੀਵੀਆਂ ਦੀ ਗਿਣਤੀ ਚੰਗੀ - ਖਾਸੀ ਦਹਿ ਹਜ਼ਾਰ  ਵਿੱਚ ਹੈ। ਇਹਨਾਂ ਨੂੰ ਪੰਜਾਬੀ ਭਾਸ਼ਾ ਪੜ੍ਹਾਉਣ ਅਤੇ ਇਸ  ਦੇ ਵਿਕਾਸ ਲਈ ਬਹੁਤ ਮੋਟੀਆਂ ਤਨਖ਼ਾਹਾਂ ਭੱਤੇ ਅਤੇ ਹੋਰ ਸਹੂਲਤਾਂ ਮਿਲਦੀਆਂ ਹਨ । ਉਪਰੋਕਤ ਤੋਂ ਇਲਾਵਾ ਰਾਜ ਸਰਕਾਰ ਦਾ ਪੰਜਾਬੀ ਭਾਸ਼ਾ ਵਿਭਾਗ ਵੀ ਹੈ  ਜੋ ਚਿੱਟੇ ਹਾਥੀ ਦਾ ਰੂਪ ਧਾਰਨ ਕਰ ਚੁੱਕਾ ਹੈ । ਇਸ ਵਿਭਾਗ ਦੀਆਂ ਬਰਾਂਚਾਂ ਹਰੇਕ ਜ਼ਿਲ੍ਹੇ ਵਿੱਚ ਹਨ ।  ਇਨ੍ਹਾਂ ਨੂੰ ਚਲਾਉਣ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਸਮੇਤ ਸਟਾਫ ਤਾਇਨਾਤ ਹਨ । ਸਾਰੀਆਂ ਮੁੱਖ ਯੂਨੀਵਰਸਿਟੀਆਂ ਦੇ ਆਪਣੇ - ਆਪਣੇ ਪਬਲੀਕੇਸ਼ਨ ਬਿਊਰੋ ਹਨ । ਭਾਸ਼ਾ ਵਿਭਾਗ ਪੰਜਾਬ ਵੀ  ਕਿਤਾਬਾਂ ਦੀ ਪ੍ਰਕਾਸ਼ਨਾ ਕਰਦਾ ਹੈ । ਯੂਨੀਵਰਸਿਟੀਆਂ ਵਿੱਚ ਆਏ ਸਾਲ ਸੈਂਕੜੇ ਹੀ ਰਿਸਰਚ ਸਕਾਲਰ ਪੰੰਜਾਬੀ ਵਿੱਚ ਪੀ .ਐਚ. ਡੀਆਂ.  ਵੀ  ਕਰਦੇ ਹਨ । ਇਹਨਾਂ ਉੱਤੇ ਵੀ- ਭਾਰੀ ਸਰਕਾਰੀ ਅਤੇ ਗੈਰ ਸਰਕਾਰੀ ਖ਼ਰਚ ਹੁੰਦਾ ਹੈ । ਪੰਜਾਬ ਵਿੱਚ ਪੰਜਾਬੀ ਭਾਸ਼ਾ ਉੱਤੇ ਕਰੋੜਾਂ ਰੁਪਈਆਂ ਦਾ ਖਰਚ ਅਤੇ ਬਹੁਤ ਵੱਡੇ ਪੱਧਰ ਉੱਤੇ ਮਨੁੱਖੀ ਸੰਸਾਧਨ ਵਰਤੇ ਜਾ ਰਹੇ ਹਨ ਤਾਂ ਵੀ ਪੰਜਾਬੀ ਭਾਸ਼ਾ ਦੀ ਇੰੰਨੀ ਬੇਕਦਰੀ ਕਿਉਂ ਹੋ ਰਹੀ ਹੈ ? 
         ਦਰਅਸਲ "ਸਰਕਾਰੀ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ "  ," ਉਲਟੀ ਵਾੜ ਖੇਤ ਨੂੰ ਖਾ ਰਹੀ ਹੈ  । ਸਰਕਾਰੀ ਨੀਤੀਆਂ ਦਾ ਦੋਸ਼ ਦੂਜੇ ਨੰਬਰ ਤੇ ਆਉਂਦਾ ਹੈ। ਪੰਜਾਬੀ ਭਾਸ਼ਾ ਦੀ ਬੇਕਦਰੀ ਲਈ ਪਹਿਲੇ ਨੰਬਰ ਉੱਤੇ ਉਪਰੋਕਤ  ਬੁੱਧੀਜੀਵੀ ਜ਼ਿੰਮੇਵਾਰ ਹਨ ਜੋ  ਪੰਜਾਬੀ ਪੜ੍ਹਾ ਰਹੇ ਹਨ ।  ਉਪਰੋਕਤ ਵੱਖ - ਵੱਖ  ਵਰਗਾਂ ਦੇ  ਬੁੱਧੀਜੀਵੀਆਂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ । ਇਨ੍ਹਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੈ । ਇਹਨਾਂ ਸਾਰੇ ਲੋਕਾਂ ਨੇ ਰਲ.-ਮਿਲ. ਕੇ ਪੰਜਾਬੀ ਭਾਸ਼ਾ ਦੇ  ਪ੍ਰਚਾਰ - ਪ੍ਰਸਾਰ ਵੀ ਕਦੀ ਵੀ ਕੋਈ ਵੀ ਠੋੋਸ  ਗੱਲ ਨਹੀਂ ਕੀਤੀ । ਪ੍ਰੈਕਟੀਕਲ ਉਪਰੋਕਤ ਬੁੱਧੀਜੀਵੀ ਆਪਣੀ ਸਰਕਾਰੀ ਡਿਊਟੀ ਨੂੰ ਰੋਜ਼ੀ - ਰੋਟੀ ਤੋਂ ਵੱਧ ਨਹੀਂ ਸਮਝਦੇ  ਅਤੇ ਇਹ ਪੰਜਾਬੀ ਭਾਸ਼ਾ ਦੇ ਵਿਕਾਸ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹਨ। ਇਹਨਾਂ ਬੁੱਧੀਜੀਵੀਆਂ ਬਹੁਗਿਣਤੀ ਆਪਣੇ ਬੱਚਿਆਂ , ਪੁੱਤਰ-ਧੀਆਂ,  ਪੋਤੇ-ਪੋਤੀਆਂ ਦੋਹਤੇ-ਦੋਹਤੀਆਂ ਨੂੰ ਪੰਜਾਬੀ ਭਾਸ਼ਾ ਨੂੰ ਠੁੱਡ ਮਾਰਕੇ ਅੰਗਰੇਜ਼ੀ ਭਾਸ਼ਾ ਵਿੱਚ ਸਿੱਖਿਆ ਪ੍ਰਾਪਤ ਕਰਵਾਉਣ ਵਿੱਚ ਫ਼ਖ਼ਰ ਮਹਿਸੂਸ ਕਰਦੀ ਹੈ । ਇਸ ਕਰਕੇ ਹੀ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੀਆਂ ਸਾਰੀਆਂ ਲਗਭਗ ਸਾਰੀਆਂ ਸਵੈ - ਸੇਵੀ ਸੰਸਥਾਵਾਂ ਬਹੁਤ ਕਮਜ਼ੋਰ ਹਾਲਤ ਵਿਚ ਹਨ। ਪੰਜਾਬੀ ਭਾਸ਼ਾ ਹੌਲੀ- ਹੌਲੀ ਦਮ ਤੋੜਦੀ ਜਾ ਰਹੀ ਹੈ।

