ਕੇਂਦਰ ਸਰਕਾਰ ਪੰਜਾਬ ਨਾਲ ਕਰ ਰਹੀ ਮਤਰੇਈ ਮਾਂ ਵਾਲਾ ਸਲੂਕ-ਧਾਲੀਵਾਲ
ਕਿਹਾ ਕਿ –ਸਿਆਸਤ ਬਾਅਦ ਵਿੱਚ ਕਰ ਲਵਾਂਗੇ, ਪੰਜਾਬ ਲਈ ਸੋਚੋ
ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰ ਰਹੇ ਨੇ ਦੌਰਾ
ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਕੀਤੀ ਅਰਦਾਸ
ਅੰਮ੍ਰਿਤਸਰ, 30 ਅਗਸਤ:
ਕੇਂਦਰ ਸਰਕਾਰ ਦਾ ਵਤੀਰਾ ਸ਼ੁਰੂ ਤੋਂ ਹੀ ਪੰਜਾਬ ਨਾਲ ਮਤਰੇਈ ਮਾਂ ਵਰਗਾ ਰਿਹਾ ਹੈ ਅਤੇ ਹੁਣ ਹੜ੍ਹਾਂ ਦੇ ਸਮੇਂ ਵੀ ਕੇਂਦਰ ਨੇ ਪੰਜਾਬ ਲਈ ਕੋਈ ਕੁਝ ਨਹੀਂ ਕੀਤਾ, ਇਨ੍ਹਾਂ ਦੇ ਲੀਡਰ ਕੇਵਲ ਸੈਰਾਂ ਕਰਕੇ ਇਥੋ ਕੂਚ ਕਰ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਤੇ ਵਿਧਾਇਕ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੇ ਪਿੰਡ ਹਰੜ ਕਲਾਂ ਦਾ ਦੌਰਾ ਕਰਨ ਸਮੇਂ ਕੀਤਾ। ਅੱਜ ਅਜਨਾਲਾ ਵਿਖੇ ਇਸ ਸੰਕਟ ਦੀ ਘੜੀ ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਜਦ ਗਿਆਨੀ ਰਘਬੀਰ ਸਿੰਘ ਹੋਰਾਂ ਕੋਲੋਂ ਅਰਦਾਸ ਕਰਵਾਈ ਗਈ ਤਾਂ ਗਿਆਨੀ ਜੀ ਇਸ ਮੌਕੇ ਬਹੁਤ ਭਾਵਕ ਹੋ ਗਏ ਅਤੇ ਉਹਨਾਂ ਨੂੰ ਹੌਸਲਾ ਦਿੰਦੇ ਸਨ ਧਾਲੀਵਾਲ ਦੀਆਂ ਅੱਖਾਂ ਵਿੱਚ ਵੀ ਅਥਰੂ ਆ ਗਏ।
ਸ੍ਰ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੀ:ਐਸ:ਐਫ ਦਾ ਘੇਰਾ ਤਾਂ 50 ਕਿਲੋਮੀਟਰ ਕਰ ਦਿੱਤਾ ਹੈ ਪਰ ਹੁਣ ਹੜ੍ਹਾਂ ਦੀ ਸਥਿਤੀ ਵਿੱਚ ਕੇਂਦਰ ਤੋਂ ਸਾਡੀ ਬਾਂਹ ਫੜਣ ਲਈ ਕੋਈ ਵੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਡੇ ਹਾਲਾਤ ਬਹੁਤ ਮਾੜੇ ਹਨ ਘਰਾਂ ਦੇ ਘਰ ਡੁੱਬ ਚੁੱਕੇ ਹਨ, ਪਸ਼ੂ ਵੀ ਪਾਣੀ ਦੀ ਲਪੇਟ ਵਿੱਚ ਆਉਣ ਨਾਲ ਮਰ ਚੁੱਕੇ ਹਨ। ੳਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਨੇਤਾਂ ਕੇਵਲ ਗੱਲਾਂ ਕਰਨ ਲਈ ਇਥੇ ਆਏ ਅਤੇ ਗੱਲਾਂ ਕਰਕੇ ਹੀ ਚਲੇ ਗਏ। ਉਨ੍ਹਾਂ ਕਿਹਾ ਕਿ ਗੱਲਾਂ ਨਾਲ ਕੁਝ ਨਹੀਂ ਹੋਣਾ ਜੇਕਰ ਕਰਨਾ ਹੈ ਤਾਂ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਲੈ ਕੇ ਆਓ।
