ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ
ਪੌਣੇ ਪੰਜ ਕਿਲੋ ਵਜ਼ਨੀ ਬੱਚੇ (ਲੜਕੇ) ਨੇ ਜਨਮ ਲਿਆ
ਬੰਗਾ : 24 ਜਨਵਰੀ - ਬੰਗਾ-ਫਗਵਾੜਾ ਮੁੱਖ ਮਾਰਗ ਤੇ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੌਣੇ ਪੰਜ ਕਿਲੋਗਰਾਮ ਭਾਰੇ ਬੱਚੇ (ਲੜਕੇ) ਦਾ ਜਨਮ ਹੋਣ ਦਾ ਖੁਸ਼ੀ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਡਾ. ਚਾਂਦਨੀ ਬੱਗਾ ਐਮ.ਐਸ. (ਔਰਤਾਂ ਦੀਆਂ ਬਿਮਾਰੀਆਂ ਅਤੇ ਜਣੇਪੇ ਦੇ ਮਾਹਿਰ) ਕੋਲ ਪਿੰਡ ਕਲੇਰਾਂ ਤੋਂ ਰਣਜੀਤ ਕੌਰ ਪਤਨੀ ਦਲਜੀਤ ਸਿੰਘ ਆਪਣੇ ਜਣੇਪੇ ਲਈ ਆਏ । ਭਾਵੇਂ ਕਿ ਡਾਕਟਰ ਸਾਹਿਬ ਕੋਲ ਰਣਜੀਤ ਕੌਰ ਦਾ ਇਲਾਜ ਆਰੰਭ ਤੋਂ ਹੀ ਚੱਲ ਰਿਹਾ ਸੀ ਪਰ ਮਰੀਜ਼ ਦੇ 112 ਕਿਲੋਗ੍ਰਾਮ ਵਜ਼ਨ ਤੇ ਉਹਨਾਂ ਦੀ ਉਮਰ ਨੂੰ ਧਿਆਨ ਵਿਚ ਰੱਖਦੇ ਹੋਏ ਜਣੇਪੇ ਲਈ ਵਿਸ਼ੇਸ਼ ਚੈੱਕਅੱਪ ਵੀ ਕੀਤਾ ਗਿਆ। ਗਾਇਨੀ ਮਾਹਿਰ ਡਾ. ਚਾਂਦਨੀ ਬੱਗਾ ਨੇ ਜਨਮ ਲੈਣ ਵਾਲੇ ਬੱਚੇ ਦੇ ਭਾਰੇ ਹੋਣ ਕਰਕੇ ਅਤੇ ਮਰੀਜ਼ ਦੀ ਉਮਰ 40 ਸਾਲ ਤੋਂ ਵੱਧ ਹੋ ਕਰਕੇ ਨਾਰਮਲ ਡਿਲਵਰੀ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਾਂ ਅਤੇ ਬੱਚੇ ਦੇ ਜੀਵਨ ਨੂੰ ਬਚਾਉਣ ਲਈ ਪਰਿਵਾਰ ਨਾਲ ਮਸ਼ਵਰਾ ਕਰਕੇ ਵਿਸ਼ੇਸ਼ ਵੱਡੇ ਅਪਰੇਸ਼ਨ ਨਾਲ ਰਣਜੀਤ ਕੌਰ ਦੀ ਡਿਲਵਰੀ ਕਰਵਾਈ ਗਈ । ਰਣਜੀਤ ਕੌਰ ਨੇ ਇੱਕ ਤੰਦਰੁਸਤ ਬੱਚੇ (ਲੜਕੇ) ਨੂੰ ਜਨਮ ਦਿੱਤਾ ਜਿਸ ਦਾ ਭਾਰ ਪੌਣੇ ਪੰਜ ਕਿਲੋਗ੍ਰਾਮ ਸੀ । ਇਸ ਭਾਰੇ ਬੱਚੇ ਨੂੰ ਦੇਖ ਕੇ ਸਾਰੇ ਹੈਰਾਨ ਸਨ ਕਿਉਂ ਕਿ ਇੰਨੇ ਭਾਰੇ ਤੰਦਰੁਸਤ ਬੱਚਿਆਂ ਦਾ ਜਨਮ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਨਵ ਜਨਮੇ ਪੌਣੇ ਪੰਜ ਕਿਲੋਗ੍ਰਾਮ ਭਾਰੇ ਲੜਕੇ ਅਤੇ ਉਸ ਦੀ ਮਾਤਾ ਰਣਜੀਤ ਕੌਰ ਦੀ ਅਪਰੇਸ਼ਨ ਤੋਂ ਬਾਅਦ ਵਿਚ ਵੀ ਵਿਸ਼ੇਸ਼ ਸਾਂਭ ਸੰਭਾਲ ਕੀਤੀ ਗਈ। ਹੁਣ ਮਾਂ ਰਣਜੀਤ ਕੌਰ ਅਤੇ ਉਹਨਾਂ ਦਾ ਬੇਟਾ ਬਿਲਕੁੱਲ ਤੰਦਰੁਸਤ ਹਨ । ਇਸ ਮੌਕੇ ਔਰਤਾਂ ਦੀਆਂ ਬਿਮਾਰੀਆਂ ਅਤੇ ਜਣੇਪੇ ਦੇ ਮਾਹਿਰ ਡਾ. ਚਾਂਦਨੀ ਬੱਗਾ ਨੇ ਦੱਸਿਆ ਮੈਡੀਕਲ ਸਾਂਇੰਸ ਵਿਚ ਇੰਨੇ ਭਾਰੇ ਤੁੰਦਰੁਸਤ ਬੱਚਿਆਂ ਦੇ ਜਨਮ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਜੋ ਕਿ ਲੱਖਾਂ ਡਿਲਵਿਰੀਆਂ ਪਿੱਛੇ ਨਾ ਮਾਤਰ ਹੀ ਹੁੰਦੇ ਹਨ। ਇਹ ਬੱਚਾ ਵੀ ਇੰਡੀਆ ਵਿਚ ਜਨਮ ਲੈਣ ਵਾਲੇ ਵਜ਼ਨੀ ਬੱਚਿਆਂ ਦੀ ਲਿਸਟ ਵਿਚ ਸ਼ਾਮਿਲ ਹੋਵੇਗਾ। ਵਰਣਨਯੋਗ ਹੈ ਕਿ ਮਾਤਾ¸ਪਿਤਾ ਨੂੰ ਲੜਕੇ ਦੀ ਅਤੇ ਭੈਣ ਨੂੰ ਭਰਾ ਦੀ ਖੁਸ਼ੀ 14 ਸਾਲਾਂ ਬਾਅਦ ਡਾ. ਚਾਂਦਨੀ ਬੱਗਾ ਐਮ ਐਸ ਵੱਲੋਂ ਕੀਤੇ ਵਧੀਆ ਇਲਾਜ ਉਪਰੰਤ ਮਿਲੀ ਹੈ। ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਘਰ ਜਾਣ ਮੌਕੇ ਰਣਜੀਤ ਕੌਰ ਅਤੇ ਉਸ ਦੇ ਪਤੀ ਦਲਜੀਤ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਧੀਆ ਜਣੇਪੇ ਲਈ ਅਤੇ ਵਧੀਆ ਇਲਾਜ ਕਰਨ ਲਈ ਡਾ ਚਾਂਦਨੀ ਬੱਗਾ ਅਤੇ ਸਮੂਹ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ ਹੈ । ਇਸ ਖੁਸ਼ੀ ਭਰੇ ਮੌਕੇ ਡਾ. ਮਨੂ ਭਾਰਗਵ ਮੈਡੀਕਲ ਸੁਪਰਡੈਂਟ, ਡਾ.ਚਾਂਦਨੀ ਬੱਗਾ ਐਮ.ਐਸ. (ਗਾਇਨੀ), ਡਾ. ਦੀਪਕ ਦੁੱਗਲ ਐਮ.ਡੀ. (ਬੇਹੋਸ਼ੀ ਅਤੇ ਦਰਦਾਂ ਦੀਆਂ ਬਿਮਾਰੀਆਂ ਦੇ ਮਾਹਿਰ), ਸਿਸਟਰ ਸੁਖਵਿੰਦਰ ਕੌਰ, ਸਿਸਟਰ ਬਲਬੀਰ ਕੌਰ, ਗਗਨਦੀਪ ਸਿੰਘ, ਯਨੂਸ ਮਸੀਹ ਅਤੇ ਹੋਰ ਸਟਾਫ਼ ਤੇ ਮਰੀਜ਼ ਰਣਜੀਤ ਕੌਰ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ । ਇਸ ਮੌਕੇ ਸਿਹਤਮੰਦ ਬੱਚੇ (ਲੜਕੇ) ਦੇ ਜਨਮ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ। ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਵਿਖੇ ਰਣਜੀਤ ਕੌਰ ਆਪਣੇ ਨਵ ਜਨਮੇ ਪੌਣੇ ਪੰਜ ਕਿਲੋ ਵਜ਼ਨੀ ਲੜਕੇ ਅਤੇ ਡਾਕਟਰ ਚਾਂਦਨੀ ਬੱਗਾ ਨਾਲ ਯਾਦਗਾਰੀ ਤਸਵੀਰ ਵਿੱਚ (ਇਨਸੈਟ ਬੱਚੇ ਦੀ ਤਸਵੀਰ)