ਪਰਾਲੀ ਦੇ ਸਹੀ ਨਿਪਟਾਰੇ ਨਾਲ ਵਾਤਾਵਰਣ ਦੀ ਸ਼ੁੱਧਤਾ 'ਚ ਆਪਣਾ ਯੋਗਦਾਨ ਪਾ ਰਿਹੇ ਪਿੰਡ ਜਨਸੂਈ ਦਾ ਕਿਸਾਨ ਕੁਲਵੰਤ ਸਿੰਘ

ਪਟਿਆਲਾ, 12 ਸਤੰਬਰ:  ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ ਲਈ ਸਮੇਂ-ਸਮੇਂ ਸਿਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮਿਸ਼ਨ ਤਹਿਤ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਜਾਗਰੂਕ ਕੈਂਪ, ਪ੍ਰਦਰਸ਼ਨੀ ਪਲਾਂਟ ਅਤੇ ਵਾਲ ਪੇਂਟਿੰਗਾਂ ਰਾਹੀਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਬਹੁਤੇ ਕਿਸਾਨ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲੱਗ ਗਏ ਹਨ।
  ਇਸੇ ਤਰ੍ਹਾਂ ਦੇ ਅਗਾਂਹਵਧੂ ਕਿਸਾਨ ਪਿੰਡ ਜਨਸੂਈ ਦੇ ਕੁਲਵੰਤ ਸਿੰਘ ਹਨ, ਜੋ ਆਪਣੀ ਮਾਲਕੀ ਅਤੇ ਠੇਕੇ ਦੀ ਜ਼ਮੀਨ ਨੂੰ ਮਿਲਾਕੇ ਲਗਭਗ 30 ਏਕੜ 'ਚ ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾ ਕੇ ਸਫ਼ਲਤਾਪੂਰਵਕ ਖੇਤੀ ਕਰ ਰਹੇ ਹਨ। ਉਨ੍ਹਾਂ ਆਪਣਾ ਤਜ਼ੁਰਬਾ ਸਾਂਝਾ ਕਰਦਿਆ ਦੱਸਿਆ ਕਿ ਉਹ ਸੁਪਰ ਸੀਡਰ, ਜੀਰੋ ਡਰਿੱਲ, ਰੋਟਾਵੇਟਰ, ਹੈਰੋ ਅਤੇ ਐਮ.ਬੀ ਪਲਾਉ ਵਰਗੀਆਂ ਨਵੀਂਆਂ ਵਿਕਸਤ ਕੀਤੀਆਂ ਖੇਤੀ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਦੀ ਰਹਿੰਦ ਖੂੰਹਦ ਦਾ ਨਿਪਟਾਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੁਪਰ ਸੀਡਰ 'ਤੇ 50 ਫ਼ੀਸਦੀ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
  ਕੁਲਵੰਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਮਿਲਾਉਣ ਨਾਲ ਫ਼ਸਲ ਦੇ ਝਾੜ ਵਿੱਚ ਵਾਧਾ ਹੋਇਆ ਹੈ ਅਤੇ ਰਸਾਇਣਿਕ ਖਾਦਾਂ, ਸਪੇਰਿਆਂ ਅਤੇ ਲੇਬਰ 'ਤੇ ਹੋਣ ਵਾਲੇ ਵਾਧੂ ਖ਼ਰਚਿਆਂ ਵਿੱਚ ਕਾਫ਼ੀ ਕਮੀ ਆਈ ਹੈ ਤੇ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਨਾਲ ਉਹ ਮੱਝਾਂ ਗਾਵਾਂ ਪਾਲਣ ਦਾ ਸਹਾਇਕ ਧੰਦਾ ਕਰਕੇ ਚੰਗੀ ਆਮਦਨ ਕਮਾ ਰਿਹਾ ਹੈ ।
     ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਸਾਂਭ-ਸੰਭਾਲ ਲਈ ਜਾਗਰੂਕ ਕਰਨ ਸਬੰਧੀ ਵਿਭਾਗ ਵੱਲੋਂ ਵੱਡੇ ਪੱਧਰ ਤੇ ਵਿੱਢੀ ਮੁਹਿੰਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਵਾਤਾਵਰਣ ਦੂਸ਼ਿਤ ਹੁੰਦਾ ਹੈ। ਕਈ ਵਾਰ ਪਰਾਲੀ ਨਾਲ ਲੱਗੇ ਧੂੰਏਂ ਦੀ ਲਪੇਟ ਵਿੱਚ ਆਉਣ ਨਾਲ ਕੀਮਤੀ ਜਾਨਾਂ ਵੀ ਜਾਂਦੀਆਂ ਹਨ। ਵਿਭਾਗ ਵੱਲੋਂ ਪਰਾਲੀ ਦੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਲਈ ਵੱਖ-ਵੱਖ ਖੇਤੀ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ 'ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਕਾਮਯਾਬ ਕੀਤਾ ਜਾ ਸਕੇ। ਉਹਨਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਹੀ ਮਿਲਾਉਣ ਦੀ ਅਪੀਲ ਕੀਤੀ ਤਾਂ ਕਿ  ਪੰਜਾਬ ਦੀ ਇਸ ਜ਼ਰਖੇਜ਼ ਧਰਤੀ ਨੂੰ ਬਚਾਇਆ ਜਾ ਸਕੇ।
ਕੈਪਸ਼ਨ : ਕੁਲਵੰਤ ਸਿੰਘ ਆਪਣੇ ਖੇਤਾਂ 'ਚ ਹੋਰਨਾਂ ਕਿਸਾਨਾਂ ਨੂੰ ਆਪਣੀ ਫ਼ਸਲਾਂ ਦਿਖਾਉਂਦਾ ਹੋਇਆ।

ਸਰਕਾਰੀ ਕਾਲਜ ਲੜਕੀਆਂ ਪਟਿਆਲਾ ’ਚ ਦੂਸਰਾ ਮੈਗਾ ਰੋਜ਼ਗਾਰ ਮੇਲਾ 13 ਨੂੰ

ਪਟਿਆਲਾ, 12 ਸਤੰਬਰ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 7ਵਾਂ ਸੂਬਾ ਪੱਧਰੀ ਦੂਸਰਾ ਮੈਗਾ ਰੋਜ਼ਗਾਰ ਮੇਲਾ 13 ਸਤੰਬਰ ਨੂੰ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵਿਚ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿਚ ਨਾਮੀ ਕੰਪਨੀਆਂ ਜਿਵੇਂ ਕਿ ਪ੍ਰੀਤ ਟਰੈਕਟਰਜ਼, ਆਈ.ਸੀ.ਆਈ.ਸੀ ਬੈਂਕ, ਐਂਗਲ ਹਰਬਲ, ਕੈਪੀਟਲ ਟਰੱਸਟ, ਚੈਕਮੇਟ ਸਕਿਉਰਿਟੀ, ਅਕਾਲ ਅਕੈਡਮੀ ਸਮੇਤ ਬੀਮਾ ਕੰਪਨੀਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੈਗਾ ਰੋਜ਼ਗਾਰ 'ਚ 10ਵੀਂ ਤੋਂ ਲੈ ਕੇ ਬੀ.ਏ., ਬੀ.ਕਾਮ, ਬੀ.ਸੀ.ਏ., ਐਮ.ਏ., ਕੰਪਿਊਟਰ ਕੋਰਸ, ਆਈ.ਟੀ.ਆਈ. ਡਿਪਲੋਮਾ, ਬੀ.ਟੈਕ ਮਕੈਨੀਕਲ, ਐਮ.ਸੀ.ਏ. ਪਾਸ ਨੌਜਵਾਨ ਆਪਣਾ ਬਾਇਓਡਾਟਾ ਸਰਟੀਫਿਕੇਟ ਲੈ ਕੇ ਇੰਟਰਵਿਊ ਵਿਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਇਸ ਰੋਜ਼ਗਾਰ ਮੇਲੇ ਵਿਚ ਹਿੱਸਾ ਲੈਣ ਲਈ ਕਿਹਾ।

ਰਵਾਇਤੀ ਪਾਰਟੀਆਂ ਵੱਲੋਂ ਵਾਰੋਂ ਵਾਰੀ ਲੁੱਟੇ ਪੰਜਾਬ ਨੂੰ ਹੁਣ ਮੁੜ ਤੋਂ ਖੁਸ਼ਹਾਲ ਬਣਾਏਗੀ ਆਮ ਆਦਮੀ ਪਾਰਟੀ:-ਸਤਨਾਮ ਸਿੰਘ ਜਲਵਾਹਾ