SYL ਜਾਣੀ ਕਿ ਸਤਲੁਜ ਯਮਨਾ ਲਿੰਕ ਨਹਿਰ

SYL ਜਾਣੀ ਕਿ ਸਤਲੁਜ ਯਮਨਾ ਲਿੰਕ ਨਹਿਰ, ਸੰਨ 1966 ਵਿੱਚ ਜਦੋਂ ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ ਹੋਇਆ ਤਾਂ ਹਿਮਾਚਲ ਤੇ ਹਰਿਆਣਾ ਦੋ ਨਵੇਂ ਸੂਬੇ ਹੋਂਦ ਵਿੱਚ ਆਏ । The Reorganisation Act of Punjab has three articles 78,79 and 80 ਅਨੁਸਾਰ ਕੇਂਦਰ ਸਰਕਾਰ ਨੇ ਪੰਜਾਬ ਦੇ ਪਾਣੀਆਂ ਦੇ ਸਾਰੇ ਹੱਕ ਖੋਹ ਲਏ । ਇਨ੍ਹਾਂ 3 ਧਰਾਵਾਂ ਵਿੱਚ ਤੈਅ ਕੀਤਾ ਗਿਆ ਕਿ ਆਰਟੀਕਲ 78 ਅਨੁਸਾਰ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਅਧਿਕਾਰ ਕੇਂਦਰ ਕੋਲ ਰਹੇਗਾ । ਇਸੇ ਤਰ੍ਹਾਂ ਆਰਟੀਕਲ 79 ਅਨੁਸਾਰ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਦੇ ਵਿਕਾਸ ਦਾ ਕਾਰਜ ਵੀ ਕੇਂਦਰ ਸਰਕਾਰ ਖ਼ੁਦ ਸੰਭਾਲੇਗੀ ਅਤੇ ਆਰਟੀਕਲ 80 ਅਨੁਸਾਰ ਪੰਜਾਬ ਦੀਆਂ ਨਦੀਆਂ ਅਤੇ ਸਾਰੇ ਹੈੱਡਵਰਕਸ ਦਾ ਕੰਟਰੋਲ ਕੇਂਦਰ ਸਰਕਾਰ ਦੇ ਸਿੱਧਾ ਹੱਥ ਵਿੱਚ ਹੋਵੇਗਾ । ਉਪਰੋਕਤ ਤਿੰਨੇ ਧਰਾਵਾਂ ਨੂੰ ਲਾਗੂ ਕਰਵਾਉਂਦਿਆਂ ਨਾ ਤਾਂ ਭਾਰਤੀ ਸੰਵਿਧਾਨ ਦੀ ਪ੍ਰਵਾਹ ਕੀਤੀ ਗਈ ਅਤੇ ਨਾ ਹੀ ਰਿਪੇਰੀਅਨ ਕਾਨੂੰਨ ਦੀ । ਭਾਰਤੀ ਸੰਵਿਧਾਨ ਅਤੇ ਰਿਪੇਰੀਅਨ ਕਾਨੂੰਨ ਅਨੁਸਾਰ ਕਿਸੇ ਖਾਸ ਖਿੱਤੇ ਜਿੱਥੋਂ ਕੁਦਰਤੀ ਪਾਣੀ ਲੰਘਦਾ ਹੈ, ਉਸ ਪਾਣੀ ਦੀ ਮਲਕੀਅਤ ਦੇ ਹੱਕਦਾਰ ਉਸ ਸੂਬੇ ਦੇ ਵਾਸੀ ਖੁਦ ਹੁੰਦੇ ਹਨ ।ਪੰਜਾਬ ਦੇ ਪੁਨਰਗਠਨ ਪਿੱਛੋਂ ਹਰਿਆਣਾ ਨੇ ਪੰਜਾਬ ਦੇ 51 ਲੱਖ ਏਕੜ ਫੁੱਟ ਪਾਣੀ 'ਚੋਂ 29 ਲੱਖ ਏਕੜ ਫੁੱਟ ਪਾਣੀ ਦੀ ਮੰਗ ਸ਼ੁਰੂ ਕਰ ਦਿੱਤੀ । 24 ਮਾਰਚ 1976 ਨੂੰ ਇੰਦਰਾ ਗਾਂਧੀ ਨੇ ਹਰਿਆਣਾ ਨੂੰ ਕੁੱਲ 35 ਲੱਖ ਏਕੜ ਫੁੱਟ ਪਾਣੀ ਦੇਣ ਦਾ ਐਲਾਨ ਕਰ ਦਿੱਤਾ । ਸੰਨ 1977 'ਚ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਬਣੀ । SYL ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ, ਪੰਜਾਬੀਆਂ ਵੱਲੋਂ ਇਸ ਗੱਲ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ । ਜਿਸ ਕਰਕੇ ਪੰਜਾਬ ਸਰਕਾਰ ਨੂੰ SYL ਦੇ ਵਿਰੋਧ ਵਿੱਚ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕਰਨ ਲਈ ਮਜਬੂਰ ਹੋਣਾ ਪਿਆ । 31 ਦਸੰਬਰ 1981 ਨੂੰ ਇੰਦਰਾ ਗਾਂਧੀ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਤਿੰਨੇ ਮੁੱਖ ਮੰਤਰੀਆਂ ਨੂੰ ਬੁਲਾ ਕੇ SYL ਦੀ ਮਨਜ਼ੂਰੀ 'ਤੇ ਦਸਤਖਤ ਕਰਵਾ ਲਏ, ਉਸ ਸਮੇਂ ਤਿੰਨਾਂ ਰਾਜਾਂ ਵਿੱਚ ਕਾਂਗਰਸ ਦੀ ਸਰਕਾਰ ਸੀ ।

