Happy Diwali 2022

Happy Diwali 2022

ਕੈਬਨਿਟ ਮੰਤਰੀ ਜ਼ਿੰਪਾ ਨੇ ਚਿਲਡਰਨ ਹੋਮ ਦੇ ਬੱਚਿਆਂ ਅਤੇ ਓਲਡ ਏਜ ਹੋਮ ਦੇ ਸੀਨੀਅਰ ਸਿਟੀਜ਼ਨਾਂ ਨਾਲ ਮਨਾਈ ਦੀਵਾਲੀ

 ਦੀਵਾਲੀ 'ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਤੋਹਫ਼ੇ ਕੀਤੇ ਭੇਂਟ 
 ਹੁਸ਼ਿਆਰਪੁਰ, 24 ਅਕਤੂਬਰ: ਕੈਬਨਿਟ ਮੰਤਰੀ ਪੰਜਾਬ ਸ਼੍ਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਅੱਜ ਰਾਮ ਕਲੋਨੀ ਕੈਂਪ ਵਿਖੇ ਚਿਲਡਰਨ ਹੋਮ ਅਤੇ ਓਲਡ ਏਜ ਹੋਮ ਦਾ ਦੌਰਾ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਦੀਵਾਲੀ ਮਨਾਈ। ਇਸ ਦੌਰਾਨ ਉਨ੍ਹਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਦੀਵਾਲੀ ਮੌਕੇ ਤੋਹਫੇ ਵੀ ਭੇਟ ਕੀਤੇ।  ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਵਿਭਾ ਸ਼ਰਮਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਇੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।  ਉਨ੍ਹਾਂ ਜਿੱਥੇ ਬੱਚਿਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਅਤੇ ਗ੍ਰੀਨ ਪਟਾਕੇ ਦਿੰਦਿਆਂ ਕਿਹਾ ਕਿ ਉਹ ਇਸ ਤਿਉਹਾਰ ਨੂੰ ਖੁਸ਼ੀ-ਖੁਸ਼ੀ ਮਨਾਉਣ ਅਤੇ ਪਟਾਕੇ ਚਲਾਉਣ ਸਮੇਂ ਸਾਵਧਾਨ ਰਹਿਣ, ਉਥੇ ਹੀ ਉਨ੍ਹਾਂ ਬਜ਼ੁਰਗਾਂ ਨੂੰ ਵੀ ਤੋਹਫੇ ਭੇਟ ਕੀਤੇ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਿਲਡਰਨ ਹੋਮ ਅਤੇ ਓਲਡ ਏਜ ਹੋਮ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਪਰਿਵਾਰਕ ਮੈਂਬਰ ਸਮਝਣ ਅਤੇ ਆਪਣੀਆਂ ਲੋੜਾਂ ਅਤੇ ਸਮੱਸਿਆਵਾਂ ਉਨ੍ਹਾਂ ਨਾਲ ਬਿਨਾਂ ਝਿਜਕ ਸਾਂਝੀਆਂ ਕਰਨ। ਇਸ ਦੌਰਾਨ ਚਿਲਡਰਨ ਹੋਮ ਅਤੇ ਓਲਡ ਏਡ ਹੋਮ ਵਿੱਚ ਦੀਵਾਲੀ ਮੌਕੇ ਰੰਗੋਲੀ ਅਤੇ ਦੀਪ ਮਾਲਾ ਵੀ ਸਜਾਈ ਗਈ।  ਚਿਲਡਰਨ ਹੋਮ ਦੇ ਬੱਚਿਆਂ ਨੇ ਵੀ ਦੀਵਾਲੀ ਦੀ ਖੁਸ਼ੀ ਵਿੱਚ ਗੀਤ ਗਾਏ ਅਤੇ ਪੰਜਾਬ ਸਰਕਾਰ ਦਾ ਉਨ੍ਹਾਂ ਨਾਲ ਦੀਵਾਲੀ ਮਨਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸੁਪਰਡੈਂਟ ਪੁਨੀਤ ਕੁਮਾਰ ਅਤੇ ਐਡਵੋਕੇਟ ਅਮਰਜੋਤ ਸਿੰਘ ਸੈਣੀ ਵੀ ਹਾਜ਼ਰ ਸਨ।

ਦੀਵਾਲੀ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੀ ਕੀਤੀ ਸਫਾਈ


ਅੰਮਿ੍ਤਸਰ, 23 ਅਕਤੂਬਰ : ਸ੍ਰੀ ਅੰਮਿ੍ਤਸਰ ਸਾਹਿਬ ਦੀ ਵਿਸ਼ਵ ਪ੍ਸਿੱਧ ਦੀਵਾਲੀ ਮੌਕੇ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਵਾਲੀ ਸੰਗਤ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਉਕਤ ਹਲਕੇ ਦੇ ਵਿਧਾਇਕ ਡਾ ਅਜੇ ਗੁਪਤਾ ਅਤੇ ਜਿਲ੍ਹੇ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਦੀ ਸਫਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਕੁਮਾਰ ਸੌਰਭ ਰਾਜ, ਪੁਲਿਸ ਕਮਿਸ਼ਨਰ ਸ ਅਰੁਣਪਾਲ ਸਿੰਘ,  ਵਧੀਕ ਕਮਿਸ਼ਨਰ ਸ ਪਰਮਿੰਦਰ ਸਿੰਘ ਭੰਡਾਲ ਅਤੇ ਹੋਰ ਅਧਿਕਾਰੀ ਵੀ ਨਾਲ ਸਨ। ਉਨ੍ਹਾਂ ਆਪ ਗਲੀ ਵਿੱਚ ਖਿਲਰੇ ਕੂੜੇ ਨੂੰ ਚੁੱਕਿਆ ਅਤੇ ਲੋਕਾਂ ਨੂੰ ਸ਼ਹਿਰ ਦੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ।

 ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ ਧਾਲੀਵਾਲ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਰੱਖਣੀ ਕੇਵਲ ਕਾਰਪੋਰੇਸ਼ਨ ਦੇ ਕਰਮਚਾਰੀਆਂ ਦਾ ਹੀ ਨਹੀਂ, ਬਲਕਿ ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾਂ ਸਾਰੇ ਆਪਣੇ ਕੂੜੇ ਨੂੰ ਡਸਟਬਿਨ ਵਿੱਚ ਸੁੱਟੀਏ ਤਾਂ ਇੰਨਾ ਦਾ ਕੰਮ ਅਸਾਨ ਹੋਵੇਗਾ ਅਤੇ ਸ਼ਹਿਰ ਵੀ ਸਾਫ ਰਹੇਗਾ। ਉਨ੍ਹਾਂ ਕਿਹਾ ਕਿ ਇਸ ਗਲੀ ਵਿੱਚ ਕੋਈ ਰੇਹੜੀ ਫੜੀ ਨਹੀਂ ਲੱਗਣ ਦਿੱਤੀ ਜਾਵੇਗੀ। ਜੀ -20 ਸੰਮੇਲਨ ਦਾ ਹਵਾਲਾ ਦਿੰਦੇ ਸ ਧਾਲੀਵਾਲ ਨੇ ਕਿਹਾ ਕਿ ਇਸ ਸੰਮੇਲਨ ਲਈ ਅਸੀਂ ਸਫਾਈ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਹਨ, ਪਰ ਇਨ੍ਹਾਂ ਦਾ ਸਹੀ ਲਾਭ ਤਾਂ ਹੀ ਮਿਲ ਸਕਦਾ ਹੈ ਜੇਕਰ ਸ਼ਹਿਰ ਵਾਸੀ ਸਫਾਈ ਦਾ ਖੁਦ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਟਰੈਫਿਕ ਦੇ ਪ੍ਬੰਧ ਵੀ ਸੁਚਾਰੂ ਢੰਗ ਨਾਲ ਕਰਨ ਲਈ ਅਸੀਂ ਯੋਜਨਾ ਬੰਦੀ ਉਲੀਕ ਰਹੇ ਹਾਂ ਅਤੇ ਜਿਉਂ ਹੀ ਪਾਰਕਿੰਗ ਸਥਾਨ ਬਣ ਗਏ, ਅਸੀਂ ਗ਼ਲਤ ਢੰਗ ਨਾਲ ਸੜਕ ਕਿਨਾਰੇ ਵਾਹਨ ਲੱਗਣ ਦੀ ਆਗਿਆ ਨਹੀਂ ਦਿਆਂਗੇ।

ਕੈਪਸ਼ਨ---ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਤੇ  ਵਿਧਾਇਕ ਸ੍ਰੀ ਅਜੇ ਗੁਪਤਾ ਵਿਰਾਸਤੀ ਮਾਰਗ ਦੀ ਸਫਾਈ ਕਰਦੇ ਹੋਏ।

ਬ੍ਰਮ ਸ਼ੰਕਰ ਜਿੰਪਾ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ*

ਹੁਸ਼ਿਆਰਪੁਰ, 23 ਅਕਤੂਬਰ : ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦੁਨੀਆਂ ਭਰ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹ ਤਿਉਹਾਰ ਝੂਠ 'ਤੇ ਸੱਚ, ਅਧਰਮ 'ਤੇ ਧਰਮ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਸਭਿਆਚਾਰਕ ਵਿਰਾਸਤ ਦੀਆਂ ਕਦਰਾਂ ਕੀਮਤਾਂ ਅਤੇ ਵਿਚਾਰਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਵਾਤਾਵਰਣ ਨੂੰ ਸੁਰੱਖਿਅਤ ਬਨਾਉਣ ਲਈ ਸਭਨਾਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਪ੍ਰਦੂਸ਼ਣ ਦੀ ਸਮੱਸਿਆ  ਗੰਭੀਰ ਹੈ ਅਤੇ ਇਹ ਸਾਨੂੰ ਸਭਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ।  ਜਿੰਪਾ ਨੇ ਸਾਰੇ ਦੇਸ਼ ਵਾਸੀਆਂ ਖਾਸ ਤੌਰ 'ਤੇ ਸਿੱਖਾਂ ਨੂੰ ਇਤਿਹਾਸਕ 'ਬੰਦੀ ਛੋੜ ਦਿਵਸ' ਮੌਕੇ ਵੀ ਵਧਾਈ ਦਿੱਤੀ ਹੈ। ਇਸ ਦਿਨ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਨੇ ਸਾਲ 1612 ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲੇ ਤੋਂ 52 ਹਿੰਦੂ ਰਾਜਿਆਂ ਦੀ ਰਿਹਾਈ ਕਰਵਾਈ ਸੀ।  ਉਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਭਲਾਈ ਤੇ ਚੰਗੀ ਸਿਹਤ ਲਈ ਅਰਦਾਸ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਇਹ ਤਿਉਹਾਰ ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ, ਸ਼ਾਂਤੀ ਅਤੇ ਧਰਮ ਨਿਰਪੱਖਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇਗਾ।

