ਅੰਮ੍ਰਿਤਸਰ/ਅਜਨਾਲਾ/ਰਮਦਾਸ, 4 ਅਗਸਤ()- ਅੱਜ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਵਲੋਂ ਇਤਿਹਾਸਕ ਤੇ ਸਰਹੱਦੀ ਨਗਰੀ ਰਮਦਾਸ ਸਮੇਤ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਪ੍ਰਸ਼ਾਸ਼ਨੀ ਸਮੱਸਿਆਵਾਂ ਦਾ ਨਿਆਂ ਦਿਵਾਉਣ ਲਈ ਸਿਵਲ ਤੇ ਪੁਲੀਸ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਨਗਰ ਰਮਦਾਸ ਵਿਖੇ ਜਨਤਾ ਦਰਬਾਰ ਲਗਾਇਆ ਗਿਆ, ਜਿਸ ਦੌਰਾਨ ਵਿਧਾਇਕ ਸ: ਧਾਲੀਵਾਲ ਨੇ ਪੁਲੀਸ, ਸਿਹਤ , ਸਿੱਖਿਆ, ਵਿਕਾਸ, ਬਿਜਲੀ ਵਿਭਾਗ, ਸਿੰਚਾਈ ਵਿਭਾਗ, ਆਂਗਣਵਾੜੀ ਕੇਂਦਰਾਂ, ਤੇ ਪੰਚਾਇਤੀ ਰਾਜ ਸਮੇਤ ਅਜਨਾਲਾ ਸਬ ਡਵੀਜਨ ਚੋਂ ਲੰਘਦੇ ਕੌਮਾਂਤਰੀ ਰਾਵੀ ਦਰਿਆ 'ਚ ਸੰਭਾਵੀ ਹੜਾਂ ਬਾਰੇ ਵੀ ਮੁੱਦਾ ਉਠਾਉਣ ਆਦਿ ਵਿਭਾਗਾਂ ਨਾਲ ਜੁੜੀਆਂ ਦਰਜਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ 'ਤੇ ਪ੍ਰਸ਼ਾਸ਼ਨ ਕੋਲੋਂ ਹੱਲ ਕਰਵਾ ਕੇ ਇਨ੍ਹਾਂ ਦਿੱਕਤਾਂ ਦਾ ਹੱਲ ਕਰਵਾਉਣ ਲਈ ਦੂਰ ਨੇੜੇ ਦਫਤਰਾਂ 'ਚ ਜਾਣ ਸਮੇਂ ਹੁੰਦੀ ਖੱਜ਼ਲ ਖਰਾਬੀ ਤੋਂ ਵੱਡੀ ਰਾਹਤ ਦਿਵਾਈ। ਜਨਤਾ ਦਰਬਾਰ ਨੂੰ ਸੰਬੋਧਨ ਕਰਦਿਆਂ ਸ: ਧਾਲੀਵਾਲ ਨੇ ਕਿਹਾ ਕਿ ਲੋਕ ਸੇਵਾ ਹੀ ਮਾਨਵਤਾ ਦੀ ਉਤਮ ਸੇਵਾ ਹੈ ਅਤੇ ਮਾਨਵਤਾ ਦੀ ਸੇਵਾ 'ਚੋਂ ਹੀ ਰੱਬ ਦੀ ਸੇਵਾ ਨਜ਼ਰ ਆਉਂਦੀ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਸਮੇਤ ਉਨ੍ਹਾਂ ਦਾ ਪਰਿਵਾਰ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਲੋਕਾਂ ਦੀ ਸੇਵਾ ਲਈ 24 ਘੰਟੇ ਦਰਵਾਜੇ ਖੁਲ੍ਹੇ ਹਨ। ਉਨ੍ਹਾਂ ਨੇ ਹਲਕੇ ਚ ਆਂਗਣਵਾੜੀ ਕੇਂਦਰਾਂ 'ਚ ਮੁਲਾਜਮਾਂ ਦੀ ਘਾਟ ਬਾਰੇ ਉੱਠੇ ਮੱਸਲੇ ਦੇ ਜੁਆਬ 'ਚ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਅਗਲੇ ਮਹੀਨੇ 30 