ਨਵਾਂਸ਼ਹਿਰ 11 ਸਤੰਬਰ : - (ਬਿਊਰੋ)  ਹਲਕਾ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਦੀ ਪ੍ਰਧਾਨਗੀ ਹੇਠ ਪਿੰਡਾਂ ਵਿੱਚ ਡੋਰ ਟੂ ਡੋਰ ਮੁਹਿੰਮ ਅਤੇ ਨੁੱਕੜ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ, ਜਿਸਨੂੰ ਲੋਕਾਂ ਵੱਲੋਂ ਵੀ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸੇ ਮੁਹਿੰਮ ਤਹਿਤ ਨਵਾਂਸ਼ਹਿਰ ਹਲਕੇ ਦੇ ਪਿੰਡ ਕਾਜਮਪੁਰ ਵਿਖੇ ਬੂਥ ਪ੍ਰਧਾਨ ਅਤੇ ਮੌਜੂਦਾ ਪੰਚ ਸ੍ਰੀ ਸੁਰਜੀਤ ਰਾਮ ਜੀ ਅਤੇ ਸਿੰਘ ਸਾਬ ਭਾਈ ਗਿਆਨ ਸਿੰਘ ਜੀ ਦੇ ਉੱਦਮ ਉਪਰਾਲੇ ਸਦਕਾ ਪਿੰਡ ਵਿੱਚ ਬਣੇ ਅੰਬੇਡਕਰ ਭਵਨ ਵਿਖੇ ਇੱਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਬਜ਼ੁਰਗਾਂ ਨੌਜਵਾਨਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮਹਿਲਾਵਾਂ ਨੇ ਹਾਜ਼ਰੀ ਭਰੀ ਅਤੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਕੀਤੇ ਜਾ ਰਹੇ ਇਤਿਹਾਸਿਕ ਅਤੇ ਕ੍ਰਾਂਤੀਕਾਰੀ ਕੰਮਾਂ ਬਾਰੇ ਸੋਸ਼ਲ ਮੀਡੀਆ ਜ਼ਰੀਏ ਉਨ੍ਹਾਂ ਨੂੰ ਪਹਿਲਾਂ ਹੀ ਕਾਫੀ ਜਾਣਕਾਰੀ ਹੈ ਅਤੇ ਮਹਿਲਾਵਾਂ ਤੇ ਨੌਜਵਾਨਾਂ ਨੇ ਦੱਸਿਆ ਕਿ ਕਿਵੇਂ ਉਹ ਆਪਣੇ ਪੱਧਰ ਉੱਤੇ ਪੂਰੀ ਕੋਸ਼ਿਸ਼ ਕਰਕੇ ਆਪਣੇ ਆਂਢੀਆਂ-ਗੁਆਂਢੀਆਂ ਅਤੇ ਰਿਸ਼ਤੇਦਾਰਾਂ ਵਿੱਚ ਕੇਜਰੀਵਾਲ ਦਾ ਪ੍ਰਚਾਰ ਕਰ ਰਹੇ ਹਾਂ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਵੱਲੋਂ ਪਿੰਡ ਕਾਜਮਪੁਰ ਵਿਖੇ ਮੀਟਿੰਗ ਦਾ ਆਯੋਜਨ ਕਰਨ ਲਈ ਸ੍ਰੀ ਸੁਰਜੀਤ ਰਾਮ ਜੀ ਅਤੇ ਭਾਈ ਗਿਆਨ ਸਿੰਘ ਜੀ ਦਾ ਵੀ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਅਤੇ ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਬਿਜਲੀ ਗਰੰਟੀ ਦੇ ਗਰੰਟੀ ਕਾਰਡ ਵੀ ਵੰਡੇ ਗਏ। ਜਲਵਾਹਾ ਨੇ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਅਕਾਲੀ ਕਾਂਗਰਸੀ ਆਗੂਆਂ ਵੱਲੋਂ ਵਾਰੋਂ ਵਾਰੀ ਲੁੱਟੇ ਪੰਜਾਬ ਨੂੰ ਮੁੜ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਹੁਣ ਹੱਸਦਾ ਵੱਸਦਾ ਅਤੇ ਖੁਸ਼ਹਾਲ ਪੰਜਾਬ ਬਣਾਕੇ ਦਿਖਾਉਣਗੇ। ਜਿਹੜੇ ਅਕਾਲੀ ਕਾਂਗਰਸੀ ਲੀਡਰ ਹਮੇਸ਼ਾ ਕਹਿੰਦੇ ਰਹਿੰਦੇ ਹਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਜਦੋਂ ਕਿ ਉਹ ਲੀਡਰ ਖੁਦ ਹੀ ਇਸ ਖਜ਼ਾਨੇ ਨੂੰ ਲੁੱਟਣ ਉਤੇ ਲੱਗੇ ਹੋਏ ਹਨ। ਇਸ ਮੌਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਅਟਵਾਲ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਉੜਾਪੜ, ਬਲਾਕ ਪ੍ਰਧਾਨ ਕੁਲਵੰਤ ਸਿੰਘ ਰਕਾਸਣ ਸੀਨੀਅਰ ਆਗੂ ਗੁਰਦੇਵ ਸਿੰਘ ਮੀਰਪੁਰ, ਰਾਹੋਂ ਸਰਕਲ ਦੇ ਪ੍ਰਧਾਨ ਜੋਗੇਸ਼ ਰਾਹੋਂ ਅਤੇ ਪਿੰਡ ਕਾਜਮਪੁਰ ਦੇ ਨਗਰ ਨਿਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਜਸਟਿਸ ਯੂ.ਯੂ. ਲਲਿਤ ਵੱਲੋਂ ਪਟਿਆਲਾ ਦੀ ਅਦਾਲਤ 'ਚ ਆਪਸੀ ਸਹਿਮਤੀ ਨਾਲ ਫ਼ੌਜਦਾਰੀ ਝਗੜੇ ਦਾ ਨਿਪਟਾਰਾ ਕਰਵਾਉਣ ਦੀ ਭਰਵੀਂ ਸ਼ਲਾਘਾ