ਡਿਪਟੀ ਕਮਿਸ਼ਨਰ ਵੱਲੋਂ ਹੁਸ਼ਿਆਰਪੁਰ ਵਾਸੀਆਂ ਨੂੰ ਹਰੀ ਦੀਵਾਲੀ ਮਨਾਉਣ ਦਾ ਸੱਦਾ

ਹੁਸ਼ਿਆਰਪੁਰ, 23 ਅਕਤੂਬਰ - ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹਾ ਵਾਸੀਆਂ ਨੂੰ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿੰਮ ਵਿੱਚ ਸਾਰਥਕ ਯੋਗਦਾਨ ਪਾਉਣ ਲਈ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਸਭ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਪਟਾਖਿਆਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਮਨੁੱਖੀ ਜੀਵਨ ਲਈ ਮਾਰੂ ਬਿਮਾਰੀਆਂ ਦਾ ਜ਼ਰੀਆ ਬਣਦਾ ਹੈ ਅਤੇ ਵੱਡੇ ਪਟਾਖਿਆਂ ਦੀ ਵਰਤੋਂ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਘਾਤਕ ਸਿੱਧ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਇਹ ਦੀਵਾਲੀ ਸਾਫ਼-ਸੁਥਰੀ ਤੇ ਪਟਾਖ਼ੇ ਰਹਿਤ ਮਨਾਈ ਜਾਵੇ ਅਤੇ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਆਪਸੀ ਭਾਈਚਾਰਕ ਸਾਂਝ ਨੂੰ ਵਧੇਰੇ ਮਜ਼ਬੂਤ ਕੀਤਾ ਜਾਵੇ।

​ਪੰਜਾਬ ਨੂੰ ਕੌਮਾਂਤਰੀ ਮੰਚ ਉਤੇ ਵਪਾਰ ਲਈ ਤਰਜੀਹੀ ਸਥਾਨ ਵਜੋਂ ਉਭਾਰੇਗਾ ਜੀ-20 ਸੰਮੇਲਨਃ ਮੁੱਖ ਮੰਤਰੀ

ਸੰਮੇਲਨ ਨੂੰ ਸਫ਼ਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦਾ ਐਲਾਨ, ਅੰਮ੍ਰਿਤਸਰ 'ਚ ਤਿਆਰੀਆਂ ਦਾ ਲਿਆ ਜਾਇਜ਼ਾ
ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬੀਆਂ ਨੂੰ ਦਿੱਤੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈ
ਅੰਮਿ੍ਤਸਰ, 22 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਮਾਰਚ-2023 ਵਿੱਚ ਪਾਵਨ ਨਗਰੀ ਅੰਮ੍ਰਿਤਸਰ ਵਿਖੇ ਹੋਣ ਵਾਲਾ ਵੱਕਾਰੀ ਜੀ-20 ਸੰਮੇਲਨ ਕੌਮਾਂਤਰੀ ਮੰਚ ਉਤੇ ਪੰਜਾਬ ਨੂੰ ਵਪਾਰ ਲਈ ਤਰਜੀਹੀ ਸਥਾਨ ਵਜੋਂ ਉਭਾਰੇਗਾ ਅਤੇ ਸਾਨੂੰ ਆਪਣੀਆਂ ਪ੍ਰਾਪਤੀਆਂ ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਣ ਦਾ ਮੌਕਾ ਮੁਹੱਈਆ ਕਰੇਗਾ। ਸੰਮੇਲਨ ਨੂੰ ਸਫ਼ਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੁਨਹਿਰੀ ਮੌਕਾ ਹੈ ਜਦੋਂ ਪੰਜਾਬ ਨੂੰ ਬਿਹਤਰੀਨ ਮੌਕਿਆਂ ਵਾਲੀ ਧਰਤੀ ਵਜੋਂ ਉਭਾਰਿਆ ਜਾ ਸਕਦਾ ਹੈ ਤਾਂ ਕਿ ਵੱਧ ਤੋਂ ਵੱਧ ਨਿਵੇਸ਼ ਲਿਆ ਕੇ ਅਸੀਂ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਸਿਰਜ ਸਕੀਏ।  ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਥੇ ਸਿਵਲ ਸਕੱਤਰੇਤ ਵਿਖੇ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ ਮਹੀਨੇ ਹੋਣ ਵਾਲੇ ਇਸ ਸੰਮੇਲਨ ਵਿਚ ਵਿਸ਼ਵ ਦੇ ਮੋਹਰੀ ਮੁਲਕ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਣ ਉਤੇ ਸੂਬਾ ਆਪਣੇ ਆਪ ਨੂੰ ਸੁਭਾਗਾ ਸਮਝਦਾ ਹੈ, ਜਿਸ ਵਿਚ ਵਿਸ਼ਵ ਭਰ ਦੇ ਪ੍ਰਮੁੱਖ ਦੇਸ਼ ਸਿੱਖਿਆ ਅਤੇ ਕਿਰਤ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਆਲਮੀ ਸਮਾਗਮ ਦੀ ਸਫਲਤਾ ਲਈ ਵਿਆਪਕ ਪੱਧਰ ਉਤੇ ਇੰਤਜ਼ਾਮ ਕੀਤੇ ਜਾਣਗੇ।  ਇਸ ਮੌਕੇ ਮੱਖ ਮੰਤਰੀ ਨੂੰ ਦੱਸਿਆ ਗਿਆ ਕਿ ਸਮਾਗਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਪਾਵਨ ਸ਼ਹਿਰ ਨੂੰ ਪ੍ਰਬੰਧਕੀ ਆਧਾਰ ਉਤੇ ਪੰਜ ਪ੍ਰਮੁੱਖ ਸੈਕਟਰਾਂ ਵਿਚ ਵੰਡਿਆ ਜਾਵੇਗਾ। ਪੁਖਤਾ ਪ੍ਰਬੰਧਨ ਲਈ ਸੂਬੇ ਦੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਇਨ੍ਹਾਂ ਸੈਕਟਰਾਂ ਵਿਚ ਤਾਇਨਾਤ ਕੀਤਾ ਜਾਵੇਗਾ। ਸੰਮੇਲਨ ਦੌਰਾਨ ਇਹ ਅਧਿਕਾਰੀ ਹੀ ਆਪੋ-ਆਪਣੇ ਅਧਿਕਾਰ ਖੇਤਰ ਵਿਚ ਸਮੁੱਚੇ ਕਾਰਜ ਨੂੰ ਸੁਚਾਰੂ ਬਣਾਉਣ ਲਈ ਜ਼ਿੰਮੇਵਾਰ ਹੋਣਗੇ। ਮੁੱਖ ਮੰਤਰੀ ਨੇ ਇਸ ਮੌਕੇ ਸ਼ਹਿਰ ਦੀ ਸੁੰਦਰਤਾ ਅਤੇ ਮੁੱਢਲਾ ਢਾਂਚਾ ਮਜ਼ਬੂਤ ਕਰਨ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਵੇਰਵੇ ਲਏ ਅਤੇ ਕਿਹਾ ਕਿ ਜੋ ਵੀ ਕੰਮ ਕੀਤਾ ਜਾਵੇ, ਉਹ ਮਿਆਰੀ ਹੋਵੇ, ਜੋ ਲੰਮੇ ਸਮੇਂ ਤੱਕ ਸ਼ਹਿਰ ਵਾਸੀਆਂ ਦੇ ਕੰਮ ਆਵੇ।  ਇਸ ਮੌਕੇ ਪ੍ਰੋਗਰਾਮ ਦੀ ਸਫਲਤਾ ਲਈ ਬਣਾਈ ਕੈਬਨਿਟ ਸਬ-ਕਮੇਟੀ ਦੇ ਮੈਂਬਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੋਂ ਇਲਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਾਜ਼ਰ ਸਨ।  ਮੀਟਿੰਗ ਉਪਰੰਤ ਮੁੱਖ ਮੰਤਰੀ ਨੇ ਮੰਤਰੀ ਸਹਿਬਾਨ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਪੰਜਾਬ ਵਾਸੀਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਵੀ ਕੀਤੀ।