ਸਤੰਬਰ ਤੱਕ 5 ਹਜਾਰ ਤੋਂ ਵੱਧ ਆਗਣਵਾੜੀ ਵਰਕਰ ਤੇ ਸਹਾਇਕਾਂ ਦੀ ਮੈਰਿਟ ਦੇ ਅਧਾਰ ਤੇ ਭਰਤੀ ਕਰਨ ਜਾ ਰਹੀ ਹੈ ਜਿਸ ਬਾਰੇ ਬਕਾਇਦਾ ਇਸੇ ਮਹੀਨੇ 22 ਅਗਸਤ ਨੂੰ ਨਵੀਂ ਭਰਤੀ ਲਈ ਮੀਡੀਆ 'ਚ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ ਅਤੇ ਆਂਗਣਵਾੜੀ ਵਰਕਰਾਂ ਤੇ ਸਹਾਇਕਾਂ ਲਈ ਨੌਕਰੀ ਲੈਣ ਦੇ ਇੱਛੁਕ ਉਮੀਦਵਾਰਾਂ ਨੂੰ ਵਿਭਾਗੀ ਪਤੇ ਤੇ ਆਪਣੀਆਂ ਅਰਜੀਆਂ 22 ਸਤੰਬਰ ਤੱਕ ਪੁੱਜਦੀਆਂ ਕਰਨੀਆਂ ਹੋਣਗੀਆਂ। ਸਾਬਕਾ ਮੰਤਰੀ ਤੇ ਵਿਧਾਇਕ ਸ: ਧਾਲੀਵਾਲ ਨੇ ਸਿੱਖਾਂ ਦੇ 3 ਗੁਰੂਆਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇਤ ਬ੍ਰਹਮ ਗਿਆਨੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਰਮਦਾਸ ਦੇ ਵਿਕਾਸ ਪੱਖੋਂ ਸੁੰਦਰੀਕਰਨ ਦੀ ਜਾਣਕਾਰੀ ਦਿੰਦਿਆਂ ਪ੍ਰਗਟਾਵਾ ਕੀਤਾ ਕਿ ਰਮਦਾਸ ਵਿਖੇ 2.75 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਾਹਰੀ ਗੇਟ ਬਣਾਉਣ ਲਈ ਬਕਾਇਦਾ ਰਕਮ ਜਾਰੀ ਹੋ ਗਈ ਹੈ। ਜਦੋਂਕਿ ਅਜ਼ਾਦੀ ਪਿੱਛੋਂ ਸਾਬਕਾ ਸਰਕਾਰਾਂ ਦੇ ਥਪੇੜੇ ਝਲਦਾ ਆ ਰਿਹਾ ਖਸਤਾ ਹਾਲਤ ਰੇਲਵੇ ਪਲੇਟਫਾਰਮ ਦੀ ਨਵ ਉਸਾਰੀ ਅਤੇ ਇਸ ਰੇਲਵੇ ਸਟੇਸ਼ਨ ਦਾ ਨਾਮ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਤੇ ਰੱਖਣ ਲਈ ਪ੍ਰਵਾਨਗੀਆਂ ਲਈਆਂ ਹਨ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ ਸਮੇਤ ਰਮਦਾਸ ਸ਼ਹਿਰੀ ਦੇ ਕੌਂਸਲਰ , ਇਲਾਕੇ ਦੇ ਪੰਚ ਸਰਪੰਚ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ।
-ਵਿਧਾਇਕ ਤੇ ਸਾਬਕਾ ਮੰਤਰੀ ਸ: ਧਾਲੀਵਾਲ ਨੇ ਰਮਦਾਸ ਵਿਖੇ ਜਨਤਾ ਦਰਬਾਰ ਲਗਾ ਕੇ ਪ੍ਰਭਾਵਿਤ ਲੋਕਾਂ ਨੂੰ ਦਰਪੇਸ਼ ਦਿੱਕਤਾਂ ਦਾ ਹੱਲ ਕੀਤਾ-
Posted by
NawanshahrTimes.Com