ਬਿਰਧ ਨਾਗਰਿਕ ਸਮਾਜ ਦਾ ਕੀਮਤੀ ਅੰਗ, ਸਿਹਤ ਸੁਰੱਖਿਆ ਯਕੀਨੀ ਬਣਾਈ ਜਾਵੇ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ
- ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ "ਅਟਲ ਵਯੋ ਅਭਯੁਦਯ ਯੋਜਨਾ" ਤਹਿਤ ਬਿਰਧ ਨਾਗਰਿਕਾਂ ਲਈ ਵਿਸ਼ੇਸ਼ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ
ਨਵਾਂਸ਼ਹਿਰ, 6 ਫਰਵਰੀ 2026: ਮਾਣਯੋਗ ਡਿਪਟੀ ਕਮਿਸ਼ਨਰ ਸ਼੍ਰੀ ਗੁਲਪ੍ਰੀਤ ਸਿੰਘ ਔਲਖ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਵੀਰਵਾਰ ਨੂੰ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋਕ-ਹਿਤੈਸ਼ੀ ਯੋਜਨਾ "ਅਟਲ ਵਯੋ ਅਭਯੁਦਯ ਯੋਜਨਾ" ਤਹਿਤ ਸੀਨੀਅਰ ਸਿਟੀਜ਼ਨਜ਼ (ਬਿਰਧ ਨਾਗਰਿਕਾਂ) ਲਈ ਇੱਕ ਵਿਸ਼ੇਸ਼ ਮੈਡੀਕਲ ਸਿਹਤ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਕੈਂਪ ਵਿੱਚ ਸਪੈਸ਼ਲਿਸਟ ਡਾਕਟਰਾਂ ਵੱਲੋਂ 82 ਬਿਰਧ ਨਾਗਰਿਕਾਂ ਦੀ ਪੂਰਨ ਸਿਹਤ ਜਾਂਚ ਕੀਤੀ ਗਈ। ਕੈਂਪ ਦੌਰਾਨ ਬਲੱਡ ਪ੍ਰੈਸ਼ਰ, ਸ਼ੂਗਰ, ਅੱਖਾਂ ਦੀ ਜਾਂਚ, ਦਿਲ ਨਾਲ ਸੰਬੰਧਿਤ ਜਾਂਚਾਂ, ਹੱਡੀਆਂ ਅਤੇ ਜੋੜਾਂ ਦੀ ਜਾਂਚ ਸਮੇਤ ਆਮ ਬਿਮਾਰੀਆਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਬਿਰਧ ਨਾਗਰਿਕਾਂ ਵਿੱਚ ਕੋਈ ਬਿਮਾਰੀ ਪਾਈ ਗਈ, ਉਨ੍ਹਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਅਤੇ ਜ਼ਰੂਰਤ ਅਨੁਸਾਰ ਉੱਚ ਅਦਾਰਿਆਂ ਵੱਲ ਰੈਫਰ ਵੀ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਬਿਰਧ ਨਾਗਰਿਕ ਸਮਾਜ ਦਾ ਕੀਮਤੀ ਅੰਗ ਹਨ ਅਤੇ ਉਨ੍ਹਾਂ ਦੀ ਸਿਹਤ ਦੀ ਸੰਭਾਲ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਦੱਸਿਆ ਕਿ "ਅਟਲ ਵਯੋ ਅਭਯੁਦਯ ਯੋਜਨਾ" ਦਾ ਮੁੱਖ ਉਦੇਸ਼ ਬਿਰਧ ਨਾਗਰਿਕਾਂ ਨੂੰ ਸਿਹਤ, ਸੁਰੱਖਿਆ ਅਤੇ ਸਮਾਜਿਕ ਸਹਾਰਾ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਇੱਜ਼ਤ ਅਤੇ ਸੁਖ-ਸਮ੍ਰਿੱਧੀ ਨਾਲ ਜੀਵਨ ਬਿਤਾ ਸਕਣ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰੀਸ਼ ਕਿਰਪਾਲ ਤੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਸਤਵਿੰਦਰਪਾਲ ਸਿੰਘ ਵੱਲੋਂ ਬਿਰਧ ਨਾਗਰਿਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਨਿਯਮਿਤ ਜਾਂਚ ਕਰਵਾਉਣ ਅਤੇ ਸਮੇਂ-ਸਿਰ ਇਲਾਜ ਲੈਣ ਦੀ ਅਪੀਲ ਵੀ ਕੀਤੀ ਗਈ।
ਕੈਂਪ ਵਿੱਚ ਸਿਹਤ ਵਿਭਾਗ ਦੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ ਅਤੇ ਹੋਰ ਕਰਮਚਾਰੀਆਂ ਨੇ ਸੇਵਾ ਭਾਵ ਨਾਲ ਆਪਣੀ ਡਿਊਟੀ ਨਿਭਾਈ। ਬਿਰਧ ਨਾਗਰਿਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਇਸ ਪਹਿਲ ਦੀ ਸਰਾਹਨਾ ਕਰਦਿਆਂ ਧੰਨਵਾਦ ਪ੍ਰਗਟ ਕੀਤਾ ਗਿਆ।