ਪੰਜਾਬ ਨੂੰ 2 ਸਾਲਾਂ ਵਿਚ SYL ਦੀ ਉਸਾਰੀ ਪੂਰੀ ਕਰਨ ਲਈ ਮਨਾ ਲਿਆ ਗਿਆ ਅਤੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਦੇ ਕਹਿਣ 'ਤੇ ਸੁਪਰੀਮ ਕੋਰਟ ਤੋਂ ਕੇਸ ਵੀ ਵਾਪਸ ਲੈ ਲਿਆ । 8 ਅਪਰੈਲ 1982 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਪੂਰੀ ਵਿਖੇ SYL ਦਾ ਨੀਂਹ ਪੱਥਰ ਰੱਖਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ 9 ਅਪਰੈਲ 1982 ਨੂੰ ਕਪੂਰੀ ਵਿਖੇ SYL ਦੇ ਵਿਰੋਧ ਵਿੱਚ ਮੋਰਚੇ ਦਾ ਐਲਾਨ ਕਰ ਦਿੱਤਾ, ਜਿਸ ਨੂੰ ਇਤਿਹਾਸ ਵਿੱਚ ਕਪੂਰੀ ਦੇ ਮੋਰਚੇ ਨਾਲ ਜਾਣਿਆ ਜਾਂਦਾ ਹੈ । ਅਕਾਲੀ 4 ਅਗਸਤ 1982 ਨੂੰ ਇਹ ਮੋਰਚਾ ਕਪੂਰੀ ਤੋਂ ਬਦਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੇੈ ਆਏ । SYL ਦੇ ਨਾਲ ਹੀ ਪੰਜਾਬ ਦੀਆਂ ਕੁਝ ਹੋਰ ਰਾਜਸੀ ਮੰਗਾਂ ਲਿਖ ਕੇ ਕਪੂਰੀ ਦੇ ਮੋਰਚੇ ਨੂੰ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਤਬਦੀਲ ਕਰ ਲਿਆ ਗਿਆ । ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀਆਂ ਕੇਂਦਰ ਸਰਕਾਰ ਨਾਲ 36 ਮੀਟਿੰਗਾਂ ਹੋਈਆਂ ਜਿਸ ਵਿੱਚ ਅਕਾਲੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਸੰਵਿਧਾਨ ਅਤੇ ਰਿਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਨੂੰ ਉਸਦੇ ਪਾਣੀਆਂ ਦਾ ਹੱਕ ਦਿੱਤਾ ਜਾਵੇ ।

ਕੇਂਦਰ ਸਰਕਾਰ ਨੇ ਕੋਈ ਜਵਾਬ ਨਾ ਦਿੱਤਾ, ਸਗੋਂ ਸਰਕਾਰ ਤਾਂ ਪੰਜਾਬ ਦਾ ਆਰਥਿਕ ਸਰੋਤ ਖਤਮ ਕਰਕੇ, ਪੰਜਾਬ ਦਾ ਲੱਕ ਤੋੜਨਾ ਚਾਹੁੰਦੀ ਸੀ। 1983 ਈ. ਵਿੱਚ ਜਦੋਂ ਹਿੰਦੁਸਤਾਨ 'ਚ ਏਸ਼ੀਅਨ ਖੇਡਾਂ ਹੋਈਆਂ ਤਾਂ ਸਿੱਖਾਂ ਨੇ ਕਾਲੀਆਂ ਪੱਗਾਂ ਬੰਨ੍ਹ ਕੇ ਆਪਣਾ ਵਿਰੋਧ ਪ੍ਰਗਟ ਕਰਨਾ ਚਾਹਿਆ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਕੇਂਦਰ ਸਰਕਾਰ ਪੰਜਾਬ ਅਤੇ ਸਿੱਖਾਂ ਨਾਲ ਧੱਕਾ ਕਰ ਰਹੀ ਹੈ, ਪਰ ਕੇਂਦਰ ਸਰਕਾਰ ਨੇ ਏਸ਼ੀਅਨ ਖੇਡਾਂ ਵਿੱਚ ਸਿੱਖਾਂ ਦੀ entry ban ਕਰ ਦਿੱਤੀ ਅਤੇ ਦਿੱਲੀ ਜਾ ਰਹੇ ਹਰ ਸਿੱਖ ਦੀ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ । ਪੰਜਾਬ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਜ਼ੋਰਦਾਰ ਪੱਧਰ 'ਤੇ ਹੋਣ ਲੱਗੀ, ਜਿਸ ਨੂੰ ਦਬਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ Mission Blue Star ਕੀਤਾ ਗਿਆ । ਜਿਸ ਪਿੱਛੋਂ ਸਿੱਖਾਂ 'ਚ ਉੱਠੇ ਬਦਲੇ ਦੀ ਭਾਵਨਾ ਨੇ ਅੱਗ ਫੜ ਲਈ ਅਤੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ । ਨਵੰਬਰ 1,2 ਅਤੇ 3 ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ । 2 ਨਵੰਬਰ 1984 ਨੂੰ ਹੀ ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਰਾਜਸਥਾਨ ਨਹਿਰ ਦਾ ਨਾਂ ਵੀ ਇੰਦਰਾ ਗਾਂਧੀ ਨਹਿਰ ਰੱਖ ਦਿੱਤਾ ਗਿਆ ।

ਇੰਦਰਾ ਗਾਂਧੀ ਦੇ ਕਤਲ ਪਿੱਛੋਂ ਅਕਾਲੀ ਲੀਡਰਾਂ 'ਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਭੁੱਲ ਜਾਣ ਲਈ ਦਬਾਅ ਬਣਾ ਕੇ ਕੇਂਦਰ ਸਰਕਾਰ ਨੇ ਸੰਨ 1985 ਵਿੱਚ ਰਾਜੀਵ-ਲੌਂਗੋਵਾਲ ਸਮਝੌਤਾ ਕਰਵਾ ਲਿਆ । ਜਿਸ ਵਿੱਚ ਪੰਜਾਬ ਨੂੰ ਚੰਡੀਗੜ੍ਹ ਦੇਣਾ ਮੰਨ ਲਿਆ ਗਿਆ, ਪਰ ਨਾਲ ਇਹ ਵੀ ਕਿਹਾ ਗਿਆ ਕਿ ਪੰਜਾਬ 15 ਅਗਸਤ 1986 ਤੱਕ ਸਤਲੁਜ ਯਮੁਨਾ ਲਿੰਕ ਨਹਿਰ ਦਾ ਕੰਮ ਪੂਰਾ ਕਰਵਾਏ ਰਾਜੀਵ-ਲੌਂਗੋਵਾਲ ਸਮਝੌਤੇ ਅਧੀਨ ਦਰਿਆਈ ਪਾਣੀਆਂ ਦੇ ਮਸਲੇ ਦਾ ਹੱਲ ਕਰਨ ਲਈ ਇੱਕ ਸੀਨੀਅਰ ਜੱਜ ਬਾਲਾ ਕ੍ਰਿਸ਼ਨ ਇਰਾਦੀ ਦੀ ਅਗਵਾਈ ਵਿੱਚ ਇੱਕ ਟ੍ਰਿਬਿਊਨਲ ਬਣਾਇਆ ਗਿਆ । ਪਰ ਇਸ ਟ੍ਰਿਬਿਊਨਲ ਨੇ ਹਰਿਆਣੇ ਨੂੰ 35 ਲੱਖ ਏਕੜ ਫੁੱਟ ਦੀ ਮੰਗ ਤੋਂ ਇਲਾਵਾ 3.08 ਏਕੜ ਫੁੱਟ ਪਾਣੀ ਹੋਰ ਦੇਣ ਦੀ ਗੱਲ ਆਖ ਦਿੱਤੀ। ਰਾਜੀਵ-ਲੌਂਗੋਵਾਲ ਸਮਝੌਤੇ ਦਾ ਪੰਜਾਬੀਆਂ ਵੱਲੋਂ ਵਿਰੋਧ ਹੋਣ ਲੱਗਾ ਅਤੇ ਖਾੜਕੂਆਂ ਨੇ ਸੰਤ ਲੌਂਗੋਵਾਲ ਨੂੰ 20 ਅਗਸਤ 1985 ਨੂੰ ਮਾਰ ਦਿੱਤਾ ਅਤੇ ਚੁੰਨੀ ਕਲਾਂ ਕੋਲ SYL ਨੂੰ ਬੰਬ ਨਾਲ ਉਡਾ ਦਿੱਤਾ ਗਿਆ ।

ਪੰਜਾਬ ਵਿੱਚ ਸੁਰਜੀਤ ਬਰਨਾਲਾ ਦੀ ਅਕਾਲੀ ਸਰਕਾਰ ਨੇ ਫਿਰ ਤੋਂ ਰਾਜੀਵ-ਲੌਂਗੋਵਾਲ ਸਮਝੌਤੇ ਅਧੀਨ ਕੇਂਦਰ ਸਰਕਾਰ ਕੋਲੋਂ ਚੰਡੀਗੜ੍ਹ ਦੀ ਮੰਗ ਕੀਤੀ । ਕੇਂਦਰ ਸਰਕਾਰ SYL ਦੇ ਬਦਲੇ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਮੰਨ ਗਈ । ਪਰ ਬਿਲਕੁਲ ਮੌਕੇ 'ਤੇ ਆਣ ਕੇਂਦਰ ਸਰਕਾਰ ਨੇ ਵਾਅਦਾ ਫਿਰ ਤੋਂ ਤੋੜ ਦਿੱਤਾ । ਸਤਲੁਜ ਯਮੁਨਾ ਲਿੰਕ ਨਹਿਰ ਦਾ ਕੰਮ ਫਿਰ ਤੋਂ ਸ਼ੁਰੂ ਹੋ ਗਿਆ ਤਾਂ 1990 ਵਿੱਚ ਖਾੜਕੂਆਂ ਵੱਲੋਂ ਨਹਿਰ ਦੀ ਉਸਾਰੀ ਕਰ ਰਹੇ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰ ਦਾ ਕਤਲ ਕਰ ਦਿੱਤਾ ਗਿਆ । ਜਿਸ ਕਰਕੇ ਕੇਂਦਰ ਸਰਕਾਰ ਵੱਲੋਂ SYL ਦੀ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ।

ਸੰਨ 2002 ਵਿੱਚ ਸੁਪਰੀਮ ਕੋਰਟ ਦੇ ਦੁਬਾਰਾ ਆਦੇਸ਼ ਆਏ ਕੇ SYL ਨੂੰ ਪੂਰਾ ਕੀਤਾ ਜਾਵੇ ਤਾਂ 12 ਜੁਲਾਈ 2004 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਪਾਣੀਆਂ ਸਬੰਧੀ ਸਾਰੇ ਸਮਝੌਤੇ ਰੱਦ ਕਰਨ ਲਈ ਇਕ ਕਾਨੂੰਨ Punjab Termination of Agreements act ਵਿਧਾਨ ਸਭਾ ਵਿੱਚ ਪੇਸ਼ ਕਰ ਦਿੱਤਾ । ਪਰ ਨਾਲ ਹੀ ਇਹ ਗੱਲ ਵੀ ਮੰਨੀ ਕਿ The Reorganisation Act of Punjab ਦੇ Casual 5 ਅਨੁਸਾਰ ਦੂਜੇ ਸੂਬਿਆਂ ਵਿੱਚ ਜਾਂਦਾ ਪਾਣੀ ਪੰਜਾਬ ਤੋਂ ਉਸੇ ਤਰ੍ਹਾਂ ਹੀ ਮੁਫਤ ਜਾਂਦਾ ਰਹੇਗਾ । ਹਰ ਇੱਕ ਮਿੰਟ ਵਿੱਚ 3 ਕਰੋੜ ਲੀਟਰ ਪਾਣੀ ਪੰਜਾਬ ਤੋਂ ਬਾਹਰ ਜਾਂਦਾ ਹੈ, ਪੰਜਾਬ ਦਾ ਲਗਪਗ 75% ਪਾਣੀ ਕੇਂਦਰ ਸਰਕਾਰ ਨੇ ਪੰਜਾਬ ਤੋਂ ਖੋਹ ਕੇ ਮੁਫ਼ਤ ਵੰਡਿਆ ਹੋਇਆ ਹੈ । ਪੰਜਾਬ ਦੇ ਕੁੱਲ 17.17 MAF (ਮਿਲੀਅਨ ਏਰੀਆ ਫੁੱਟ) ਪਾਣੀ 'ਚੋਂ 8.60 MAF ਰਾਜਸਥਾਨ ਨੂੰ, 3.50 MAF ਹਰਿਆਣੇ ਨੂੰ, 0.65 MAF ਜੰਮੂ ਕਸ਼ਮੀਰ ਨੂੰ ਅਤੇ 0.20 MAF ਪਾਣੀ ਦਿੱਲੀ ਨੂੰ ਮੁਫਤ ਦਿੱਤਾ ਹੋਇਆ ਹੈ, ਜੋ ਕਿ ਭਾਰਤੀ ਸੰਵਿਧਾਨ ਅਤੇ ਰਿਪੇਰੀਅਨ ਕਾਨੂੰਨ ਦੇ ਬਿਲਕੁਲ ਖਿਲਾਫ ਹੈ । ਜੇਕਰ SYL ਦਾ ਨਿਰਮਾਣ ਹੁੰਦਾ ਹੈ ਤਾਂ ਪੰਜਾਬ ਕੋਲ ਸਿਰਫ 0.62 ਮਿਲੀਅਨ ਏਰੀਆ ਫੁੱਟ ਪਾਣੀ ਹੀ ਬਾਕੀ ਬਚਦਾ ਹੈ । ਜਿਸ ਨਾਲ ਖੇਤੀ ਤਾਂ ਕੀ ਪੀਣ ਲਈ ਵੀ ਪਾਣੀ ਨਹੀਂ ਰਹੇਗਾ ਅਤੇ ਪੰਜਾਬ ਜਲਦ ਹੀ ਇੱਕ ਮਾਰੂਥਲ ਦਾ ਰੂਪ ਧਾਰ ਲਵੇ

ਗੁਰਦੁਆਰਾ ਗੁਰਪਲਾਹ ਸਾਹਿਬ ਸੋਤਰਾਂ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ

04 ਜੁਲਾਈ (20 ਹਾੜ੍ਹ,554)
*ਗੁਰਦੁਆਰਾ ਗੁਰਪਲਾਹ ਸਾਹਿਬ ਸੋਤਰਾਂ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ*

*ਗੁਰਦੁਆਰਾ ਗੁਰਪਲਾਹ ਸਾਹਿਬ ਪਿੰਡ ਸੋਤਰਾਂ, ਬੰਗਾ ਸਹਿਰ ਤੋ ਕਰੀਬ 01 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ,* ਇਸ ਪਵਿਤਰ ਅਸਥਾਨ ਨੂੰ  ਛੇਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ। ਗੁਰੂ ਜੀ ਨੇ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਫਤਿਹ ਕਰਕੇ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਜਾਂਦੇ ਹੋਏ ਸੰਨ 1635 ਚ ਇਸ ਅਸਥਾਨ 'ਤੇ ਚਰਨ ਪਾਏ ਸਨ ਅਤੇ ਪਲਾਹ ਦੇ ਦਰਖਤ ਹੇਠ ਅਰਾਮ ਕਰਨ ਲਈ ਰੁਕੇ ਸਨ।

*ਗੁਰਦੁਆਰਾ ਗੁਰਪਲਾਹ ਸਾਹਿਬ* ਦੇ ਅਸਥਾਨ ਦੇ ਮੋਜ਼ੁਦਾ ਗੁਰਦਵਾਰਾ ਸਾਹਿਬ ਦੀ ਉਸਾਰੀ ਬਾਬਾ ਸੇਵਾ ਸਿੰਘ ਜ਼ੀ ਕਾਰ ਸੇਵਾ ਵਾਲਿਆਂ ਨੇ (ਨੌਰਾ ਵਾਲੇ) 1965 ਵਿਚ ਕਰਵਾਈ ਗਈ,ਏਥੇ ਇਕ ਖੁਹ ਵੀ ਹੈ,ਜੋ ਮੰਨਿਆ ਜਾ ਰਿਹਾ ਹੈ ਕਿ ਇਹ ਪਵਿਤਰ ਖੂਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਏਥੇ ਚਰਨ ਪਾਉਣ ਵੇਲੇ ਦਾ ਹੀ ਹੈ।

ਤੇ ਇਸ ਤੋ ਅਗੇ ਗੁਰੂ ਸਾਹਿਬ *ਗੁਰਦਵਾਰਾ ਚਰਨ ਕਵਲ ਸਾਹਿਬ ਦੇ ਅਸਥਾਨ ਤੇ ਬੰਗਾ ਵਿਖੇ ਪਹੁਚੇ।* ਸਾਖੀ ਅਨੁਸਾਰ ਗੁਰਦਵਾਰਾ ਚਰਨ ਕਵਲ ਸਾਹਿਬ ਵਿਖੇ ਗੁਰੂ ਜੀ ਨੇ 21 ਹਾੜ (5 ਜੁਲਾਈ,2022)ਨੂੰ ਜੀਣੇ ਜਿੰਮੀਦਾਰ ਤੋਂ ਔਸਰ ਝੋਟੀਆਂ ਚੁਆ ਕੇ ਦੁੱਧ ਛਕਿਆ।ਜੀਣੇ ਜਿੰਮੀਦਾਰ ਦੇ ਨਾਂ ਤੋਂ ਪਿੰਡ ਦਾ ਨਾਮ ਜੀਂਦੋਵਾਲ ਪਿਆ।

ਗੁਰਦਵਾਰਾ ਚਰਨ ਕਵਲ ਸਾਹਿਬ ਦੇ ਇਸ ਅਸਥਾਨ ਦਾ ਮੁੰਢ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜ਼ੀ ਨੇ ਬੰਨਿਆ।ਗੁਰਦੁਆਰਾ ਚਰਨ ਕਵਲ ਸਾਹਿਬ ਵਿਖੇ ਸ਼ਾਨਦਾਰ ਸਰੋਵਰ ਬਣਿਆ ਹੈ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼ੋ੍ਮਣੀ ਕਮੇਟੀ ਅਧੀਨ ਹੈ।
ਇਸ ਤੋ ਅਗੇ ਗੁਰੂ ਸਾਹਿਬ ਜ਼ੀ ਨੇ (22 ਹਾੜ  6 ਜੁਲਾਈ,2022 ਅਨੁਸਾਰ) ਪਿੰਡ ਦੁਰਗਾਪੁਰ ਨਵਾਂਸ਼ਹਿਰ ਵਿਖੇ ਚਰਨ ਪਾਏ।

ਗੁਰਦਵਾਰਾ ਚਰਨ ਕਵਲ ਸਾਹਿਬ ਜ਼ੀ ਦੀ ਹਦੂਦ ਅੰਦਰ ਗੁਰੂ ਹਰਿਗੋਬਿੰਦ ਸਾਹਿਬ ਸਕੂਲ, ਸਿੱਖ ਨੈਸ਼ਨਲ ਕਾਲਜ ਅਤੇ ਬਾਬਾ ਸੰਗਤ ਸਿੰਘ ਜ਼ੀ ਕਾਲਜ ਚੱਲ ਰਹੇ ਹਨ।

*ਗੁਰਦੁਆਰਾ ਗੁਰਪਲਾਹ ਸਾਹਿਬ ਪਿੰਡ ਸੋਤਰਾਂ,ਬੰਗਾ ਵਿਖੇ ਹਰ ਸਾਲ 20 ਹਾੜ੍ਹ (4 ਜੁਲਾਈ),2022 ਅਨੁਸਾਰ ਨੂੰ ਏਥੇ ਸਮਾਗਮ ਕਰਵਾਇਆ ਜਾਦਾ ਹੈ।*

ਜ਼ਿਲ੍ਹਾ ਪੁਲਿਸ ਦੁਆਰਾ ਆਮ ਪਬਲਿਕ ਨਾਲ ਮਿਲਕੇ ਪਿੰਡ-ਪਿੰਡ ਜਾ ਕੇ ਸੈਮੀਨਾਰ ਅਤੇ ਪ੍ਰਭਾਤ ਫੇਰੀ

ਨਵਾਂਸ਼ਹਿਰ 3 ਜੁਲਾਈ:- ਮਾਨਯੋਗ ਡਾਕਟਰ ਸੰਦੀਪ ਕੁਮਾਰ ਸ਼ਰਮਾ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਵਲੋਂ ਜਿਲ੍ਹਾ ਵਿੱਚ ਇੱਕ ਨਵੇਕਲੀ ਪਹਿਲ ਕਰਦੇ ਹੋਏ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਜ਼ਿਲ੍ਹਾ ਪੁਲਿਸ ਦੁਆਰਾ ਆਮ ਪਬਲਿਕ ਨਾਲ ਮਿਲਕੇ ਪਿੰਡ-ਪਿੰਡ ਜਾ ਕੇ ਸੈਮੀਨਾਰ ਅਤੇ ਪ੍ਰਭਾਤ ਫੇਰੀ ਰਾਂਹੀ ਨਸ਼ਿਆਂ ਦੀ ਦਲਦੱਲ ਵਿੱਚ ਫਸੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ ਇਸ ਦਲਦਲ ਵਿੱਚੋਂ ਨਿਕਲ ਕੇ ਵਧੀਆ ਜਿੰਦਗੀ ਬਤੀਤ ਕਰਨ ਤੇ ਮਾੜੇ ਅਨਸਰਾਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਉਹਨਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਿਸ ਮੁਹਿੰਮ ਦੇ ਤਹਿਤ ਮਿਤੀ 02.07.2022 ਨੂੰ ਸ਼੍ਰੀ ਦਵਿੰਦਰ ਸਿੰਘ ਘੁੰਮਣ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ-ਡਵੀਜਨ ਨਵਾਂਸ਼ਹਿਰ ਦੀ ਅਗਵਾਈ ਹੇਠ ਪਿੰਡ ਗੁੜਾਪੜ ਥਾਣਾ ਅੋੜ ਵਿਖੇ ਸਮੇਤ ਪੁਲਿਸ ਪਾਰਟੀ ਪਿੰਡ ਵਾਸੀਆਂ ਨਾਲ ਮਿਲਕੇ ਪ੍ਰਭਾਤ ਫੇਰੀ ਦੇ ਰੂਪ ਵਿੱਚ ਪੈਦਲ ਮਾਰਚ ਕੀਤਾ ਗਿਆ ਤੇ ਪਿੰਡ ਵਾਸੀਆਂ ਨੂੰ ਨਸ਼ੇ ਫੈਲਾਉਣ ਵਾਲੇ ਮਾੜੇ ਅਨਸਰਾਂ ਤੋਂ ਦੂਰ ਰਹਿਣ ਅਤੇ ਅਜਿਹੇ ਅਨਸਰਾਂ ਦੀ ਸੂਚਨਾ ਦੇਣ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਹਰ ਪੱਖੋਂ ਯਕੀਨੀ ਬਣਾ ਕੇ ਖ਼ੁਸ਼ਹਾਲ ਪੰਜਾਬ ਦੀ ਸਿਰਜਨਾ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸ਼੍ਰੀ ਬਖ਼ਸ਼ੀਸ਼ ਸਿੰਘ, ਮੁੱਖ ਅਫ਼ਸਰ ਥਾਣਾ ਔੜ ਸਮੇਤ ਥਾਣਾ ਦੀ ਫੋਰਸ, ਏ.ਐੱਸ.ਆਈ ਅਜੀਤ ਪਾਲ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਸਮੇਤ ਸਾਂਝ ਕੇਂਦਰ ਦੇ ਕਰਮਚਾਰੀ, ਏ.ਐੱਸ.ਆਈ ਪ੍ਰਵੀਨ ਕੁਮਾਰ,  ਸ਼੍ਰੀ ਕਸ਼ਮੀਰ ਸਿੰਘ ਸਰਪੰਚ, ਸ਼੍ਰੀ ਲਛਮਣ ਦਾਸ, ਸ਼੍ਰੀ ਕਸ਼ਮੀਰੀ ਲਾਲ, ਸ਼੍ਰੀ ਕਸ਼ਮੀਰੀ ਰਾਮ, ਸ਼੍ਰੀ ਜੋਗਾ ਸਿੰਘ, ਸ਼੍ਰੀ ਹਰਬੰਸ ਲਾਲ, ਸ਼੍ਰੀ ਹਰਮੇਸ਼ ਲਾਲ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

ਡੀ.ਈ.ਓ(ਸੈ.ਸਿ) ਕੁਲਵਿੰਦਰ ਸਿੰਘ ਸਰਾਏ ਅਤੇ ਡੀ.ਈ.ਓ (ਐਲੀ) ਹਰਕੰਵਲਜੀਤ ਸਿੰਘ ਨੂੰ ਸੇਵਾ ਮੁਕਤੀ ਤੇ ਕੀਤਾ ਸਨਮਾਨਿਤ