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਦੀਵਾਲੀ ਮੌਕੇ ਰੰਗੋਲੀ ਮੁਕਾਬਲੇ ਹੋਏ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਦੀਵਾਲੀ ਮੌਕੇ ਰੰਗੋਲੀ ਮੁਕਾਬਲੇ ਹੋਏ
ਵਧੀਆ ਰੰਗੋਲੀ ਬਣਾ ਕੇ ਨੇਹਾ ਅਤੇ ਦਵਿੰਦਰਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਬੰਗਾ 23 ਅਕਤੂਬਰ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਦੀਵਾਲੀ ਮੌਕੇ ਰੰਗੋਲੀ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਸ਼ਾਨਦਾਰ ਰੰਗੋਲੀ ਕਲਾ ਦਾ ਪ੍ਰਦਰਸ਼ਨ ਕਰਕੇ ਨੇਹਾ ਅਤੇ ਦਵਿੰਦਰਪ੍ਰੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਮੁਕਾਬਲੇ ਵਿਚ ਪਹਿਲੇ ਫਾਈਨਲਿਸਟ ਦਿਆ ਕੁਮਾਰੀ, ਇਸ਼ਹਾਨਪ੍ਰੀਤ ਕੌਰ ਦੀ ਟੀਮ ਅਤੇ ਦੂਜੇ ਫਾਈਨਲਿਸਟ ਜਾਨਵੀ ਨਿਗਾਹ, ਸਾਜਨਾ ਅਤੇ ਕੋਮਲਪ੍ਰੀਤ ਕੌਰ ਦੀ ਟੀਮ ਨੂੰ ਚੁਣਿਆ ਗਿਆ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਰੰਗੋਲੀ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਖੁਸ਼ੀਆਂ ਦੇ ਤਿਉਹਾਰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਇਨਾਮ ਦੇ ਕੇ ਸਨਮਾਨਿਤ ਕੀਤਾ। ਸ. ਢਾਹਾਂ ਨੇ ਰੰਗੋਲੀ ਰਾਹੀਂ ਰੰਗਾਂ ਦੀ ਮਹੱਤਤਾ ਤੇ ਦੀਵਾਲੀ ਦੇ ਤਿਉਹਾਰ ਦੀ ਮਹਾਨਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੁਕ ਕਰਵਾਉਣ ਦੇ ਉੱਦਮ ਲਈ ਅਧਿਆਪਕਾਂ ਦੀ ਸ਼ਲਾਘਾ ਵੀ ਕੀਤੀ । ਇਸ ਮੌਕੇ ਸ੍ਰੀ ਰਾਜਦੀਪ ਥਿਡਵਾਰ ਅਸਿਸਟੈਂਟ ਪੋ੍ਰਫੈਸਰ ਨੇ ਧੰਨਵਾਦੀ ਸ਼ਬਦ ਕਹੇ। ਰੰਗੋਲੀ ਮੁਕਾਬਲੇ ਦੇ ਜੱਜ ਸ. ਵਰਿੰਦਰ ਸਿੰਘ ਬਰਾੜ ਐਚ ਆਰ ਐਡਿਮਨ ਅਤੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਸਨ। ਇਸ ਮੌਕੇ ਮੈਡਮ ਪ੍ਰਭਜੋਤ ਕੌਰ ਖਟਕੜ, ਸ. ਰਣਜੀਤ ਸਿੰਘ ਮਾਨ, ਮੈਡਮ ਗਗਨਦੀਪ ਕੌਰ, ਮੈਡਮ ਅਮਨਦੀਪ ਕੌਰ ਤੋਂ ਇਲਾਵਾ ਸਮੂਹ ਸਟਾਫ ਅਤੇ ਕਾਲਜ ਵਿਦਿਆਰਥੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਦੀਵਾਲੀ ਮੌਕੇ ਰੰਗੋਲੀ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ


ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੇ ਬਿਜਲੀ ਬਿੱਲ ਦਾ ਐਡਵਾਂਸ ਹੀ ਕੀਤਾ ਜਾ ਚੁੱਕਾ ਹੈ ਭੁਗਤਾਨ

ਪਾਵਰਕਾਮ ਕੋਲ ਅਗਲੇ ਬਿਜਲੀ ਬਿੱਲ ਸਾਈਕਲ ਲਈ 6760 ਰੁਪਏ ਦੀ ਐਡਵਾਂਸ ਰਕਮ ਮੌਜੂਦ : ਡੀਸੀ ਐਸਬੀਐਸ ਨਗਰ

 - ਜ਼ਿਲਾ ਪ੍ਰਸ਼ਾਸਨ ਐਸ.ਬੀ.ਐਸ. ਨਗਰ ਨੇ ਪੁਸ਼ਤੈਨੀ ਘਰ ਵਿੱਚ ਬਿਜਲੀ ਕੱਟੇ ਜਾਣ ਬਾਰੇ ਮੀਡੀਆ ਦੇ ਦਾਅਵਿਆਂ ਦਾ ਕੀਤਾ ਖੰਡਨ 
 
 ਚੰਡੀਗੜ/ਨਵਾਂਸਹਿਰ, 22 ਅਕਤੂਬਰ : ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਸ਼ਨਿਚਰਵਾਰ ਨੂੰ ਖਟਕੜ ਕਲਾਂ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦਾ ਕੁਨੈਕਸ਼ਨ ਕੱਟੇ ਜਾਣ ਸਬੰਧੀ ਮੀਡੀਆ ਰਿਪੋਰਟਾਂ ਦਾ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਸ਼ਹੀਦ ਦੇ ਘਰ ਦਾ ਕੋਈ ਬਿਜਲੀ ਬਿੱਲ ਬਕਾਇਆ ਨਹੀਂ ਹੈ। ਐਸ.ਬੀ.ਐਸ.ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ, '' ਇਸ ਇਤਿਹਾਸਕ ਘਰ ਦੇ ਬਿਜਲੀ ਖ਼ਰਚਿਆਂ ਲਈ 6760 ਰੁਪਏ ਦਾ ਐਡਵਾਂਸ ਬਿੱਲ ਪੇਮੈਂਟ ਪਾਵਰਕੌਮ ਨੂੰ ਅਦਾ ਕੀਤੀ ਹੋਈ ਹੈ, ਇਸ ਲਈ ਕੁਨੈਕਸ਼ਨ ਕੱਟਣ ਦਾ ਕੋਈਂ ਸਵਾਲ ਹੀ ਪੈਦਾ ਨਹੀ ਹੁੰਦਾ।''

 ਉਨਾਂ ਮੀਡੀਆ ਦੇ ਇੱਕ ਹਿੱਸੇ ਨੂੰ ਜੱਦੀ ਘਰ ਦਾ ਨਾਮ ਨਾ ਵਰਤਣ ਦੀ ਅਪੀਲ ਵੀ ਕੀਤੀ ਕਿਉਂਕਿ ਇਸ ਇਤਿਹਾਸਕ ਸਥਾਨ ਨਾਲ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

 ਇਸ ਤੋਂ ਪਹਿਲਾਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਵੀ ਮੀਡੀਆ ਚੈਨਲਾਂ ਨੂੰ ਸਪੱਸ਼ਟ ਕੀਤਾ ਸੀ ਕਿ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਜਾਂ ਮਿਊਜ਼ੀਅਮ ਦਾ ਬਿਜਲੀ ਕੁਨੈਕਸ਼ਨ ਕਦੇ ਵੀ ਕੱਟਿਆ ਨਹੀਂ ਗਿਆ।

 ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵਿੱਚ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਨਾਂ 'ਤੇ ਵੱਖਰਾ ਬਿਜਲੀ ਕੁਨੈਕਸ਼ਨ ਹੈ।

ਸਰਕਾਰ ਵੱਲੋਂ ਨਾਲੋ-ਨਾਲ ਅਦਾਇਗੀ ਤੇ ਲਿਫ਼ਟਿੰਗ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਚਿਹਰਿਆਂ ’ਤੇ ਰੌਣਕਾਂ ਲਿਆਂਦੀਆਂ

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ 'ਚ 113 ਫ਼ੀਸਦੀ ਲਿਫ਼ਟਿੰਗ ਤੇ 110 ਫ਼ੀਸਦੀ ਅਦਾਇਗੀ