-ਸੁਪਰੀਮ ਕੋਰਟ ਦੇ ਜੱਜ ਤੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਯੂ.ਯੂ. ਲਲਿਤ ਵੱਲੋਂ ਪਟਿਆਲਾ 'ਚ ਲੱਗੀ ਕੌਮੀ ਲੋਕ ਅਦਾਲਤ ਦਾ ਆਨਲਾਈਨ ਜਾਇਜ਼ਾ
-ਕੌਮੀ ਲੋਕ ਅਦਾਲਤ 'ਚ ਵੱਖੋ -ਵੱਖ ਰਹਿ ਰਹੇ ਪਤੀ-ਪਤਨੀ ਜੋੜਿਆਂ ਦਾ ਮੁੜ ਮਿਲਾਪ ਕਰਵਾਕੇ ਘਰ ਵਸਾਏ
ਪਟਿਆਲਾ, 11 ਜੁਲਾਈ: ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਅਤੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਸ੍ਰੀ ਯੂ.ਯੂ. ਲਲਿਤ ਨੇ ਅੱਜ ਪਟਿਆਲਾ ਵਿਖੇ ਲੱਗੀ ਕੌਮੀ ਲੋਕ ਅਦਾਲਤ ਦਾ ਆਨ ਲਾਈਨ ਜਾਇਜ਼ਾ ਲਿਆ। ਇਸ ਦੌਰਾਨ ਜਸਟਿਸ ਲਲਿਤ ਨੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਦੀ ਅਗਵਾਈ ਹੇਠ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਸ਼ਿਵ ਮੋਹਨ ਗਰਗ ਦੇ ਬੈਂਚ ਵੱਲੋਂ ਇੱਕ ਫ਼ੌਜਦਾਰੀ ਝਗੜੇ 'ਚ ਆਪਸੀ ਰਜ਼ਾਮੰਦੀ ਨਾਲ ਸਮਝੌਤਾ ਕਰਵਾਕੇ ਮਾਮਲਾ ਨਿਪਟਾਏ ਜਾਣ ਦੀ ਭਰਵੀਂ ਸ਼ਲਾਘਾ ਕੀਤੀ।
ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਕੇਸ 'ਚ ਆਈ.ਪੀ.ਸੀ. ਦੀਆਂ ਧਾਰਾਵਾਂ 323 ਅਤੇ 325 ਤਹਿਤ 9 ਜਣਿਆਂ ਨੂੰ ਸਜਾ ਹੋਈ ਸੀ, ਜਿਸ ਲਈ ਕੌਮੀ ਲੋਕ ਅਦਾਲਤ ਨੇ ਦੋਵਾਂ ਧਿਰਾਂ ਦਾ ਆਪਸੀ ਰਜ਼ਾਮੰਦੀ ਨਾਲ ਸਮਝੌਤਾ ਕਰਵਾਕੇ ਸ਼ਿਕਾਇਤ ਕਰਤਾ ਨੂੰ ਸਵਾ ਦੋ ਲੱਖ ਰੁਪਏ ਦਾ ਮੁਆਵਜ਼ਾ ਦਿਵਾਇਆ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਜਸਟਿਸ ਲਲਿਤ ਨੇ ਇਸ ਮਾਮਲੇ ਨੂੰ ਨਿਪਟਾਏ ਜਾਣ ਦੀ ਪ੍ਰਕ੍ਰਿਆ ਦਾ ਆਨਲਾਈਨ ਜਾਇਜ਼ਾ ਲਿਆ ਅਤੇ ਅਦਾਲਤੀ ਬੈਂਚ ਵੱਲੋਂ ਦੋਵਾਂ ਧਿਰਾਂ ਦੀ ਕਰਵਾਈ ਗਈ ਸੰਤੁਸਟੀ 'ਤੇ ਤਸੱਲੀ ਦਾ ਇਜ਼ਹਾਰ ਕੀਤਾ ਹੈ।
ਅੱਜ ਦੀ ਇਸ ਕੌਮੀ ਲੋਕ ਅਦਾਲਤ ਦਾ ਸਥਾਨਕ ਤੌਰ 'ਤੇ ਜਾਇਜ਼ਾ ਲੈ ਰਹੇ ਪਟਿਆਲਾ ਦੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ ਨੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ, ਜਸਟਿਸ ਅਜੇ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਕੌਮੀ ਲੋਕ ਅਦਾਲਤ ਦੌਰਾਨ ਪਟਿਆਲਾ ਦੀਆਂ ਜ਼ਿਲ੍ਹਾ ਕਚਹਿਰੀਆਂ ਤੋਂ ਇਲਾਵਾ ਨਾਭਾ, ਸਮਾਣਾ ਅਤੇ ਰਾਜਪੁਰਾ ਵਿਖੇ 24 ਬੈਂਚਾਂ ਨੇ ਲੋਕਾਂ ਦੇ ਕੇਸਾਂ ਦੀ ਸੁਣਵਾਈ ਕੀਤੀ।
ਜ਼ਿਲ੍ਹਾ ਅਤੇ ਸ਼ੈਸਨਜ ਜੱਜ ਨੇ ਦੱਸਿਆ ਕਿ ਕੋਵਿਡ ਤੋਂ ਬਾਅਦ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਅਦਾਲਤਾਂ ਵਕੀਲਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਿੱਦਤ ਤੇ ਲਗਾਤਾਰਤਾ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਚੈਕ ਬਾਊਂਸ, ਹਾਦਸਿਆਂ ਦੇ ਕਲੇਮ ਅਤੇ ਰਾਜ਼ੀਨਾਮਾ ਹੋਣ ਯੋਗ ਮਾਮਲਿਆਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਸਫ਼ਲਤਾ ਪੂਰਵਕ ਹੋਣ ਨਾਲ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਦਾ ਜਿੱਥੇ ਆਮ ਲੋਕਾਂ ਨੂੰ ਲਾਭ ਹੁੰਦਾ ਹੈ, ਉਥੇ ਹੀ ਆਪਸੀ ਰਜ਼ਾਮੰਦੀ ਨਾਲ ਨਿਪਟਣਯੋਗ ਮਾਮਲੇ ਨਿਪਟਾ ਕੇ ਅਦਾਲਤਾਂ ਹੋਰ ਅਹਿਮ ਮਾਮਲਿਆਂ ਲਈ ਵਾਧੂ ਸਮਾਂ ਕੱਢ ਸਕਦੀਆਂ ਹਨ।
ਇਸ ਦੌਰਾਨ ਸ੍ਰੀ ਅਗਰਵਾਲ ਨੇ ਕਈ ਬੈਂਚਾਂ ਮੂਹਰੇ ਪੇਸ਼ ਹੋਏ ਪਤੀ-ਪਤਨੀ ਦੇ ਘਰੇਲੂ ਝਗੜਿਆਂ ਦੇ ਮਾਮਲਿਆਂ ਨੂੰ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਏ ਜਾਣ 'ਤੇ ਜ਼ੋਰ ਦਿੱਤਾ। ਸ੍ਰੀ ਅਗਰਵਾਲ ਦੇ ਅਦਾਲਤੀ ਦਖਲ ਨਾਲ ਇਸ ਕੌਮੀ ਲੋਕ ਅਦਾਲਤ ਦੌਰਾਨ ਕਈ ਅਜਿਹੇ ਪਤੀ-ਪਤਨੀ ਜੋੜੇ ਮੁੜ ਤੋਂ ਖੁਸ਼ੀ-ਖੁਸ਼ੀ ਇਕੱਠੇ ਹੋਏ, ਜਿਹੜੇ ਕਿ ਅਦਾਲਤ ਵਿੱਚ ਤਲਾਕ ਲੈਣ ਲਈ ਬਜਿਦ ਸਨ। ਸ੍ਰੀ ਅਗਰਵਾਲ ਨੇ ਅਜਿਹੇ ਜੋੜਿਆਂ ਨੂੰ ਇਕੱਠੇ ਤੇ ਮਿਲਕੇ ਰਹਿਣ ਦਾ ਫੈਸਲਾ ਕਰਨ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੀ ਔਲਾਦ ਦੀ ਖਾਤਰ ਆਪਣੀ ਪਰਿਵਾਰਕ ਜਿੰਦਗੀ ਮੁੜ ਤੋਂ ਸ਼ੁਰੂ ਕਰਨ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ, ਸੀ.ਜੇ.ਐਮ ਪਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਦੀ ਇਸ ਕੌਮੀ ਲੋਕ ਅਦਾਲਤ ਦੌਰਾਨ 6600 ਕੇਸ ਸੁਣਵਾਈ ਲਈ ਰੱਖੇ ਗਏ ਸਨ, ਜਿਨ੍ਹਾਂ 'ਚੋਂ 4000 ਦੇ ਕਰੀਬ ਸੁਲਝਾਏ ਗਏ ਹਨ। ਮਿਸ ਪਰਮਿੰਦਰ ਕੌਰ ਨੇ ਦੱਸਿਆ ਕਿ ਲੋਕ ਅਦਾਲਤਾਂ ਬਾਰੇ ਜਾਣਕਾਰੀ ਲੈਣ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵੈਬਸਾਈਟ www.pulsa.gov.in ਅਤੇ ਟੋਲ ਫਰੀ ਨੰਬਰ 1968 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸਮਾਜ ਸੇਵੀਆਂ ਸਮੇਤ ਵੱਡੀ ਗਿਣਤੀ ਵਕੀਲਾਂ ਨੇ ਵੀ ਇਸ ਕੌਮੀ ਲੋਕ ਅਦਾਲਤ 'ਚ ਸ਼ਿਰਕਤ ਕੀਤੀ।

ਜਲ ਸਪਲਾਈ ਤੇ ਜਨ ਸਿਹਤ ਵਿਭਾਗ ਨੇ ਮਲੇਰਕੋਟਲਾ ਜ਼ਿਲ੍ਹੇ ਦੀਆਂ 56 ਪੰਚਾਇਤਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ 'ਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟਾਂ ਦਾ ਦੌਰਾ ਕਰਵਾਇਆ