ਡੀ.ਈ.ਓ(ਸੈ.ਸਿ) ਕੁਲਵਿੰਦਰ ਸਿੰਘ ਸਰਾਏ ਅਤੇ ਡੀ.ਈ.ਓ (ਐਲੀ) ਹਰਕੰਵਲਜੀਤ ਸਿੰਘ   ਨੂੰ ਸੇਵਾ ਮੁਕਤੀ ਤੇ ਕੀਤਾ ਸਨਮਾਨਿਤ
ਨਵਾਂਸਹਿਰ 1 ਜੁਲਾਈ()
ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਕੁਲਵਿੰਦਰ ਸਿੰਘ ਸਰਾਏ  ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿ) ਹਰਕੰਵਲਜੀਤ ਸਿੰਘ ਸੈਣੀ  ਨੂੰ ਅੱਜ ਗਜ਼ਟਿਡ ਐਜੂਕੇਸ਼ਨ ਸਕੂਲ ਸਰਵਿਸ ਐਸੋਸੀਏਸ਼ਨ (ਗੈਸਾ) ਅਤੇ ਹੈੱਡਮਾਸਟਰ ਐਸੋਸੀਏਸ਼ਨ  ਵੱਲੋਂ ਇੱਕ ਸਮਾਗਮ ਕਰਕੇ ਉਨ੍ਹਾਂ ਦੀ ਸੇਵਾ ਮੁਕਤੀ ਤੇ ਸ਼ਾਨਦਾਰ ਵਿਦਾਇਗੀ ਦਿੱਤੀ ਗਈ । ਇਸ ਮੌਕੇ ਕੁਲਵਿੰਦਰ ਸਿੰਘ ਸਰਾਏ ਅਤੇ ਹਰਕੰਵਲਜੀਤ ਸਿੰਘ  ਨੂੰ ਵਧਾਈ ਦਿੰਦੇ ਹੋਏ ਮੋਤਾ ਸਿੰਘ ਸਰਾਏ ਯੂਰਪੀ ਪੰਜਾਬੀ ਸੱਥ ਵਾਲਸਾਲ(ਯੂ.ਕੇ),ਮੋਹਨਜੀਤ ਸਿੰਘ ਰਿਟਾ. ਐਡੀਸ਼ਨਲ ਐੱਸ.ਈ ਬਿਜਲੀ ਬੋਰਡ, ਅਮਰੀਕ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ), ਪ੍ਰਿੰ.ਅਮਰਜੀਤ ਖਟਕੜ ਮੁਕੰਦਪੁਰ, , ਪ੍ਰਿੰ ਵਿਜੇ ਕੁਮਾਰ ਮਾਲੇਵਾਲ , ਪ੍ਰਿੰ ਪਰਮਜੀਤ ਕੌਰ ਉੜਾਪੜ,ਲਖਵੀਰ ਸਿੰਘ ਮੁੱਖ ਅਧਿਆਪਕ ਕੋਟਰਾਂਝਾ, ਰਾਜੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ ਗੈਸਾ ਪ੍ਰਿੰ. ਰਣਜੀਤ ਕੌਰ,ਡਾ ਰਾਮ ਮੂਰਤੀ ਜਲੰਧਰ ਨੇ ਕਿਹਾ ਕਿ ਇਹਨਾਂ  ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਹੈ ਤੇ ਉਨ੍ਹਾਂ ਆਪਣੀ ਸਾਰੀ ਸੇਵਾ ਸਾਫ਼ ਸੁਥਰੀ ਕੀਤੀ ਹੈ ।ਉਨ੍ਹਾਂ ਦੇ ਸੇਵਾ ਮੁਕਤ ਨਾਲ ਸਿੱਖਿਆ ਵਿਭਾਗ ਨੂੰ ਬਹੁਤ ਵੱਡਾ ਘਾਟਾ ਪਿਆ ਹੈ।ਇਸ ਮੌਕੇ ਕੁਲਵਿੰਦਰ ਸਿੰਘ ਸਰਾਏ ਜੀ ਦਾ ਬੁਲਾਰਿਆਂ ਵੱਲੋਂ ਇਸ ਗੱਲ  ਲਈ ਵਿਸ਼ੇਸ਼ ਧੰਨਵਾਦ ਕੀਤਾ ਕਿ ਉਨ੍ਹਾਂ ਜ਼ਿਲ੍ਹੇ ਲਈ ਮੈਗਜ਼ੀਨ ਦੀ ਸੁਗਾਤ ਦਿੱਤੀ ਹੈ। ਮੌਕੇ ਗੈਸਾ  ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਸਿੰਘ ਸਰਾਏ  ਅਤੇ ਹਰਕੰਵਲਜੀਤ ਸਿੰਘ   ਨੇ ਵੀ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆ, ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ,ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਤੇ ਸਮੂਹ ਦਫ਼ਤਰੀ ਸਟਾਫ਼ ਦਾ ਧੰਨਵਾਦ ਕੀਤਾ ਜਿਨ੍ਹਾਂ ਉਨ੍ਹਾਂ ਨੂੰ ਪੂਰਾ ਯੋਗਦਾਨ ਦਿੱਤਾ।ਇਸ ਮੌਕੇ ਕਵਿੱਤਰੀ ਸੁਖਦੀਪ ਕੌਰ ਬਿਰਧਨੋ ਅਤੇ ਕਵਿੱਤਰੀ ਰਜਨੀ ਸ਼ਰਮਾ ਵੱਲੋਂ ਸੇਵਾ ਮੁਕਤ ਹੋਏ ਅਧਿਆਕਰੀਆ ਲਈ ਵਿਸ਼ੇਸ਼ ਤੌਰ ਤੇ ਕਵਿਤਾ ਪੜੀ।ਇਸ ਮੌਕੇ ਗੈਸਾ ਅਤੇ ਮੁੱਖ ਅਧਿਆਪਕ ਐਸੋਸੀਏਸ਼ਨ ਵੱਲੋਂ ਪਿਛਲੇ ਸਮੇਂ ਦੌਰਾਨ ਸੇਵਾ ਮੁਕਤ ਹੋਏ ਪ੍ਰਿੰ. ਅਮਰਜੀਤ ਲਾਲ ਲੰਗੜੋਆ, ਪ੍ਰਿੰ.ਦਲਜੀਤ ਕੁਮਾਰ ਸਾਹਿਬਾ,,ਪ੍ਰਿੰ. ਜਗਤਾਰ ਸਿੰਘ ਘੁੰਮਣਾ, ਪ੍ਰਿੰ. ਸੰਤੋਸ਼ ਕੁਮਾਰੀ ਰੱਤੇਵਾਲ, ਪ੍ਰਿੰ. ਜਸਵਿੰਦਰ ਕੌਰ ਸੜੋਆ, ਪ੍ਰਿੰ. ਪਵਨ ਇੰਦਰ ਕੌਰ ਕਾਹਮਾ , ਪ੍ਰਿੰ. ਕਮਲਜੀਤ ਕੌਰ ਭਾਰਟਾ ਕਲਾਂ ਨੂੰ ਵੀ  ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਿੰ. ਸੁਰਿੰਦਰ ਪਾਲ ਅਗਨੀਹੋਤਰੀ,ਡਾ. ਸੁਨੀਲ ਬਹਿਲ, ਪ੍ਰਿੰ. ਨਰਿੰਦਰ ਪਾਲ ਵਰਮਾ ਬੀ.ਐਨ.ਓ , ਪ੍ਰਿੰ ਅਲਕਾ ਰਾਣੀ, ਨੀਲਮ ਰਾਣੀ ਮੁੱਖ ਅਧਿਆਪਕਾ ਮਹਾਲੋਂ ,ਵਰਿੰਦਰ ਸਿੰਘ ਬੰਗਾ ਡੀ.ਐਮ ਕੋਆਰਡੀਨੇਟਰ, ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ, ਵਿਨੇ ਕੁਮਾਰ ਸਰਮਾ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ,,ਪ੍ਰਿੰ ਰਜਨੀਸ਼ ਕੁਮਾਰ ਡੀ.ਐੱਸ.ਐਮ, ਪ੍ਰਮੋਦ ਚੰਦਰ ਭਾਰਤੀ,ਹੈੱਡ ਮਾਸਟਰ ਸੁਖਪਾਲ ਦਾਸ, ਹੈੱਡ ਮਾਸਟਰ ਗੁਰਪ੍ਰੀਤ ਸਿੰਘ , ਹੈੱਡ ਮਾਸਟਰ ਸਰਵਣ ਰਾਮ ,ਅਜੇ ਕੁਮਾਰ ਖਟਕੜ ਡੀ.ਐਖਮਪੰਜਾਬੀ, ਪ੍ਰਿੰ. ਬਲਜਿੰਦਰ ਸਿੰਘ ਰਾਹੋਂ,ਵਰਿੰਦਰ ਸਿੰਘ ਬੰਗਾ ਕੋਆਰਡੀਨੇਟਰ ਡੀ.ਐਮ ਪ੍ਰਿੰ.ਗੁਰਪੀ੍ਰਤ ਸਿੰਘ ਬੀ.ਐਨ.ਓ ,ਪ੍ਰਿੰ. ਜਤਿੰਦਰ ਮੋਹਣ, ਪ੍ਰਿੰ. ਸੰਦੀਪ ਵਰਮਾ,ਪ੍ਰਿੰ.ਰਵਿੰਦਰ ਕੌਰ ,ਪ੍ਰਿੰ. ਸੁਨੀਤਾ ਰਾਣੀ,ਚੰਦਰ ਸੇਖਰ ਵਰਮਾ,ਪ੍ਰਿੰ. ਦਿਲਬਾਗ ਰਾਏ ਪ੍ਰਿੰ. ਮਹੇਸ ਕੁਮਾਰ ,ਪ੍ਰਿੰ. ਨਰਿੰਦਰ ਪਾਲ ਸਿੰਘ,ਹੈੱਡ ਮਾਸਟਰ ਹਰਮੇਸ਼ ਲਾਲ ਆਦਿ ਸਮੇਤ ਸਮੂਹ ਸਕੂਲ ਮੁਖੀ ਹਾਜ਼ਰ ਸਨ।

