Fwd: ਭਾਸ਼ਾ ਵਿਭਾਗ ਨੇ ਬੀ.ਐੱਲ.ਐੱਮ. ਗਰਲਜ਼ ਕਾਲਜ ਵਿਖੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ


ਭਾਸ਼ਾ ਵਿਭਾਗ ਨੇ ਬੀ.ਐੱਲ.ਐੱਮ. ਗਰਲਜ਼ ਕਾਲਜ ਵਿਖੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ

 ਨਵਾਂਸ਼ਹਿਰ, 29 ਅਗਸਤ :- ਪੰਜਾਬ ਦੇ ਮੁੱਖ ਮੰਤਰੀ . ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ . ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ . ਜਸਵੰਤ ਸਿੰਘ ਜ਼ਫ਼ਰ ਹੁਰਾਂ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਸਿੰਘ ਵੱਲੋਂ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਸਥਾਨਕ ਬੀ.ਐੱਲ.ਐੱਮ. ਗਰਲਜ਼ ਕਾਲਜ ਨਵਾਂ ਸ਼ਹਿਰ ਵਿਖੇ ਕਾਲਜ ਦੀ ਪੰਜਾਬੀ ਲਿਟਰੇਰੀ ਸੁਸਾਇਟੀ ਦੇ ਪ੍ਰਧਾਨ ਪ੍ਰੋ. ਸੁਰਿੰਦਰ ਕੌਰ ਦੇ ਸਹਿਯੋਗ ਸਦਕਾ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੈਟ੍ਰਿਕ ਪੱਧਰ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਮੁਕਬਲਿਆਂ ਵਿੱਚ ਚਾਰ ਵੰਨਗੀਆਂ ਲੇਖ ਰਚਨਾ, ਕਹਾਣੀ ਰਚਨਾ, ਕਵਿਤਾ ਰਚਨਾ ਅਤੇ ਕਵਿਤਾ ਗਾਇਨ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਹੋਈ।

             ਜ਼ਿਲ੍ਹੇ ਭਰ ਤੋਂ ਆਏ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆ ਨੂੰ ਜੀ ਆਇਆ ਆਖਦਿਆਂ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਤਰੁਨਪ੍ਰੀਤ ਕੌਰ ਵਾਲੀਆ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਅੰਦਰ ਸਾਹਿਤ ਪ੍ਰਤੀ ਲਗਾਅ ਪੈਦਾ ਹੁੰਦਾ ਹੈ। ਅੱਜ ਦੇ ਭੱਜ-ਦੌੜ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਸਾਹਿਤ ਹੀ ਮਨੁੱਖ ਨੂੰ ਮਨੁੱਖ ਬਣਾਉਦਾ ਹੈ ਅਤੇ ਮਨੁੱਖ ਅੰਦਰਲੀ ਸੰਵੇਦਨਾ ਨੂੰ ਬਚਾਈ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵਧਾਉਂਦੇ ਹਨ ਅਤੇ ਉਨਾਂ ਦੀ ਕਲਾ ਨੂੰ ਨਿਖਾਰਦੇ ਹਨ।  ਸਮੇਂ ਸਮੇਂ ਅਨੁਸਾਰ ਅਜਿਹੇ ਮੁਕਾਬਲੇ ਸਕੂਲਾਂ/ ਕਾਲਜਾਂ ਵਿੱਚ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਕਿ ਪੰਜਾਬੀ ਭਾਸ਼ਾ ਦਾ ਦਰਜਾ ਚੜਦੀ ਕਲਾ ਵਿੱਚ ਰਹੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਭ ਤੋਂ ਅਹਿਮ ਇਹ ਗੱਲ ਹੈ ਕਿ  ਇਹੋ ਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕਵੀ, ਲੇਖਕ, ਕਹਾਣੀਕਾਰ ਆਦਿ ਬਣਾਉਣਗੇ।