-ਪੇਂਡੂ ਖੇਤਰਾਂ 'ਚ ਆਪਸੀ ਸਾਂਝ ਨਾਲ ਠੋਸ ਰਹਿੰਦ-ਖੂੰਹਦ ਦਾ ਢੁਕਵਾਂ ਤੇ ਪ੍ਰਭਾਵੀ ਪ੍ਰਬੰਧਨ ਸਮੇਂ ਦੀ ਮੁੱਖ ਲੋੜ-ਪਰਨੀਤ ਕੌਰ ਸ਼ੇਰਗਿੱਲ
ਪਟਿਆਲਾ, 11 ਸਤੰਬਰ:: ਜਲ ਸਪਲਾਈ ਅਤੇ ਜਨ ਸਿਹਤ ਵਿਭਾਗ ਦੇ ਵਧੀਕ ਸਕੱਤਰ-ਕਮ-ਸਵੱਛ ਭਾਰਤ ਗ੍ਰਾਮੀਣ ਦੇ ਮਿਸ਼ਨ ਡਾਇਰੈਕਟਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਦੀ ਅਗਵਾਈ ਹੇਠ ਮਲੇਰਕੋਟਲਾ ਜ਼ਿਲ੍ਹੇ ਦੀਆਂ 56 ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਠੋਸ ਰਹਿੰਦ-ਖੂੰਹਦ ਤੇ ਕੂੜੇ ਕਰਕਟ ਦੇ ਪ੍ਰਭਾਵੀ ਪ੍ਰਬੰਧਨ ਤੇ ਨਿਪਟਾਰੇ ਬਾਰੇ ਜਾਗਰੂਕ ਕਰਨ ਲਈ ਪਟਿਆਲਾ ਜ਼ਿਲ੍ਹੇ ਅੰਦਰ ਵੱਖ-ਵੱਖ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰੋਜੈਕਟਾਂ ਦਾ ਦੌਰਾ ਕਰਵਾਇਆ।
ਇਸ ਦੌਰਾਨ ਇਨ੍ਹਾਂ ਪੰਚਾਇਤੀ ਨੁਮਾਇਦਿਆਂ ਨੂੰ ਪਹਿਲਾਂ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੇ ਅਧੀਨ ਵਿਕਸਤ ਸਮਾਣਾ ਵਿਖੇ ਸੈਨੇਟਰੀ ਲੈਂਡਫਿਲ ਸਾਈਟ 'ਤੇ ਲਿਜਾਇਆ ਗਿਆ ਜਿੱਥੇ ਨਗਰ ਕੌਂਸਲ ਦੇ ਈ.ਓ.  ਰਾਜੇਸ਼ ਸ਼ਰਮਾ ਨੇ ਠੋਸ ਕੂੜੇ ਤੇ ਹੋਰ ਰਹਿੰਦ-ਖੂੰਹਦ ਦਾ ਸਹੀ ਢੰਗ ਨਾਲ ਨਿਪਟਾਰਾ ਕਰਕੇ ਤਿਆਰ ਕੀਤੀ ਜਾਂਦੀ ਕੀਮਤੀ ਖਾਦ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਢੰਗ ਨੂੰ ਵਰਤਕੇ ਕਿਸ ਤਰ੍ਹਾਂ ਪਿੰਡਾਂ 'ਚ ਅਜਿਹੇ ਪਲਾਂਟ ਨੂੰ ਘਰੇਲੂ ਕੂੜੇ ਦਾ ਨਿਪਟਾਰਾ ਕਰਕੇ ਘੱਟੋ-ਘੱਟ ਜਗ੍ਹਾ 'ਚ ਘੱਟੋੋ-ਘੱਟ ਖ਼ਰਚੇ 'ਤੇ ਚਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰਾਂ 'ਚ ਹੀ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰਕੇ ਉਸਦਾ ਨਿਪਟਾਰਾ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸਫ਼ਲ ਬਣਾਉਣ 'ਚ ਪੰਚਾਇਤਾਂ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੈ।
ਪੰਚਾਇਤੀ ਨੁਮਾਇੰਦਿਆਂ ਦੇ ਇਸ ਦੌਰੇ ਦੌਰਾਨ ਉਨ੍ਹਾਂ ਨੂੰ ਪਲਾਂਟ ਦੇ ਵੱਖ-ਵੱਖ ਹਿੱਸਿਆਂ 'ਤੇ ਲਿਜਾਇਆ ਗਿਆ, ਜਿੱਥੇ ਕਿ ਸੁੱਕੇ ਕੂੜੇ ਨੂੰ ਇਕੱਠਾ ਕਰਨ ਲਈ 53 ਏਰੋਬਿਕ ਕੰਪੋਸਟਿੰਗ ਪਿਟਸ ਬਣੇ ਹੋਏ ਸਨ, ਜਿਸ 'ਚ ਕੂੜੇ ਦੀ ਗਾਰ ਇਕੱਤਰ ਕਰਨ, ਕੂੜਾ ਇਕੱਠਾ ਕਰਨ ਦੀ ਸਹੂਲਤ, ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ ਪਲਾਸਟਿਕ, ਕਾਗਜ਼, ਖਤਰਨਾਕ ਰਹਿੰਦ-ਖੂੰਹਦ, ਰਬੜ ਦੀ ਰਹਿੰਦ-ਖੂੰਹਦ, ਈ-ਕੂੜਾ, ਲੋਹਾ, ਕੱਚ ਆਦਿ ਨੂੰ ਮਸ਼ੀਨੀ ਤਰੀਕੇ ਨਾਲ ਵੱਖੋ-ਵੱਖ ਕਰਨ ਦਾ ਢੰਗ ਵੀ ਦਿਖਾਇਆ ਗਿਆ। ਇਸ ਤੋਂ ਇਲਾਵਾ ਇਸ ਕੂੜੇ ਤੋਂ ਮਿੱਟੀ ਨੂੰ ਵੱਖ ਕਰਨ ਵਾਲੀ ਪਲਾਸਟਿਕ ਦੀ ਬੇਲਿੰਗ ਪ੍ਰਕਿਰਿਆ ਵੀ ਦਿਖਾਈ ਗਈ।
ਇਸ ਮੌਕੇ ਪਰਨੀਤ ਕੌਰ ਸ਼ੇਰਗਿੱਲ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੇਂਡੂ ਖੇਤਰਾਂ ਵਿੱਚ ਆਪਸੀ ਸਾਂਝ ਦੁਆਰਾ ਠੋਸ ਰਹਿੰਦ-ਖੂੰਹਦ ਦਾ ਢੁਕਵਾਂ ਅਤੇ ਪ੍ਰਭਾਵੀ ਪ੍ਰਬੰਧਨ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਗ੍ਰਾਮ ਪੰਚਾਇਤਾਂ ਸਵੱਛ ਭਾਰਤ ਗ੍ਰਾਮੀਣ ਤੇ 15 ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਪ੍ਰਾਪਤ ਕਰਕੇ ਆਪਣੇ ਪਿੰਡਾਂ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀਆਂ ਸਥਾਪਤ ਕਰਨ ਨੂੰ ਤਰਜੀਹ ਦੇਣ ਤਾਂ ਕਿ ਪਿੰਡਾਂ 'ਚ ਵੀ ਆਲਾ-ਦੁਆਲਾ ਸਾਫ਼ ਸੁਥਰਾ ਅਤੇ ਕੂੜਾ ਕਰਕਟ ਰਹਿਤ ਹੋ ਸਕੇ।
ਸਵੱਛ ਭਾਰਤ ਗ੍ਰਾਮੀਣ ਦੇ ਸੂਬਾ ਕੋਆਰਡੀਨੇਟਰ ਰਾਕੇਸ਼ ਸ਼ਰਮਾ ਨੇ ਭਾਗੀਦਾਰਾਂ ਨੂੰ ਸਵੱਛ ਭਾਰਤ ਗ੍ਰਾਮੀਣ ਦੇ ਪਹਿਲੇ ਪੜਾਅ 'ਚ ਪਿੰਡਾਂ ਦੇ ਲੋਕਾਂ ਦੇ ਵਿਹਾਰ 'ਚ  ਆਈ ਤਬਦੀਲੀ ਨੂੰ ਅੱਗੇ ਵਧਾਉਣ ਲਈ ਪ੍ਰੇਰਤ ਕਰਦਿਆਂ  ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਪ੍ਰੋਜੈਕਟਾਂ ਨੂੰ ਅਪਣਾ ਕੇ ਆਪਣੇ ਪਿੰਡਾਂ ਨੂੰ ਓਡੀਐਫ ਬਣਾਉਣ ਵਿੱਚ ਅੱਗੇ ਵਧਣ ਲਈ ਸੇਧ ਦਿੱਤੀ।ਪਟਿਆਲਾ ਦੇ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਸ. ਪ੍ਰਭਲੀਨ ਸਿੰਘ ਧੰਜੂ ਨੇ ਵੀ ਭਾਗੀਦਾਰਾਂ ਨਾਲ ਗੱਲਬਾਤ ਕਰਕੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ 'ਚ ਸਫ਼ਲ ਹੋਏ ਪ੍ਰੋਜੈਕਟਾਂ ਨੂੰ ਲੋਕਾਂ ਦੀ ਭਾਈਵਾਲੀ ਨਾਲ ਸਫ਼ਲਤਾਪੂਰਵਕ ਚਲਾਏ ਜਾਣ ਬਾਰੇ ਦੱਸਿਆ।
ਜਨ ਸਿਹਤ ਦੇ ਉਪ ਮੰਡਲ ਇੰਜੀਨੀਅਰ ਸਰਬਜੀਤ ਸਿੰਘ ਨੇ ਵਿਚਾਰ-ਵਟਾਂਦਰੇ ਦੌਰਾਨ ਸੈਨੀਟੇਸ਼ਨ ਤੇ ਠੋਸ ਰਹਿੰਦ -ਖੂੰਹਦ ਦੇ ਪ੍ਰਬੰਧਨ ਲਈ ਉਪਲਬਧ ਵੱਖ-ਵੱਖ ਤਕਨੀਕੀ ਵਿਕਲਪਾਂ ਬਾਰੇ ਪੰਚਾਇਤੀ ਨੁਮਾਇੰਦਿਆਂ ਦੇ ਸਵਾਲਾਂ ਦਾ ਜਵਾਬ ਦਿੱਤਾ। ਕਮਿਉਨਿਟੀ ਡਿਵੈਲਪਮੈਂਟ ਸੈਨੀਟੇਸ਼ਨ ਸੇਵਿਆ ਸ਼ਰਮਾ ਨੇ ਪੇਂਡੂ ਖੇਤਰਾਂ ਵਿੱਚ ਅਜਿਹੇ ਪ੍ਰੋਜੈਕਟਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਆਮ ਲੋਕਾਂ ਦੀ ਖ਼ੁਦ ਦੀ ਅਗਵਾਈ ਅਤੇ ਭਰਵੀਂ ਸ਼ਮੂਲੀਅਤ 'ਤੇ ਜ਼ੋਰ ਦਿੱਤਾ।
ਇਸ ਤੋਂ ਬਾਅਦ ਮਲੇਰਕੋਟਲਾ ਦੇ ਇਨ੍ਹਾਂ ਪੰਚਾਇਤੀ ਨੁਮਾਇੰਦਿਆਂ ਨੇ ਗ੍ਰਾਮ ਪੰਚਾਇਤਾਂ ਦੇ ਤਜ਼ਰਬਿਆਂ ਤੋਂ ਸਿੱਖਣ ਲਈ ਪਿੰਡ ਹਰਦਾਸਪੁਰ ਦਾ ਦੌਰਾ ਕੀਤਾ। ਇੱਥੇ ਪਿੰਡ ਦੇ ਬਲਜਿੰਦਰ ਸਿੰਘ ਨੇ ਭਾਗੀਦਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰਾਊਂਡ ਗਲਾਸ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਿਛਲੇ 2 ਸਾਲਾਂ ਤੋਂ ਇਸ ਪ੍ਰੋਜੈਕਟ ਨੂੰ ਸਫ਼ਲਤਾ ਪੂਰਵਕ ਲਾਗੂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ 215 ਘਰ ਕੂੜੇ ਨੂੰ ਵੱਖ ਕਰਨ ਦੀ ਮੁਹਿੰਮ ਦਾ ਹਿੱਸਾ ਬਣਣੇ ਹੋਏ ਹਨ ਅਤੇ ਉਨ੍ਹਾਂ ਦਾ ਪਿੰਡ ਕੂੜਾ ਮੁਕਤ ਹੋ ਗਿਆ ਹੈ।
ਇਸ ਪਿੰਡ 'ਚ ਗਿੱਲੇ ਕੂੜੇ ਤੋਂ ਖਾਦ ਬਣਾਈ ਜਾ ਰਹੀ ਹੈ ਜਦੋਂ ਕਿ ਸੁੱਕਾ ਕੂੜਾ ਰੀਸਾਈਕਲਰ ਨੂੰ ਵੇਚਿਆ ਜਾ ਰਿਹਾ ਹੈ ਅਤੇ ਹਰੇਕ ਘਰ ਕੂੜਾ ਇਕੱਠਾ ਕਰਨ ਵਾਲੇ ਨੂੰ ਪ੍ਰਤੀ ਮਹੀਨਾ 50 ਰੁਪਏ ਦੇ ਰਿਹਾ ਹੈ ਅਤੇ ਗ੍ਰਾਮ ਪੰਚਾਇਤ ਵੀ ਖਾਦ ਵੇਚ ਕੇ ਲਾਭ ਕਮਾ ਕੇ ਪ੍ਰੋਜੈਕਟ ਨੂੰ ਚਲਾ ਰਹੀ ਹੈ। ਹਰਦਾਸਪੁਰ ਦਾ ਇਹ ਪ੍ਰੋਜੈਕਟ ਸਫ਼ਲਤਾ ਪੂਰਵਕ ਚੱਲਣ ਕਰਕੇ ਇਹ ਪਿੰਡ ਹੁਣ ਨੇੜਲੇ ਹੋਰਨਾਂ ਪਿੰਡਾਂ ਲਈ ਇੱਕ ਰੋਲ ਮਾਡਲ ਬਣ ਗਿਆ ਹੈ।

