ਹਲਕਾ ਮਜੀਠਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 31 ਲੱਖ 13 ਹਜ਼ਾਰ 500 ਰੁਪਏ ਦੇ ਵਿਕਾਸ ਕਾਰਜ ਲੋਕਾਂ ਨੁੰ ਕੀਤੇ ਅਰਪਿਤ
ਮਜੀਠਾ/ਅੰਮ੍ਰਿਤਸਰ ,19 ਅਪਰੈਲ: ਸਿੱਖਿਆ ਕ੍ਰਾਂਤੀ ਨਾਲ ਸੂਬੇ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਪ੍ਰਬੰਧ ਅਤੇ ਬੁਨਿਆਦੀ ਸਹੂਲਤਾਂ 'ਚ ਸੁਧਾਰ ਹੋਇਆ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿਚ 12 ਫੀਸਦੀ ਬਜਟ ਦਾ ਵਾਧਾ ਕਰ ਕੇ ਇਤਿਹਾਸ ਸਿਰਜਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਮਜੀਠਾ ਹਲਕਾ ਤੋ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਸ: ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਹਲਕੇ ਦੇ ਸਰਕਾਰੀ ਸਕੂਲਾਂ ਵਿਖ਼ੇ ਵਿਕਾਸ ਕਾਰਜਾਂ ਦੇ ਉਦਘਾਟਨੀ ਸਮਾਗਮਾਂ ਦੌਰਾਨ ਕੀਤਾ।
ਸ. ਮਜੀਠਾ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸਰਕਾਰੀ ਸਕੂਲਾਂ ਵਿਚ ਚਹਿਲ ਪਹਿਲ ਪਰਤ ਆਈ ਹੈ। ਉਹਨਾਂ ਕਿਹਾ ਕਿ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਕਰੀਬ 20 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਤੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਆਈਏਐਸ,ਆਈਪੀਐਸ,ਪੀਸੀਐਸ ਤੇ ਆਈਆਈਟੀ ਆਦਿ ਉੱਚ ਵਿਸ਼ਿਆਂ ਸਬੰਧੀ ਸਿੱਖਿਆ ਪ੍ਰਦਾਨ ਕਰ ਕੇ ਉਨ੍ਹਾਂ ਦਾ ਭਵਿੱਖ ਉੁਜਵਲ ਬਣਾਇਆ ਜਾ ਰਿਹਾ ਹੈ।ਉਨਾ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾ ਤੋ ਹਟਾ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਸੂਬੇ ਦੇ ਸਰਕਾਰੀ ਸਕੂਲ ਮਾੜੀ ਹਾਲਤ ਵਿਚ ਪਹੁੰਚ ਗਏ ਸਨ ਅਤੇ ਲੋਕ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ 'ਚ ਪੜ੍ਹਾਉਣ ਨੂੰ ਤਰਜੀਹ ਦੇਣ ਲੱਗ ਪਏ ਸਨ, ਪ੍ਰੰਤੂ ਜਦੋਂ ਤੋਂ ਮੌਜੂਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕਾਰਜਭਾਰ ਸੰਭਾਲਿਆ ਹੈ ਉਦੋਂ ਤੋਂ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਤਰਜੀਹੀ ਖੇਤਰ ਮੰਨਦੇ ਹੋਏ ਸਰਬ ਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿਸ ਸਦਕਾ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਿਚ ਵੱਡਾ ਵਾਧਾ ਹੋਇਆ ਹੈ ਤੇ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਰਹੇ ਹਨ।
ਸ: ਮਜੀਠਾ ਨੇ ਅੱਜ ਸਰਕਾਰੀ ਮਿਡਲ ਸਕੂਲ ਲੱਧੜ, ਸਰਕਾਰੀ ਮਿਡਲ ਸਕੂਲ ਨਾਗਖੁਰਦ, ਸਰਕਾਰੀ ਐਲੀਮੈਟਰੀ ਸਕੂਲ ਨਾਗਖੁਰਦ, ਸਰਕਾਰੀ ਹਾਈ ਸਕੂਲ ਪੰਧੇਰਕਲਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪੰਧੇਰ ਕਲਾਂ ਵਿਖੇ 31 ਲੱਖ 13 ਹਜ਼ਾਰ 500 ਰੁਪਏ ਦੇ ਵਿਕਾਸ ਕਾਰਜ ਲੋਕਾਂ ਨੁੰ ਅਰਪਿਤ ਕੀਤੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸਕੂਲਾ ਵਿਚ ਨਵੇ ਕਮਰੇ, ਖੇਡ ਮੈਦਾਨ ਅਤੇ ਸਕੂਲਾ ਦੀ ਮੁਰੰਮਤ ਤੋ ਇਲਾਵਾ ਚਾਰਦੀਵਾਰੀ ਵੀ ਕਰਵਾਈ ਜਾਵੇਗੀ।
ਇਸ ਮੌਕੇ ਸਕੂਲ ਮੁੱਖੀ ਸ: ਉਕਾਰ ਸਿੰਘ, ਸ: ਗੁਰਪ੍ਰੀਤ ਸਿੰਘ, ਮੈਡਮ ਨਵਨੀਤ ਕੌਰ, ਮੈੱਡਮ ਪਰਮਿੰਦਰਜੀਤ ਕੌਰ, ਮੈਡਮ ਹਰਪ੍ਰੀਤ ਕੌਰ , ਬਲਵਿੰਦਰ ਸਿੰਘ ,ਵੱਖ-ਵੱਖ ਸਕੂਲਾਂ ਦੇ ਮੁਖੀ, ਅਧਿਆਪਕ, ਪਿੰਡ ਵਾਸੀ ਅਤੇ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ।