ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ‘ਕੁਦਰਤੀ ਖੇਤੀ’ ਬਾਬਤ ਸਿਖਲਾਈ ਦਾ ਆਯੋਜਨ

ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ 'ਕੁਦਰਤੀ ਖੇਤੀ' ਬਾਬਤ ਸਿਖਲਾਈ ਦਾ ਆਯੋਜਨ

ਨਵਾਂਸ਼ਹਿਰ 30 ਜੂਨ - ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਅਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵੱਲੋਂ 'ਨੈਸ਼ਨਲ ਮਿਸ਼ਨ ਆਨ ਕੁਦਰਤੀ ਖੇਤੀ ਅਧੀਨ ਮਿਤੀ 30 ਜੂਨ ਤੋਂ 4 ਜੁਲਾਈ 2025 ਤੱਕ ਪੰਜ ਦਿਨਾਂ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 20 ਕ੍ਰਿਸ਼ੀ ਸਖੀਆਂ ਅਤੇ ਕਿਸਾਨ ਵੀਰਾਂ ਨੇ ਹਿੱਸਾ ਲਿਆ।
ਸਿਖਲਾਈ ਦੇ ਪਹਿਲੇ ਦਿਨ ਡਾ. ਪ੍ਰਦੀਪ ਕੁਮਾਰ, ਉਪ ਨਿਰਦੇਸ਼ਕ (ਸਿਖਲਾਈ) ਨੇ ਕ੍ਰਿਸ਼ੀ ਸਖੀ ਅਤੇ ਕਿਸਾਨਾਂ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਨਿੱਘਾ ਸੁਆਗਤ ਕੀਤਾ। ਉਹਨਾਂ ਨੇ ਸਿਖਿਆਰਥੀਆਂ ਨੂੰ ਕੇ. ਵੀ. ਕੇ. ਵਿਖੇ 'ਕੁਦਰਤੀ ਖੇਤੀ' ਸੰਬੰਧੀ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ। ਡਾ. ਪ੍ਰਦੀਪ ਕੁਮਾਰ ਨੇ ਕੇ.ਵੀ.ਕੇ. ਵੱਲੋਂ ਆਯੋਜਿਤ ਕੀਤੇ ਜਾ ਰਹੇ ਵੱਖ-ਵੱਖ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਬਾਰੇ ਵੀ ਦੱਸਿਆ ਤੇ ਨਾਲ ਹੀ ਖੇਤੀ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਡਾ. ਕੁਲਵਿੰਦਰ ਕੋਰ (ਖੇਤੀਬਾੜੀ ਅਫ਼ਸਰ, ਨਵਾਂਸ਼ਹਿਰ) ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਵਿਖੇ ਕੁਦਰਤੀ ਖੇਤੀ ਤੇ ਚਲ ਰਹੇ 'ਨੈਸ਼ਨਲ ਮਿਸ਼ਨ ਆਨ ਨੈਚੂਰਲ ਫਾਰਮਿੰਗ' ਬਾਰੇ ਸਿਖਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਕਮਲਦੀਪ ਸਿੰਘ ਸੰਘਾਂ, ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਕੁਦਰਤੀ ਤਰੀਕਿਆਂ ਨਾਲ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਸਿਖਿਆਰਥੀਆਂ ਨੂੰ ਫਸਲਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਕੁਦਰਤੀ ਰੋਗਨਾਸ਼ਕ ਦਵਾਈਆਂ ਜਿਵੇਂ ਜੀਵ ਅੰਮ੍ਰਿਤ, ਬੀਜ਼ ਅੰਮ੍ਰਿਤ, ਅਤੇ ਬ੍ਰਹਮ ਅਸਤਰ ਦੀ ਵਰਤੋਂ ਬਾਰੇ ਵੀ ਦੱਸਿਆ ।ਸਿਖਲਾਈ ਦੌਰਾਨ ਡਾ. ਆਰਤੀ ਵਰਮਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਨੇ ਪਹੁੰਚੇ ਕ੍ਰਿਸ਼ੀ ਸਖੀਆਂ ਅਤੇ ਕਿਸਾਨ ਵੀਰਾਂ ਨੂੰ ਅੱਜ ਦੇ ਸਮੇਂ ਵਿੱਚ 'ਕੁਦਰਤੀ ਖੇਤੀ" ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਨੇ ਕੁਦਰਤੀ ਖੇਤੀ ਦੁਆਰਾ ਤਿਆਰ ਫਲ ਅਤੇ ਸਬਜ਼ੀਆਂ ਦੀ ਪੌਸ਼ਟਿਕਤਾ ਬਾਰੇ ਵੀ ਸਿਖਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਕੁਦਰਤੀ ਖੇਤੀ ਦੇ ਜਰੂਰੀ ਨੁਕਤੇ ਤੇ ਪਹਿਲੂਆਂ ਬਾਰੇ ਦੱਸਿਆ।

ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਲਈ ਅੰਨਪੂਰਨਾ ਦਿਵਸ ਨੂੰ ਸਮਰਪਿਤ ਦੋ ਦਿਨ ਦੀ ਲੰਗਰ ਸੇਵਾ

ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਲਈ ਅੰਨਪੂਰਨਾ ਦਿਵਸ ਨੂੰ ਸਮਰਪਿਤ ਦੋ ਦਿਨ ਦੀ ਲੰਗਰ ਸੇਵਾ
ਬੰਗਾ  : 30 ਜੂਨ () ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਦੇ ਮੌਜੂਦਾ ਪ੍ਰਧਾਨ ਸੁਰਿੰਦਰਪਾਲ ਖੇਪੜ ਅਤੇ ਨਵੇਂ ਪ੍ਰਧਾਨ ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਸਮੂਹ ਰੋਟੇਰੀਅਨ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਲਈ ਅੰਨਪੂਰਨਾ ਦਿਵਸ  ਨੂੰ ਸਮਰਪਿਤ ਦੋ ਦਿਨ ਦੀ ਲੰਗਰ ਸੇਵਾ ਕੀਤੀ ਗਈ । ਇਸ ਸ਼ੁਭ ਕਾਰਜ ਦਾ ਆਰੰਭ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤਾ । ਉਹਨਾਂ ਨੇ ਰੋਟਰੀ ਕਲੱਬ ਬੰਗਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਦੋ ਦਿਨ ਦੇ ਲੰਗਰ ਦੀ ਸੇਵਾ ਕਰਨ ਲਈ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਰੋਟਰੀ ਕਲੱਬ ਬੰਗਾ ਦੇ ਮੌਜੂਦਾ ਪ੍ਰਧਾਨ ਸੁਰਿੰਦਰਪਾਲ ਖੇਪੜ ਅਤੇ ਨਵੇਂ ਪ੍ਰਧਾਨ ਪ੍ਰਵੀਨ ਕੁਮਾਰ ਨੇ ਆਪਣੇ  ਰੋਟੇਰੀਅਨ ਮੈਂਬਰਾਂ ਨਾਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਨੂੰ ਲੰਗਰ ਵਰਤਾਇਆ । ਲੰਗਰ ਸੇਵਾ ਮੌਕੇ ਸ਼ਰਨਜੀਤ ਸਿੰਘ ਸੈਕਟਰੀ ਰੋਟਰੀ ਕਲੱਬ, ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ, ਰਾਜ ਬਾਜਾੜ ਅਸਿਸਟੈਂਟ ਗਵਰਨਰ,  ਪ੍ਰਿੰਸੀਪਲ ਗੁਰਜੰਟ ਸਿੰਘ ਸਾਬਕਾ ਪ੍ਰਧਾਨ, ਰਾਜ ਕੁਮਾਰ ਭੰਮਰਾ, ਭੁਪਿੰਦਰ ਕੁਮਾਰ ਝਿੱਕਾ, ਐਡਵਕੇਟ ਅਨਿਲ ਕਟਾਰੀਆ, ਅਮਨਦੀਪ ਘਈ, ਪਰਮਜੀਤ ਸਿੰਘ ਭੋਗਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਉਮ ਬਹਾਦਰ ਵਿਸ਼ਵਕਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ ।
ਫੋਟੋ ਕੈਪਸ਼ਨ :  ਹਸਪਤਾਲ ਢਾਹਾਂ ਕਲੇਰਾਂ ਵਿਖੇ  ਰੋਟਰੀ ਕਲੱਬ ਬੰਗਾ ਵੱਲੋਂ ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਲਈ ਅੰਨਪੂਰਨਾ ਦਿਵਸ ਨੂੰ ਸਮਰਪਿਤ 
ਦੋ ਦਿਨ ਦੀ  ਲੰਗਰ ਆਰੰਭ ਕਰਨ ਮੌਕੇ ਦੀ ਤਸਵੀਰ

ਈ.ਪੀ.ਐੱਫ. ਵਿਭਾਗ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਈ.ਪੀ.ਐੱਫ ਜਾਗਰੂਕਤਾ ਸੈਮੀਨਾਰ ਲਗਾਇਆ

ਈ.ਪੀ.ਐੱਫ. ਵਿਭਾਗ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਈ.ਪੀ.ਐੱਫ ਜਾਗਰੂਕਤਾ ਸੈਮੀਨਾਰ ਲਗਾਇਆ
ਬੰਗਾ 28 ਜੂਨ () ਭਾਰਤ ਸਰਕਾਰ ਦੇ ਈ.ਪੀ.ਐੱਫ.ਓ. ਵਿਭਾਗ (ਕਰਮਚਾਰੀ ਭਵਿੱਖ ਨਿਧੀ ਸੰਗਠਨ) ਦੇ ਜਲੰਧਰ ਜ਼ੋਨ ਵੱਲੋਂ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਰਮਚਾਰੀਆਂ ਲਈ ਈ.ਪੀ.ਐੱਫ. ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ । ਜਿਸ ਵਿਚ ਸ੍ਰੀ ਭੁਪਿੰਦਰ ਕੁਮਾਰ ਸਿੰਘ ਇੰਨਫੋਰਸਮੈਂਟ ਅਫਸਰ ਨੇ ਈ.ਪੀ.ਐਫ. ਦੇ ਲਾਭਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਇਸ ਯੋਜਨਾ ਨਾਲ ਜੁੜੇ  ਸਾਰੇ ਕਰਮਚਾਰੀਆਂ ਦੀ ਆਮਦਨ ਦਾ ਕੁਝ ਹਿੱਸਾ ਹਰ ਮਹੀਨੇ ਜਮ੍ਹਾਂ ਕਰਵਾਇਆ ਜਾਂਦਾ ਹੈ, ਜਿਸ ਨੂੰ ਸੇਵਾਮੁਕਤੀ ਤੋਂ ਬਾਅਦ ਕਢਵਾਇਆ ਜਾ ਸਕਦਾ ਹੈ। ਇਸ 'ਚ ਇਕ ਹਿੱਸਾ ਕਰਮਚਾਰੀ ਦਾ ਹੁੰਦਾ ਹੈ, ਜਦਕਿ ਦੂਜਾ ਹਿੱਸਾ ਕੰਮ ਕਰਵਾਉਣ ਵਾਲੀ ਸੰਸਥਾ/ਕੰਪਨੀ ਨੂੰ ਜਮ੍ਹਾ ਕਰਵਾਉਣਾ ਹੁੰਦਾ ਹੈ, ਜਿਸ 'ਤੇ ਸਰਕਾਰ ਵਲੋਂ ਤੈਅਸ਼ੁਦਾ ਵਿਆਜ ਦਿੱਤਾ ਜਾਂਦਾ ਹੈ । ਉਹਨਾਂ ਦੱਸਿਆ ਕਿ ਪਰ ਕਿਸੇ ਐਮਰਜੈਂਸੀ ਵਿੱਚ ਈ.ਪੀ.ਐਫ. ਫੰਡ ਨੂੰ ਆਸਾਨੀ ਨਾਲ  ਕਢਵਾਇਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਸਰਕਾਰ ਦੁਆਰਾ ਚਲਾਈ ਜਾ ਰਹੀ  ਸਕੀਮ ਵਿੱਚ ਵੀ ਈ.ਪੀ.ਐਫ. ਯੋਜਨਾ ਦੇ ਨਾਲ ਲੋਕਾਂ ਦੀ ਬੱਚਤ ਵਿੱਚ ਵਾਧਾ ਹੁੰਦਾ ਹੈ । ਹੁਣ ਈ.ਪੀ.ਐਫ. ਖਾਤਾ ਧਾਰਕ ਦੇ ਆਪਣੇ ਖਾਤਿਆਂ ਵਿੱਚ ਜਮ੍ਹਾਂ ਕੀਤੀ ਰਕਮ ਨੂੰ ਆਨਲਾਈਨ ਜਾਂ ਐਸ.ਐਮ.ਐਸ. ਰਾਹੀਂ ਵੀ ਚੈੱਕ ਕਰ ਸਕਦਾ ਹੈ । ਇਸ ਤੋਂ ਇਲਾਵਾ ਪੈਨਸ਼ਨ ਅਤੇ ਮੌਤ ਦੇ ਕੇਸਾਂ ਵਿਚ ਵੀ ਵਿਭਾਗ ਵੱਲੋਂ ਤਹਿ ਸਮੇਂ ਵਿਚ ਖਾਤਾ ਧਾਰਕਾਂ ਨੂੰ ਉਹਨਾਂ ਦੀ ਜਮ੍ਹਾਂ ਰਾਸ਼ੀ ਪ੍ਰਾਪਤ ਹੋ ਜਾਂਦੀ ਹੈ । ਇਸ ਮੌਕੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਈ.ਪੀ.ਐੱਫ.ਓ. (ਕਰਮਚਾਰੀ ਭਵਿੱਖ ਨਿਧੀ ਸੰਗਠਨ) ਦੇ ਵਿਸ਼ਾ ਮਾਹਿਰਾਂ  ਦਾ  ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ । ਉਹਨਾਂ ਆਸ ਪ੍ਰਗਟਾਈ ਕਿ ਸੰਸਥਾ ਕਰਮਚਾਰੀਆਂ ਨੂੰ ਈ.ਪੀ.ਐੱਫ ਜਾਗੁਰਕਤਾ ਸੈਮੀਨਾਰ ਦਾ ਲਾਭ ਮਿਲੇਗਾ । ਇਸ ਮੌਕੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸ. ਕਮਲਜੀਤ ਸਿੰਘ ਈ.ਪੀ.ਐੱਫ. ਇੰਚਾਰਜ, ਸ੍ਰੀ ਸਕੇਤ ਕੁਮਾਰ ਸੀਨੀਅਰ ਸਹਾਇਕ, ਸ. ਜਸਵੰਤ ਸਿੰਘ ਮੰਡੇਰ  ਕੈਸ਼ੀਅਰ ਅਤੇ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਵੀ ਹਾਜ਼ਰ ਸਨ ।
ਤਸਵੀਰ : ਈ.ਪੀ.ਐੱਫ. ਜਾਗਰੁਕਤਾ ਸੈਮੀਨਾਰ ਦੇ ਮਾਹਿਰਾਂ ਨੂੰ ਸਨਮਾਨਿਤ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ

