ਵਿਧਾਇਕ ਅੰਗਦ ਸਿੰਘ ਨੇ ਸਿੰਘੂ ਬਾਰਡਰ ’ਤੇ ਡਟੇ ਕਿਸਾਨਾਂ ਦੀ ਕੀਤੀ ਹੌਸਲਾ ਅਫ਼ਜ਼ਾਈ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਬਣਿਆ ਪਟਿਆਲਾ ਜਿਲ੍ਹੇ ਦਾ ਸਰਵੋਤਮ ਸੈਕੰਡਰੀ ਸਕੂਲ
ਪਟਿਆਲਾ 3 ਜੂਨ: - ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਰਾਜ ਦੇ ਸਰਕਾਰੀ ਸਕੂਲਾਂ ਦੀ ਕੀਤੀ ਗਈ ਦਰਜਾਬੰਦੀ ਤਹਿਤ ਪਟਿਆਲਾ ਜਿਲ੍ਹੇ ਦੇ ਸੀਨੀਅਰ ਸੈਕੰਡਰੀ ਸਕੂਲਾਂ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਨੇ ਅੱਵਲ ਸਥਾਨ ਹਾਸਿਲ ਕਰਕੇ, 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ।
ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਇਸ ਸਕੂਲ ਨੇ ਪੰਜਾਬ ਦਾ ਸਰਵੋਤਮ ਸਰਕਾਰੀ ਸਕੂਲ ਬਣਨ ਦਾ ਮਾਣ ਵੀ ਪ੍ਰਾਪਤ ਕੀਤਾ ਸੀ। ਮਿਹਨਤੀ ਤੇ ਸਿਰੜੀ ਪ੍ਰਿੰ. ਬਲਵੀਰ ਸਿੰਘ ਜੌੜਾ ਦੀ ਅਗਵਾਈ 'ਚ ਸਰਕਾਰੀ ਕੰਨਿਆ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਦਾ ਇਸੇ ਸੈਸ਼ਨ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਜੋਂ ਨਾਮਕਰਨ ਕੀਤਾ ਗਿਆ ਹੈ। ਉੱਨੀ ਸੌ ਬਵੰਜਾ ਵਿੱਚ ਸਥਾਪਤ ਇਸ ਸਕੂਲ ਦੀ ਜਦੋਂ ਪ੍ਰਿੰ ਜੌੜਾ ਨੇ ਕਮਾਂਡ ਸੰਭਾਲੀ ਸੀ ਤਾਂ ਇੱਥੇ ਵਿਦਿਆਰਥੀ ਦੀ ਗਿਣਤੀ 1300 ਸੀ ਹੁਣ ਇੱਥੇ 2362 ਬੱਚੇ ਪੜ੍ਹ ਰਹੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸਕੂਲ 'ਚ 26 ਕਮਰੇ ਸਨ ਜੋ ਅੱਜ 43 ਕਮਰਿਆਂ ਦੀ ਵਿਸ਼ਾਲ ਇਮਾਰਤ ਬਣ ਗਈ ਹੈ।
ਸਮਾਰਟ ਕਲਾਸਰੂਮ, ਆਧੁਨਿਕ ਸਹੂਲਤਾਂ ਨਾਲ ਲੈਸ ਪ੍ਰਯੋਗਸ਼ਾਲਾਵਾਂ, ਆਧੁਨਿਕ ਲਾਇਬਰੇਰੀ, ਸਾਫ਼ ਪੀਣ ਦੇ ਪਾਣੀ ਦਾ ਪ੍ਰਬੰਧ, ਛੇ ਵਾਟਰ ਕੂਲਰ, ਸਾਫ਼ ਸੁਥਰੇ ਪਖਾਨੇ (ਵੈਂਡਿੰਗ ਤੇ ਇੰਸੀਨੇਟਰ ਮਸ਼ੀਨਾਂ ਵਾਲੇ), ਖੂਬਸੂਰਤ ਵਿੱਦਿਅਕ ਪਾਰਕ ਤੇ ਉੱਚ ਦਰਜੇ ਦਾ ਬਾਲਾ ਵਰਕ ਸਕੂਲ ਦੇ ਮਿਆਰ ਦੀ ਹਾਮੀ ਭਰਦੇ ਹਨ। ਇਹ ਸਕੂਲ ਹਰ ਸਾਲ ਆਪਣਾ ਕੈਲੰਡਰ, ਪ੍ਰਾਸਪੈਕਟਸ, ਬਰੋਸ਼ਰ ਤੇ ਡਾਇਰੀ ਤਿਆਰ ਕਰਦਾ ਹੈ।ਇਲਾਕਾ ਨਿਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਸਕੂਲ ਵਿਚ 2018 'ਚ ਪ੍ਰਾਇਮਰੀ ਸਿੱਖਿਆ ਸ਼ੁਰੂ ਕੀਤੀ ਗਈ ਪਟਿਆਲਾ ਦੇ ਬਲਾਕ ਤਿੰਨ ਦੇ ਵਿੱਚ ਇਹ ਇੱਕੋ ਇੱਕ ਸਕੂਲ ਹੈ ਜਿਸ ਵਿੱਚ ਸਭ ਤੋਂ ਵੱਧ ਗਿਣਤੀ ਵਿਚ ਪ੍ਰਾਇਮਰੀ ਵਿੰਗ ਦੇ ਵਿਦਿਆਰਥੀ ਹਨ। ਸਕੂਲ ਵਿੱਚ 2014 ਤੋਂ ਹੀ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਪੰਦਰਾਂ ਵਿਸ਼ੇ ਆਰਟਸ ਦੇ ਵਿੱਚ ਹਨ ਅਤੇ ਚਾਰ ਵੋਕੇਸ਼ਨਲ ਟਰੇਡਜ਼ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸਕੂਲ ਦੇ ਸਭ ਤੋਂ ਵੱਧ ਬੱਚੇ ਨੱਬੇ ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਬੋਰਡ ਦੀਆਂ ਜਮਾਤਾਂ ਵਿੱਚ ਪਾਸ ਹੋਏ ਹਨ। ਦਸਵੀਂ ਅਤੇ ਬਾਰ੍ਹਵੀਂ ਦੀ ਬੋਰਡ ਦੇ ਨਤੀਜੇ ਹਮੇਸ਼ਾ ਹੀ ਸੌ ਪ੍ਰਤੀਸ਼ਤ ਰਹੇ ਹਨ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੈਰਿਟ ਪੁਜ਼ੀਸ਼ਨਾਂ ਹਾਸਿਲ ਕਰਦੇ ਹਨ। ਇਸ ਸਕੂਲ ਦੀ ਇਕ ਵਿਦਿਆਰਥਣ ਨੇ ਪੂਰੇ ਪੰਜਾਬ ਦੇ ਵਿੱਚ ਵੋਕੇਸ਼ਨਲ ਟਰੇਡ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਜਿਸ ਨੂੰ ਕਿ ਪੰਜਾਬ ਸਰਕਾਰ ਵੱਲੋਂ ਇੱਕ ਲੱਖ ਰੁਪਿਆ ਇਨਾਮ ਵੀ ਦਿੱਤਾ ਗਿਆ। ਆਪਣੇ ਬਲਾਕ ਵਿੱਚੋਂ ਇੰਗਲਿਸ਼ ਬੂਸਟਰ ਕਲੱਬ ਦੀ ਪ੍ਰਤੀਯੋਗਤਾ ਵਿਚ ਵਿਦਿਆਰਥੀ ਹਮੇਸ਼ਾ ਹੀ ਪਹਿਲਾ ਸਥਾਨ ਹਾਸਲ ਕਰਦੇ ਹਨ।ਸਾਰੇ ਸਕੂਲ ਦੇ ਵਿਚ ਐਚਡੀ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ।ਬਾਰਿਸ਼ ਦੇ ਪਾਣੀ ਨੂੰ ਬਚਾਉਣ ਲਈ ਸਕੂਲ ਦੇ ਵਿਚ ਰੇਨ ਹਾਰਵੈਸਟਿੰਗ ਪਲਾਂਟ ਲੱਗਾ ਹੋਇਆ ਹੈ।ਸਕੂਲ ਵਿੱਚ ਲੱਗੇ ਪੌਦਿਆਂ ਵਾਸਤੇ ਵਰਮੀ ਕੰਪੋਸਟ ਦੀ ਤਿਆਰ ਕੀਤੀ ਜਾਂਦੀ ਹੈ।
ਐੱਨਐੱਮਐੱਮਐੱਸ ਦੀ ਵਿਚ ਇਸ ਸਕੂਲ ਦੇ ਵਿਦਿਆਰਥੀ ਲਗਾਤਾਰ ਪਟਿਆਲਾ ਵਿਚ ਸਭ ਤੋਂ ਵੱਧ ਗਿਣਤੀ ਵਿੱਚ ਪਾਸ ਹੋਏ ਹਨ ਅਤੇ ਉਹਨਾਂ ਨੇ ਵਜ਼ੀਫਾ ਪ੍ਰਾਪਤ ਕੀਤਾ ਹੈ। ਵਿਗਿਆਨ ਪ੍ਰਦਰਸ਼ਨੀ ਵਿੱਚ ਵੀ ਸਟੇਟ ਪੱਧਰ ਤੇ ਸਕੂਲ ਦੇ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਸਕੂਲ ਦਾ ਸਾਲਾਨਾ ਪ੍ਰੋਗਰਾਮ ਤੇ ਅਥਲੈਟਿਕ ਮੀਤ ਹਮੇਸ਼ਾ ਹੀ ਸਟੇਟ ਪੱਧਰ ਦਾ ਕਰਵਾਇਆ ਗਿਆ ਹੈ।ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਸਕੂਲ ਵਿੱਚ ਬਾਸਕਟਬਾਲ ਦਾ ਗਰਾਊਂਡ ਅਤੇ ਸ਼ੈੱਡ ਬਣਾਉਣ ਲਈ ਅਠਾਰਾਂ ਲੱਖ ਰੁਪਏ ਦਿੱਤੇ ਹਨ।ਖੇਡਾਂ ਵਿਚ ਇਸ ਸਕੂਲ ਦੇ ਵਿਦਿਆਰਥੀ ਸਟੇਟ ਪੱਧਰ ਤੇ ਅਤੇ ਰਾਸ਼ਟਰੀ ਪੱਧਰ ਤੇ ਮਾਣ ਹਾਸਲ ਕਰਦੇ ਰਹੇ ਹਨ। ਇਸ ਸਕੂਲ ਦੇ ਅਧਿਆਪਕਾਂ ਨੇ ਪਿਛਲੇ ਪੰਜ ਸਾਲਾਂ ਵਿਚ ਦੋ ਸਟੇਟ ਐਵਾਰਡ ਤੇ ਇਕ ਮਾਲਤੀ ਗਿਆਨਪੀਠ ਰਾਸ਼ਟਰੀ ਐਵਾਰਡ ਹਾਸਲ ਕੀਤਾ ਹੈ।
ਸਿੱਖਿਆ ਦੇ ਮਿਆਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਕੂਲ ਦੇ ਹਰ ਇਕ ਅਧਿਆਪਕ ਨੂੰ ਮਾਣਯੋਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ ਹੈ। ਇਸ ਸਕੂਲ 'ਚ ਗਰਮੀ ਦੀਆਂ ਛੁੱਟੀਆਂ ਵਿੱਚ ਹਰ ਸਾਲ ਹੀ ਸਮਰ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਕ੍ਰਿਆਤਮਕ ਰੁਚੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਕੋਰੋਨਾ ਕਾਲ ਦੇ ਦੌਰਾਨ ਆਨਲਾਈਨ ਮੁਕਾਬਲਿਆਂ ਵਿੱਚ ਇਸ ਸਕੂਲ ਨੇ ਹਰ ਮੁਕਾਬਲੇ ਵਿੱਚ ਭਾਗ ਲਿਆ ਅਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਗਾਇਨ ਅਤੇ ਕਲਾ ਦੇ ਖੇਤਰ ਵਿੱਚ ਵੀਹ ਵਿਦਿਆਰਥੀਆਂ ਨੇ ਸਟੇਟ ਪੱਧਰ ਤੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸਕੂਲ ਦੇ ਵਿਦਿਆਰਥੀ ਅਧਿਆਪਕ ਹਰ ਸਾਲ ਪੰਜਾਹ ਹਜ਼ਾਰ ਰੁਪਏ ਬੱਚਿਆਂ ਦੀਆਂ ਫੀਸਾਂ ਅਤੇ ਉਨ੍ਹਾਂ ਦੀ ਭਲਾਈ ਵਾਸਤੇ ਦਾਨ ਕਰਦੇ ਹਨ। ਸਮਾਜ ਦੇ ਪਤਵੰਤੇ ਤੇ ਦਾਨੀ ਸੱਜਣਾਂ ਵੱਲੋਂ ਅਤੇ ਸਕੂਲ ਸਟਾਫ਼਼ ਦੀ ਮਦਦ ਨਾਲ ਸਕੂਲ ਨੂੰ 25 ਲੱਖ ਦੇ ਕਰੀਬ ਡੋਨੇਸ਼ਨ ਮਿਲੀ ਹੈ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਡਿਪਟੀ ਡੀ.ਈ.ਓ. (ਸੈ.ਸਿੱ.) ਸੁਖਵਿੰਦਰ ਖੋਸਲਾ ਨੇ ਪ੍ਰਿੰ. ਬਲਵੀਰ ਸਿੰਘ ਜੌੜਾ ਤੇ ਸਮੁੱਚੇ ਸਟਾਫ ਨੂੰ ਉਕਤ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ।
ਤਸਵੀਰ:- 1. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਦਾ ਆਕਰਸ਼ਕ ਪ੍ਰਵੇਸ਼ ਦੁਆਰ।
ਸਾਂਝੇ ਅਧਿਆਪਕ ਮੋਰਚੇ ਨੇ ਕਾਲੇ ਝੰਡਿਆਂ ਨਾਲ ਸ਼ਹਿਰ 'ਚ ਰੋਸ ਮਾਰਚ ਕਰਦਿਆਂ ਸਿੱਖਿਆ ਮੰਤਰੀ ਤੇ ਸਕੱਤਰ ਦੇ ਫੂਕੇ ਪੁਤਲੇ
ਗਰਮੀ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਆਨਲਾਈਨ ਟ੍ਰੇਨਿੰਗਾਂ ਤੇ ਮੀਟਿੰਗਾਂ 'ਚ ਉਲਝਾਕੇ ਰੱਖਣ ਖ਼ਿਲਾਫ਼ ਫੁੱਟਿਆ ਅਧਿਆਪਕਾਂ ਦਾ ਗੁੱਸਾ
ਕੈਬਨਿਟ ਸਬ ਕਮੇਟੀ ਨਾਲ ਜੱਥੇਬੰਦੀਆਂ ਦੇ ਹੋਏ ਫ਼ੈਸਲਿਆਂ ਨੂੰ ਸਿੱਖਿਆ ਸਕੱਤਰ ਵਲੋਂ ਲਾਗੂ ਨਾ ਕਰਨ ਦਾ ਸਖਤ ਵਿਰੋਧ
ਨਵਾਂ ਸ਼ਹਿਰ 3 ਜੂਨ :- ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਦਿੱਤੇ ਸੱਦੇ ਨੂੰ ਲਾਗੂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਕਾਲੇ ਝੰਡਿਆਂ ਨਾਲ ਸ਼ਹਿਰ ਵਿੱਚ ਮੋਟਰਸਾਈਕਲ / ਸਕੂਟਰ ਰੋਸ ਮਾਰਚ ਕੀਤਾ ਅਤੇ ਸਿੱਖਿਆ ਦੀ ਤਬਾਹੀ 'ਤੇ ਕੇਵਲ ਮੂਕ ਦਰਸ਼ਕ ਬਣੇ ਸਿੱਖਿਆ ਮੰਤਰੀ ਤੇ ਲਗਾਤਾਰ ਸਿੱਖਿਆ ਉਜਾੜੂ ਫ਼ੈਸਲੇ ਲਾਗੂ ਕਰਨ ਵਾਲੇ ਸਿੱਖਿਆ ਸਕੱਤਰ ਦੇ ਪੁਤਲੇ ਫੂਕਦਿਆਂ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਸਿੱਖਿਆ ਸਕੱਤਰ ਵਲੋਂ ਵਿਤਕਰੇ ਭਰਪੂਰ ਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਨੂੰ ਜਮਾਤ ਸਿੱਖਿਆ ਦੇ ਬਦਲ ਵਜੋਂ ਥੋਪਣ ਲਈ, ਗਰਮੀ ਦੀਆਂ ਛੁੱਟੀਆਂ ਦੌਰਾਨ ਵੀ ਅਧਿਆਪਕਾਂ (ਵਕੇਸ਼ਨ ਕਾਡਰ) ਨੂੰ ਆਨਲਾਈਨ ਜੂਮ ਕਲਾਸਾਂ, ਮੀਟਿੰਗਾਂ, ਟ੍ਰੇਨਿੰਗਾਂ, ਅਨਾਜ ਤੇ ਕਿਤਾਬਾਂ ਦੀ ਵੰਡ ਅਤੇ ਦਾਖ਼ਲਿਆਂ ਦੇ ਕੰਮਾਂ ਵਿੱਚ ਉਲਝਾ ਕੇ ਰੱਖਣ ਅਤੇ ਸਰਕਾਰ ਵਲੋਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਲਟਕਾਉਣ ਖ਼ਿਲਾਫ਼ ਸਖ਼ਤ ਰੋਸ ਜ਼ਾਹਰ ਕੀਤਾ ਗਿਆ।
ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਮੁਲਖ ਰਾਜ, ਮਨੋਹਰ ਲਾਲ, ਰਾਮ ਕਿਸ਼ਨ ਪੱਲੀ ਝਿੱਕੀ, ਦੇਸ ਰਾਜ ਨੌਰਦ ਨੇ ਦੋਸ਼ ਲਗਾਇਆ ਕਿ ਸਿੱਖਿਆ ਸਕੱਤਰ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਦੇ 5 ਮਾਰਚ 2019 ਨੂੰ ਕੀਤੇ ਫੈਸਲੇ ਅਨੁਸਾਰ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਨਹੀਂ ਕੀਤੀਆਂ ਗਈਆਂ, ਸਗੋਂ ਵਿਭਾਗ ਦੀ ਆਕਾਰ ਘਟਾਈ ਤਹਿਤ ਵੱਡੀ ਗਿਣਤੀ ਸਰਕਾਰੀ ਸਕੂਲ ਪੱਕੇ ਤੌਰ 'ਤੇ ਬੰਦ ਕਰਨ ਦੀ ਨੀਤੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਬੇਰੁਜ਼ਗਾਰਾਂ ਨੂੰ ਪੱਕਾ ਰੁਜ਼ਗਾਰ ਦੇਣ ਤੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਬਜਾਏ ਨਵੀਂ ਸਿੱਖਿਆ ਨੀਤੀ 2020 ਤਹਿਤ ਲਗਾਤਾਰ ਸਿੱਖਿਆ ਦਾ ਉਜਾਡ਼ਾ ਕੀਤਾ ਜਾ ਰਿਹਾ ਹੈ, ਨਿਯਮਾਂ ਵਿੱਚ ਅਧਿਆਪਕ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ ਅਤੇ ਪ੍ਰਸੋਨਲ ਵਿਭਾਗ ਦਾ ਕਰੋਨਾ ਪੀੜਤ ਅਧਿਆਪਕਾਂ ਲਈ 30 ਦਿਨ ਦੀ ਇਕਾਂਤਵਾਸ ਛੁੱਟੀ ਵਾਲਾ ਪੱਤਰ ਲਾਗੂ ਨਾ ਕਰਕੇ ਕਮਾਈ ਜਾਂ ਮੈਡੀਕਲ ਛੁੱਟੀ ਕੱਟੀ ਜਾ ਰਹੀ ਹੈ। ਵੱਖ ਵੱਖ ਵਰਗਾਂ ਦੀਆਂ ਪੈਂਡਿੰਗ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ ਅਤੇ ਬਦਲੀ ਨੀਤੀ ਨੂੰ ਮਨਚਾਹੇ ਢੰਗ ਨਾਲ ਲਾਗੂ ਕਰਕੇ, ਨਾਨ ਬਾਰਡਰ (3582, 6060 ਆਦਿ) ਅਧਿਆਪਕਾਂ ਨੂੰ ਬਦਲੀ ਪ੍ਰਕਿਰਿਆ ਵਿਚ ਨਹੀਂ ਵਿਚਾਰਿਆ ਅਤੇ ਪ੍ਰਾਇਮਰੀ ਸਮੇਤ ਹੋਰ ਕਈ ਵਰਗਾਂ ਦੀਆਂ ਬਦਲੀਆਂ ਵੀ ਲਾਗੂ ਨਹੀਂ ਕੀਤੀਆਂ। ਸਿੱਖਿਆ ਵਿਭਾਗ ਵਿੱਚ ਧੱਕੇਸ਼ਾਹੀ ਵਾਲਾ ਰਾਜ ਸਥਾਪਤ ਕਰਦਿਆਂ ਬਿਨਾਂ ਪੜਤਾਲ ਤੋਂ ਅਧਿਆਪਕਾਂ ਨੂੰ ਮੁਅੱਤਲ ਕਰਨ ਦੀ ਪਿਰਤ ਪਾਈ ਜਾ ਰਹੀ ਹੈ। ਸੇਵਾਮੁਕਤ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਦਾ ਕੰਮ ਦੇਣ ਵਰਗੇ ਗ਼ੈਰਵਾਜਬ ਫੈਸਲੇ ਕੀਤੇ ਜਾ ਰਹੇ ਹਨ। ਪ੍ਰੀਖਿਆਵਾਂ ਲਈ ਢੁੱਕਵੇਂ ਪ੍ਰਬੰਧ ਕਰਨ ਵਿੱਚ ਨਾਕਾਮ ਰਹਿਣ 'ਤੇ ਮਿਸ਼ਨ ਸ਼ੱਤ ਪ੍ਰਤੀਸ਼ੱਤ ਰੂਪੀ ਝੂਠੇ ਅੰਕੜਿਆਂ ਦੀ ਖੇਡ ਰਾਹੀਂ ਸਿੱਖਿਆ ਵਿੱਚ ਗਹਿਰਾ ਨਿਘਾਰ ਲਿਆਂਦਾ ਗਿਆ ਹੈ ਅਤੇ ਦੂਜੇ ਪਾਸੇ ਦਸਵੀਂ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਰੱਦ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੀ ਫੀਸ ਵਾਪਸ ਨਹੀਂ ਕੀਤੀ ਜਾ ਰਹੀ। ਸਾਂਝਾ ਅਧਿਆਪਕ ਮੋਰਚਾ ਵੱਲੋਂ ਵਾਰ ਵਾਰ ਵਿਰੋਧ ਕਰਨ ਦੇ ਬਾਵਜੂਦ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਸਾਜਸ਼ੀ ਚੁੱਪ ਧਾਰਨ ਕਰਦਿਆਂ ਸਕੱਤਰ ਨੂੰ ਜਨਤਕ ਸਿੱਖਿਆ ਦੀ ਬਰਬਾਦੀ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ 1 ਜਨਵਰੀ 2004 ਤੋਂ ਬਾਅਦ ਭਰਤੀ ਹੋਣ ਵਾਲਿਆਂ 'ਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਨਹੀਂ ਕੀਤੀ ਜਾ ਰਹੀ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁਲਾਜ਼ਮ ਪੱਖੀ ਰੂਪ ਦਿੰਦਿਆਂ ਜਨਤਕ ਨਹੀਂ ਕੀਤਾ ਜਾ ਰਿਹਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਪਿਕਟਸ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿਚ ਸ਼ਿਫਟ ਕਰਨ ਤੋਂ ਟਾਲਾ ਵੱਟਿਆ ਹੋਇਆ ਹੈ ਅਤੇ ਮਹਿੰਗਾਈ ਭੱਤੇ ਦੇ ਬਕਾਏ ਜਾਰੀ ਨਹੀਂ ਕੀਤੇ ਜਾ ਰਹੇ ਹਨ, ਸਗੋਂ ਨਵੀਂਆਂ ਭਰਤੀਆਂ ਉੱਪਰ ਕੇਂਦਰੀ ਤਨਖਾਹ ਸਕੇਲਾਂ/ਗ੍ਰੇਡਾਂ ਤੋਂ ਵੀ ਘੱਟ ਤਨਖਾਹਾਂ ਥੋਪੀਆਂ ਜਾ ਰਹੀਆਂ ਹਨ।
ਸਾਂਝਾ ਅਧਿਆਪਕ ਮੋਰਚਾ ਨੇ ਮੋਦੀ ਸਰਕਾਰ ਦੀ ਨਿੱਜੀਕਰਨ ਪੱਖੀ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਅਮਲ 'ਤੇ ਫੌਰੀ ਰੋਕ ਲਗਾਉਣ, ਸੰਘਰਸ਼ਾਂ ਦੌਰਾਨ ਹੋਈਆਂ ਸਾਰੀਆਂ ਵਿਕਟੇਮਾਈਜੇਸ਼ਨਾਂ ਤੇ ਹੋਰ ਸਿੱਖਿਆ-ਅਧਿਆਪਕ ਵਿਰੋਧੀ ਫੈਸਲੇ ਫੌਰੀੇ ਰੱਦ ਕਰਨ ਅਤੇ 'ਮੰਗ ਪੱਤਰ' ਵਿੱਚ ਦਰਜ ਮੰਗਾਂ ਦਾ ਹੱਲ ਕਰਨ ਸਬੰਧੀ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਰੋਸ ਪੱਤਰ ਵੀ ਭੇਜਿਆ ਗਿਆ।
ਇਸ ਸਮੇਂ ਜਸਵਿੰਦਰ ਅੌਜਲਾ ਦੇਸ ਰਾਜ ਬੱਜੋਂ, ਸ਼ੰਕਰ ਬੰਗਾ, ਗੁਰਦੀਸ਼ ਸਿੰਘ, ਬਲਜੀਤ ਸਿੰਘ, ਸੋਹਣ ਸਿੰਘ, ਚੰਦਰ ਸ਼ੇਖਰ, ਰੇਸ਼ਮ ਲਾਲ, ਰਾਮ ਪਾਲ, ਦੀਪਕ ਕੁਮਾਰ, ਜਸਵੀਰ ਸਿੰਘ, ਬਲਵੀਰ ਕੁਮਾਰ, ਗੁਰਦਿਆਲ ਸਿੰਘ, ਰਾਜਿੰਦਰ ਕੁਮਾਰ, ਇੰਦਰਜੀਤ ਸਿੰਘ, ਬਲਵੀਰ ਰੱਕੜ, ਸਤੀਸ਼ ਧੀਮਾਨ, ਸੁਰਿੰਦਰ ਸਿੰਘ, ਅਮਰਜੀਤ ਸਿੰਘ ਜਾਡਲਾ, ਸਤਨਾਮ ਸਿੰਘ, ਰਜੀਵ ਸ਼ਰਮਾ ਆਦਿ ਹਾਜ਼ਰ ਸਨ।
ਏ.ਡੀ.ਸੀ. ਨੇ ਕੋਰੋਨਾ ਦੀ ਰੋਕਥਾਮ ਵਿਚ ਨਵਾਂਸ਼ਹਿਰ ਦੀ ਸਫਲ ਕਹਾਣੀ ਨੂੰ ਯਾਦ ਕੀਤਾ
ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਟੀਕਾਕਰਨ 'ਚ ਸੇਵਾਵਾਂ ਨਿਭਾਅ ਰਹੇ ਸਟਾਫ਼ ਅਤੇ ਵਿਦਿਆਰਥੀਆਂ ਦਾ ਸਨਮਾਨ
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਸ਼ੋਕਾ ਕਾਲਜ ਆਫ਼ ਨਰਸਿੰਗ ਦੇ ਡਾਇਰੈਕਟਰ ਰਮਿੰਦਰ ਮਿੱਤਲ ਨੂੰ ਸਨਮਾਨਤ ਕਰਦੇ ਹੋਏ।
ਰੋਸ ਰੈਲੀਆਂ ਅਤੇ ਧਰਨੇ-ਵਿਖਾਵਿਆਂ ਆਦਿ ’ਤੇ ਮੁਕੰਮਲ ਪਾਬੰਦੀ
ਅੰਮਿ੍ਰਤਸਰ 2 ਜੂਨ 2021 - ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮਿ੍ਰਤਸਰ ਸ਼ਹਿਰ, ਸ: ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਜ਼ਿਲਾ ਅੰਮਿ੍ਰਤਸਰ ਸ਼ਹਿਰ ਦੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਇਲਾਕਿਆਂ ਵਿਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਰੋਸ ਰੈਲੀਆਂ, ਧਰਨਾ ਦੇਣ, ਮੀਟਿੰਗਾਂ ਕਰਨ, ਨਾਹਰੇ ਮਾਰਨ ਅਤੇ ਵਿਖਾਵਾ ਕਰਨ 'ਤੇ ਮੁਕੰਮਲ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਜਾਰੀ ਹੁਕਮ ਵਿਚ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਜ਼ਿਲਾ ਅੰਮਿ੍ਰਤਸਰ ਵਿਚ ਕੁਝ ਰਾਜਨੀਤਿਕ/ਕਿਸਾਨ ਅਤੇ ਹੋਰ ਜਥੇਬੰਦੀਆਂ ਜ਼ਿਲਾ ਪੱਧਰ 'ਤੇ ਰੋਸ, ਧਰਨੇ ਰੈਲੀਆਂ ਅਤੇ ਮੁਜ਼ਾਹਰੇ ਕਰਨ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਨਾਲ ਸਰਕਾਰੀ ਅਤੇ ਗੈਰ-ਸਰਕਾਰੀ ਸੰਪਤੀ/ਜਾਇਦਾਦ ਦਾ ਨੁਕਸਾਨ ਹੋਣ ਅਤੇ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਅਮਨ ਅਤੇ ਕਾਨੂੰਨ ਦੀ ਸਥਿਤੀ ਠੀਕ ਬਣਾਏ ਰੱਖਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਾਸਤੇ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ। ਇਹ ਹੁਕਮ 30 ਜੁਲਾਈ 2021 ਤੱਕ ਲਾਗੂ ਰਹੇਗਾ।
ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿਚ ਲਾਕਡਾਊਨ ਦੌਰਾਨ ਦੁਕਾਨ ਖੋਲਣ ਵਾਲੇ ਖਿਲਾਫ਼ ਮੁਕੱਦਮਾ ਦਰਜ
ਸਿਵਲ ਹਸਪਤਾਲ ਨਵਾਂਸਹਿਰ ਗੰਭੀਰ ਕੋਰੋਨਾ ਮਰੀਜ਼ਾਂ ਲਈ ਬਣਿਆ ਵਰਦਾਨ
ਨਵਾਂਸ਼ਹਿਰ, 1 ਜੂਨ :- ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਦੀ ਅਗਵਾਈ ਵਿਚ ਸਿਹਤ ਵਿਭਾਗ ਨੇ ਕੋਵਿਡ-19 ਮਹਾਂਮਾਰੀ ਵਿਰੁੱਧ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਮਿਸ਼ਨ ਫਤਹਿ ਦੇ ਰਾਹ ਉੱਤੇ ਚਾਲੇ ਪਾ ਦਿੱਤੇ ਹਨ। ਸਿਵਲ ਸਰਜਨ ਡਾ ਗੁਰਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨਵਾਂਸਹਿਰ ਵਿਚ ਸਥਾਪਿਤ ਕੀਤੀ ਗਈ ਲੈਵਲ-3 ਦੀ ਸਹੂਲਤ ਵਿਚੋਂ ਅੱਜ ਦੋ ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪਿਛਲੇ ਦਿਨੀਂ ਲੈਵਲ-3 ਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਨੇ ਕੋਰੋਨਾ ਮਰੀਜ਼ਾਂ ਨੂੰ ਬਿਮਾਰੀ ਤੋਂ ਉਭਰਨ ਲਈ ਨਿਸਵਾਰਥ ਸੇਵਾ ਕੀਤੀ, ਜਿਸ ਦੇ ਚੱਲਦਿਆਂ ਲੈਵਲ-3 ਦੇ ਦੋ ਗੰਭੀਰ ਮਰੀਜ਼ਾਂ ਨੂੰ ਅੱਜ ਉਨ੍ਹਾਂ ਦੇ ਘਰ ਭੇਜ ਕੇ ਉਨ੍ਹਾਂ ਪਰਿਵਾਰ ਮੈਂਬਰਾਂ ਨਾਲ ਮੁੜ ਮਿਲ਼ਾ ਦਿੱਤਾ ਹੈ। ਕੋਰੋਨਾ ਮਰੀਜ਼ਾਂ ਨੂੰ ਘਰ ਰਵਾਨਾ ਕਰਨ ਤੋਂ ਪਹਿਲਾਂ ਸਿਵਲ ਸਰਜਨ ਨੇ ਉਨ੍ਹਾਂ ਨੂੰ ਫਲ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੀਆਂ ਅਲਾਮਤਾਂ ਨੂੰ ਨਜ਼ਰ ਅੰਦਾਜ਼ ਨਾ ਕਰਨ ਅਤੇ ਜਿੰਨਾ ਛੇਤੀ ਸੰਭਵ ਹੋਵੇ, ਕੋਰੋਨਾ ਦਾ ਟੈਸਟ ਜ਼ਰੂਰ ਕਰਵਾਉਣ। ਉਨ੍ਹਾਂ ਦੱਸਿਆ ਕਿ ਕੋਰੋਨਾ ਮਰੀਜ਼ ਜਦੋਂ ਹਸਪਤਾਲਾਂ ਵਿਚ ਪਹੁੰਚਦੇ ਹਨ ਤਾਂ ਉਦੋਂ ਬਿਮਾਰੀ ਬਹੁਤ ਬਿਗੜ ਚੁੱਕੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਿੱਧੇ ਲੈਵਲ-2 ਜਾਂ ਲੈਵਲ-3 ਵਿਚ ਦਾਖਲ ਕਰਨਾ ਪੈਂਦਾ ਹੈ। ਇਸ ਲਈ ਜਿੰਨੀ ਛੇਤੀ ਇਸ ਬਿਮਾਰੀ ਦੀ ਪਛਾਣ ਹੋਵੇਗੀ, ਓਨੀ ਛੇਤੀ ਹੀ ਵਿਅਕਤੀ ਸਿਹਤਯਾਬ ਹੋ ਕੇ ਆਪਣੇ ਘਰ ਜਾ ਸਕਦੇ ਹਨ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕਮਲ ਨੇ ਦੱਸਿਆ ਕਿ ਅੱਜ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਵੱਲੋ ਜ਼ਿਲ੍ਹਾ ਹਸਪਤਾਲ਼ ਨਵਾਂਸ਼ਹਿਰ ਵਿਖੇ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਨੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਅਤੇ ਲੈਵਲ-3 ਦੇ ਦੋ ਮਰੀਜ਼ਾਂ ਵੱਲੋਂ ਕੋਰੋਨਾ ਉੱਤੇ ਫਤਹਿ ਪਾਉਣ ਸ਼ੁੱਭ ਕਾਮਨਾਵਾਂ ਦੇ ਕੇ ਘਰ ਰਵਾਨਾ ਕੀਤਾ। ਇਸ ਮੌਕੇ ਡਾ ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ਼ ਨਵਾਂਸ਼ਹਿਰ ਦੇ ਡਾ ਨਿਰਮਲ, ਬੇਹੋਸ਼ੀ ਦੇ ਮਾਹਿਰ ਡਾਕਟਰ ਅਜੇ ਬਸਰਾ, ਡਾ ਨੀਨਾ ਸ਼ਾਂਤ, ਡਾ ਜੋਤੀ ਆਰ ਐਮ ਓ ਡਾ ਗੁਲਵਿੰਦਰ ਕੌਰ, ਬਲਾਕ ਐਜੂਕੇਟਰ ਤਰਸੇਮ ਲਾਲ ਤੇ ਸਮੂਹ ਆਰ ਐੱਮ ਆਈ, ਸੀਨੀਅਰ ਨਰਸਿੰਗ ਅਫਸਰ ਰਾਜ ਰਾਣੀ ਤੇ ਸਮੂਹ ਸਟਾਫ, ਸਫਾਈ ਸੇਵਕ ਅਤੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵੱਲੋ ਬਹੁਤ ਹੀ ਵਧੀਆ ਸਿਹਤ ਸੇਵਾਵਾ ਦਿੱਤੀਆਂ ਜਾਂਦੀਆਂ ਹਨ। ਇਸ਼੍ਹ ਮੌਕੇ ਡਾਕਟਰ ਸਤਵਿੰਦਰ ਸਿੰਘ, ਡਾਕਟਰ ਬਰਿੰਦਰ, ਸਿਸਟਰ ਰਾਜ, ਪਰਮਵੀਰ ਪ੍ਰਿੰਸ, ਗੁਰਤੇਜ ਸਿੰਘ, ਰਾਜੇਸ਼ ਕੁਮਾਰ ਅਤੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੇ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਲੋ ਸੰਪੂਰਨ ਸਹਿਜੋਗ ਦਿੱਤਾ ਗਿਆ।
ਪੁਲਿਸ ਨੇ ਬਿਨਾਂ ਮਾਸਕ ਵਾਲੇ 913 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-51 ਦੇ ਕੀਤੇ ਚਲਾਨ
ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਸਮੂਹਿਕ ਛੁੱਟੀ ਦੇ ਨਾਲ ਨਾਲ ਕਾਲੇ ਝੰਡੇ ਲੈ ਕੇ ਬਜਾਰਾਂ ਵਿੱਚ ਮੋਟਰ ਸਾਈਕਲ ਮਾਰਚ ਕੱਢਿਆ
ਨਵਾਂਸ਼ਹਿਰ : 1 ਜੂਨ :- ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਲੀਡਰਸ਼ਿਪ ਅਤੇ ਜਿਲ੍ਹਾ ਲੀਡਰਸ਼ਿਪ ਨਾਲ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਵਿੱਚ ਆਨ ਲਾਈਨ ਮੀਟਿੰਗ ਹੋਈ। ਇਸ ਮੀਟਿੰਗ ਵਿੱਚ 24 ਮਈ,2021 ਤੋਂ ਚੱਲੀ ਆ ਰਹੀ ਅਣਮਿਥੇ ਸਮੇਂ ਦੀ ਸਮੂਹਿਕ ਛੁੱਟੀ ਲੈ ਕੇ ਕੀਤੀ ਜਾ ਰਹੀ ਹੜਤਾਲ ਅਤੇ ਹੜਤਾਲ ਦੋਰਾਨ ਪੰਜਾਬ ਸਰਕਾਰ ਦੇ ਰਵੱਈਏ ਦੀ ਸਮੀਖਿਆ ਕੀਤੀ ਗਈ। ਸਮੁੱਚੀ ਲੀਡਰਸ਼ਿਪ ਨੇ ਦੱਸਿਆ ਕਿ ਅੱਜ ਪੰਜਾਬ ਦੇ ਹਰ ਜਿਲ੍ਹੇ ਵਿੱਚ ਸਮੂਹਿਕ ਛੁੱਟੀ ਦੇ ਨਾਲ ਨਾਲ ਕਾਲੇ ਝੰਡੇ ਲੈ ਕੇ ਬਜਾਰਾਂ ਵਿੱਚ ਮੋਟਰ ਸਾਈਕਲ ਮਾਰਚ ਕੱਢਿਆ ਗਿਆ। ਇਸ ਦੇ ਨਾਲ ਨਾਲ ਤਹਿਸੀਲ ਕੰਪਲੈਕਸ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇਲਾਵਾ ਸ਼ਹਿਰ ਦੀਆਂ ਉੱਘੀਆਂ ਜਨਤਕ ਥਾਵਾਂ ਤੇ ਕੈਪਟਨ ਸਰਕਾਰ ਗੁੰਮ ਹੈ, ਨੂੰ ਲੱਭਣ ਦੇ ਬੈਨਰ ਫਲੈਕਸੀਆਂ ਬਣਾ ਕੇ ਲਗਾਈਆਂ ਗਈਆਂ ਹਨ। ਬਹੁ ਗਿਣਤੀ ਜਿਲਿਆਂ ਨੇ ਅਣਮਿਥੇ ਸਮੇਂ ਦੀ ਹੜਤਾਲ ਨੂੰ ਸਮੂਹਿਕ ਛੁੱਟੀ ਲੈ ਕੇ ਜਾਰੀ ਰੱਖਣ ਦੇ ਵਿਚਾਰ ਦਿੱਤੇ ਅਤੇ ਇਸ ਦੇ ਨਾਲ ਨਾਲ ਐਕਸ਼ਨ ਵਿੱਚ ਹੋਰ ਵਾਧਾ ਕਰਨ ਲਈ ਵੀ ਕਿਹਾ ਗਿਆ। 5 ਜੂਨ, 2021 ਨੂੰ ਮਲੇਰਕੋਟਲਾ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੋਸ ਰੈਲੀ/ਮਾਰਚ ਨੂੰ ਕਾਮਯਾਬ ਕਰਨ ਅਤੇ ਬਹੁ ਗਿਣਤੀ ਵਿੱਚ ਸਾਥੀਆਂ ਨੂੰ ਸ਼ਾਮਿਲ ਕਰਨ ਲਈ ਵੀ ਵਿਚਾਰਾਂ ਕੀਤੀਆਂ ਗਈਆਂ। ਭਾਵੇਂ ਕਿ ਦੇਰ ਸ਼ਾਮ ਮਾਲ ਵਿਭਾਗ, ਪੰਜਾਬ ਸਰਕਾਰ ਵੱਲੋਂ ਵਿੱਤੀ ਕਮਿਸ਼ਨਰ ਮਾਲ, ਪੰਜਾਬ ਜੀ ਨਾਲ 3 ਜੂਨ, 2021 ਨੂੰ ਬਾਦ ਦੁਪਹਿਰ 3:00 ਵਜੇ ਮੀਟਿੰਗ ਲਈ ਬੁਲਾ ਲਏ ਜਾਣ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਪਰੰਤੂ ਸਰਕਾਰ ਦੀ ਤਰਫੋਂ ਏਨੀ ਲੰਮੀ ਹੜਤਾਲ ਚੱਲ ਜਾਣ ਦੇ ਬਾਦ ਵੀ ਮੀਟਿੰਗ ਤੋਂ ਪਹਿਲਾਂ ਕੋਈ ਭਰੋਸਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਪਹਿਲਾਂ ਤੋਂ ਹੀ ਮੰਨੀਆਂ ਹੋਈਆਂ ਮੰਗਾਂ ਵਿੱਚੋਂ ਕਿਸੇ ਦੀ ਨੋਟੀਫਿਕੇਸ਼ਨ ਜਾਰੀ ਕਰਨ ਜਾਂ ਘੱਟੋ-ਘੱਟ ਗੈਰ ਵਿੱਤੀ ਮੰਗਾਂ ਦੇ ਪੱਤਰ ਜਾਂ ਹੇਠਲੇ ਪੱਧਰ ਤੇ ਸਾਰੀਆਂ ਪਦਉਨਤੀਆਂ ਕੀਤੇ ਜਾਣ ਸਬੰਧੀ ਵੀ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ। ਇਸ ਲਈ ਬਹੁਤੇ ਸਾਥੀ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲ ਤੋਂ ਅਪਣਾਈ ਜਾ ਰਹੀ ਨੀਤੀ ਨੂੰ ਸਮਝਦਿਆਂ ਕੋਈ ਬਹੁਤੇ ਆਸਵੰਦ ਨਜ਼ਰ ਨਹੀਂ ਆਏ। ਇਸ ਲਈ ਸੂਬਾ ਲੀਡਰਸ਼ਿਪ ਨੇ ਸਮੂਹਿਕ ਛੁੱਟੀ ਲੈ ਕੇ ਜਾਰੀ ਹੜਤਾਲ ਦੇ ਐਕਸ਼ਨ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਪਰੰਤੂ ਕਰੋਨਾ ਸਬੰਧੀ ਕੰਮ ਨੂੰ ਬਾਦਸਤੂਰ ਜਾਰੀ ਰੱਖਿਆ ਜਾਵੇਗਾ। ਇਸ ਦੇ ਨਾਲ ਨਾਲ 2 ਅਤੇ 3 ਜੂਨ ਨੂੰ ਜਿਲ੍ਹਾ ਪੱਧਰ ਤੇ ਰੋਸ ਰੈਲੀ ਅਤੇ ਧਰਨਾ ਦਿੱਤਾ ਜਾਵੇਗਾ ਅਤੇ 2 ਜੂਨ ਦੁਪਹਿਰ 12 ਵਜੇ ਤੋਂ 1:00 ਵਜੇ ਤੱਕ ਸੋਸ਼ਲ ਮੀਡੀਆ ਤੇ ਵੀ ਲੜਾਈ ਨੂੰ ਤੇਜ ਕਰਦਿਆਂ ਟਵਿੱਟਰ ਤੇ ਮੁੱਖ ਮੰਤਰੀ, ਮਾਲ ਮੰਤਰੀ ਨੂੰ ਟੈਗ ਕੀਤਾ ਜਾਵੇਗਾ। ਇਹ ਵੀ ਫੈਸਲਾ ਕੀਤਾ ਹੈ ਕਿ 2 ਜੂਨ ਦੀ ਕੈਬਨਿਟ ਮੀਟਿੰਗ ਤੇ ਵੀ ਪੈਨੀ ਨਜ਼ਰ ਰੱਖੀ ਜਾਵੇਗੀ। ਜੇਕਰ ਇਸ ਮੀਟਿੰਗ ਵਿੱਚ ਮੁਲਾਜ਼ਮ ਪੱਖੀ ਫੈਸਲੇ ਨਾ ਆਏ ਤਾਂ ਸੰਘਰਸ਼ ਨੂੰ ਸ਼ਾਰਟ ਨੋਟਿਸ ਤੇ ਹੋਰ ਤੇਜ ਕਰ ਦਿੱਤਾ ਜਾਵੇਗਾ। ਇਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।