ਰਾਸ਼ਟਰੀ ਲੋਕ ਅਦਾਲਤ ਦਾ ਦਾਇਰਾ ਵੱਧ ਕੇ ਅੰਤਰਰਾਸ਼ਟਰੀ ਪੱਧਰ ਤੱਕ ਪੁੱਜਿਆ-ਜ਼ਿਲਾ ਤੇ ਸੈਸ਼ਨ ਜੱਜ

*ਪਹਿਲੀ ਵਾਰ ਬਾਹਰਲੇ ਮੁਲਕਾਂ ਨਾਲ ਸਬੰਧਤ ਪੰਜ ਮਾਮਲਿਆਂ ਦਾ ਕੀਤਾ ਗਿਆ ਨਿਬੇੜਾ
*28 ਤੋਂ 75 ਸਾਲ ਤੱਕ ਦੇ ਚਾਰ ਜੋੜਿਆਂ ਨੂੰ ਮੁੜ ਇਕੱਠਿਆਂ ਕਰਨ 'ਚ ਮਿਲੀ ਸਫਲਤਾ
ਨਵਾਂਸ਼ਹਿਰ, 11 ਸਤੰਬਰ : ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਅੱਜ ਜ਼ਿਲੇ ਵਿਚ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਦੌਰਾਨ 10 ਬੈਂਚਾਂ ਵੱਲੋਂ ਵੱਖ-ਵੱਖ ਤਰਾਂ ਦੇ 3920 ਕੇਸਾਂ ਵਿਚੋਂ 2647 ਕੇਸਾਂ ਦਾ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਮੌਕੇ 'ਤੇ ਨਿਪਟਾਰਾ ਕਰਦਿਆਂ 9,44,43,264 ਰੁਪਏ ਦੇ ਅਵਾਰਡ ਸੁਣਾਏ ਗਏ। 
ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜ਼ਿਲਾ ਪੱਧਰ 'ਤੇ ਲੱਗੀ ਰਾਸ਼ਟਰੀ ਲੋਕ ਅਦਾਲਤ ਦਾ ਦਾਇਰਾ ਅੱਜ ਵੱਧ ਕੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਗਿਆ। ਉਨਾਂ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਚਾਰ ਬਾਹਰਲੇ ਮੁਲਕਾਂ ਨਾਲ ਸਬੰਧਤ ਮਾਮਲਿਆਂ ਦਾ ਵੀ ਨਿਪਟਾਰਾ ਕੀਤਾ ਗਿਆ, ਜਿਨਾਂ ਵਿਚ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ ਅਤੇ ਮਨੀਲਾ (ਫਿਲਪਾਈਨ) ਨਾਲ ਸਬੰਧਤ ਕੇਸ ਸ਼ਾਮਲ ਸਨ। ਉਨਾਂ ਦੱਸਿਆ ਕਿ ਇਨਾਂ ਕੇਸਾਂ ਸਬੰਧੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਵੀਡੀਓ ਕਾਨਫਰੰਸ ਰਾਹੀਂ ਸਬੰਧਤ ਧਿਰਾਂ ਦੇ ਬਿਆਨ ਕਲਮਬੱਧ ਕੀਤੇ ਗਏ।   
  ਉਨਾਂ ਦੱਸਿਆ ਕਿ ਇਸ ਲੋਕ ਅਦਾਲਤ ਦੀ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਫੈਮਿਲੀ ਕੋਰਟ ਵਿਚ ਤਲਾਕ ਨਾਲ ਸਬੰਧਤ ਚਾਰ ਕੇਸਾਂ ਦਾ ਨਿਪਟਾਰਾ ਕਰਦਿਆਂ ਚਾਰ ਜੋੜਿਆਂ ਨੂੰ ਰਾਜ਼ੀ-ਖੁਸ਼ੀ ਘਰ ਭੇਜਿਆ ਗਿਆ, ਜਿਨਾਂ ਵਿਚ 28 ਤੋਂ 75 ਸਾਲ ਤੱਕ ਦੇ ਜੋੜੇ ਸ਼ਾਮਲ ਸਨ ਅਤੇ ਇਕ ਜੋੜਾ ਤਾਂ 74-75 ਸਾਲ ਦਾ ਸੀ। ਇਸ ਦੌਰਾਨ ਪਹਿਲੀ ਵਾਰ ਸਥਾਈ ਲੋਕ ਅਦਾਲਤ ਵਿਚ ਵੀ ਕੇਸਾਂ ਦਾ ਨਿਪਟਾਰਾ ਕੀਤਾ ਗਿਆ। 
ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਨੇ ਇਸ ਦੌਰਾਨ ਦੱਸਿਆ ਕਿ ਰਾਸ਼ਟਰੀ ਲੋਕ ਅਦਾਲਤ ਦੌਰਾਨ ਕੇਸਾਂ ਦੀ ਸੁਣਵਾਈ ਲਈ ਨਵਾਂਸ਼ਹਿਰ ਵਿਖੇ 9 ਅਤੇ ਬਲਾਚੌਰ ਵਿਖੇ ਇਕ ਬੈਂਚ ਲਗਾਇਆ ਗਿਆ, ਜਿਸ ਦੌਰਾਨ ਜ਼ਿਲਾ ਜੱਜ ਫੈਮਿਲੀ ਕੋਰਟ ਅਸ਼ੋਕ ਕਪੂਰ, ਸਥਾਈ ਲੋਕ ਅਦਾਲਤ ਦੇ ਚੇਅਰਮੈਨ ਸਤਵਿੰਦਰ ਸਿੰਘ ਚਾਹਲ, ਵਧੀਕ ਜ਼ਿਲਾ ਤੇ ਸੈਸ਼ਨ ਜੱਜ ਰਣਧੀਰ ਵਰਮਾ, ਸਿਵਲ ਜੱਜ (ਸੀਨੀਅਰ ਡਵੀਜ਼ਨ) ਰਮਨ ਸ਼ਰਮਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਗਬੀਰ ਸਿੰਘ ਮਹਿੰਦੀਰੱਤਾ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਰਾਧਿਕਾ ਪੁਰੀ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਹਰਪ੍ਰੀਤ ਕੌਰ ਨਾਫਰਾ, ਸਿਵਲ ਜੱਜ (ਜੂਨੀਅਰ ਡਵੀਜ਼ਨ) ਸਰਵੇਸ਼ ਸਿੰਘ, ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਬਲਾਚੌਰ ਬਲਵਿੰਦਰ ਕੌਰ ਧਾਲੀਵਾਲ ਅਤੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ-2 ਕੁਲਦੀਪ ਸਿੰਘ ਚੀਮਾ ਵੱਲੋਂ ਵੱਖ-ਵੱਖ ਤਰਾਂ ਦੇ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। 
ਇਨਾਂ ਦੇ ਨਾਲ ਮੈਂਬਰ ਦੇ ਤੌਰ 'ਤੇ ਐਡਵੋਕੇਟ ਸਪਨਾ ਜੱਗੀ, ਅਨਿਲ ਕਟਾਰੀਆ, ਪੀ. ਐਲ. ਏ ਕੁਲਜੀਤ ਸਿੰਘ ਤੇ ਸਤਨਾਮ ਸਿੰਘ, ਐਡਵੋਕੇਟ ਅਮਰਦੀਪ ਕੌਸ਼ਲ, ਰਜਿੰਦਰ ਸਿੰਘ, ਐਮ. ਪੀ ਨਈਅਰ, ਬਰਜਿੰਦਰਜੀਤ ਸਿੰਘ, ਪਰਵੇਸ਼ ਕਪੂਰ, ਅਸਲਮਜੀਤ ਸਿੰਘ ਚਾਹਲ, ਜਸ਼ਨਦੀਪ, ਸੁਖਰਾਜ ਕੌਰ, ਸੰਤੋਖ ਸਿੰਘ, ਬਲਬਿੰਦਰ ਕੌਰ, ਯੁੱਧਵੀਰ ਬਜਾਜ, ਐਸ. ਐਸ ਝਿੱਕਾ, ਦਿਨੇਸ਼ ਭਾਰਦਵਾਜ, ਦੀਪਕ ਸ਼ਰਮਾ, ਨਵਦੀਪ ਲੋਚਨ ਅਤੇ ਗੁਲਸ਼ਨ ਕੁਮਾਰ ਰਾਣਾ ਸ਼ਾਮਲ ਸਨ। 
ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਇਸ ਮੌਕੇ ਦੱਸਿਆ ਕਿ ਲੋਕ ਅਦਾਲਤ ਦਾ ਮੁੱਖ ਮਨੋਰਥ ਸਮਝੌਤੇ/ਰਾਜ਼ੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਫ਼ੈਸਲਾ ਕਰਵਾਉਣਾ ਹੈ ਤਾਂ ਜੋ ਸਬੰਧਤ ਧਿਰਾਂ ਦਾ ਧਨ ਅਤੇ ਸਮਾਂ ਬਚਾਉਣ ਦੇ ਨਾਲ-ਨਾਲ ਉਨਾਂ ਦੀ ਆਪਸੀ ਦੁਸ਼ਮਣੀ ਵੀ ਘਟਾਈ ਜਾ ਸਕੇ। ਉਨਾਂ ਦੱਸਿਆ ਕਿ ਗੰਭੀਰ ਕਿਸਮ ਦੇ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰਾ ਦੇ ਕੇਸ, ਜੋ ਵੱਖ-ਵੱਖ ਅਦਾਲਤਾਂ ਵਿਚ ਲੰਬਿਤ ਪਏ ਹੋਣ, ਲੋਕ ਅਦਾਲਤਾਂ ਵਿਚ ਫ਼ੈਸਲੇ ਲਈ ਸ਼ਾਮਿਲ ਕੀਤੇ ਜਾਂਦੇ ਹਨ। ਜੋ ਝਗੜਾ ਅਦਾਲਤ ਵਿਚ ਨਾ ਚੱਲਦਾ ਹੋਵੇ, ਪਰੰਤੂ ਮੁਕੱਦਮੇਬਾਜ਼ੀ ਤੋਂ ਪਹਿਲਾਂ ਦੇ ਪੜਾਅ (ਪ੍ਰੀ-ਲਿਟੀਗੇਸ਼ਨ) 'ਤੇ ਹੋਵੇ, ਉਹ ਮਾਮਲਾ ਵੀ ਲੋਕ ਅਦਾਲਤ ਵਿਚ ਦਰਖ਼ਾਸਤ ਦੇ ਕੇ ਰਾਜ਼ੀਨਾਮੇ ਲਈ ਲਿਆਇਆ ਜਾ ਸਕਦਾ ਹੈ। 

7ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ, 1642 ਨੌਜਵਾਨਾਂ ਦੀ ਰੋਜ਼ਗਾਰ ਲਈ ਹੋਈ ਚੋਣ

ਰੋਜ਼ਗਾਰ ਮੇਲੇ ਨੌਜਵਾਨਾਂ ਨੂੰ ਬਿਹਤਰ ਰੋਜ਼ਗਾਰ ਦੇ ਮੌਕੇ ਦੇਣ 'ਚ ਹੋ ਰਹੇ ਨੇ ਸਹਾਈ : ਏ.ਡੀ.ਸੀ
ਪਟਿਆਲਾ, 9 ਸਤੰਬਰ:  ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਅੱਜ ਤੋਂ ਸ਼ੁਰੂ ਕੀਤੇ ਗਏ 7ਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਤਹਿਤ ਪਟਿਆਲਾ ਦੇ ਸਰਕਾਰੀ ਆਈ.ਟੀ.ਆਈ. ਲੜਕਿਆਂ ਸਮੇਤ ਵੱਖ ਵੱਖ ਸਥਾਨਾਂ 'ਤੇ ਪਲੇਸਮੈਂਟ ਕੈਂਪ ਲਗਾਏ ਗਏ ਤੇ 1642 ਨੌਜਵਾਨਾਂ ਦੀ ਰੋਜ਼ਗਾਰ ਦੇ ਲਈ ਚੋਣ ਕੀਤੀ ਗਈ।
  ਸਰਕਾਰੀ ਆਈ.ਟੀ.ਆਈ ਲੜਕਿਆਂ ਵਿਖੇ ਲੱਗੇ ਰੋਜ਼ਗਾਰ ਮੇਲੇ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਗੌਤਮ ਜੈਨ ਨੇ ਕਿਹਾ ਕਿ ਅਜਿਹੇ ਮੇਲੇ ਨੌਜਵਾਨਾਂ ਨੂੰ ਜਿੱਥੇ ਰੋਜ਼ਗਾਰ ਤੇ ਬਿਹਤਰ ਮੌਕੇ ਪ੍ਰਦਾਨ ਕਰਦੇ ਹਨ, ਉੱਥੇ ਹੀ ਸਵੈ ਰੋਜ਼ਗਾਰ ਲਈ ਵੀ ਇੱਕ ਮੰਚ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਪਟਿਆਲਾ ‌ਜ਼ਿਲ੍ਹੇ 'ਚ 13 ਸਤੰਬਰ ਨੂੰ ਸਰਕਾਰੀ ਕਾਲਜ ਲੜਕੀਆਂ, 15 ਸਤੰਬਰ ਪਬਲਿਕ ਕਾਲਜ ਸਮਾਣਾ ਤੇ 17 ਸਤੰਬਰ ਸਰਕਾਰੀ ਮਹਿੰਦਰਾ ਕਾਲਜ 'ਚ ਲੱਗਣ ਵਾਲੇ ਮੇਲੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ।  
  ਰੋਜ਼ਗਾਰ ਮੇਲੇ ਦੌਰਾਨ ਨੌਕਰੀ ਹਾਸਲ ਕਰਨ ਵਾਲੀ ਨਾਭਾ ਸ਼ਹਿਰ ਦੀ ਸੁਮਨ ਰਾਏ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਹ ਪਹਿਲੀ ਵਾਰ ਰੋਜ਼ਗਾਰ ਮੇਲੇ 'ਚ ਇੰਟਰਵਿਊ ਦੇਣ ਲਈ ਆਈ ਸੀ ਤੇ ਉਸ ਦਾ ਤਜਰਬਾ ਬਹੁਤ ਹੀ ਚੰਗਾ ਰਿਹਾ ਤੇ ਉਸ ਨੂੰ ਇਕ ਚੰਗੇ ਅਦਾਰੇ 'ਚ ਨੌਕਰੀ ਪ੍ਰਾਪਤ ਹੋ ਗਈ ਹੈ। ਇਸੇ ਤਰ੍ਹਾਂ ਪਟਿਆਲਾ ਸ਼ਹਿਰ ਦੇ ਕ੍ਰਿਸ਼ਨ ਸਿੰਘ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਬਿਹਤਰ ਮੌਕੇ ਪ੍ਰਦਾਨ ਕਰਨ 'ਚ ਸਹਾਈ ਹੋ ਰਹੇ ਹਨ ਤੇ ਉਸ ਨੇ ਦੱਸਿਆ ਕਿ ਅੱਜ ਮੈਨੂੰ ਵੀ ਅਕਾਊਂਟੈਂਟ ਦੀ ਨੌਕਰੀ ਪ੍ਰਾਪਤ ਹੋਈ ਹੈ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀਮਤੀ ਸਿੱਪੀ ਸਿੰਗਲਾ ਨੇ ਦੱਸਿਆ ਕਿ ਅੱਜ ਸਰਕਾਰੀ ਆਈ.ਟੀ.ਆਈ ਵਿਖੇ ਲਗਾਏ ਮੈਗਾ ਰੋਜ਼ਗਾਰ ਮੇਲੇ ਤੋਂ ਇਲਾਵਾ ਵੱਖ ਵੱਖ ਸਥਾਨਾਂ 'ਤੇ ਪਲੇਸਮੈਂਟ ਕੈਂਪ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮੈਗਾ ਰੋਜ਼ਗਾਰ ਮੇਲੇ 'ਚ 433 ਨੌਜਵਾਨਾਂ ਦੀ ਚੋਣ ਵੱਖ ਵੱਖ ਕੰਪਨੀਆਂ ਵੱਲੋਂ ਕੀਤੀ ਗਈ ਹੈ ਅਤੇ 1209 ਨੌਜਵਾਨਾਂ ਦੀ ਚੋਣ ਲਗਾਏ ਗਏ ਪਲੇਸਮੈਂਟ ਕੈਂਪਾਂ 'ਚ ਹੋਈ ਹੈ।