ਪੰਜਾਬ ਮੰਡੀ ਬੋਰਡ ਵੱਲੋਂ ਢਾਹਾਂ ਕਲੇਰਾਂ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਸੜਕ ਦੇ ਨਿਰਮਾਣ ਦੀ ਆਰੰਭਤਾ

ਪੰਜਾਬ ਮੰਡੀ ਬੋਰਡ ਵੱਲੋਂ ਢਾਹਾਂ ਕਲੇਰਾਂ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਸੜਕ ਦੇ ਨਿਰਮਾਣ ਦੀ ਆਰੰਭਤਾ
ਬੰਗਾ 26 ਜੂਨ () ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਗਤੀਸ਼ੀਲ ਵਿਕਾਸ ਅਗਵਾਈ ਵਿੱਚ ਅਤੇ ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੇ ਉਦੱਮਾਂ ਨਾਲ ਪੰਜਾਬ ਦੀਆਂ ਮੰਡੀਆਂ ਅਤੇ ਪੇਂਡੂ ਖੇਤਰਾਂ ਦਾ ਵਿਕਾਸ ਜ਼ੋਰਾਂ ਨਾਲ ਹੋ ਰਿਹਾ ਹੈ । ਇਹਨਾਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਸ. ਬਰਸਟ ਦੇ ਉਚੇਚੇ ਯਤਨਾਂ ਸਦਕਾ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਹਾਈਵੇ ਬੰਗਾ-ਫਗਵਾੜਾ ਸੜਕ ਤੋਂ  ਪਿੰਡ ਕਲੇਰਾਂ ਨੂੰ ਜਾਂਦੀ ਸੜਕ ਤੋਂ ਪਿੰਡ ਬਾਹੜੋਵਾਲ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ  ਸ਼ਮਸ਼ਾਨ ਘਾਟ ਢਾਹਾਂ ਨੂੰ ਜਾਂਦੀਆਂ ਲਿੰਕ ਸੜਕਾਂ ਦੇ ਨਿਰਮਾਣ ਕਾਰਜ ਦੀ ਆਰੰਭਤਾ ਅਰਦਾਸ ਉਪੰਰਤ ਹੋਈ । ਆਧੁਨਿਕ ਤਕਨੀਕ ਨਾਲ ਬਣਨ ਵਾਲੀ ਕੰਟਰੀਟ ਦੀ ਇਸ ਸੜਕ 'ਤੇ 40 ਲੱਖ ਰੁਪਏ ਦੀ ਲਾਗਤ ਆਵੇਗੀ ।  ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੇ ਫੋਨ ਸੁਨੇਹੇ ਅਨੁਸਾਰ ਇਹ ਆਧੁਨਿਕ ਲਿੰਕ ਸੜਕ ਰਿਕਾਰਡ ਸਮੇਂ ਵਿੱਚ ਤਿਆਰ ਕੀਤੀ ਜਾਵੇਗੀ ਅਤੇ ਇਸ ਦੇ ਨਵੀਂ ਬਣਨ ਨਾਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਹਸਪਤਾਲ ਢਾਹਾਂ ਕਲੇਰਾਂ ਨੂੰ ਆਣ ਵਾਲੇ ਮਰੀਜ਼ਾਂ ਨੂੰ ਅਤੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਪੰਜਾਬ ਸਰਕਾਰ ਅਤੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦਾ ਢਾਹਾਂ ਕਲੇਰਾਂ ਵਿਖੇ ਲਿੰਕ ਰੋਡ ਦੇ ਨਿਰਮਾਣ ਦੇ ਸ਼ੁੱਭ ਕਾਰਜ ਦੀ ਆਰੰਭਤਾ ਕਰਵਾਉਣ ਲਈ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਗੁਰੂ ਨਾਨਕ ਮਿਸ਼ਨ ਪਬਲਿਕ ਸੀ.ਸੈ. ਸਕੂਲ ਢਾਹਾਂ ਕਲੇਰਾਂ, ਸ੍ਰੀ ਗੌਰਵ ਭੱਟੀ ਕਾਰਜਕਾਰੀ ਇੰਜੀਨੀਅਰ, ਸ੍ਰੀ ਸੰਦੀਪ ਜੱਸੀ ਐਸ.ਡੀ.ਓ., ਸ. ਚਰਨਜੀਤ ਸਿੰਘ ਜੇ.ਈ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਇੰਜੀ: ਭੁਪਿੰਦਰ ਸਿੰਘ, ਰੋਡ ਇੰਜੀ: ਸੰਦੀਪ ਕੁਮਾਰ, ਸ. ਗੁਰਮੱਖ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।
ਤਸਵੀਰ : ਢਾਹਾਂ ਕਲੇਰਾਂ ਵਿਖੇ ਲਿੰਕ ਰੋਡ ਦੇ ਨਿਰਮਾਣ ਕਾਰਜ ਦੀ ਆਰੰਭਤਾ ਦੀ ਅਰਦਾਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਹੋਰ ਪਤਵੰਤੇ

ਢਾਹਾਂ ਕਲੇਰਾਂ ਹਸਪਤਾਲ ਵਿਖੇ ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ ਮਿਤੀ 1 ਜੁਲਾਈ ਤੋਂ

ਢਾਹਾਂ ਕਲੇਰਾਂ ਹਸਪਤਾਲ ਵਿਖੇ ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਬਿਮਾਰੀਆਂ,
ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ ਮਿਤੀ 1 ਜੁਲਾਈ ਤੋਂ

ਬੰਗਾ , 24 ਜੂਨ ( ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ 
ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਬਿਮਾਰੀਆਂ ਦਾ, ਪੱਥਰੀਆਂ ਦਾ ਅਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ ਮਿਤੀ 01 ਜੁਲਾਈ  ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਆਰੰਭ ਹੋ ਰਿਹਾ ਹੈ । ਇਹ ਜਾਣਕਾਰੀ ਸ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪ੍ਰੈੱਸ ਨੂੰ ਦਿੱਤੀ । ਸ. ਢਾਹਾਂ  ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਯੂਰੋਲੌਜੀ ਵਿਭਾਗ ਵਿਚ 01 ਜੁਲਾਈ  2025 ਤੋਂ 15 ਜੁਲਾਈ 2025 ਤੱਕ ਲਗਾਏ ਜਾ ਰਹੇ 15 ਦਿਨਾਂ ਫਰੀ ਚੈੱਕਅੱਪ ਕੈਂਪ ਵਿਚ ਗੁਰਦਿਆਂ ਦੀਆਂ ਪੱਥਰੀਆਂ, ਗਦੂਦਾਂ ਦੀਆਂ ਬਿਮਾਰੀਆਂ, ਪਿਸ਼ਾਬ ਦੀਆਂ ਬਿਮਾਰੀਆਂ, ਗੁਰਦਿਆਂ ਦੀਆਂ ਬਿਮਾਰੀਆਂ ਦਾ, ਮਰਦਾਨਾ ਕਮਜ਼ੋਰੀ, ਪਿਸ਼ਾਬ ਦੀ ਥੈਲੀ (ਬਲੈਡਰ) ਦੇ ਕੈਂਸਰ ਦੇ ਮਰੀਜ਼ਾਂ ਅਤੇ ਪੇਟ ਦੇ ਹੇਠਲੇ ਹਿੱਸੇ ਜਾਂ ਵੱਖੀ ਵਿਚ ਦਰਦਾਂ ਦੀ ਬਿਮਾਰੀਆਂ ਦਾ ਫਰੀ ਚੈੱਕਅੱਪ ਹਸਪਤਾਲ ਦੇ ਯੂਰੋਲੌਜੀ ਮਾਹਿਰ ਡਾਕਟਰ ਡਾ. ਅਮਿਤ ਸੰਧੂ ਐਮ.ਐਸ., ਐਮ.ਸੀ.ਐਚ. ਵੱਲੋਂ ਰੋਜ਼ਾਨਾ 9 ਵਜੇ ਤੋਂ 1 ਵਜੇ ਤੱਕ ਕੀਤਾ ਜਾਵੇਗਾ । ਕੈਂਪ ਦੌਰਾਨ ਮਰੀਜ਼ਾਂ ਦੀ ਰਜਿਟਰੇਸ਼ਨ ਮੁਫਤ ਹੋਵੇਗੀ ਅਤੇ ਅਲਟਰਾ ਸਾਊਂਡ ਸਕੈਨ ਸਿਰਫ 300/- ਰੁਪਏ ਵਿਚ ਕੀਤਾ ਜਾਵੇਗਾ । ਇਸ ਤੋਂ ਇਲਾਵਾ ਕੈਂਪ ਮਰੀਜ਼ਾਂ ਨੂੰ ਹਸਪਤਾਲ ਵੱਲੋਂ ਲੈਬ ਟੈਸਟ ਜਿਵੇਂ ਪੀ ਐਸ ਏ, ਆਰ ਐਫ ਟੀ, ਸੀ ਬੀ ਸੀ ਅਤੇ ਪਿਸ਼ਾਬ ਦੇ ਟੈਸਟਾਂ ਵਿਚ 50 ਫੀਸਦੀ ਛੋਟ ਦਿੱਤੀ ਜਾ ਰਹੀ ਹੈ । ਇਸ ਮੌਕੇ ਲੋੜਵੰਦ ਮਰੀਜ਼ਾਂ ਦੇ ਅਪਰੇਸ਼ਨ ਵੀ ਰਿਆਇਤੀ ਦਰਾਂ ਵਿਚ ਕੀਤੇ ਜਾਣਗੇ । ਉਹਨਾਂ ਨੇ ਸਮੂਹ ਇਲਾਕਾ ਨਿਵਾਸੀ ਲੋੜਵੰਦ ਮਰੀਜ਼ਾਂ ਨੂੰ 1 ਜੁਲਾਈ ਤੋਂ ਆਰੰਭ ਹੋ ਰਹੇ 15 ਦਿਨਾਂ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦੇ ਫਰੀ ਚੈੱਕਅੱਪ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ । ਇਸ ਮੌਕੇ ਸ. ਜੋਗਿੰਦਰ ਸਿੰਘ ਸਾਧੜਾ ਸੀਨੀਅਰ ਮੀਤ ਪ੍ਰਧਾਨ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਸੀਨੀਅਰ ਯੂਰੋਲੋਜਿਸਟ ਡਾ. ਅਮਿਤ ਸੰਧੂ ਐਮ ਐਸ, ਐਮ ਸੀ ਐਚ(ਯੂਰੋਲੌਜੀ) ਅਤੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : 01 ਜੁਲਾਈ ਮੰਗਲਵਾਰ ਤੋਂ ਢਾਹਾਂ ਕਲੇਰਾਂ ਹਸਪਤਾਲ ਵਿਖੇ ਲੱਗ ਰਹੇ 15 ਦਿਨਾਂ ਯੂਰੋਲੋਜੀ ਦੇ ਫਰੀ ਚੈੱਕਅੱਪ ਕੈਂਪ ਬਾਰੇ ਜਾਣਕਾਰੀ ਦੇਣ ਦਿੰਦੇ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ 
ਪ੍ਰਧਾਨ ਸ. ਜੋਗਿੰਦਰ ਸਿੰਘ ਸਾਧੜਾ  ਸੀਨੀਅਰ ਮੀਤ ਪ੍ਰਧਾਨ ਅਤੇ  ਮਾਹਿਰ ਡਾਕਟਰ ਸਾਹਿਬਾਨ