10007 ਕਿਸਾਨਾਂ ਨੂੰ ਹੋਈ ਉਨ੍ਹਾਂ ਦੇ ਖਾਤਿਆਂ 'ਚ ਸਿੱਧੀ ਅਦਾਇਗੀ

ਨਵਾਂਸ਼ਹਿਰ, 21 ਅਕਤੂਬਰ :- 
ਭਗਵੰਤ ਮਾਨ ਸਰਕਾਰ ਵੱਲੋਂ ਮੰਡੀਆਂ 'ਚ ਝੋਨੇ ਦੀ ਫ਼ਸਲ ਦੀ ਨਾਲੋ-ਨਾਲ ਅਦਾਇਗੀ ਅਤੇ ਲਿਫ਼ਟਿੰਗ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਚਿਹਰੇ ਬਾਗ਼ੋ-ਬਾਗ਼ ਕਰ ਦਿੱਤੇ ਹਨ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਹੁਣ ਤੱਕ ਖਰੀਦੇ ਮਾਲ ਦੀ 72 ਘੰਟਿਆਂ ਦੇ ਹਿਸਾਬ ਨਾਲ 113 ਫ਼ੀਸਦੀ ਲਿਫ਼ਟਿੰਗ ਅਤੇ 48 ਘੰਟਿਆਂ ਦੇ ਹਿਸਾਬ ਨਾਲ 110 ਫ਼ੀਸਦੀ ਅਦਾਇਗੀ ਹੋ ਚੁੱਕੀ ਹੈ।
 ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਨੁਸਾਰ ਜ਼ਿਲ੍ਹੇ ਦੀ ਮੰਡੀ ਵਿੱਚ 3.81 ਲੱਖ ਮੀਟਿ੍ਰਕ ਟਨ ਝੋਨੇ ਦੀ ਆਮਦ ਅਤੇ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਅੱਜ ਸ਼ਾਮ ਤੱਕ 120398 ਮੀਟਿ੍ਰਕ ਟਨ ਦੀ ਖਰੀਦ ਹੋ ਵੀ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਖਰੀਦ ਕੀਤੀ ਜਿਣਸ 'ਚੋਂ 92837 ਮੀਟਿ੍ਰਕ ਟਨ ਦੀ ਲਿਫ਼ਟਿੰਗ ਕਰ ਲਈ ਗਈ ਹੈ ਜਦਕਿ 211 ਕਰੋੜ ਤੋਂ ਵਧੇਰੇ ਦੀ ਅਦਾਇਗੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਗਲੇ ਦਿਨਾਂ 'ਚ ਤਿਉਹਾਰ ਨੂੰ ਮੁੱਖ ਰੱਖਦਿਆਂ ਖਰੀਦੀ ਗਈ ਜਿਣਸ ਦੀ ਅਦਾਇਗੀ ਨਾਲ ਦੀ ਨਾਲ ਕਰਨ ਦੀਆਂ ਹਦਾਇਤਾਂ ਨੂੰ ਜ਼ਮੀਨੀ ਪੱਧਰ ਤੱਕ ਖਰੀਦ ਏਜੰਸੀਆਂ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ।
 ਡੀ ਐਫ ਐਸ ਸੀ ਰੇਨੂੰ ਬਾਲਾ ਵਰਮਾ ਅਨੁਸਾਰ ਹੁਣ ਤੱਕ 10007 ਕਿਸਾਨਾਂ ਨੂੰ ਅਦਾਇਗੀ ਸਿੱਧੀ ਉੁਨ੍ਹਾਂ ਦੇ ਖਾਤਿਆਂ 'ਚ ਪਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਔਸਤਨ ਖਰੀਦ ਤੋਂ ਬਾਅਦ 24 ਤੋਂ 48 ਘੰਟੇ 'ਚ ਅਦਾਇਗੀ ਹੋ ਰਹੀ ਹੈ, ਜਿਸ ਤੋਂ ਕਿਸਾਨ ਦੇ ਨਾਲ-ਨਾਲ ਆੜ੍ਹਤੀ ਵੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀ ਇਸ ਗੱਲ ਤੋਂ ਵੀ ਖੁਸ਼ ਹਨ ਕਿ ਲਿਫ਼ਟਿੰਗ ਨਾਲੋ-ਨਾਲ ਚੱਲਣ ਕਾਰਨ ਮੰਡੀਆਂ 'ਚ ਹੋਰ ਫ਼ਸਲ ਆਉਣ 'ਚ ਥਾਂ ਦੀ ਕੋਈ ਮੁਸ਼ਕਿਲ ਨਹੀਂ। ਹੋਰ ਤਾਂ ਹੋਰ ਬਾਰਦਾਨੇ ਦੀ ਵੀ ਕੋਈ ਘਾਟ ਨਹੀਂ ਆਉੁਣ ਦਿੱਤੀ ਜਾ ਰਹੀ।
 ਦਾਣਾ ਮੰਡੀ ਨਵਾਂਸ਼ਹਿਰ 'ਚ ਪੁਨੂੰ ਮਜਾਰਾ ਤੋਂ ਆਏ ਕਿਸਾਨ ਸਿਮਰਤਪਾਲ ਸਿੰਘ, ਚਾਹਲਪੁਰ ਤੋਂ ਆਏ ਜਸਬੀਰ ਸਿੰਘ ਤੇ ਸਜਾਵਲਪੁਰ ਤੋਂ ਆਏ ਬਚਿੱਤਰ ਸਿੰਘ ਦਾ ਕਹਿਣਾ ਸੀ ਕਿ ਇਸ ਵਾਰ ਝੋਨੇ ਦਾ ਖਰੀਦ ਸੀਜ਼ਨ ਬਹੁਤ ਹੀ ਵਧੀਆ ਚੱਲ ਰਿਹਾ ਹੈ। ਉਨ੍ਹਾਂ ਦੀ ਫ਼ਸਲ ਵੀ ਨਾਲੋ-ਨਾਲ ਖਰੀਦੀ ਜਾ ਰਹੀ ਹੈ ਅਤੇ ਅਤੇ ਅਦਾਇਗੀ ਵੀ ਬਿਨਾਂ ਦੇਰੀ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਖਰੀਦ ਸੀਜ਼ਨ ਲਈ ਕੀਤੇ ਇਨ੍ਹਾਂ ਪ੍ਰਬੰਧਾਂ ਦਾ ਧੰਨਵਾਦ ਕੀਤਾ। ਉੜਾਪੜ ਤੋਂ ਦਾਣਾ ਮੰਡੀ ਨਵਾਂਸ਼ਹਿਰ ਝੋਨਾ ਲੈ ਕੇ ਆਉਂਦੇ ਅੱਛੀ ਬਹਾਦਰ ਸਿੰਘ ਹੁਣ ਤੱਕ 15 ਖੇਤਾਂ ਦੀ ਫ਼ਸਲ ਨਵਾਂਸ਼ਹਿਰ ਮੰਡੀ 'ਚ ਲਿਆ ਚੁੱਕਾ ਹੈ ਅਤੇ ਜਿਸ ਦਿਨ ਲਿਆਉਂਦਾ ਹੈ, ਉਸੇ ਦਿਨ ਵਿਕ ਜਾਂਦਾ ਹੈ। ਨਵਾਂਸ਼ਹਿਰ ਦੇ ਹੀ ਰਹਿਣ ਵਾਲੇ ਨਿੰਮਾ ਸਿੰਘ ਦਿਆਲ ਹੁਣ ਤੱਕ ਕਰੀਬ 6 ਲੱਖ ਰੁਪਏ ਦੀ ਅਦਾਇਗੀ ਆਪਣੇ ਖਾਤੇ 'ਚ ਪੁਆ ਚੁੱਕੇ ਹਨ। ਨਵਾਂਸ਼ਹਿਰ ਦੇ ਆੜ੍ਹਤੀ ਜਸਤਰਨ ਸਿੰਘ ਵੀ ਸਰਕਾਰ ਵੱਲੋਂ ਕੀਤੇ ਖਰੀਦ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਹੋਏ ਕਹਿੰਦੇ ਹਨ ਕਿ ਇਸ ਵਾਰ ਕੋਈ ਮੁਸ਼ਕਿਲ ਨਹੀਂ ਆ ਰਹੀ।
ਫ਼ੋਟੋ ਕੈਪਸ਼ਨ:
ਦਾਣਾ ਮੰਡੀ ਨਵਾਂਸ਼ਹਿਰ 'ਚ ਫ਼ਸਲ ਵੇਚਣ ਦੇ ਤਜਰਬੇ ਬਾਰੇ ਦੱਸਦੇ ਹੋਏ ਕਿਸਾਨਾਂ ਬਚਿੱਤਰ ਸਿੰਘ ਸਜਾਵਲਪੁਰ, ਸਿਮਰਤਪਾਲ ਸਿੰਘ ਪੁਨੂੰ ਮਜਾਰਾ, ਜਸਬੀਰ ਸਿੰਘ ਚਾਹਲਪੁਰ, ਅੱਛੀ ਬਹਾਦਰ ਸਿੰਘ ਉੜਾਪੜ ਤੇ ਨਿੰਮਾਂ ਸਿੰਘ ਦਿਆਲ ਦੀਆਂ ਤਸਵੀਰਾਂ ਅਤੇ ਆੜ੍ਹਤੀ ਜਸਤਰਨ ਸਿੰਘ ਦੀ ਤਸਵੀਰ।