            ਇਨ੍ਹਾਂ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ, ਬਲਵੀਰ ਕੁਮਾਰ, ਡਾ. ਕੇਵਲ ਰਾਮ, ਗ਼ਜ਼ਲਗੋ ਕੁਲਵਿੰਦਰ ਕੁੱਲਾ, ਪ੍ਰੋ. ਉਂਕਾਰ ਸਿੰਘ ਅਤੇ ਪ੍ਰੋ. ਬਲਵਿੰਦਰ ਚਹਿਲ ਨੇ ਨਿਭਾਈ। ਕਵਿਤਾ ਗਾਇਨ ਮੁਕਾਬਲੇ ਵਿਚ ਸਰਕਾਰੀ ਸੀਨੀ. ਸੈਕੰ. ਸਕੂਲ ਭਾਰਟਾ ਕਲਾਂ ਦੇ ਵਿਦਿਆਰਥੀ ਸ਼ਰਨਦੀਪ ਬੰਗਾ ਨੇ ਪਹਿਲਾ, ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂ ਸ਼ਹਿਰ ਦੀ ਵਿਦਿਆਰਥਣ ਦਿਕਸ਼ਾ ਨੇ ਦੂਜਾ ਅਤੇ ਇਸੇ ਸਕੂਲ ਦੀ ਵਿਦਿਆਰਥਣ ਹਰਨੂਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਲੇਖ ਰਚਨਾ ਮੁਕਾਬਲੇ ਵਿਚ ਸਰਕਾਰੀ ਕੰਨਿਆਂ ਸੀਨੀ. ਸੈਕੰ. ਸਕੂਲ ਰਾਹੋਂ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਪਹਿਲਾ, ਸਰਕਾਰੀ ਕੰਨਿਆਂ ਸੀਨੀ. ਸੈਕੰ. ਸਕੂਲ ਹੇੜੀਆਂ ਦੀ ਵਿਦਿਆਰਥਣ ਜਾਨਵੀ ਨੇ ਦੂਜਾ ਅਤੇ ਸਰਕਾਰੀ ਸੀਨੀ. ਸੈਕੰ. ਸਕੂਲ ਕਰਨਾਣਾ ਦੇ ਵਿਦਿਆਰਥੀ ਹਰੀਸ਼ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਮੁਕਾਬਲਿਆਂ ਦੌਰਾਨ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਕ੍ਰਮਵਾਰ 1000/- , 750/-  ਅਤੇ  500/- ਰੁਪਏ ਦਾ ਨਗਦ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

            ਕਹਾਣੀਕਾਰ ਅਜਮੇਰ ਸਿੱਧੂ ਨੇ ਵਿਦਿਆਰਥੀਆਂ ਨੂੰ ਕਹਾਣੀ ਲਿਖਣ ਸੰਬੰਧੀ ਮੁੱਢਲੀਆਂ ਗੱਲਾਂ ਦੱਸੀਆਂ ਅਤੇ ਸਾਹਿਤ ਪੜਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਮੁਕਾਬਲਿਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦਾ ਇਹ ਬਹੁਤ ਸੋਹਣਾ ਉਪਰਾਲਾ ਹੈ ਅਤੇ ਅਜਿਹੇ ਉਪਰਾਲੇ ਕਰਨ ਲਈ ਭਾਸ਼ਾ ਵਿਭਾਗ ਵਧਾਈ ਦਾ ਹੱਕਦਾਰ ਹੈ। ਬਲਵੀਰ ਕੁਮਾਰ, ਡਾ. ਕੇਵਲ ਰਾਮ, ਗ਼ਜ਼ਲਗੋ ਕੁਲਵਿੰਦਰ ਕੁੱਲਾ, ਪ੍ਰੋ. ਉਂਕਾਰ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

            ਸਮਾਗਮ ਦੇ ਅੰਤ ਉੱਤੇ ਧੰਨਵਾਦ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸਿੰਘ ਨੇ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਅਗਲੇ ਸਾਲ ਲਈ ਡੱਟ ਕੇ ਤਿਆਰੀ ਕਰਨ ਲਈ ਕਿਹਾ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਬਲਵਿੰਦਰ ਚਹਿਲ ਨੇ ਬਾਖ਼ੂਬੀ ਨਿਭਾਈ। ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਵਿੱਚ ਪੰਜਾਬੀ ਲਿਟਰੇਰੀ ਸੁਸਾਇਟੀ ਦੇ ਪ੍ਰਧਾਨ ਪ੍ਰੋ. ਸੁਰਿੰਦਰ ਕੌਰ ਜੀ ਯੋਗਦਾਨ ਪਾਇਆ। ਇਸ ਸਮੇਂ ਭਾਸ਼ਾ ਵਿਭਾਗ ਤੋਂ ਅਰਸ਼ਦੀਪ ਸਿੰਘ, ਹਨੀ ਕੁਮਾਰ, ਚਰਨਜੀਤ ਸਿੰਘ ਅਤੇ ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ। 

