ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ‘ਕੁਦਰਤੀ ਖੇਤੀ’ ਬਾਬਤ ਸਿਖਲਾਈ ਦਾ ਆਯੋਜਨ

ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ 'ਕੁਦਰਤੀ ਖੇਤੀ' ਬਾਬਤ ਸਿਖਲਾਈ ਦਾ ਆਯੋਜਨ

ਨਵਾਂਸ਼ਹਿਰ 30 ਜੂਨ - ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਅਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵੱਲੋਂ 'ਨੈਸ਼ਨਲ ਮਿਸ਼ਨ ਆਨ ਕੁਦਰਤੀ ਖੇਤੀ ਅਧੀਨ ਮਿਤੀ 30 ਜੂਨ ਤੋਂ 4 ਜੁਲਾਈ 2025 ਤੱਕ ਪੰਜ ਦਿਨਾਂ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 20 ਕ੍ਰਿਸ਼ੀ ਸਖੀਆਂ ਅਤੇ ਕਿਸਾਨ ਵੀਰਾਂ ਨੇ ਹਿੱਸਾ ਲਿਆ।
ਸਿਖਲਾਈ ਦੇ ਪਹਿਲੇ ਦਿਨ ਡਾ. ਪ੍ਰਦੀਪ ਕੁਮਾਰ, ਉਪ ਨਿਰਦੇਸ਼ਕ (ਸਿਖਲਾਈ) ਨੇ ਕ੍ਰਿਸ਼ੀ ਸਖੀ ਅਤੇ ਕਿਸਾਨਾਂ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਨਿੱਘਾ ਸੁਆਗਤ ਕੀਤਾ। ਉਹਨਾਂ ਨੇ ਸਿਖਿਆਰਥੀਆਂ ਨੂੰ ਕੇ. ਵੀ. ਕੇ. ਵਿਖੇ 'ਕੁਦਰਤੀ ਖੇਤੀ' ਸੰਬੰਧੀ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ। ਡਾ. ਪ੍ਰਦੀਪ ਕੁਮਾਰ ਨੇ ਕੇ.ਵੀ.ਕੇ. ਵੱਲੋਂ ਆਯੋਜਿਤ ਕੀਤੇ ਜਾ ਰਹੇ ਵੱਖ-ਵੱਖ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਬਾਰੇ ਵੀ ਦੱਸਿਆ ਤੇ ਨਾਲ ਹੀ ਖੇਤੀ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਡਾ. ਕੁਲਵਿੰਦਰ ਕੋਰ (ਖੇਤੀਬਾੜੀ ਅਫ਼ਸਰ, ਨਵਾਂਸ਼ਹਿਰ) ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਵਿਖੇ ਕੁਦਰਤੀ ਖੇਤੀ ਤੇ ਚਲ ਰਹੇ 'ਨੈਸ਼ਨਲ ਮਿਸ਼ਨ ਆਨ ਨੈਚੂਰਲ ਫਾਰਮਿੰਗ' ਬਾਰੇ ਸਿਖਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਕਮਲਦੀਪ ਸਿੰਘ ਸੰਘਾਂ, ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਕੁਦਰਤੀ ਤਰੀਕਿਆਂ ਨਾਲ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਸਿਖਿਆਰਥੀਆਂ ਨੂੰ ਫਸਲਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਕੁਦਰਤੀ ਰੋਗਨਾਸ਼ਕ ਦਵਾਈਆਂ ਜਿਵੇਂ ਜੀਵ ਅੰਮ੍ਰਿਤ, ਬੀਜ਼ ਅੰਮ੍ਰਿਤ, ਅਤੇ ਬ੍ਰਹਮ ਅਸਤਰ ਦੀ ਵਰਤੋਂ ਬਾਰੇ ਵੀ ਦੱਸਿਆ ।ਸਿਖਲਾਈ ਦੌਰਾਨ ਡਾ. ਆਰਤੀ ਵਰਮਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਨੇ ਪਹੁੰਚੇ ਕ੍ਰਿਸ਼ੀ ਸਖੀਆਂ ਅਤੇ ਕਿਸਾਨ ਵੀਰਾਂ ਨੂੰ ਅੱਜ ਦੇ ਸਮੇਂ ਵਿੱਚ 'ਕੁਦਰਤੀ ਖੇਤੀ" ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਨੇ ਕੁਦਰਤੀ ਖੇਤੀ ਦੁਆਰਾ ਤਿਆਰ ਫਲ ਅਤੇ ਸਬਜ਼ੀਆਂ ਦੀ ਪੌਸ਼ਟਿਕਤਾ ਬਾਰੇ ਵੀ ਸਿਖਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਕੁਦਰਤੀ ਖੇਤੀ ਦੇ ਜਰੂਰੀ ਨੁਕਤੇ ਤੇ ਪਹਿਲੂਆਂ ਬਾਰੇ ਦੱਸਿਆ।