ਸਤਵੀਰ ਸਿੰਘ ਪੱਲੀ ਝਿੱਕੀ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਸਤਵੀਰ ਸਿੰਘ ਪੱਲੀ ਝਿੱਕੀ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਨਵਾਂਸ਼ਹਿਰ 14 ਜਨਵਰੀ- ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਅੱਜ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਅਤੇ ਵਣ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਭਲਾਈ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਦੀ ਮੌਜੂਦਗੀ 'ਚ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਚੇਅਰਮੈਨ ਪੰਜਾਬ ਲਾਰਜ ਇੰਡਸਟ੍ਰੀਜ਼ ਵਿਕਾਸ ਬੋਰਡ ਪਵਨ ਦੀਵਾਨ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ ਅਤੇ ਲਵ ਕੁਮਾਰ ਗੋਲਡੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਪ੍ਰੇਮ ਚੰਦ ਭੀਮਾ ਤੇ ਡਾ. ਹਰਪ੍ਰੀਤ ਸਿੰਘ ਕੈਂਥ ਵੀ ਮੌਜੂਦ ਸਨ।  ਸ੍ਰੀ ਤਿਵਾੜੀ ਨੇ ਇਸ ਮੌਕੇ ਸ੍ਰੀ ਪੱਲੀ ਝਿੱਕੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹਾ ਯੋਜਨਾ ਕਮੇਟੀ ਜ਼ਿਲ੍ਹੇ ਦੇ ਵਿਕਾਸ ਲਈ ਯੋਜਨਾਵਾਂ ਉਲੀਕਣ 'ਚ ਮਹੱਤਵਪੂਰਣ ਯੋਗਦਾਨ ਪਾਏਗੀ, ਜਿਸ ਦਾ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਲਾਭ ਮਿਲੇਗਾ। ਵਣ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਮੌਕੇ ਆਖਿਆ ਕਿ ਸਤਵੀਰ ਸਿੰਘ ਪੱਲੀ ਝਿੱਕੀ ਜਿਹੇ ਮੇਹਨਤੀ ਕਾਂਗਰਸੀ ਵਰਕਰ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦਾ ਮਾਣ-ਸਨਮਾਨ ਦੇ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੁਨੇਹਾ ਦਿੱਤਾ ਹੈ ਕਿ ਮੇਹਨਤੀ ਵਰਕਰਾਂ ਦੀ ਹਮੇਸ਼ਾਂ ਕਦਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕੱਲਾ ਸਤਵੀਰ ਸਿੰਘ ਹੀ ਨਹੀਂ ਬਲਕਿ ਪੰਜਾਬ 'ਚ ਹੋਰਨੀਂ ਥਾਈਂ ਵੀ ਦਿੱਤੀਆਂ ਗਈਆਂ ਨਿਯੁੱਕਤੀਆਂ 'ਚ ਪਾਰਟੀ ਪ੍ਰਤੀ ਵਫ਼ਦਾਰੀ ਅਤੇ ਮੇਹਨਤ ਨੂੰ ਧਿਆਨ 'ਚ ਰੱਖਿਆ ਗਿਆ ਹੈ। ਉਨ੍ਹਾਂ ਸਤਵੀਰ ਸਿੰਘ ਪੱਲੀ ਝਿੱਕੀ ਨਾਲ ਆਪਣੇ ਯੂਥ ਕਾਂਗਰਸ ਵੇਲੇ ਦੇ ਸਬੰਧਾਂ ਨੂੰ ਯਾਦ ਕਰਦਿਆਂ ਅਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਵੱਲੋਂ ਅਤਿਵਾਦ ਦੌਰਾਨ ਆਪਣੇ ਪਿਤਾ ਨੂੰ ਗੁਆਉਣ ਦੇ ਬਾਵਜੂਦ ਪਾਰਟੀ ਪ੍ਰਤੀ ਦਿਖਾਈ ਨਿੱਡਰਤਾ ਦਾ ਵੀ ਜ਼ਿਕਰ ਕੀਤਾ। ਸ੍ਰੀ ਪੱਲੀ ਝਿੱਕੀ ਨੇ ਇਸ ਮੌਕੇ ਜਿੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ 'ਚ ਪ੍ਰਗਟਾਏ ਭਰੋਸੇ ਦਾ ਧੰਨਵਾਦ ਕੀਤਾ ਉੱਥੇ ਯਕੀਨ ਦਿਵਾਇਆ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣੇ ਅਹੁਦੇ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੇ ਵਿਕਾਸ ਅਤੇ ਲੋਕਾਂ ਦੀ ਬੇਹਤਰੀ ਲਈ ਕੰਮ ਕਰਨਗੇ।   ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਵੱਲੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਵਣ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ 'ਚ ਪੁੱਜਣ 'ਤੇ ਸਵਾਗਤ ਕੀਤਾ ਗਿਆ। ਫ਼ੋਟੋ ਕੈਪਸ਼ਨ:  ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਦੇ ਅਹੁਦਾ ਸੰਭਾਲਣ ਮੌਕੇ ਐਮ ਪੀ ਮਨੀਸ਼ ਤਿਵਾੜੀ, ਵਣ ਮੰਤਰੀ ਸਾਧੂ ਸਿੰਘ ਧਰਮਸੋਤ, ਐਮ ਐਲ ਏ ਚੌ. ਦਰਸ਼ਨ ਲਾਲ ਮੰਗੂਪੁਰ ਤੇ ਡੀ ਸੀ ਵਿਨੈ ਬਬਲਾਨੀ ਨਜ਼ਰ ਆ ਰਹੇ ਹਨ।