ਸ੍ਰ ਧਾਲੀਵਾਲ ਨੇ ਕਿਹਾ ਹਲਕਾ ਅਜਨਾਲਾ ਦੀ ਬਾਸਮਤੀ ਸਭ ਤੋਂ ਬੇਹਰਤਰੀਨ ਬਾਸਮਤੀ ਮੰਨੀ ਜਾਂਦੀ ਹੈ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੀ ਹੈ ਪਰ ਅੱਜ ਉਹ ਸਮਾਂ ਆ ਗਿਆ ਹੈ ਕਿ ਸਾਡੇ ਕੋਲ ਖਾਣ ਲਈ ਕਿਲੋ ਚੌਲ ਤੱਕ ਨਹੀਂ ਹਨ। ਉਨ੍ਹਾਂ ਕਿਹਾ ਕਿ ਉਸ ਤਰ੍ਹਾਂ ਦਾ ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਜਿਸ ਨੇ ਪੂਰੇ ਦੇਸ਼ ਦਾ ਢਿੱਡ ਭਰਿਆ, ਪਰ ਅੱਜ ਦੀ ਕੇਂਦਰ ਸਰਕਾਰ ਦਾ ਵਤੀਰਾ ਬਹੁਤ ਹੀ ਖਤਰਨਾਕ ਹੈ। ਉਨ੍ਹਾਂ ਦੱਸਿਆ ਕਿ ਸਾਡੇ ਕਰੀਬ 100 ਤੋਂ ਵਧੇਰੇ ਪਿੰਡ ਡੁੱਬ ਚੁੱਕੇ ਹਨ ਜਿੰਨਾਂ ਦੀ ਸਾਰ ਲੈਣ ਲਈ ਕੇਂਦਰ ਸਰਕਾਰ ਵੱਲੋਂ ਦੋ ਸ਼ਬਦ ਤੱਕ ਨਹੀ ਨਿਕਲੇ। ਸ੍ਰ ਧਾਲੀਵਾਲ ਨੇ ਕਿਹਾ ਕਿ ਚਾਹੇ 1947 ਦੀ ਵੰਡ ਜਾਂ 1965 ਅਤੇ 1971 ਦੀ ਜੰਗ, ਫਿਰ ਆਤੰਕਵਾਦ ਦਾ ਦੌਰ, ਹੁਣ ਫਿਰ ਪਾਕਿਸਤਾਨ ਨਾਲ ਜੰਗ ਅਤੇ ਹੁਣ ਫਿਰ ਹੜ੍ਹਾਂ ਦੀ ਮਾਰ ਸਾਨੂੰ ਪਈ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਰਡਰ ਤੇ ਖੜ੍ਹੇ ਹਾਂ ਅਤੇ ਸਾਡੇ ਪੰਜਾਬੀ ਦੇਸ਼ ਦੀ ਢਾਲ ਬਣ ਕੇ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਪਰ ਅੱਜ ਇਹ ਦੇਖ ਕੇ ਦੁੱਖ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਿੱਤਾਂ ਪ੍ਰਤੀ ਕੋਈ ਵੀ ਗੱਲ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੁਨੀਲ ਜਾਖੜ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਉਹ ਇਥੇ ਖਾਲੀ ਹੱਥ ਆਏ ਅਤੇ ਖਾਲੀ ਹੱਥ ਹੀ ਵਾਪਸ ਚਲੇ ਗਏ ਜਦ ਕਿ ਉਨ੍ਹਾਂ ਨੂੰ ਕੇਂਦਰ ਵੱਲੋਂ ਵਿਸ਼ੇਸ਼ ਪੈਕੇਜ ਲੈ ਕੇ ਆਉਣਾ ਚਾਹੀਦਾ ਸੀ।
ਸ੍ਰ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਵੱਲੋਂ ਆਪਣਾ ਸਰਕਾਰੀ ਹੈਲੀਕਾਪਟਰ ਵੀ ਲੋਕਾਂ ਦੀ ਸੇਵਾ ਲਈ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਪੂਰਾ ਪ੍ਰਸਾਸ਼ਨ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਦਿਨ ਰਾਤ ਇਕ ਕਰ ਰਿਹਾ ਹੈ ਅਤੇ ਹੜ੍ਹਾਂ ਤੋਂ ਬਾਅਦ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਵੀ ਦਿੱਤਾ ਜਾਵੇਗਾ।
------
ਫਾਈਲ ਫੋਟੋ
ਸ੍ਰੀ ਕੁਲਦੀਪ ਸਿੰਘ ਧਾਲੀਵਾਲ ਵਿਧਾਇਕ ਹਲਕਾ ਅਜਨਾਲਾ
ਸੰਕਟ ਦੀ ਘੜੀ ਵਾਹਿਗੁਰੂ ਦਾ ਆਸਰਾ ਲੈਣ ਲਈ ਅਰਦਾਸ ਕਰਦੇ ਹੋ ਗਿਆਨੀ ਰਘਬੀਰ ਸਿੰਘ। ਨਾਲ ਹਨ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਹੋਰ ਪਤਵੰਤੇ।
==--