ਢਾਹਾਂ ਕਲੇਰਾਂ ਹਸਪਤਾਲ ਵਿਖੇ ਨੈਸ਼ਨਲ ਡਾਕਟਰ ਦਿਵਸ ਮਨਾਇਆ ਗਿਆ

ਢਾਹਾਂ ਕਲੇਰਾਂ ਹਸਪਤਾਲ ਵਿਖੇ ਨੈਸ਼ਨਲ ਡਾਕਟਰ ਦਿਵਸ ਮਨਾਇਆ ਗਿਆ
ਬੰਗਾ : 01 ਜੁਲਾਈ :- () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਜ ਨੈਸ਼ਨਲ ਡਾਕਟਰ ਦਿਵਸ ਮਨਾਇਆ ਗਿਆ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਾਰੇ ਡਾਕਟਰ ਸਾਹਿਬਾਨ ਨੂੰ ਨੈਸ਼ਨਲ ਡਾਕਟਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣਾ ਕੰਮ ਹੋਰ ਵੀ ਤਨਦੇਹੀ ਨਾਲ ਕਰਨ ਲਈ ਪ੍ਰੇਰਿਆ । ਉਨ੍ਹਾਂ ਕਿਹਾ ਕਿ ਦਮ ਤੋੜ ਰਹੇ ਇਨਸਾਨ ਲਈ ਡਾਕਟਰ ਕਿਸੇ ਮਸੀਹਾ ਤੋਂ ਘੱਟ ਨਹੀਂ ਹੁੰਦੇ, ਇਸ ਲਈ ਆਪਣੇ ਡਾਕਟਰੀ ਕਿੱਤੇ ਆਮ ਲੋਕਾਂ ਦਾ ਭਰੋਸਾ ਜਿੱਤ ਕੇ ਰੱਖਣਾ ਵੀ ਅਹਿਮ ਹੁੰਦਾ ਹੈ। ਇਸ ਮੌਕੇ ਡਾ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਹਸਪਤਾਲ ਪ੍ਰਬੰਧਕਾਂ ਦਾ ਨੈਸ਼ਨਲ ਡਾਕਟਰ ਦਿਵਸ ਮੌਕੇ ਸਮੂਹ ਡਾਕਟਰ ਸਾਹਿਬਾਨ ਦੀ ਹੌਂਸਲਾ ਅਫਜ਼ਾਈ ਕਰਨ ਲਈ ਧੰਨਵਾਦ ਕੀਤਾ । ਉਨ੍ਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤ ਵਿਚ ਨੈਸ਼ਨਲ ਡਾਕਟਰ ਦਿਵਸ ਹਰ ਸਾਲ 1 ਜੁਲਾਈ  ਡਾ: ਬੀ ਸੀ ਰਾਏ ਦੇ ਜਨਮਦਿਨ ਮੌਕੇ ਮਨਾਇਆ ਜਾਂਦਾ ਹੈ।ਸਮੂਹ ਡਾਕਟਰਾਂ ਲਈ ਨੈਸ਼ਨਲ ਡਾਕਟਰ ਦਿਵਸ ਇਕ ਮਹੱਤਵਪੂਰਨ ਦਿਨ ਹੁੰਦਾ ਹੈ, ਕਿਉਂਕਿ ਇਹ ਦਿਨ ਉਨ੍ਹਾਂ ਨੂੰ ਆਪਣੀ ਮਰੀਜ਼ਾਂ ਪ੍ਰਤੀ ਜ਼ਿੰਮੇਵਾਰੀ ਲਈ ਜਾਗਰੂਕ ਕਰਦਾ ਹੈ।  ਸਮੂਹ ਡਾਕਟਰ ਸਾਹਿਬਾਨ ਵੱਲੋਂ ਇਸ ਮੌਕੇ ਕੇਕ ਕੱਟ ਕੇ ਨੈਸ਼ਨਲ ਡਾਕਟਰ ਦਿਵਸ ਦੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀ ਗਈਆਂ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਵਰਿੰਦਰ ਸਿੰਘ ਬਰਾੜ ਐੱਚ ਆਰ, ਡਾ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਅਵਤਾਰ ਚੰਦਰ ਮੌਂਗਰਾ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਡਾ. ਜਸਦੀਪ ਸਿੰਘ ਸੈਣੀ, ਡਾ. ਬਲਵਿੰਦਰ ਸਿੰਘ, ਡਾ. ਨਵਜੋਤ ਸਿੰਘ ਸਹੋਤਾ, ਡਾ. ਰਾਹੁਲ ਗੋਇਲ, ਡਾ ਦੀਪਕ ਦੁੱਗਲ, ਡਾ ਚਾਂਦਨੀ ਬੱਗਾ, ਡਾ ਰੋਹਿਤ ਮਸੀਹ, ਡਾ ਹਰਜੋਤਵੀਰ ਸਿੰਘ, ਡਾ. ਨਰਿੰਦਰ ਕੁਮਾਰ, ਡਾ. ਕੁਲਦੀਪ ਸਿੰਘ, ਡਾ. ਅਦਿੱਤੀ ਅਗਰਵਾਲ,  ਡਾ. ਰਵੀਨਾ, ਡਾ. ਗੁਰਤੇਜ ਸਿੰਘ, ਡਾ. ਸ਼ਿਪਰਾ ਚੌਹਾਨ, ਡਾ, ਮਨਦੀਪ ਕੌਰ, ਸਰਬਜੀਤ ਕੌਰ ਡੀ ਐਨ ਐੱਸ, ਜਗਜੀਤ ਕੌਰ ਆਈ ਐਨ ਐੱਸ ਤੋਂ ਇਲਾਵਾ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਵੀ ਹਾਜ਼ਰ ਸੀ।
ਫ਼ੋਟੋ ਕੈਪਸ਼ਨ : ਢਾਹਾਂ ਕਲੇਰਾਂ ਹਸਪਤਾਲ ਵਿਖੇ ਨੈਸ਼ਨਲ ਡਾਕਟਰ ਦਿਵਸ ਮੌਕੇ ਕੇਕ ਕੱਟ ਮੌਕੇ ਦੀ ਯਾਦਗਾਰੀ ਤਸਵੀਰ


Virus-free. www.avast.com