ਬਾਕਸ ਲਈ : ਕੈਂਪ ਦੌਰਾਨ ਅਲਟਰਾ ਸਾਊਂਡ ਸਕੈਨ ਸਿਰਫ 300/- ਰੁਪਏ ਵਿਚ ਅਤੇ ਲੈਬ ਟੈਸਟ ਪੀ ਐਸ ਏ, ਆਰ ਐਫ ਟੀ, ਸੀ ਬੀ ਸੀ, ਪਿਸ਼ਾਬ ਦੇ ਟੈਸਟਾਂ ਵਿਚ 50% ਛੋਟ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਯੂਰੋਲੋਜੀ ਵਿਭਾਗ ਵਿੱਚ ਡਾ.ਅਮਿਤ ਸੰਧੂ ਸੀਨੀਅਰ ਯੂਰੋਲੋਜਿਸਟ ਨਿਯੁਕਤ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਯੂਰੋਲੋਜੀ ਵਿਭਾਗ ਵਿੱਚ ਡਾ.ਅਮਿਤ ਸੰਧੂ ਸੀਨੀਅਰ ਯੂਰੋਲੋਜਿਸਟ ਨਿਯੁਕਤ
ਬੰਗਾ 21 ਜੂਨ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਸੇਵਾਵਾਂ ਵਿਚ ਵਾਧਾ ਕਰਦੇ ਹੋਏ ਯੂਰੋਲੋਜੀ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਸ ਵਿਚ ਯੂਰੋਲੋਜੀ  ਦੇ ਮਾਹਿਰ ਡਾਕਟਰ ਅਮਿਤ ਸੰਧੂ ਐਮ.ਐਸ.,ਐਮ.ਸੀ.ਐਚ. ਨੂੰ ਸੀਨੀਅਰ ਯੂਰੋਲੋਜਿਸਟ ਨਿਯੁਕਤ ਕੀਤਾ ਗਿਆ ਹੈ । ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ । ਉਹਨਾਂ ਦੱਸਿਆ ਕਿ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਭਾਰੀ ਮੰਗ ਕਰਕੇ ਅਤੇ ਮਰੀਜ਼ਾਂ ਦੀ ਸਹੂਲਤ ਲਈ ਗੁਰਦਿਆਂ ਦੀਆਂ ਬਿਮਾਰੀਆਂ ਦਾ, ਪੱਥਰੀਆਂ ਦਾ ਅਤੇ ਪਿਸ਼ਾਬ ਦੇ ਰੋਗਾਂ ਦਾ ਯੂਰੋਲੋਜੀ ਵਿਭਾਗ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਣਾਇਆ ਗਿਆ ਹੈ । ਜਿਸ ਵਿਚ ਮਾਹਿਰ ਡਾਕਟਰ ਅਮਿਤ ਸੰਧੂ  ਰੋਜ਼ਾਨਾ ਗੁਰਦਿਆਂ ਦੀਆਂ ਪੱਥਰੀਆਂ, ਗਦੂਦਾਂ ਦੀਆਂ ਬਿਮਾਰੀਆਂ, ਪਿਸ਼ਾਬ ਦੀਆਂ ਬਿਮਾਰੀਆਂ, ਗੁਰਦਿਆਂ ਦੀਆਂ ਬਿਮਾਰੀਆਂ ਦਾ, ਮਰਦਾਨਾ ਕਮਜ਼ੋਰੀ, ਪਿਸ਼ਾਬ ਦੀ ਥੈਲੀ (ਬਲੈਡਰ) ਦੇ ਕੈਂਸਰ ਦੇ ਮਰੀਜ਼ਾਂ ਅਤੇ ਪੇਟ ਦੇ ਹੇਠਲੇ ਹਿੱਸੇ ਜਾਂ ਵੱਖੀ ਵਿਚ ਦਰਦਾਂ ਦੀ ਬਿਮਾਰੀਆਂ ਦਾ ਇਲਾਜ ਅਤੇ ਅਪਰੇਸ਼ਨ ਕਰਗੇ । ਉਹਨਾਂ ਦੱਸਿਆ ਕਿ ਡਾ. ਸੰਧੂ ਯੂਰੋਲੋਜੀ ਨਾਲ ਸੰਬਧਿਤ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਕਰਨ ਦੇ ਮਾਹਿਰ ਅਤੇ ਤਜਰਬੇਕਾਰ ਡਾਕਟਰ ਹਨ । ਉਹਨਾਂ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐਮ.ਐਸ. ਅਤੇ ਸਰਦਾਰ ਪਟੇਲ ਮੈਡੀਕਲ ਕਾਲਜ ਬੀਕਾਨੇਰ ਤੋਂ ਐਮ.ਸੀ.ਐਚ. (ਯੂਰੋਲੋਜੀ) ਦੀ ਡਿਗਰੀ ਕੀਤੀ ਹੋਈ ਹੈ ਅਤੇ ਯੂ ਕੇ ਤੋਂ ਵੀ ਵਿਸ਼ੇਸ਼ ਫੈਲੋਸ਼ਿਪ ਪ੍ਰਾਪਤ ਕੀਤੀ ਹੋਈ ਹੈ । ਇਸ ਤੋਂ ਪਹਿਲਾਂ ਉਹ ਆਈ ਵੀ ਵਾਈ (ਲਿਵਾਸਾ) ਹਸਪਤਾਲ, ਸਰਵੋਦਿਆ ਹਸਪਤਾਲ ਜਲੰਧਰ ਅਤੇ ਯੂ.ਕੇ. ਦੇ ਪ੍ਰਸਿੱਧ ਨੌਰਥੈਂਪਟਨ ਜਨਰਲ ਹਸਪਤਾਲ, ਨੌਰਥੈਂਪਟਨ, ਇੰਗਲੈਂਡ ਵਿਖੇ  ਵਧੀਆ ਇਲਾਜ ਅਤੇ ਅਪਰੇਸ਼ਨ ਕਰਕੇ ਹਜ਼ਾਰਾਂ ਮਰੀਜ਼ਾਂ ਨੂੰ ਤੰਦਰੁਸਤ ਕਰ ਚੁੱਕੇ ਹਨ । ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਡਾ. ਅਮਿਤ ਸੰਧੂ ਹੁਣ ਰੋਜ਼ਾਨਾ ਸਵੇਰੇ 09 ਵਜੇ ਤੋਂ 1 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦਾ ਜਾਂਚ ਕਰਿਆ ਕਰਨਗੇ । ਇਸ ਲਈ ਹਸਪਤਾਲ ਵਿਖੇ ਯੂਰੋਲੋਜੀ ਵਿਭਾਗ ਵਿਚ ਉਕਤ ਬਿਮਾਰੀਆਂ ਦਾ ਇਲਾਜ ਅਤੇ ਅਪਰੇਸ਼ਨ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ,  ਡਾਕਟਰ ਅਮਿਤ ਸੰਧੂ ਐਮ.ਐਸ., ਐਮ. ਸੀ.ਐਚ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਜੋਤੀ ਭਾਟੀਆ ਫਰੰਟ ਡੈਕਸ ਮੈਨੇਜਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :  ਡਾਕਟਰ ਅਮਿਤ ਸੰਧੂ ਐਮ.ਐਸ., ਐਮ. ਸੀ.ਐਚ., ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੀ ਓ.ਪੀ.ਡੀ. ਵਿੱਚ

ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਬੰਗਾ 21 ਜੂਨ () ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ 2025 ਦੇ ਥੀਮ "ਇੱਕ ਧਰਤੀ, ਇੱਕ ਸਿਹਤ ਲਈ ਯੋਗ" ਤਹਿਤ ਮਨਾਇਆ ਗਿਆ । ਇਸ ਮੌਕੇ  ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਯੋਗ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਅਤੇ ਕਿਉਂਕਿ  ਯੋਗਾ ਆਸਣ ਕਰਨ ਨਾਲ  ਸਰੀਰ ਅਤੇ ਮਨ ਹਮੇਸ਼ਾਂ ਤੰਦਰੁਸਤ ਰਹਿੰਦਾ ਹੈ । ਨਰਸਿੰਗ ਕਾਲਜ ਦੇ ਪ੍ਰਿੰਸੀਪਲ ਰਮਨਦੀਪ ਕੌਰ ਕੰਗ ਨੇ ਨਰਸਿੰਗ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਮੂਹ ਨਰਸਿੰਗ ਵਿਦਿਆਰਥੀਆਂ, ਨਰਸਿੰਗ ਅਧਿਆਪਕਾਂ ਨੂੰ ਵੱਖ-ਵੱਖ ਯੋਗ ਕ੍ਰਿਆਵਾਂ ਦਾ ਅਭਿਆਸ ਕਰਵਾਇਆ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਹਨਾਂ ਨੇ ਯੋਗ ਆਸਣਾਂ ਦੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ । ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਮੌਕੇ ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਸ਼ਿਵਾਨੀ ਭਰਦਵਾਜ ਮੈਡਮ ਸੀਮਾ ਪੂੰਨੀ, ਕਾਲਜ ਅਧਿਆਪਕ, ਹੋਸਟਲ ਵਾਰਡਨ ਅਤੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਏ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਝਲਕੀਆਂ

ਬਲੱਡ ਬੈਂਕ ਢਾਹਾਂ ਕਲੇਰਾਂ ਵਿਖੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਵਿਚ 31 ਯੂਨਿਟ ਖੂਨਦਾਨ

ਬਲੱਡ ਬੈਂਕ ਢਾਹਾਂ ਕਲੇਰਾਂ ਵਿਖੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਵਿਚ 31 ਯੂਨਿਟ ਖੂਨਦਾਨ
ਬੰਗਾ 19 ਜੂਨ :  ਅੱਜ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਅੱਜ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ । ਜਿੱਥੇ  31 ਖੂਨਦਾਨੀ ਵਲੰਟੀਅਰਾਂ ਨੇ ਖੂਨਦਾਨ ਕੀਤਾ । ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ, ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਸੁਰਿੰਦਰਪਾਲ ਖੇਪੜ ਅਤੇ ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ ਨੇ ਖੂਨ ਦੀ ਮਾਹਨਤਾ ਬਾਰੇ ਦੱਸਦੇ ਕਿਹਾ ਕਿ ਖੂਨਦਾਨ ਸੰਸਾਰ ਦਾ ਸਭ ਤੋਂ ਉੱਤਮ ਦਾਨ ਹੈ ਤੇ ਸਾਡੇ ਵੱਲੋਂ ਦਾਨ ਵਿਚ ਦਿੱਤਾ ਹੋਇਆ ਖੂਨ ਕੀਮਤੀ ਮਨੁੱਖੀ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ। ਉਨ੍ਹਾਂ ਨੇ ਇਸ ਮੌਕੇ ਖੂਨਦਾਨ ਲਹਿਰ ਦੇ ਜਨਮ ਦਾਤੇ ਡਾ. ਕਾਰਲ ਲੈਂਡਸਟੀਨਰ  ਨੂੰ ਯਾਦ ਕੀਤਾ ਅਤੇ  ਕਿਹਾ ਕਿ ਸਾਨੂੰ ਖੂਨਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਲੋੜ ਹੈ । ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਸਮਝਣਾ ਅਤੇ ਸਿੱਖਣਾ ਚਾਹੀਦਾ ਹੈ, ਕਿਉਂਕਿ ਇਹ ਸਮਾਜ ਅਤੇ ਮਨੁੱਖਤਾ ਲਈ ਇਕ ਮਹੱਤਵਪੂਰਨ ਸੇਵਾ ਹੈ । ਇਸ ਮੌਕੇ ਉਹਨਾਂ ਨੇ ਖੂਨਦਾਨੀਆਂ ਨੂੰ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ । ਇਸ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ (77ਵੀਂ ਵਾਰ ਖੂਨਦਾਨ) ਆਪਣੇ ਬੇਟੇ ਈਸ਼ਵਰ ਸਿੰਘ ਬਾਜਵਾ ਨਾਲ (7ਵੀ ਵਾਰ ਖੂਨਦਾਨ) ਇਕੱਠੇ ਖੂਨਦਾਨ ਕਰਕੇ  ਸਮੂਹ ਖੂਨਦਾਨੀਆਂ ਲਈ ਪ੍ਰਰੇਣਾ ਸਰੋਤ ਬਣੇ ।  ਇਸ ਮੌਕੇ ਖੂਨਦਾਨੀਆਂ ਦੀਆਂ ਹੌਸਲਾ ਅਫਜ਼ਾਈ ਅਤੇ ਸੇਵਾ ਸੰਭਾਲ ਲਈ  ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ ਰਾਹੁਲ ਗੋਇਲ ਬੀ ਟੀ ਉ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਬਲਦੇਵ ਸਿੰਘ ਸੁਪਰਡੈਂਟ ਐਸ ਡੀ ਐਮ ਦਫਤਰ ਬੰਗਾ, ਅਮਨਦੀਪ ਸਿੰਘ , ਗੁਰਸ਼ਰਨ ਸਿੰਘ, ਅਮਨਦੀਪ ਘਈ, ਰਵਿੰਦਰ ਸਿੰਘ,  ਸ਼ਰਨਜੀਤ ਸਿੰਘ ਸੈਕਟਰੀ ਰੋਟਰੀ ਕਲੱਬ, ਪ੍ਰੌਜੈਕਟ ਡਾਇਰੈਕਟਰ ਇਕਬਾਲ ਸਿੰਘ ਬਾਜਵਾ, ਰਾਜ ਬਾਜਾੜ ਅਸਿਸਟੈਂਟ ਗਵਰਨਰ,  ਪ੍ਰਿੰਸੀਪਲ ਗੁਰਜੰਟ ਸਿੰਘ ਸਾਬਕਾ ਪ੍ਰਧਾਨ, ਪ੍ਰਵੀਨ ਕੁਮਾਰ‍, ਵਿਜੈ ਗੁਣਾਚੌਰ, ਹਰਸ਼ ਸ਼ਰਮਾ ਨਵਾਂਸ਼ਹਿਰ, ਪਰਮਜੀਤ ਸਿੰਘ ਭੋਗਲ, ਇੰਦਰਜੀਤ ਸਿੰਘ ਮਾਨ ਐਮ ਸੀ ਬੰਗਾ, ਤੇਜਪਾਲ ਐਮ ਸੀ ਬੰਗਾ, ਰਾਜ ਕੰਪਿਊਟਰ ਨਵਾਂਸ਼ਹਿਰ, ਇੰਦਰਜੀਤ ਸੈਣੀ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਈਸ਼ਵਰ ਸਿੰਘ ਬਾਜਵਾ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਬਲੱਡ ਬੈਂਕ ਢਾਹਾਂ ਕਲੇਰਾਂ ਵਿੱਚ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ

ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ



ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

 

-ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਰੋਟਰੀ ਕਲੱਬ ਦਾ ਉਪਰਾਲਾ

 

-ਕਲੱਬ ਵੱਲੋਂ ਲੜਕੀਆਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਕੀਤੇ ਜਾ ਰਹੇ ਨੇ ਲਗਾਤਾਰ ਉਪਰਾਲੇ : ਸ਼ੀਸ਼ਪਾਲ ਮਿੱਤਲ

 

ਪਟਿਆਲਾ, 15 ਜੂਨ:

              ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਡਾ ਉਪਰਾਲਾ ਕਰਦਿਆਂ ਪੜ੍ਹੀਆਂ ਲਿਖੀਆਂ ਲੋੜਵੰਦ ਲੜਕੀਆਂ ਨੂੰ ਸਿਲਾਈ ਦਾ ਕੋਰਸ ਕਰਵਾਇਆ ਅਤੇ ਸਫਲਤਾਪੂਰਵਕ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਕਲੱਬ ਵੱਲੋਂ ਸਿਲਾਈ ਮਸ਼ੀਨਾਂ ਵੰਡ ਕੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ

              ਕਲੱਬ ਵੱਲੋਂ ਪ੍ਰਧਾਨ ਰੋਟੇਰੀਅਨ ਸ਼ੀਸ਼ਪਾਲ ਮਿੱਤਲ ਦੀ ਅਗਵਾਈ ਵਿੱਚ ਸਿਲਾਈ ਕੋਰਸ ਮੁਕੰਮਲ ਹੋਣ 'ਤੇ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਤਿੰਦਰ ਕੌਰ ਵਾਲੀਆ ਨੇ ਮੁੱਖ ਮਹਿਮਾਨ ਤੇ ਰਾਜੇਸ਼ ਪੰਜੋਲਾ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਲੜਕੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ

              ਇਸ ਮੌਕੇ ਕਲੱਬ ਪ੍ਰਧਾਨ ਰੋਟੇਰੀਅਨ ਸ਼ੀਸ਼ਪਾਲ ਮਿੱਤਲ ਨੇ ਕਲੱਬ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਪਹਿਲੇ ਦਿਨ ਤੋਂ ਹੀ ਲੋਕ ਭਲਾਈ ਦੇ ਕੰਮਾਂ ਅਤੇ ਲੋੜਵੰਦਾਂ ਦੀ ਮਦਦ ਲਈ ਕੰਮ ਕਰਦਾ ਆ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਕਲੱਬ ਨਾਲ ਜੁੜੇ ਹਰੇਕ ਮੈਂਬਰ ਵੱਲੋਂ ਆਪਣੀ ਸਮਰੱਥਾ ਅਨੁਸਾਰ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ

              ਉਨ੍ਹਾਂ ਦੱਸਿਆ ਕਿ ਗੀਤਾਂਜਲੀ ਸਿਲਾਈ ਅਧਿਆਪਕਾ ਦੀ ਮਿਹਨਤ ਅਤੇ ਕਾਬਲੀਅਤ ਸਦਕਾ ਸਿਲਾਈ ਸੈਂਟਰ ਦੀ ਕਲਾਸ 'ਚ ਲੜਕੀਆਂ ਦੀ ਗਿਣਤੀ 25 ਤੱਕ ਪਹੁੰਚ ਗਈ ਹੈ ਇਨ੍ਹਾਂ ਲੜਕੀਆਂ ਦਾ ਇਮਤਿਹਾਨ ਲਿਆ ਗਿਆ ਜਿਸ ਵਿਚੋਂ 11 ਲੜਕੀਆਂ ਪਾਸ ਹੋਈਆਂ ਅਤੇ ਇਨ੍ਹਾਂ ਲੜਕੀਆਂ ਨੂੰ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੁਆਰਾ ਆਯੋਜਿਤ ਪ੍ਰਾਜੈਕਟ ਰਾਹੀਂ ਤੇ ਬਰਿੰਦਰ ਢੂੰਡੀਆਂ ਵੱਲੋਂ ਆਪਣੀ ਧਰਮ ਪਤਨੀ ਮਰਹੂਮ ਰਾਕੇਸ਼ ਢੂੰਡੀਆਂ ਦੀ ਯਾਦ ਵਿੱਚ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਤੇ ਨਾਲ ਹੀ ਕਲੱਬ ਵੱਲੋਂ ਸਰਟੀਫਿਕੇਟ ਵੀ ਦਿੱਤੀ ਗਏ ਜ਼ਿਕਰਯੋਗ ਹੈ ਕਿ ਪਹਿਲੀ ਵਾਰ ਗਰੈਜੂਏਟ ਤੇ ਪੋਸਟ ਗਰੈਜੂਏਟ ਲੜਕੀਆਂ ਸਿਲਾਈ ਸਿੱਖਣ ਲਈ ਆਈਆਂ

              ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਤਿੰਦਰ ਕੌਰ ਵਾਲੀਆਂ ਨੇ ਕਲੱਬ ਵੱਲੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਕਲੱਬ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜਿਕ ਕਦਰਾਂ ਕੀਮਤਾਂ ਨੂੰ ਹੋਰ ਮਜ਼ਬੂਤ ਕਰਦੇ ਹਨ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਰਾਜੇਸ਼ ਪੰਜੋਲਾ ਨੇ ਕਿਹਾ ਕਿ ਕਲੱਬ ਵੱਲੋਂ ਕੀਤੇ ਉਪਰਾਲਿਆਂ ਸਦਕਾ ਕਈ ਲੋੜਵੰਦ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਕਾਬਲ ਹੋਏ ਹਨ, ਜੋ ਇਕ ਚੰਗਾ ਉਪਰਾਲਾ ਹੈ ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਕੇਵਲ ਇਕ ਵਿਅਕਤੀ ਨੂੰ ਨਹੀਂ ਸਗੋਂ ਉਸ ਦੇ ਪੂਰੇ ਪਰਿਵਾਰ ਨੂੰ ਪੈਰਾ ਸਿਰ ਕਰਦੀਆਂ ਹਨ

              ਸਮਾਗਮ ਦੌਰਾਨ ਰੋਟੇਰੀਅਨ ਸ਼ੀਸ਼ਪਾਲ ਮਿੱਤਲ ਪ੍ਰਧਾਨ, ਰੋਟੇਰੀਅਨ ਰੋਹਿਤ ਗੁਪਤਾ ਸੈਕਟਰੀ, ਰੋਟੇਰੀਅਨ ਬਰਿੰਦਰ ਢੂੰਡੀਆਂ ਪ੍ਰਾਜੈਕਟ ਚੇਅਰਮੈਨ, ਰੋਟੇਰੀਅਨ ਰਕੇਸ਼ ਸਿੰਗਲਾ, ਰੋਟੇਰੀਅਨ ਦੇਵੀ ਦਿਆਲ ਗੋਇਲ ਨੇ ਵੀ ਆਪਣੇ ਵਿਚਾਰ ਰੱਖੇ ਇਸ ਮੌਕੇ ਰੋਟੇਰੀਅਨ ਮਾਨਿਕ ਸਿੰਗਲਾ, ਇਮੀਜੀਏਟ ਪ੍ਰਧਾਨ ਅਸ਼ੋਕ ਕੁਮਾਰ ਰੌਣੀ, ਇਲੈਕਟਡ ਪ੍ਰਧਾਨ ਰੋਟੇਰੀਅਨ ਵਿਸ਼ਾਲ ਸ਼ਰਮਾ, ਕੈਸ਼ੀਅਰ ਰੋਟੇਰੀਅਨ ਗੀਤੇਸ ਸਿੰਗਲਾ, ਰੋਟੇਰੀਅਨ ਕੌਂਸਲ ਰਾਓ ਸਿੰਗਲਾ, ਆਰ ਕੇ ਸਿੰਗਲਾ, ਜੀਵਨ ਕੁਮਾਰ ਗਰਗ, ਅਮਿਤ ਜਿੰਦਲ, ਆਸ਼ੀਸ਼ ਅਗਰਵਾਲ ਵੀ ਮੌਜੂਦ ਸਨ

 

 

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ‘ਈਜ਼ੀ ਜਮ੍ਹਾਂਬੰਦੀ’ ਪੋਰਟਲ ਰਾਹੀਂ ਮਾਲ ਸੁਧਾਰਾਂ ਲਈ ਇਕ ਹੋਰ ਇਨਕਲਾਬੀ ਕਦਮ ਚੁੱਕਿਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਰਾਹੀਂ ਮਾਲ ਸੁਧਾਰਾਂ ਲਈ ਇਕ ਹੋਰ ਇਨਕਲਾਬੀ ਕਦਮ ਚੁੱਕਿਆ

 

ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ, ਸੁਚਾਰੂ, ਪ੍ਰੇਸ਼ਾਨੀ ਰਹਿਤ ਅਤੇ ਪਾਰਦਰਸ਼ੀ ਸੇਵਾਵਾਂ ਦੇਣ ਵਿੱਚ ਪੰਜਾਬ ਨੇ ਸਫਲਤਾ ਦਾ ਨਵਾਂ ਮੁਕਾਮ ਹਾਸਲ ਕੀਤਾ

 

ਲੋਕਾਂ ਨੂੰ ਹੁਣ ਵਟਸਐਪ 'ਤੇ ਮਿਲੇਗੀ ਜਮ੍ਹਾਂਬੰਦੀ

 

ਇੰਤਕਾਲ, ਰਪਟ ਐਂਟਰੀ ਅਤੇ ਫਰਦ ਬਦਰ ਦੀਆਂ ਸੇਵਾਵਾਂ ਵੀ ਹੁਣ ਆਨਲਾਈਨ ਹਾਸਲ ਹੋਣਗੀਆਂ

 

 ਅੰਮ੍ਰਿਤਸਰ, 12 ਜੂਨ -   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ 'ਈਜ਼ੀ ਜਮ੍ਹਾਂਬੰਦੀ' ਪੋਰਟਲ ਦੀ ਸ਼ੁਰੂਆਤ ਕੀਤੀ ਜਿਸ ਨਾਲ ਪੰਜਾਬ ਨੇ ਆਪਣੇ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਮੁਕਤ, ਸੁਚਾਰੂ, ਪ੍ਰੇਸ਼ਾਨੀ ਰਹਿਤ ਅਤੇ ਪਾਰਦਰਸ਼ੀ ਸੇਵਾਵਾਂ ਦੇਣ ਵਿੱਚ ਸਫਲਤਾ ਦਾ ਨਵਾਂ ਮੁਕਾਮ ਹਾਸਲ ਕੀਤਾ ਹੈ। 

ਦੋਵਾਂ ਆਗੂਆਂ ਨੇ ਕਿਹਾ ਕਿ ਇਸ ਸ਼ੁਰੂਆਤ ਨਾਲ ਮਾਲ ਵਿਭਾਗ ਦੀਆਂ ਪ੍ਰਮੁੱਖ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਇੱਕ ਹੋਰ ਇਤਿਹਾਸਕ ਕਦਮ ਚੁੱਕਿਆ ਹੈ। ਇਨ੍ਹਾਂ ਸੇਵਾਵਾਂ ਨਾਲ ਹਰੇਕ ਸਾਲ ਲੱਖਾਂ ਲੋਕਾਂ ਦਾ ਸਿੱਧਾ ਵਾਹ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਪੰਜਾਬ ਨੇ 'ਈਜ਼ੀ ਰਜਿਸਟਰੀ' ਦੀ ਸ਼ੁਰੂਆਤ ਕੀਤੀ ਸੀ, ਜਿਸਦਾ ਉਦੇਸ਼ ਜਾਇਦਾਦ ਦੀ ਰਜਿਸਟਰੀ ਨੂੰ ਸਰਲ ਅਤੇ ਪਾਰਦਰਸ਼ੀ ਬਣਾਉਣਾ ਅਤੇ ਭ੍ਰਿਸ਼ਟਾਚਾਰ ਨੂੰ ਮੁਕੰਮਲ ਤੌਰ 'ਤੇ ਖਤਮ ਕਰਨਾ ਹੈ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਮੋਹਾਲੀ ਵਿੱਚ 'ਈਜ਼ੀ ਰਜਿਸਟਰੀਦਾ ਉਪਰਾਲਾ ਸ਼ੁਰੂ ਕੀਤਾ ਸੀ ਅਤੇ ਇਹ ਲੋਕਾਂ ਲਈ ਵੱਡੀ ਸਫਲਤਾ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਇਸ ਪੂਰੇ ਜ਼ਿਲ੍ਹੇ ਤੋਂ ਭ੍ਰਿਸ਼ਟਾਚਾਰ ਦੀ ਇਕ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਜੋ ਇਸ ਪਹਿਲਕਦਮੀ ਦੀ ਸ਼ਾਨਦਾਰ ਸਫਲਤਾ ਨੂੰ ਦਰਸਾਉਂਦਾ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਇਸ 'ਈਜ਼ੀ ਰਜਿਸਟਰੀ' ਨੂੰ 15 ਜੁਲਾਈ ਤੱਕ ਪੂਰੇ ਪੰਜਾਬ ਵਿੱਚ ਲਾਗੂ ਕਰ ਦਿੱਤਾ ਜਾਵੇਗਾ।

ਦੋਵਾਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਾ ਵਾਅਦਾ ਕੀਤਾ ਸੀ ਅਤੇ ਅੱਜ ਇੱਥੋਂ ਸ਼ੁਰੂ ਹੋਈ 'ਈਜ਼ੀ ਜਮ੍ਹਾਂਬੰਦੀ' ਪੋਰਟਲ ਦੀ ਇਨਕਲਾਬੀ ਪਹਿਲ ਸਾਡੀ ਸਰਕਾਰ ਦੀ ਇਮਾਨਦਾਰੀ, ਨੇਕ ਨੀਅਤ, ਪਾਰਦਰਸ਼ਤਾ ਅਤੇ ਲੋਕ-ਪੱਖੀ ਉਪਰਾਲਿਆਂ ਨੂੰ ਦਰਸਾਉਂਦੀ ਹੈ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਪੋਰਟਲ ਲੋਕਾਂ ਨੂੰ ਪੰਜ ਮੁੱਖ ਸੇਵਾਵਾਂ ਪ੍ਰਦਾਨ ਕਰੇਗਾ ਜਿਨ੍ਹਾਂ ਵਿੱਚ ਵਟਸਐਪ 'ਤੇ ਜਮ੍ਹਾਂਬੰਦੀ ਪ੍ਰਾਪਤ ਕਰਨਾ, ਇੰਤਕਾਲ ਕਰਵਾਉਣ, ਰਪਟ ਐਂਟਰੀ ਅਤੇ ਫਰਦ ਬਦਰ (ਜ਼ਮੀਨ ਰਿਕਾਰਡਾਂ ਵਿੱਚ ਸੁਧਾਰ) ਲਈ ਆਨਲਾਈਨ ਸੇਵਾਵਾਂ ਹਾਸਲ ਹੋਣਗੀਆਂ। ਇਸ ਦਾ ਵਿਸਥਾਰ ਵਿੱਚ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਵਟਸਐਪ ਰਾਹੀਂ ਜਮ੍ਹਾਂਬੰਦੀ ਪ੍ਰਾਪਤ ਕਰਨ ਦਾ ਫੈਸਲਾ ਲੋਕਾਂ ਨੂੰ ਵੱਡੇ ਪੱਧਰ 'ਤੇ ਸਹੂਲਤ ਪ੍ਰਦਾਨ ਕਰੇਗਾ ਕਿਉਂਕਿ ਹਰ ਸਾਲ 40 ਲੱਖ ਲੋਕਾਂ ਨੂੰ ਜ਼ਮੀਨੀ ਰਿਕਾਰਡ ਦੀਆਂ ਫਰਦਾਂ (ਜਮ੍ਹਾਂਬੰਦੀ) ਪ੍ਰਾਪਤ ਕਰਨ ਲਈ ਜਾਂ ਤਾਂ ਆਪਣੇ ਪਟਵਾਰੀ ਕੋਲ ਗੇੜੇ ਕੱਢਣੇ ਪੈਂਦੇ ਸਨ ਜਾਂ ਫਰਦ ਕੇਂਦਰਾਂ 'ਤੇ ਜਾਣਾ ਪੈਂਦਾ ਸੀ।

ਹਾਲਾਂਕਿ, ਦੋਵਾਂ ਆਗੂਆਂ ਨੇ ਕਿਹਾ ਕਿ ਹੁਣ ਜ਼ਮੀਨੀ ਰਿਕਾਰਡ ਲਈ ਪਟਵਾਰੀ ਕੋਲ ਜਾਣ, ਕਤਾਰਾਂ ਵਿੱਚ ਖੜ੍ਹੇ ਹੋਣ ਜਾਂ ਰਿਸ਼ਵਤ ਦੇਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਲੋਕਾਂ ਨੂੰ ਸਿਰਫ਼ 'ਈਜ਼ੀ ਵੈੱਬਸਾਈਟ' 'ਤੇ ਜਾ ਕੇ ਆਪਣੇ ਵੇਰਵੇ ਦਰਜ ਕਰਨੇ ਹਨ ਅਤੇ ਉਨ੍ਹਾਂ ਨੂੰ ਜਮ੍ਹਾਂਬੰਦੀ ਦੀ ਕਾਪੀ ਮੁਫ਼ਤ ਵਿੱਚ ਮਿਲ ਜਾਵੇਗੀ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਜਮ੍ਹਾਂਬੰਦੀ ਉਪਰ ਡਿਜੀਟਲ ਤੌਰ 'ਤੇ ਦਸਤਖਤ ਹੋਣਗੇ ਅਤੇ ਇਸ ਉਪਰ ਕਿਊ.ਆਰ. ਕੋਡ ਵੀ ਹੋਵੇਗਾ ਜਿਸ ਨਾਲ ਕੋਈ ਵੀ ਜ਼ਮੀਨੀ ਰਿਕਾਰਡ ਦੀ ਤਸਦੀਕ ਕਰਨ ਲਈ ਕਿਊ.ਆਰ. ਕੋਰਡ ਨੂੰ ਸਕੈਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਦੇ 99 ਫੀਸਦੀ ਪਿੰਡਾਂ ਦਾ ਜ਼ਮੀਨੀ ਰਿਕਾਰਡ ਡਿਜੀਟਾਈਜ਼ ਕਰ ਦਿੱਤਾ ਹੈ, ਸਾਰੇ ਜ਼ਮੀਨੀ ਰਿਕਾਰਡ ਇਸ ਸੇਵਾ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਨਾਲ ਹੀ ਬਾਕੀ ਰਹਿੰਦੇ ਪਿੰਡਾਂ ਨੂੰ ਵੀ ਅਗਲੇ ਦੋ ਮਹੀਨਿਆਂ ਵਿੱਚ ਡਿਜੀਟਾਈਜ਼ ਕਰ ਦਿੱਤਾ ਜਾਵੇਗਾ।

ਆਨਲਾਈਨ ਇੰਤਕਾਲ ਸੇਵਾ ਬਾਰੇ ਵੇਰਵੇ ਦਿੰਦੇ ਹੋਏ ਦੋਵਾਂ ਆਗੂਆਂ ਨੇ ਕਿਹਾ ਕਿ ਹਰ ਸਾਲ ਅੱਠ ਲੱਖ ਇੰਤਕਾਲ ਹੁੰਦੇ ਹਨ ਜਿਨ੍ਹਾਂ ਵਿੱਚ 6 ਲੱਖ ਜ਼ਮੀਨ ਦੀ ਰਜਿਸਟਰੀ ਉਪਰੰਤ ਅਤੇ 2 ਲੱਖ ਵਿਰਾਸਤੀ ਇੰਤਕਾਲ ਸ਼ਾਮਲ ਹਨ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜ਼ਮੀਨ ਖਰੀਦਣ ਜਾਂ ਵਿਰਾਸਤੀ ਜਾਇਦਾਦ ਦੀ ਮਲਕੀਅਤ ਲਈ ਇੰਤਕਾਲ ਵਾਸਤੇ ਮਹੀਨਿਆਂ ਬੱਧੀ ਭੱਜ-ਦੌੜ ਕਰਨੀ ਪੈਂਦੀ ਸੀ ਅਤੇ ਵੱਡੀਆਂ ਰੁਕਾਵਟਾਂ ਖੜ੍ਹੀਆਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਪਟਵਾਰੀ ਲੋਕਾਂ ਦੇ ਰਾਹ ਵਿੱਚ ਰੋੜਾ ਨਹੀਂ ਬਣ ਸਕਦੇ ਅਤੇ ਨਾ ਹੀ ਇਸ ਕੰਮ ਲਈ ਕਿਸੇ ਨੂੰ ਰਿਸ਼ਵਤ ਦੇਣ ਦੀ ਲੋੜ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਪਣੀ ਜ਼ਮੀਨ ਦੀ ਰਜਿਸਟਰੀ ਕਰਵਾਉਂਦਾ ਹੈ ਤਾਂ ਇਸ ਦਾ ਇੰਤਕਾਲ ਆਪਣੇ ਆਪ 30 ਦਿਨਾਂ ਦੇ ਅੰਦਰ ਹੋ ਜਾਵੇਗਾ। ਵਿਰਾਸਤੀ ਜ਼ਮੀਨ ਦੇ ਮਾਮਲੇ ਵਿੱਚ ਬਿਨੈਕਾਰ 'ਈਜ਼ੀ ਜਮ੍ਹਾਂਬੰਦੀ' ਵੈੱਬਸਾਈਟ 'ਤੇ ਇੰਤਕਾਲ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ ਅਤੇ 30 ਦਿਨਾਂ ਦੇ ਨਿਰਧਾਰਤ ਸਮੇਂ ਦੇ ਅੰਦਰ ਇੰਤਕਾਲ ਹੋ ਜਾਵੇਗਾ। ਇਸ ਬਾਰੇ ਉਸ ਨੂੰ ਸਮੁੱਚੀ ਪ੍ਰਕਿਰਿਆ ਦੇ ਹਰ ਕਦਮ ਦਾ ਵਟਸਐਪ ਰਾਹੀਂ ਅਪਡੇਟ ਮਿਲੇਗਾ।

ਰਪਟ ਐਂਟਰੀ ਬਾਰੇ ਗੱਲ ਕਰਦਿਆਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰ ਸਾਲ, ਲਗਭਗ 2 ਲੱਖ ਰਪਟ ਐਂਟਰੀਆਂ (ਅਦਾਲਤੀ ਹੁਕਮਾਂ ਜਾਂ ਕਰਜ਼ੇ ਬਾਰੇ ਇੰਦਰਾਜ) ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਦਸਤੀ ਪ੍ਰਕਿਰਿਆ ਜਾਂ ਦਫਤਰਾਂ ਦੇ ਝੰਜਟ ਵਿੱਚ ਪੈਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਹਰ ਕੇਸ ਦਸਤੀ ਕਾਰਵਾਈ ਜਾਂ ਲਾਲ-ਫੀਤਾਸ਼ਾਹੀ ਤੋਂ ਬਿਨਾਂ ਹੀ ਪਟਵਾਰੀ ਤੋਂ ਸਿੱਧਾ ਡਿਜੀਟਲ ਰੂਪ ਵਿੱਚ ਤਬਦੀਲ ਹੋ ਜਾਵੇਗਾ। ਦੋਵਾਂ ਆਗੂਆਂ ਨੇ ਕਿਹਾ ਕਿ ਅਦਾਲਤੀ ਹੁਕਮਾਂ ਲਈ ਇਕ ਦਿਨ ਦੇ ਅੰਦਰ ਅਤੇ ਕਰਜ਼ਿਆਂ ਲਈ ਸੱਤ ਦਿਨਾਂ ਦੇ ਅੰਦਰ ਰਪਟ ਐਂਟਰੀ ਕੀਤੀ ਜਾਵੇਗੀ।

ਫਰਦ ਬਦਰ (ਜ਼ਮੀਨ ਰਿਕਾਰਡ ਵਿੱਚ ਸੋਧ) ਬਾਰੇ ਜਾਣਕਾਰੀ ਦਿੰਦਿਆਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰ ਸਾਲ ਲਗਭਗ 60,000 ਫਰਦ ਬਦਰ (ਰਿਕਾਰਡ ਵਿੱਚ ਸੋਧ) ਬਾਰੇ ਬੇਨਤੀਆਂ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਰਿਕਾਰਡ (ਜਿਵੇਂ ਕਿ ਨਾਮ ਵਿੱਚ ਸੋਧ) ਵਿੱਚ ਗਲਤੀਆਂ ਨੂੰ ਠੀਕ ਕਰਨ ਲਈ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਣ ਜਾਂ ਤਹਿਸੀਲਦਾਰਾਂ ਦੇ ਰਹਿਮੋ-ਕਰਮ 'ਤੇ ਰਹਿਣ ਦੀ ਲੋੜ ਨਹੀਂ ਪਵੇਗੀ। ਦੋਵਾਂ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਹੁਣ ਲੋੜੀਂਦੇ ਦਸਤਾਵੇਜ਼ਾਂ ਵਾਲਾ ਸਧਾਰਨ ਫਾਰਮ ਆਨਲਾਈਨ ਜਮ੍ਹਾਂ ਕੀਤਾ ਜਾ ਸਕਦਾ ਹੈ ਅਤੇ ਅਰਜ਼ੀ ਦੀ ਪ੍ਰਕਿਰਿਆ 15 ਦਿਨਾਂ ਦੀ ਸਮਾਂ ਸੀਮਾ ਅੰਦਰ ਕੀਤੀ ਜਾਵੇਗੀ ਅਤੇ ਨਾਲ ਹੀ ਇਨ੍ਹਾਂ ਸੇਵਾਵਾਂ ਲਈ ਨਾਮਾਤਰ ਅਰਜ਼ੀ ਫੀਸ ਵੀ ਆਨਲਾਈਨ ਅਦਾ ਕੀਤੀ ਜਾਵੇਗੀ।

ਜਮ੍ਹਾਂਬੰਦੀ ਲਈ ਸਬਸਕ੍ਰਾਈਬ ਕਰੋ (ਆਪਣੇ ਜ਼ਮੀਨੀ ਰਿਕਾਰਡ ਲਈ ਵੇਰਵੇ ਦਰਜ ਕਰੋ) ਬਾਰੇ ਜਾਣਕਾਰੀ ਦਿੰਦਿਆਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜ਼ਮੀਨ ਦੀ ਮਾਲਕੀ ਦੀ ਸੁਰੱਖਿਆ ਲਈ ਖਾਸ ਕਰਕੇ ਐਨ.ਆਰ.ਈ. ਭਾਈਚਾਰੇ ਲਈ ਇਤਿਹਾਸਕ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ "ਆਪਣੇ ਜ਼ਮੀਨੀ ਰਿਕਾਰਡ ਲਈ ਸਬਸਕ੍ਰਾਈਬ ਕਰੋ" ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਹੁਤ ਸਾਰੇ ਜ਼ਮੀਨੀ ਰਿਕਾਰਡ ਵਿੱਚ ਮਾਲਕ ਦੀ ਜਾਣਕਾਰੀ ਤੋਂ ਬਿਨਾਂ ਹੀ ਬਦਲਾਅ ਕਰ ਦਿੱਤੇ ਜਾਂਦੇ ਸਨ ਅਤੇ ਅਕਸਰ ਉਨ੍ਹਾਂ ਨੂੰ ਕਈ ਸਾਲਾਂ ਬਾਅਦ ਪਤਾ ਲੱਗਦਾ ਸੀ ਜਿਸ ਉਪਰੰਤ ਉਨ੍ਹਾਂ ਨੂੰ ਇਸ ਰਿਕਾਰਡ ਨੂੰ ਦਰੁਸਤ ਕਰਵਾਉਣ ਲਈ ਅਦਾਲਤਾਂ ਵਿੱਚ ਲੰਬੇ ਕਾਨੂੰਨੀ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਸੀ। ਦੋਵਾਂ ਆਗੂਆਂ ਨੇ ਕਿਹਾ ਕਿ ਜ਼ਮੀਨ ਮਾਲਕ ਹੁਣ ਸਰਕਾਰ ਦੀ ਵੈੱਬਸਾਈਟ 'ਤੇ ਜਾ ਸਕਦੇ ਹਨ ਅਤੇ ਜ਼ਮੀਨ ਮਾਲਕ ਪ੍ਰਤੀ ਖੇਵਟ 500 ਰੁਪਏ ਦੀ ਸਾਲਾਨਾ ਫੀਸ ਦੇ ਕੇ ਆਪਣੇ ਜ਼ਮੀਨੀ ਰਿਕਾਰਡ ਨੂੰ ਸਬਸਕ੍ਰਾਈਬ ਕਰ ਸਕਦੇ ਹਨ।