Virus-free. www.avast.com

ਜ਼ਿਲਾ ਤੇ ਸੈਸ਼ਨ ਜੱਜ ਨੇ ਨਿਰਮਾਣ ਅਧੀਨ ਜੁਡੀਸ਼ੀਅਲ ਕੰਪਲੈਕਸ ਵਿਖੇ ਲਗਾਏ ਪੌਦੇ

ਨਵਾਂਸ਼ਹਿਰ, 9 ਸਤੰਬਰ :  ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਜੁਡੀਸ਼ੀਅਲ ਅਧਿਕਾਰੀਆਂ ਵੱਲੋਂ ਅੱਜ ਨਿਰਮਾਣ ਅਧੀਨ ਜ਼ਿਲਾ ਜੁਡੀਸ਼ੀਅਲ ਕੰਪਲੈਕਸ ਵਿਖੇ 50 ਦੇ ਕਰੀਬ ਪੌਦੇ ਲਗਾਏ ਗਏ। ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਜ਼ਿਲਾ ਵਾਸੀਆਂ ਨੂੰ ਆਲਮੀ ਤਪਸ਼ ਨੂੰ ਘਟਾਉਣ, ਚੌਗਿਰਦੇ ਨੂੰ ਹਰਿਆ-ਭਰਿਆ ਰੱਖਣ ਅਤੇ ਸ਼ੁੱਧ ਵਾਤਾਵਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀ ਜ਼ਿਲੇ ਵਿਚ ਹਰਿਆਲੀ ਵਧਾਉਣ ਲਈ ਮੁਹਿੰਮ ਚਲਾਈ ਗਈ ਹੈ, ਜਿਸ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਅਤੇ ਹੋਰਨਾਂ ਬਿਮਾਰੀਆਂ ਤੋਂ ਨਿਜ਼ਾਤ ਦਿਵਾਉਣ ਵਿਚ ਰੁੱਖ ਸਾਡੇ ਲਈ ਬੇਹੱਦ ਸਹਾਈ ਸਿੱਧ ਹੋ ਸਕਦੇ ਹਨ। ਇਸ ਲਈ ਹਰੇਕ ਮਨੁੱਖ ਨੂੰ ਘੱਟੋ-ਘੱਟ ਇਕ ਰੁੱਖ ਲਗਾਉਣ ਅਤੇ ਉਸ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ। ਇਸ ਮੌਕੇ ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ ਅਤੇ ਹੋਰ ਜੁਡੀਸ਼ੀਅਲ ਅਧਿਕਾਰੀ ਹਾਜ਼ਰ ਸਨ। 
ਕੈਪਸ਼ਨ :-ਨਿਰਮਾਣ ਅਧੀਨ ਜ਼ਿਲਾ ਜੁਡੀਸ਼ੀਅਲ ਕੰਪਲੈਕਸ ਵਿਖੇ ਪੌਦੇ ਲਗਾਉੁਂਦੇ ਹੋਏ ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ।  
---

Virus-free. www.avast.com

ਡਿਪਟੀ ਕਮਿਸ਼ਨਰ ਵੱਲੋਂ ‘ਮੇਰਾ ਕੰਮ ਮੇਰਾ ਮਾਣ’ ਸਕੀਮ ਦੇ ਲਾਭਪਾਤਰੀਆਂ ਨੂੰ ਟ੍ਰੇਨਿੰਗ ਕਿੱਟਾਂ ਦੀ ਵੰਡ

ਨਵਾਂਸ਼ਹਿਰ, 9 ਸਤੰਬਰ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨੌਜਵਾਨਾਂ ਨੂੰ ਨੌਕਰੀਆਂ ਦੇ ਬਿਹਤਰ ਮੌਕਿਆਂ ਦੇ ਸਮਰੱਥ ਬਣਾਉਣ ਲਈ ਜਿਥੇ ਸੱਤਵੇਂ ਮੈਗਾ ਰੋਜ਼ਗਾਰ ਮੇਲੇ ਦਾ ਸ਼ੁੱਭ ਆਰੰਭ ਕੀਤਾ, ਉਥੇ ਆਸਲ ਉਤਾੜ (ਤਰਨ ਤਾਰਨ) ਵਿਖੇ ਸੀ-ਪਾਈਟ ਕੇਂਦਰ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਸਰਕਾਰੀ ਭਰਤੀ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਅਤੇ 'ਮੇਰਾ ਕੰਮ ਮੇਰਾ ਮਾਣ' ਸਕੀਮਾਂ ਦੀ ਵਰਚੂਅਲ ਤੌਰ 'ਤੇ ਸ਼ੁਰੂਆਤ ਕੀਤੀ ਗਈ। 
ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿਚ ਵੀ ਵੱਖ-ਵੱਖ ਥਾਵਾਂ ਨੂੰ ਇਸ ਵਰਚੂਅਲ ਸਮਾਗਮ ਨਾਲ ਆਨਲਾਈਨ ਜੋੜਿਆ ਗਿਆ, ਜਿਥੇ ਸਬੰਧਤ ਇਲਾਕਿਆਂ ਦੇ ਮੋਹਤਬਰਾਂ ਤੋਂ ਇਲਾਵਾ ਅਧਿਕਾਰੀਆਂ ਅਤੇ ਹੋਰਨਾਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਹੋਰਨਾਂ ਅਧਿਕਾਰੀਆਂ ਸਮੇਤ ਇਸ ਸਮਾਰੋਹ ਵਿਚ ਵਰਚੂਅਲ ਤੌਰ 'ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮੇਲਿਆਂ ਤੋਂ ਇਲਾਵਾ ਸ਼ੁਰੂ ਕੀਤੇ ਗਏ ਨਵੇਂ ਪ੍ਰਾਜੈਕਟਾਂ ਅਤੇ ਸਕੀਮਾਂ ਨਾਲ ਨੌਜਵਾਨਾਂ ਲਈ ਵੱਡੀ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਿਸ ਨਾਲ ਉਹ ਆਪਣੇ ਪੈਰਾਂ 'ਤੇ ਖੜੇ ਹੋ ਕੇ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾ ਸਕਣਗੇ। 
ਇਸ ਮੌਕੇ ਉਨਾਂ ਜ਼ਿਲੇ ਵਿਚ 'ਮੇਰਾ ਕੰਮ ਮੇਰਾ ਮਾਣ' ਸਕੀਮ ਦਾ ਸ਼ੁੱਭ ਆਰੰਭ ਕਰਦਿਆਂ ਲਾਭਪਾਤਰੀਆਂ ਨੂੰ ਟ੍ਰੇਨਿੰਗ ਕਿੱਟਾਂ ਦੀ ਵੰਡ ਕੀਤੀ ਗਈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਰਿਹਾਇਸ਼ੀ ਸਕਿੱਲ ਸੈਂਟਰਾਂ ਵਿਖੇ ਮੁਫ਼ਤ ਸਿਖਲਾਈ, ਰਿਹਾਇਸ਼, ਕਿਤਾਬਾਂ, ਖਾਣੇ ਤੋਂ ਇਲਾਵਾ 2500 ਰੁਪਏ ਪ੍ਰਤੀ ਮਹੀਨਾ ਵਜੀਫ਼ਾ ਇਕ ਸਾਲ ਲਈ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਟ੍ਰੇਨਿੰਗ ਤੋਂ ਬਾਅਦ ਉਨਾਂ ਲਈ ਨੌਕਰੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਪੰਜਾਬ ਹੁਨਰ ਵਿਕਾਸ ਮਿਸ਼ਨ ਤੋਂ ਰਾਜ ਕੁਮਾਰ ਅਤੇ ਜਿੰਨੀ, ਸੀ-ਪਾਈਟ ਦੇ ਇੰਚਾਰਜ ਨਿਰਮਲ ਸਿੰਘ, ਲਖਵੀਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