ਪੰਜਾਬ ਦੇ ਕਾਗਰਸੀਆਂ ਨੇ ਕੈਬਨਿਟ ਮੰਤਰੀ ਸਰਾਰੀ ਦੀ ਗ੍ਰਿਫਤਾਰੀ ਨੂੰ ਲੈਕੇ ਖਟਕੜ ਕਲ੍ਹਾਂ ਵਿੱਚ ਲਾਇਆ ਧਰਨਾ

ਪੰਜਾਬ ਦੀ ਮੋਜੂਦਾ ਸਰਕਾਰ ਝੂਠ ਅਤੇ ਲਾਰਿਆ ਦਾ ਪਲੰਦਾ-ਰਾਜਾ ਵੜਿੰਗ
ਬੰਗਾ, 21 ਅਕਤੂਤਲ:- - ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਗ੍ਰਿਫਤਾਰੀ ਨੂੰ ਲੈਕੇ ਪੰਜਾਬ ਦੇ ਸਮੂਹ ਕਾਗਰਸੀ ਆਗੂਆਂ ਨੇ ਪੰਜਾਬ ਕਾਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਹਿਨੁਮਾਈ ਵਿੱਚ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਜੀ ਦੇ ਜੱਦੀ ਪਿੰਡ ਉਨ੍ਹਾਂ ਦੇ ਬਣੇ ਸਮਾਰਕ ਦੇ ਸਾਹਮਣੇ ਧਰਨਾ ਲਾਕੇ ਆਪਣਾ ਰੋਸ ਪ੍ਰਦਰਸ਼ਨ ਦਿਖਾਇਆ।ਇਸ ਮੋਕੇ ਤੇ ਪੁੱਜੇ ਜਨ ਸਮੂਹ ਨੂੰ ਸੰਬੋਧਨ ਕਰਦੇ ਵੱਖ ਵੱਖ ਕਾਗਰਸੀ ਜਿਨ੍ਹਾਂ ਵਿੱਚ ਵਿਸ਼ੇਸ ਕਰਕੇ ਪੰਜਾਬ ਕਾਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਗੁਰਕੀਰਤ ਸਿੰਘ ਕੋਟਲੀ , ਸ ਪ੍ਰਤਾਪ ਸਿੰਘ ਬਾਜਵਾ , ਡਾ ਰਾਜ ਕੁਮਾਰ ਚੱਬੇਵਾਲ , ਸ ਪ੍ਰਗਟ ਸਿੰਘ , ਚੋਧਰੀ ਤਰਲੋਚਨ ਸਿੰਘ ਸੂੰਢ , ਸ ਸੁਖਪਾਲ ਸਿੰਘ ਖਹਿਰਾ , ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ , ਵਰਿੰਦਰ ਸਿੰਘ ਢਿੱਲੋਂ, ਰਾਣਾ ਗੁਰਜੀਤ ਸਿੰਘ ,ਐਪ ਪੀ ਅਮਰ ਸਿੰਘ , ਸੰਗਤ ਸਿੰਘ ਗਿਲਜੀਆ , ਦਰਸ਼ਨ ਸਿੰਘ ਮੰਗੂਪੁਰ , ਸ਼੍ਰੀਮਤੀ ਅਰੁਣਾ ਚੌਧਰੀ, ਸਤਵੀਰ ਸਿੰਘ ਪੱਲੀ ਝਿੱਕੀ ਨੇ ਆਪੋ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੂਹਰੀ ਰਾਜਨੀਤੀ ਕਰ ਆਪਣੇ ਭ੍ਰਿਸ਼ਟ ਮੰਤਰੀ ਅਤੇ ਵਿਧਾਇਕਾ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ।ਜਦੋ ਕਿ ਦੂਸਰੀਆ ਪਾਰਟੀਆ ਦੇ ਆਗੂਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾ ਹੇਠ ਜਾਣਬੁੱਝ ਫਸਾ ਰਹੇ ਹਨ।ਉਨਾਂ ਕਿਹਾ ਕਿ ਉਹ ਭ੍ਰਿਸ਼ਟਾ ਚਾਰ ਦੇ ਵਿਰੋਧ ਵਿੱਚ ਹਨ ਪਰ ਦੂਹਰੀ ਰਾਜਨੀਤੀ ਉਨ੍ਹਾਂ ਨੂੰ ਕਦੇ ਵੀ ਪਸੰਦ ਨਹੀ। ਉਨਾਂ ਕਿਹਾ ਕਿ ਜੇਕਰ ਪੰਜਾਬ ਮੁੱਖ ਮੰਤਰੀ ਸਾਹਿਬ ਜਾ ਉਨ੍ਹਾਂ ਦੀ ਸਮੁੱਚੀ ਪਾਰਟੀ ਸੱਚਮੁੱਚ ਭ੍ਰਿਸ਼ਟਾਚਾਰ ਵਿਰੁੱਧ ਹੈ ਤਾ ਉਹ ਆਪਣੇ ਮੰਤਰੀ ਖਿਲਾਫ ਐਕਸ਼ਨ ਕਿਉ ਨਹੀ ਲੈ ਰਹੇ।ਜਿਨ੍ਹਾਂ ਦੇ ਸਬੂਤ ਵੀ ਉਨ੍ਹਾਂ ਦੇ ਕੋਲ ਹਨ ।ਉਨਾਂ੍ਹ ਕਿਹਾ ਕਿ ਕਾਗਰਸ ਪਾਰਟੀ ਦੇ ਸਮੂਹ ਆਗੂ ਅਤੇ ਵਰਕਰ ਹੋ ਰਹੀ ਇਸ ਦੂਹਰੀ ਰਾਜਨੀਤੀ ਖਿਲਾਫ ਸੜਕਾ ਤੇ ਇਸ ਤਰ੍ਹਾਂ ਹੀ ਧਰਨੇ ਪ੍ਰਦਰਸ਼ਨ ਕਰਦੇ ਰਹਿਣਗੇ ਜਦੋ ਤੱਕ ਉਹ ਆਪਣੇ ਕੈਬਨਿਟ ਮੰਤਰੀ ਫੋਜਾ ਸਿੰਘ ਸਰਾਰੀ ਨੂੰ ਗ੍ਰਿਫਤਾਰ ਨਹੀ ਕਰਦੇ ।ਇਸ ਮੋਕੇ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਮੂਹ ਵਿੱਚ ਵਿਸ਼ੇਸ਼ ਕਰਕੇ ਰਜਿੰਦਰ ਸ਼ਰਮਾ, ਹਰੀਸ਼ ਸੱਦੀ , ਡਾ ਹਰਪ੍ਰੀਤ ਸਿੰਘ ਕੈਂਥ , ਗੁਰਦੀਪ ਸਿੰਘ , ਤਰਨਜੀਤ ਕੋਰ , ਕੀਮਤੀ ਸੱਦੀ, ਮਨਜਿੰਦਰ ਮੋਹਨ ਬੋਬੀ ,  ਕੁਲਵਰਨ ਸਿੰਘ ਥਾਂਦੀਆ , ਅਜੈ ਮੰਗੁਪੁਰ , ਪਕੰਜ ਕ੍ਰਿਪਾਲ ਤੇ ਹੋਰ ਹਾਜ਼ਰ ਸਨ।