ਦੋਵਾਂ ਆਗੂਆਂ ਨੇ ਕਿਹਾ ਕਿ ਇਸ ਕਦਮ ਨਾਲ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਡਿਜੀਟਲ ਰੂਪ ਵਿੱਚ ਆਪਣੀ ਜ਼ਮੀਨ ਨੂੰ ਸੁਰੱਖਿਅਤ ਕਰਨ ਦੇ ਯੋਗ ਹੋ ਜਾਣਗੇ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸਬਸਕ੍ਰਾਈਬ ਕੀਤੇ ਰਿਕਾਰਡ ਨਾਲ ਛੇੜਛਾੜ ਕਰਨ ਦੀ ਕੋਈ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜ਼ਮੀਨ ਮਾਲਕ ਨੂੰ ਵਟਸਐਪ ਜਾਂ ਈਮੇਲ ਰਾਹੀਂ ਤੁਰੰਤ ਅਲਰਟ ਮਿਲ ਜਾਵੇਗਾ ਜਿਸ ਤੋਂ ਬਾਅਦ ਉਹ ਉਸੇ ਵੇਲੇ ਆਨਲਾਈਨ ਇਤਰਾਜ਼ ਉਠਾ ਸਕਦੇ ਹਨ ਅਤੇ ਇਹ ਇਤਰਾਜ਼ ਸਿੱਧੇ ਤੌਰ 'ਤੇ ਸਬੰਧਤ ਮਾਲ ਅਧਿਕਾਰੀ ਨੂੰ ਚਲਾ ਜਾਵੇਗਾ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕਦਮ ਦੁਨੀਆ ਭਰ ਦੇ ਪ੍ਰਵਾਸੀ ਭਾਰਤੀਆਂ ਲਈ ਉਨ੍ਹਾਂ ਦੀ ਜ਼ਮੀਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ।

ਦੋਵਾਂ ਆਗੂਆਂ ਨੇ ਕਿਹਾ ਕਿ ਜਮ੍ਹਾਂਬੰਦੀ (ਜ਼ਮੀਨ ਰਿਕਾਰਡ ਦੀ ਕਾਪੀ), ਇੰਤਕਾਲ, ਅਤੇ ਫਰਦ ਬਦਰ (ਰਿਕਾਰਡ ਵਿੱਚ ਸੋਧ) ਵਰਗੀਆਂ ਸੇਵਾਵਾਂ ਲਈ ਪਹਿਲਾਂ ਹਰ ਵਿਅਕਤੀ ਨੂੰ ਪਟਵਾਰੀਆਂ ਜਾਂ ਤਹਿਸੀਲਦਾਰਾਂ ਕੋਲ ਖੱਜਲ ਹੋਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਹਨਾਂ ਦਫ਼ਤਰਾਂ ਵਿੱਚ ਅਕਸਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੁੰਦਾ ਸੀ ਪਰ ਹੁਣ ਉਨ੍ਹਾਂ ਨੂੰ ਵਾਰ-ਵਾਰ ਪਟਵਾਰੀਆਂ ਜਾਂ ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਕੋਈ ਵੀ ਵਿਅਕਤੀ ਆਪਣੇ ਘਰ ਬੈਠ ਕੇ ਮਾਲ ਵਿਭਾਗ ਦੀ ਵੈੱਬਸਾਈਟ easyjamabandi.punjab.gov.in ਰਾਹੀਂ ਸਿਰਫ਼ ਇੱਕ ਕਲਿੱਕ ਨਾਲ ਇਹ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ। ਇਸ ਦੇ ਨਾਲ ਹੀ 1076 'ਤੇ ਡਾਇਲ ਕਰਕੇ ਜਾਂ ਕਿਸੇ ਵੀ ਸੇਵਾ ਕੇਂਦਰ ਵਿੱਚ ਅਰਜ਼ੀਆਂ ਜਮ੍ਹਾਂ ਕਰਵਾ ਕੇ ਵੀ ਇਹਨਾਂ ਸੇਵਾਵਾਂ ਦਾ ਲਾਭ ਲਿਆ ਜਾ ਸਕਦਾ ਹੈ।

---

 

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ

ਹੁਣ ਇੰਤਕਾਲ ਵਿੱਚ ਪਟਵਾਰੀ ਅੜਿਕੇ ਖੜੇ ਨਹੀਂ ਕਰ ਸਕਣਗੇ ਅਤੇ ਨਾ ਹੀ ਦੇਣੀ ਪਵੇਗੀ ਰਿਸ਼ਵਤ -ਅਮਨ ਅਰੋੜਾ

ਸਿੰਗਲ ਕਲਿੱਕ ਨਾਲ ਹੋਣਗੇ ਮਾਲ ਵਿਭਾਗ ਦੇ ਬਹੁਤੇ ਕੰਮ

ਅੰਮ੍ਰਿਤਸਰ 12 ਜੂਨ 2025-

ਪ੍ਰਸ਼ਾਸਨਿਕ ਸੁਧਾਰਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀਆਂ ਗਈਆਂ ਮਾਲ ਵਿਭਾਗ ਦੀਆਂ ਸੇਵਾਵਾਂ ਦੀ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਜ ਵਿੱਚੋਂ ਭਰਿਸ਼ਟਾਚਾਰ ਦੇ ਖਾਤਮੇ ਲਈ ਇਹ ਕ੍ਰਾਂਤੀਕਾਰੀ ਕਦਮ ਸਿੱਧ ਹੋਵੇਗਾ। ਇੱਥੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਹੁਣ ਜਮੀਨ ਜਾਇਦਾਦ ਦੀ ਜਮਾਂਬੰਦੀ, ਇੰਤਕਾਲ, ਫਰਦ ਬਦਰ ਆਦਿ ਲਈ ਲੋਕਾਂ ਨੂੰ ਦਫਤਰਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ, ਸਗੋਂ ਉਹ ਇੱਕ ਕਲਿੱਕ ਉੱਤੇ ਹੀ ਇਹ ਕੰਮ ਆਪਣੇ ਮੋਬਾਈਲ ਤੋਂ ਕਰ ਸਕਣਗੇ ਉਹਨਾਂ ਕਿਹਾ ਕਿ ਅੱਜ ਆਮ ਲੋਕਾਂ ਨਾਲ ਜੁੜੀਆਂ ਸੇਵਾਵਾਂ ਨੂੰ ਆਨਲਾਈਨ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਸੇਵਾਵਾਂ ਜੀ ਜਮਾਬੰਦੀ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ ਜਾਂ 1076 ਫੋਨ ਨੰਬਰ ਡਾਇਲ ਕਰਕੇ ਤੁਸੀਂ ਘਰ ਬੈਠੇ ਇਹ ਸੇਵਾ ਪ੍ਰਾਪਤ ਕਰ ਸਕਦੇ ਹੋ।

ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਤਕਰੀਬਨ 40 ਲੱਖ ਲੋਕ ਫਰਦ ਦੀ ਕਾਪੀ ਲੈਣ ਲਈ ਫਰਦ ਕੇਂਦਰਾਂ ਵਿੱਚ ਜਾਂਦੇ ਹਨ ਅਤੇ ਇਸ ਲਈ 45 ਕਰੋੜ ਰੁਪਏ ਫੀਸ ਵਜੋਂ ਦਿੰਦੇ ਹਨ, ਜਦ ਕਿ ਹੁਣ ਇਹ ਕੰਮ ਮੋਬਾਇਲ ਫੋਨ ਰਾਹੀਂ ਹੋ ਸਕੇਗਾ ਅਤੇ ਇਸ ਨਾਲ ਪੰਜਾਬੀਆਂ ਦੇ ਲਗਭਗ 22 ਕਰੋੜ ਤੋਂ ਵੱਧ ਦੇ ਪੈਸੇ ਬਚਣਗੇ ਇਸ ਤੋਂ ਇਲਾਵਾ ਨਾ ਪਟਵਾਰੀ ਕੋਲ ਜਾਣ ਦੀ ਲੋੜ ਪਵੇਗੀ, ਨਾ ਲਾਈਨ ਵਿੱਚ ਲੱਗਣ ਦੀ ਅਤੇ ਨਾ ਹੀ ਰਿਸ਼ਵਤ ਦੇਣ ਦੀ।

ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹਰ ਸਾਲ ਪੰਜਾਬ ਵਿੱਚ 8 ਲੱਖ ਦੇ ਕਰੀਬ ਇੰਤਕਾਲ ਹੁੰਦੇ ਹਨ, ਜਿੰਨਾਂ ਵਿੱਚੋਂ 6 ਲੱਖ ਇੰਤਕਾਲ ਰਜਿਸਟਰੀਆਂ ਦੇ ਅਤੇ 2 ਲੱਖ ਵਿਰਾਸਤੀ ਇੰਤਕਾਲ ਹੋ ਜਾਂਦੇ ਹਨ ਇਹ ਇੰਤਕਾਲ ਕਰਵਾਉਣ ਲਈ ਅਕਸਰ ਲੋਕ ਕਈ ਮਹੀਨੇ ਧੱਕੇ ਖਾਂਦੇ ਸਨ ਪਰ ਹੁਣ ਨਾ ਇੰਤਕਾਲ ਵਿੱਚ ਪਟਵਾਰੀ ਅੜਿਕਾ ਖੜਾ ਕਰ ਸਕੇਗਾ ਅਤੇ ਨਾ ਹੀ ਰਿਸ਼ਵਤ ਦੇਣੀ ਪਵੇਗੀ ਇੰਤਕਾਲ ਦਾ ਸਾਰਾ ਕੰਮ ਪਾਰਦਰਸ਼ੀ ਹੋਵੇਗਾ ਅਤੇ ਇਸ ਨੂੰ 30 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਰਪਟ ਐਂਟਰੀ ਲਈ ਹੁਣ ਕੋਈ ਕਾਗਜ਼ੀ ਕਾਰਵਾਈ ਕਰਨ ਜਾਂ ਦਫਤਰਾਂ ਦੇ ਧੱਕੇ ਖਾਣ ਦੀ ਲੋੜ ਨਹੀ ਤੁਹਾਡਾ ਕੇਸ ਡਿਜੀਟਲ ਤੌਰ ਤੇ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਕੋਲ ਜਾਵੇਗਾ ਅਤੇ ਤੁਹਾਨੂੰ ਵਟਸਐਪ ਉੱਤੇ ਪਲ ਪਲ ਦੀ ਜਾਣਕਾਰੀ ਮਿਲੇਗੀ ਇਸੇ ਤਰ੍ਹਾਂ ਫਰਦ ਬਦਰ ਦੀ ਸੇਵਾ ਆਨਲਾਈਨ ਕਰ ਦਿੱਤੀ ਗਈ ਹੈ ਅਤੇ ਮਾਲ ਰਿਕਾਰਡ ਵਿੱਚ ਤਰੁਟੀਆਂ ਆਸਾਨੀ ਨਾਲ ਦੂਰ ਹੋਣਗੀਆਂ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੋਈ ਵੀ ਨਾਗਰਿਕ ਸਾਲ ਦੇ 500 ਰੁਪਏ ਫੀਸ ਦੇ ਕੇ ਆਪਣੀ ਖੇਵਟ ਦੀ ਰਿਕਾਰਡ ਲਈ ਸਬਸਕ੍ਰਿਪਸ਼ਨ ਲੈ ਸਕਦਾ ਹੈ ਅਤੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਜਦੋਂ ਵੀ ਉਸਦੀ ਖੇਵਟ ਨਾਲ ਕੋਈ ਛੇੜ ਛਾੜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਵਟਸਐਪ ਨੰਬਰ ਜਾਂ ਈਮੇਲ ਉੱਤੇ ਅਲਰਟ ਜਾਵੇਗਾ।

                ਇਸ ਮੌਕੇ ਮਾਲ ਵਿਭਾਗ ਦੇ ਮੰਤਰੀ ਸ: ਹਰਦੀਪ ਸਿੰਘ ਮੁੰਡੀਆ ਨੇ ਇਨਾਂ ਕਦਮਾਂ ਨੂੰ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਅਤੇ ਲੋਕ ਪੱਖੀ ਸੋਚ  ਦਾ ਨਤੀਜਾ ਦੱਸਦੇ ਇਸ ਇਤਿਹਾਸਿਕ ਮੌਕੇ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਉਨਾਂ ਕਿਹਾ ਕਿ ਸੁਧਾਰਾਂ ਦੇ ਇਹ ਦੌਰ ਅਜੇ ਜਾਰੀ ਹੈ ਅਤੇ ਭਵਿੱਖ ਵਿੱਚ ਹੋਰ ਵੀ ਲੋਕ ਪੱਖੀ ਸੁਧਾਰ ਕੀਤੇ ਜਾਣਗੇ

  ਪ੍ਰੈੱਸ ਕਾਨਫਰੰਸ ਵਿੱਚ ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ : ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ : ਹਰਭਜਨ ਸਿੰਘ ਈਟੀਓ, ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ, ਸਕੱਤਰ ਮਾਲ ਵਿਭਾਗ ਸ੍ਰੀਮਤੀ ਸੋਨਾਲੀ ਗਿਰੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ : ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨਾਲ ਹਨ ਸ: ਹਰਦੀਪ ਸਿੰਘ ਮੁੰਡੀਆ, : ਕੁਲਦੀਪ ਸਿੰਘ ਧਾਲੀਵਾਲ, : ਹਰਭਜਨ ਸਿੰਘ ਈਟੀਓ, ਸ੍ਰੀ ਅਨੁਰਾਗ ਵਰਮਾ, ਸ੍ਰੀਮਤੀ ਸੋਨਾਲੀ ਗਿਰੀ

==



ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਹਰਮਨ ਸਿੰਘ ਨੇ ਸੂਬਾ ਪੱਧਰੀ ਗ੍ਰੀਕੋ ਰੋਮਨ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ ਚਾਂਦੀ ਦਾ ਮੈਡਲ ਜਿੱਤਿਆ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਹਰਮਨ ਸਿੰਘ ਨੇ ਸੂਬਾ ਪੱਧਰੀ ਗ੍ਰੀਕੋ ਰੋਮਨ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ ਚਾਂਦੀ ਦਾ ਮੈਡਲ ਜਿੱਤਿਆ
ਬੰਗਾ 12 ਜੂਨ () ਨਹਿਰੂ ਸਟੇਡੀਅਮ ਜ਼ਿਲ੍ਹਾ ਫਰੀਦਕੋਟ ਵਿਖੇ ਬੀਤੇ ਦਿਨੀਂ ਹੋਈ ਗ੍ਰੀਕੋ ਰੋਮਨ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ (ਅੰਡਰ 15 ਸਾਲ) ਵਿਚ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਹਰਮਨ ਸਿੰਘ ਪੁੱਤਰ ਸ੍ਰੀ ਗੁਰਬਖਸ਼ - ਸ੍ਰੀਮਤੀ ਰੇਖਾ ਰਾਣੀ ਪਿੰਡ ਮਜਾਰੀ ਨੇ 68 ਕਿਲੋ ਭਾਰ ਵਰਗ ਵਿਚ ਸ਼ਾਨਦਾਰ ਕੁਸ਼ਤੀ ਖੇਡ ਦਾ ਪ੍ਰਦਰਸ਼ਨ ਕਰਕੇ ਚਾਂਦੀ ਦਾ ਤਗਮਾ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਅਖਾੜੇ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ । ਇਸ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਨੇ ਆਪਣੇ ਕਰ ਕਮਲਾਂ ਨਾਲ ਅਖਾੜੇ ਵਿੱਚ ਜੇਤੂ ਪਹਿਲਵਾਨ ਹਰਮਨ ਸਿੰਘ ਦਾ ਸਨਮਾਨ ਕੀਤਾ ਅਤੇ ਹੌਂਸਲਾ ਅਫਜਾਈ ਕਰਦੇ ਹੋਏ ਉਸਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ । ਉਹਨਾਂ ਨੇ ਨੌਜਵਾਨ ਪਹਿਲਵਾਨ, ਉਸ ਦੇ ਮਾਪਿਆਂ ਅਤੇ ਕੁਸ਼ਤੀ ਕੋਚ ਸ੍ਰੀ ਬਲਬੀਰ ਸੋਂਧੀ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਵੀ ਦਿੱਤੀਆਂ । ਪਹਿਲਵਾਨਾਂ ਦੇ ਸਨਮਾਨ ਸਮਾਰੋਹ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ, ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਬਲਬੀਰ ਸੋਂਧੀ ਕੋਚ, ਮਾਸਟਰ ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ ਲਾਦੀਆਂ  ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਲੜਕੇ ਅਤੇ ਲੜਕੀਆਂ ਨੂੰ ਫਰੀ ਸਟਾਈਲ ਤੇ ਗ੍ਰੀਕੋ ਰੋਮਨ ਕੁਸ਼ਤੀ ਦੀ ਫਰੀ ਟਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ।
ਫੋਟੋ ਕੈਪਸ਼ਨ :  ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਦੇ  ਵਿਜੇਤਾ ਨੌਜਵਾਨ ਪਹਿਲਵਾਨ ਹਰਮਨ ਸਿੰਘ ਨਾਲ ਯਾਦਗਾਰੀ ਤਸਵੀਰ ਵਿਚ ਚੇਅਰਮੈਨ ਸ. ਮਲਕੀਅਤ ਸਿੰਘ ਬਾਹੜੋਵਾਲ ਤੇ ਪਤਵੰਤੇ ਸੱਜਣ  

Fwd: 8 JUne Press Note and PIcs====67.84 ਕਰੋੜ ਰੁਪਏ ਦੀ ਰਾਹਤ ਮਹਿਜ਼ ਮੁਆਫੀ ਨਹੀਂ ਸਗੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਪਰਿਵਾਰਾਂ ਦੇ ਸੰਘਰਸ਼ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ-ਮੁੱਖ ਮੰਤਰੀ

67.84 ਕਰੋੜ ਰੁਪਏ ਦੀ ਰਾਹਤ ਮਹਿਜ਼ ਮੁਆਫੀ ਨਹੀਂ ਸਗੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਪਰਿਵਾਰਾਂ ਦੇ ਸੰਘਰਸ਼ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ-ਮੁੱਖ ਮੰਤਰੀ

 ਕਰਜ਼ੇ 'ਤੇ ਲੀਕ ਫੇਰ ਕੇ ਮਾਣ-ਸਤਿਕਾਰ ਬਹਾਲ ਕੀਤਾ, 'ਆਪ' ਸਰਕਾਰ ਨੇ ਐਸ.ਸੀ. ਭਾਈਚਾਰੇ ਦਾ ਜੀਵਨ ਪੱਧਰ ਸੰਵਾਰਨ ਲਈ ਨਵਾਂ ਅਧਿਆਏ ਲਿਖਿਆ

 ਹੁਣ ਕਿਸੇ ਦਾ ਸੋਸ਼ਣ ਨਹੀਂ ਹੁੰਦਾ ਸਗੋਂ ਬਰਾਬਰੀ ਅਤੇ ਵੱਧ ਅਧਿਕਾਰ ਦਿੱਤੇ ਜਾ ਰਹੇ ਹਨ-ਮਾਨ ਸਰਕਾਰ ਨੇ ਡਾ. ਅੰਬੇਦਕਰ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਿਆ

ਅੰਮ੍ਰਿਤਸਰ, 8 ਜੂਨ            ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਮਜ਼ੋਰ ਅਤੇ ਪੱਛੜੇ ਵਰਗਾਂ ਦੀ ਭਲਾਈ ਲਈ ਸੁਹਿਰਦਤਾ ਨਾਲ ਜੁਟੀ ਹੋਈ ਹੈ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

ਅੱਜ ਇੱਥੇ ਲਾਭਪਾਤਰੀਆਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਸੌਂਪਣ ਲਈ ਕਰਵਾਏ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਮ ਆਦਮੀ ਨੂੰ ਹੋਰ ਵਧੇਰੇ ਸਮਰੱਥ ਬਣਾਉਣ ਲਈ ਮਿਸ਼ਨਰੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਕਲਮ ਦੀ ਵਰਤੋਂ ਸਮਾਜ ਦੇ ਲੋੜਵੰਦ ਅਤੇ ਪੱਛੜੇ ਵਰਗਾਂ ਦੀ ਮਦਦ ਲਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਵੱਧ ਤੋਂ ਵੱਧ ਭਲਾਈ ਨੂੰ ਯਕੀਨੀ ਬਣਾ ਰਹੀ ਹੈ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਅਮੀਰ ਲੋਕਾਂ ਦੇ ਕਰਜ਼ੇ ਮੁਆਫ਼ ਕੀਤੇ ਜਾਂਦੇ ਸਨ ਜਦਕਿ ਗਰੀਬ ਲੋਕਾਂ ਦੀ ਭਲਾਈ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੂਬੇ ਦੇ ਪੱਛੜੇ ਤੇ ਕਮਜ਼ੋਰ ਵਰਗਾਂ ਨੂੰ ਇਹ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਇਸ ਕਰਕੇ ਸੰਭਵ ਹੋਇਆ ਹੈ ਕਿਉਂਕਿ ਪਹਿਲੀ ਵਾਰ ਸੂਬੇ ਦਾ ਬਜਟ ਆਮ ਆਦਮੀ ਦੀ ਭਲਾਈ ਲਈ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਖਜ਼ਾਨੇ ਦਾ ਇੱਕ-ਇੱਕ ਪੈਸਾ ਜਨਤਕ ਭਲਾਈ 'ਤੇ ਖਰਚ ਕਰ ਰਹੀ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਕਿਉਂਕਿ ਇਸ ਨਾਲ ਕਮਜ਼ੋਰ ਅਤੇ ਪੱਛੜੇ ਵਰਗਾਂ ਦੀ ਭਲਾਈ ਲਈ ਨਵੇਂ ਰਾਹ ਖੁੱਲ੍ਹਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਹਰੇਕ ਵਿਅਕਤੀ ਦੀ ਸਫਲਤਾ ਲਈ ਕੁੰਜੀ ਹੈ ਅਤੇ ਸੂਬੇ ਦੇ ਹਰੇਕ ਨੌਜਵਾਨ ਲਈ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਸੂਬੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਜਨਤਕ ਭਲਾਈ ਵਾਲੇ ਅਤੇ ਖੁਸ਼ੀ ਦੇ ਅਜਿਹੇ ਕਾਰਜ ਬਹੁਤ ਘੱਟ ਹੁੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਜਦੋਂ ਸਰਕਾਰ ਵੱਲੋਂ ਆਏ ਦਿਨ ਨਵੇਂ ਪ੍ਰੋਜੈਕਟ ਜਨਤਾ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ 'ਰੰਗਲਾ ਪੰਜਾਬ' ਦੀ ਝਲਕ ਹੈ ਅਤੇ ਸੂਬਾ ਸਰਕਾਰ ਹੁਣ ਖੁਸ਼ੀ ਦੇ ਅਜਿਹੇ ਸਮਾਗਮਾਂ ਰਾਹੀਂ ਲੋਕਾਂ ਦੀ ਸਹੂਲਤ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ 67.84 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਨਾਲ ਤਕਰੀਬਨ 4800 ਪਰਿਵਾਰਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਨਿਗਮ (ਪੀ.ਐਸ.ਸੀ.ਐਫ.ਸੀ.) ਵੱਲੋਂ 31 ਮਾਰਚ, 2020 ਤੱਕ ਵੰਡੇ ਗਏ ਕਰਜ਼ਿਆਂ 'ਤੇ ਲੀਕ ਫੇਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਆਫ਼ੀ ਪੀ.ਐਸ.ਸੀ.ਐਫ.ਸੀ. ਦੁਆਰਾ ਉਪਰੋਕਤ ਮਿਤੀ ਤੱਕ ਵੰਡੇ ਗਏ ਸਾਰੇ ਕਰਜ਼ਿਆਂ ਲਈ ਹੈ ਜਿਸ ਨਾਲ ਐਸ.ਸੀ. ਭਾਈਚਾਰਾ ਅਤੇ ਦਿਵਿਆਂਗ ਵਰਗ ਦੇ ਕਰਜ਼ਦਾਰਾਂ ਨੂੰ ਅਤਿ ਲੋੜੀਂਦੀ ਰਾਹਤ ਮਿਲੀ ਹੈ। ਇਸ ਕਦਮ ਨਾਲ ਕੁੱਲ 4,727 ਕਰਜ਼ਦਾਰਾਂ ਨੂੰ 67.84 ਕਰੋੜ ਰੁਪਏ ਦੀ ਕੁੱਲ ਰਕਮ ਦਾ ਲਾਭ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੁੱਲ 4,727 ਕਰਜ਼ਦਾਰ ਸਨ ਜਿਨ੍ਹਾਂ ਵਿੱਚ 4,685 ਡਿਫਾਲਟ ਕਰਜ਼ਦਾਰ ਅਤੇ 42 ਰੈਗੂਲਰ ਕਰਜ਼ਦਾਰ ਹਨ, ਇਸ ਕਰਜ਼ਾ ਮੁਆਫ਼ੀ ਯੋਜਨਾ ਹੇਠ ਆਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 'ਕੋਈ ਇਤਰਾਜ਼ ਨਹੀਂ' ਸਰਟੀਫਿਕੇਟ (ਨੋ ਡਿਊ ਸਰਟੀਫਿਕੇਟ) ਜਾਰੀ ਕੀਤੇ ਜਾਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ 30 ਅਪ੍ਰੈਲ, 2025 ਤੱਕ ਗਿਣਿਆ ਗਿਆ ਮੂਲ, ਵਿਆਜ ਅਤੇ ਦੰਡ ਵਿਆਜ ਸਮੇਤ ਬਣਦੀ 67.84 ਕਰੋੜ ਦੀ ਪੂਰੀ ਰਕਮ ਸੂਬਾ ਸਰਕਾਰ ਵੱਲੋਂ ਪੀ.ਐਸ.ਸੀ.ਐਫ.ਸੀ. ਨੂੰ ਵਾਪਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਜਿਨ੍ਹਾਂ ਕਰਜ਼ਦਾਰਾਂ ਨੇ ਪਹਿਲਾਂ ਵੀ ਕਰਜ਼ਾ ਮੁਆਫੀ ਸਕੀਮਾਂ ਲਾਭ ਪ੍ਰਾਪਤ ਕੀਤਾ ਹੈ, ਉਹ ਵੀ ਇਸ ਮੁਆਫੀ ਸਕੀਮ ਦਾ ਲਾਭ ਲੈਣ ਲਈ ਯੋਗ ਮੰਨੇ ਜਾਣਗੇ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਤੋਂ ਬਾਅਦ ਪੀ.ਐਸ.ਸੀ.ਐਫ.ਸੀ. ਦੇ ਨਿਯਮਾਂ ਤਹਿਤ ਕਰਜ਼ਾ ਲੈਣ ਵਾਲਿਆਂ ਵਿਰੁੱਧ ਰਿਕਵਰੀ ਲਈ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੱਟ-ਆਫ ਮਿਤੀ ਤੱਕ ਉਨ੍ਹਾਂ ਦੇ ਖਾਤਿਆਂ ਨੂੰ ਪੂਰੀ ਤਰ੍ਹਾਂ ਸੈਟਲ ਮੰਨਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2011 ਦੀ ਜਨਗਣਨਾ ਅਨੁਸਾਰ ਅਨੁਸੂਚਿਤ ਜਾਤੀ ਭਾਈਚਾਰੇ ਦੀ ਵਸੋਂ ਪੰਜਾਬ ਦੀ ਕੁੱਲ ਵਸੋਂ ਦੀ 31.94 ਫੀਸਦੀ ਹੈ। ਇਸ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਨੇ ਆਪਣੀ ਆਰਥਿਕ ਤਰੱਕੀ ਦੇ ਉਦੇਸ਼ ਨਾਲ ਸਵੈ-ਰੁਜ਼ਗਾਰ ਦਾ ਉੱਦਮ ਸਥਾਪਤ ਕਰਨ ਲਈ ਪੀ.ਐਸ.ਸੀ.ਐਫ.ਸੀ. ਤੋਂ ਕਰਜ਼ਾ ਲਿਆ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਕੁਝ ਕਰਜ਼ਦਾਰ ਵੱਸੋਂ ਬਾਹਰੀ ਹਾਲਾਤਾਂ ਕਾਰਨ ਕਰਜ਼ਾ ਵਾਪਸ ਕਰਨ ਵਿੱਚ ਅਸਮਰੱਥ ਰਹੇ ਹਨ, ਜਿਸ ਕਰਕੇ ਉਹ ਡਿਫਾਲਟ ਹੋ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੁਆਫੀ ਸਕੀਮ ਦੇ ਲਾਗੂ ਹੋਣ ਨਾਲ ਅਨੁਸੂਚਿਤ ਜਾਤੀ ਭਾਈਚਾਰੇ ਦੇ ਆਰਥਿਕ ਤੌਰ ਉਤੇ ਕਮਜ਼ੋਰ ਵਰਗਾਂ ਅਤੇ ਦਿਵਿਆਂਗ ਵਰਗ ਦੇ 4,727 ਲਾਭਪਾਤਰੀਆਂ ਨੂੰ 67.84 ਕਰੋੜ ਦੀ ਰਾਹਤ ਮਿਲੇਗੀ ਜਿਸ ਵਿੱਚ 30.02 ਕਰੋੜ ਰੁਪਏ ਮੂਲ ਰਕਮ, 22.95 ਕਰੋੜ ਰੁਪਏ ਵਿਆਜ ਅਤੇ 14.87 ਕਰੋੜ ਰੁਪਏ ਦਾ ਦੰਡ ਵਿਆਜ ਸ਼ਾਮਲ ਹੈ (ਜੋ 30 ਅਪ੍ਰੈਲ, 2025 ਤੱਕ ਗਿਣਿਆ ਗਿਆ ਹੈ)।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ  ਦਾ ਇਹ ਉਪਰਾਲਾ ਉਨ੍ਹਾਂ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਅਤੇ ਸਮਾਜ ਵਿੱਚ ਸਨਮਾਨਜਨਕ ਜੀਵਨ ਜੀਉਣ ਦੇ ਯੋਗ ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮੁਆਫੀ ਸਕੀਮ ਤਹਿਤ ਲਾਭਪਾਤਰੀ ਆਪਣੇ ਪਰਿਵਾਰਾਂ ਦੀ ਸਹਾਇਤਾ ਲਈ ਨਵੇਂ ਉੱਦਮ ਵਾਸਤੇ ਮੁਕਤ ਵਿੱਤੀ ਸਰੋਤਾਂ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਨਾਲ ਪੀ.ਐਸ.ਸੀ.ਐਫ.ਸੀ. ਨੂੰ ਭਵਿੱਖ ਵਿੱਚ ਅਨੁਸੂਚਿਤ ਜਾਤੀਆਂ ਦੇ ਹੋਰ ਯੋਗ ਵਿਅਕਤੀਆਂ ਨੂੰ ਨਵੇਂ ਕਰਜ਼ੇ ਦੇਣ ਦੇ ਵੀ ਸਮਰੱਥ ਬਣਾਏਗਾ। ਉਨ੍ਹਾਂ ਕਿਹਾ ਕਿ ਇਹ ਸਕੀਮ ਸਿਰਫ਼ ਕਰਜ਼ਾ ਮੁਆਫ਼ੀ ਤੱਕ ਮਹਿਦੂਦ ਨਹੀਂ ਹੈ ਸਗੋਂ ਭਾਈਚਾਰੇ ਦਾ ਮਾਣ-ਸਨਮਾਨ ਬਹਾਲ ਕਰਨ, ਇਨਸਾਫ ਦੇਣ ਅਤੇ ਨਵੀਂ ਸ਼ੁਰੂਆਤ ਲਈ ਮੌਕੇ ਪ੍ਰਦਾਨ ਕਰਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਦਮ ਨੇ ਦਹਾਕਿਆਂ ਤੋਂ ਕਰਜ਼ੇ ਦੇ ਬੋਝ ਹੇਠ ਦੱਬੇ ਪਰਿਵਾਰਾਂ ਲਈ ਰਾਹਤ ਅਤੇ ਮਾਣ-ਸਨਮਾਨ ਵਾਲਾ ਜੀਵਨ ਜਿਉਣ ਦੀ ਨਵੀਂ ਸ਼ੁਰੂਆਤ ਕੀਤੀ ਹੈ। 