Virus-free. www.avast.com

ਜ਼ਿਲੇ ਵਿਚ ਸੱਤਵੇਂ ਮੈਗਾ ਰੋਜ਼ਗਾਰ ਮੇਲੇ ਦਾ ਹੋਇਆ ਆਗਾਜ਼, * ਪਹਿਲੇ ਦਿਨ 1073 ਪ੍ਰਾਰਥੀਆਂ ਵਿਚੋਂ 849 ਪ੍ਰਾਰਥੀ ਰੋਜ਼ਗਾਰ ਲਈ ਚੁਣੇ ਗਏ


*ਡਿਪਟੀ ਕਮਿਸ਼ਨਰ ਨੇ ਆਈ. ਟੀ. ਆਈ ਨਵਾਂਸ਼ਹਿਰ ਤੋਂ ਮੇਲੇ ਦੀ ਕੀਤੀ ਰਸਮੀ ਸ਼ੁਰੂਆਤ
ਨਵਾਂਸ਼ਹਿਰ, 9 ਸਤੰਬਰ :  ਪੰਜਾਬ ਸਰਕਾਰ ਦੇ 'ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ' ਤਹਿਤ ਜ਼ਿਲੇ ਵਿਚ ਸੱਤਵੇਂ ਮੈਗਾ ਰੋਜ਼ਗਾਰ ਮੇਲੇ ਦਾ ਅੱਜ ਆਗਾਜ਼ ਹੋ ਗਿਆ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਆਈ. ਟੀ. ਆਈ (ਲੜਕੇ) ਨਵਾਂਸ਼ਹਿਰ ਤੋਂ ਇਸ ਮੇਲੇ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਨਾਂ ਮੇਲੇ ਵਿਚ ਭਾਗ ਲੈ ਰਹੇ ਵੱਖ-ਵੱਖ ਅਦਾਰਿਆਂ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਪ੍ਰਾਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਰੋਜ਼ਗਾਰ ਲਈ ਚੁਣੇ ਗਏ ਉਮੀਦਵਾਰਾਂ ਨੂੰ ਚੋਣ ਪੱਤਰਾਂ ਦੀ ਵੰਡ ਕੀਤੀ। ਮੇਲੇ ਦੇ ਅੱਜ ਪਹਿਲੇ ਦਿਨ 1073 ਪ੍ਰਾਰਥੀਆਂ ਵਿਚੋਂ 849 ਪ੍ਰਾਰਥੀਆਂ ਦੀ ਰੋਜ਼ਗਾਰ ਲਈ ਚੋਣ ਕੀਤੀ ਗਈ। ਇਸ ਮੌਕੇ ਉਨਾਂ ਨੌਜਵਾਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਰੋਜ਼ਗਾਰ ਮੇਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿਚ ਬੇਹੱਦ ਸਹਾਈ ਸਿੱਧ ਹੋ ਰਹੇ ਹਨ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਇਨਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਵੱਡੀ ਗਿਣਤੀ ਵਿਚ ਕੰਪਨੀਆਂ ਭਾਗ ਲੈ ਰਹੀਆਂ ਹਨ। ਉਨਾਂ ਦੱਸਿਆ ਕਿ ਜ਼ਿਲੇ ਵਿਚ ਤਿੰਨ ਥਾਵਾਂ 'ਤੇ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਦੌਰਾਨ ਜ਼ਿਲੇ ਦੇ 10 ਹਜ਼ਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਦੱਸਿਆ ਕਿ ਆਈ. ਟੀ. ਆਈ ਨਵਾਂਸ਼ਹਿਰ ਵਿਖੇ ਭਲਕੇ 10 ਸਤੰਬਰ ਨੂੰ ਵੀ ਇਹ ਰੋਜ਼ਗਾਰ ਮੇਲਾ ਲੱਗੇਗਾ। ਇਸੇ ਤਰਾਂ 14 ਸਤੰਬਰ ਨੂੰ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ 16 ਸਤੰਬਰ ਨੂੰ ਰਿਆਤ ਇੰਸਟੀਚਿਊਟ ਰੈਲ ਮਾਜਰਾ, ਬਲਾਚੌਰ ਵਿਖੇ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ। ਉਨਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲੱਗਣ ਵਾਲੇ ਇਨਾਂ ਰੁਜ਼ਗਾਰ ਮੇਲਿਆਂ ਵਿਚ ਦਸਵੀਂ, ਬਾਰਵੀਂ, ਗ੍ਰੈਜੂਏਟ ਅਤੇ ਆਈ. ਟੀ. ਆਈ ਪਾਸ ਬੇਰੁਜ਼ਗਾਰ ਉਮੀਦਵਾਰ ਭਾਗ ਲੈ ਸਕਦੇ ਹਨ। ਉਨਾਂ ਕਿਹਾ ਕਿ ਇਸ ਸਬੰਧੀ ਪ੍ਰਾਰਥੀ ਆਪਣੇ ਨਾਲ ਜ਼ਰੂਰੀ ਦਸਤਾਵੇਜ਼ ਜਿਵੇਂ, ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਫੋਟੋ ਅਤੇ ਬਾਇਓ ਡਾਟਾ ਆਦਿ ਲੈ ਕੇ ਆਉਣ। ਉਨਾ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਸਵੈ-ਰੋਜ਼ਗਾਰ ਸਬੰਧੀ ਸਕੀਮਾਂ ਦੀ ਜਾਣਕਾਰੀ ਵੀ ਵਿਸਥਾਰ ਪੂਰਵਕ ਦਿੱਤੀ ਜਾ ਰਹੀ ਹੈ। ਅਤੇ ਜਿਹੜੇ ਪ੍ਰਾਰਥੀ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਉਨਾਂ ਪ੍ਰਾਰਥੀਆਂ ਦਾ ਤਾਲਮੇਲ ਸਵੈ-ਰੋਜ਼ਗਾਰ ਨਾਲ ਸਬੰਧਤ ਵਿਭਾਗਾਂ ਨਾਲ ਇਸ ਰੋਜ਼ਗਾਰ ਮੇਲੇ ਵਿਚ ਕਰਵਾਇਆ ਜਾ ਰਿਹਾ ਹੈ। ਉਨਾਂ ਜ਼ਿਲੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਰੋਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਜ਼ਿਲਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ, ਨਾਇਬ ਤਹਿਸੀਲਦਾਰ ਕੁਲਵਰਨ ਸਿੰਘ, ਪਿ੍ਰੰਸੀਪਲ ਆਈ. ਟੀ. ਆਈ ਨਵਾਂਸ਼ਹਿਰ (ਲੜਕੇ) ਰੁਪਿੰਦਰ ਸਿੰਘ, ਪਿ੍ਰੰਸੀਪਲ ਆਈ. ਟੀ. ਆਈ ਨਵਾਂਸ਼ਹਿਰ (ਲੜਕੀਆਂ) ਰਛਪਾਲ ਚੰਦੜ, ਤਹਿਸੀਲ ਹੈੱਡ ਜੀ. ਓ. ਜੀ ਕੈਪਟਨ ਸਤਪਾਲ ਸਿੰਘ ਅਤੇ ਕਰੀਅਰ ਕਾਊਂਸਲਰ ਹਰਮਨਦੀਪ ਸਿਘ, ਪੰਜਾਬ ਹੁਨਰ ਵਿਕਾਸ ਮਿਸ਼ਨ ਤੋਂ ਰਾਜ ਕੁਮਾਰ ਅਤੇ ਜਿੰਨੀ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ

Virus-free. www.avast.com