ਮੁੱਖ ਮੰਤਰੀ ਨੇ ਇਹ ਪਰਿਵਾਰ ਘਰ ਦੇ ਕਮਾਊ ਜੀਅ ਦਾ ਦੇਹਾਂਤ ਹੋ ਜਾਣ, ਲੰਬੀ ਬਿਮਾਰੀ ਕਾਰਨ ਸਾਰੀ ਬੱਚਤ ਖਤਮ ਹੋ ਜਾਣ ਜਾਂ ਆਮਦਨ ਦਾ ਕੋਈ ਹੋਰ ਵਸੀਲਾ ਨਾ ਹੋਣ ਵਰਗੀਆਂ ਪ੍ਰਸਥਿਤੀਆਂ ਕਾਰਨ ਆਪਣੇ ਕਰਜ਼ੇ ਵਾਪਸ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੰਨਣਾ ਹੈ ਕਿ ਅਜਿਹੇ ਲੋਕਾਂ ਤੋਂ ਇਸ ਕਰਜ਼ੇ ਦੀ ਵਸੂਲੀ ਕਰਨਾ ਸਰਾਸਰ ਬੇਇਨਸਾਫ਼ੀ ਹੈ ਜਿਸ ਕਰਕੇ ਕਰਜ਼ਾ ਮੁਆਫ ਕਰਨ ਦਾ ਫੈਸਲਾ ਕੀਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਵਾਅਦੇ ਹੀ ਨਹੀਂ ਕਰਦੇ ਸਗੋਂ ਉਨ੍ਹਾਂ ਨੂੰ ਪੂਰਾ ਵੀ ਕਰਦੇ ਹਨ ਜਦਕਿ ਪਿਛਲੀਆਂ ਸਰਕਾਰਾਂ ਨੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਅਨੁਸੂਚਿਤ ਜਾਤੀ ਭਾਈਚਾਰੇ ਦੇ ਪਰਿਵਾਰਾਂ ਦੇ ਦੁੱਖ-ਦਰਦ ਨੂੰ ਸਮਝਦੀ ਹੈ ਅਤੇ ਉਨ੍ਹਾਂ ਨੂੰ ਹਮੇਸ਼ਾ ਬਰਾਬਰਤਾ, ਬਣਦੇ ਹੱਕ ਅਤੇ ਮਾਣ-ਸਤਿਕਾਰ ਦਿੱਤਾ ਹੈ। 

ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਲਾਲ ਚੰਦ ਕਟਾਰੂਚੱਕ ਅਤੇ ਕੁਲਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ। 

Fwd: PN PBI & ENG ਭਾਰਤੀ ਫ਼ੌਜ ਵੱਲੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਮਿਲੇ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਨਮਾਨ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਾ ਫ਼ੌਜ ਦੀ ਮਹਿਲਾ ਸੀਨੀਅਰ ਅਫ਼ਸਰ ਵੱਲੋਂ ਸਨਮਾਨ

 

ਪਟਿਆਲਾ, 11 ਜੂਨ:       ਭਾਰਤੀ ਫ਼ੌਜ ਵੱਲੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਪਟਿਆਲਾਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਹਿਯੋਗ ਅਤੇ ਆਪ੍ਰੇਸ਼ਨ ਨੂੰ ਸਫਲ ਬਣਾਉਣ ਲਈ ਪਾਏ ਯੋਗਦਾਨ ਲਈ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸਨ ਦਾ ਸਨਮਾਨ ਕੀਤਾ ਗਿਆ

               ਫ਼ੌਜ ਦੇ ਸੀਨੀਅਰ ਅਧਿਕਾਰੀ ਵੱਲੋਂ ਕਮਿਸ਼ਨਰ ਪਟਿਆਲਾ ਮੰਡਲ ਵਿਨੈ ਬੁਬਲਾਨੀ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨਾਲ ਮੁਲਾਕਾਤ ਕਰਕੇ ਭਾਰਤੀ ਫ਼ੌਜ, ਸਿਵਲ ਪ੍ਰਸ਼ਾਸਨ ਸਮੇਤ ਹੋਰ ਸੁਰੱਖਿਆ ਬਲਾਂ ਵਿਚਕਾਰ ਬਿਹਤਰ ਤਾਲਮੇਲ 'ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਵਿੱਚ ਅਜਿਹੇ ਤਾਲਮੇਲ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਆਮ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਜ਼ਰੂਰੀ ਸੇਵਾਵਾਂ ਅਤੇ ਸੁਰੱਖਿਆ ਸਹਾਇਤਾ ਪ੍ਰਦਾਨ ਕਰਨ ਵਿੱਚ ਸਾਂਝੇ ਯਤਨਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ

              ਫ਼ੌਜ ਦੇ ਅਧਿਕਾਰੀਆਂ ਨੇ ਕਿਹਾ, "ਸਾਡੇ ਆਪ੍ਰੇਸ਼ਨ ਨੂੰ ਸਫਲ ਬਣਾਉਣ ਵਿੱਚ ਸਿਵਲ ਪ੍ਰਸ਼ਾਸਨ ਦੇ ਮਹੱਤਵਪੂਰਨ ਯੋਗਦਾਨ ਨੇ ਮੁੱਖ ਭੂਮਿਕਾ ਨਿਭਾਈ ਹੈ ਉਨ੍ਹਾਂ ਦੀ ਤੁਰੰਤ ਪ੍ਰਤੀਕਿਰਿਆ, ਖੇਤਰੀ ਗਿਆਨ, ਅਤੇ ਸਰੋਤਾਂ ਨੂੰ ਜੁਟਾਉਣ ਅਤੇ ਮੌਕ ਡਰਿਲ ਕਰਨ ਦੀ ਯੋਗਤਾ ਨੇ ਫ਼ੌਜ ਨੂੰ ਵੱਖ-ਵੱਖ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ ਹੈ ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲੇ ਨਿਰੰਤਰ ਸਹਿਯੋਗ ਲਈ ਤਹਿ ਦਿਲੋਂ ਧੰਨਵਾਦੀ ਹਾਂ"

              ਇਸ ਮੌਕੇ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੀ ਫ਼ੌਜ ਨਾਲ ਕੰਮ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਭਵਿੱਖ ਵਿੱਚ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ

              ਭਾਰਤੀ ਫ਼ੌਜ ਨੇ ਨਾਗਰਿਕਾਂ ਦੇ ਨਾਲ-ਨਾਲ ਰਾਸ਼ਟਰੀ ਸੇਵਾ ਵਿੱਚ ਸਿਵਲ ਡਿਫੈਂਸ, ਹੋਮ ਗਾਰਡ ਅਤੇ ਪੰਜਾਬ ਪੁਲਿਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੱਤੀ

              ਇਸ ਮੌਕੇ ਭਾਰਤੀ ਫ਼ੌਜ ਨੇ ਡਵੀਜ਼ਨਲ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਸਹਿਯੋਗ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ, ਦੋਵਾਂ ਅਧਿਕਾਰੀਆਂ ਨੇ ਸਮਾਰੋਹ ਦਾ ਹਿੱਸਾ ਬਣਨ 'ਤੇ ਮਾਣ ਪ੍ਰਗਟ ਕੀਤਾ ਅਤੇ ਫ਼ੌਜ ਵੱਲੋਂ ਕੀਤੀ ਗਈ ਸਾਰਥਕ ਪਹਿਲਕਦਮੀ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਪੂਰੇ ਸਮਰਪਣ ਅਤੇ ਏਕਤਾ ਨਾਲ ਇਸੇ ਤਰ੍ਹਾਂ ਕੰਮ ਕਰਦਾ ਰਹੇਗਾ

              ਭਾਰਤੀ ਫ਼ੌਜ ਨੇ ਸਿਵਲ ਪ੍ਰਸ਼ਾਸਨ ਨੂੰ ਆਫ਼ਤ ਪ੍ਰਬੰਧਨ ਲਈ ਕੀਤੇ ਯਤਨਾਂ ਲਈ ਵੀ ਸਨਮਾਨਿਤ ਕੀਤਾ ਸਥਾਨਕ ਫ਼ੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਲੌਜਿਸਟਿਕਸ, ਬੁਨਿਆਦੀ ਢਾਂਚਾ ਅਤੇ ਭਾਈਚਾਰਕ ਸ਼ਮੂਲੀਅਤ ਸਮੇਤ ਵੱਖ-ਵੱਖ ਪਹਿਲੂਆਂ ਵਿੱਚ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਦੀ ਸ਼ਲਾਘਾ ਕਰਦੀ ਹੈ

ਫੋਟੋ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਾ ਫ਼ੌਜ ਦੀ ਮਹਿਲਾ ਅਫ਼ਸਰ ਸਨਮਾਨ ਕਰਦੇ ਹੋਏ

ਫੋਟੋ: ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਦਾ ਸਨਮਾਨ ਕਰਦੇ ਹੋਏ ਫ਼ੌਜ ਦੇ ਅਧਿਕਾਰੀ