Fwd: ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਗੰਡੋਇਆ ਦੀ ਖਾਦ ਤਿਆਰ ਕਰਨ ਸਬੰਧੀ ਲਗਾਇਆ ਗਿਆ ਸਿਖਲਾਈ ਕੋਰਸ

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਗੰਡੋਇਆ ਦੀ ਖਾਦ ਤਿਆਰ ਕਰਨ ਸਬੰਧੀ ਲਗਾਇਆ ਗਿਆ ਸਿਖਲਾਈ ਕੋਰਸ

ਨਵਾਂਸ਼ਹਿਰ, 29 ਅਗਸਤ:-    ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਗੰਡੋਇਆ ਦੀ ਖਾਦ ਤਿਆਰ ਕਰਨ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 22 ਸਿਖਿਆਰਥੀਆਂ ਨੇ ਭਾਗ ਲਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਗੰਡੋਏ ਵਾਤਾਵਰਣ ਵਿੱਚ ਮੌਜੂਦ ਜੈਵਿਕ ਮਾਦਾ ਜਿਵੇਂ ਕਿ ਫ਼ਸਲਾਂ ਦੀ ਰਹਿੰਦ-ਖੂਦ ਅਤੇ ਪਸ਼ੂਆਂ ਦਾ ਗੋਹਾ ਨੂੰ ਭੋਜਨ ਦੇ ਤੌਰ ਤੇ ਵਰਤਦੇ ਹਨ ੳਤੇ ਅਪਣੇ ਮਲ ਦੇ ਰੂਪ ਵਿੱਚ ਖ਼ੁਰਾਕੀ ਤੱਤਾਂ ਨਾਲ ਭਰਭੂਰ ਖਾਦ ਬਾਹਰ ਕੱਢਦੇ ਹਨ।ਜਿਥੇ ਗੰਡੋਏ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਸਹਾਇਕ ਹਨ, ਉਥੇ ਗੰਡੋਇਆ ਤੋਂ ਤਿਆਰ ਖਾਦ ਖ਼ੇਤਾਂ ਵਿੱਚ ਵਰਤਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਇਸ ਦੇ ਨਾਲ ਹੀ ਫ਼ਸਲ ਦੀ ਪੈਦਾਵਾਰ ਅਤੇ ਗੁਣਵਤਾ ਵਿੱਚ ਵੀ ਵਾਧਾ ਹੁੰਦਾ ਹੈ।ਉਨ੍ਹਾਂ ਸਿਖਿਆਰਥੀਆਂ ਨੂੰ ਗੰਡੋਇਆ ਦੀ ਖਾਦ ਤਿਆਰ ਕਰਨ ਦੀ ਵਿਧੀ ਨੂੰ ਰੁਜ਼ਗਾਰ ਅਤੇ ਆਮਦਨ ਦੇ ਸਾਧਨ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ।

            ਸਿਖਲਾਈ ਕੋਰਸ ਦੌਰਾਨ ਸਹਾਇਕ ਪ੍ਰੋਫ਼ੈਸਰ ਡਾ. ਜਸਵਿੰਦਰ ਕੁਮਾਰ ਨੇ ਗੰਡੋਇਆ ਤੋਂ ਖਾਦ ਤਿਆਰ ਕਰਨ ਦੀ ਵਿਧੀ ਬਾਰੇ ਦੱਸਿਆ ਕਿ ਸਭ ਤੋਂ ਪਹਿਲਾਂ ਪੱਕਾ ਸੀਮੇਂਟ ਦਾ ਬੈੱਡ, ਜਿਸ ਦਾ ਅਕਾਰ 6 ਫੁੱਟ (ਲੰਬਾਈ)× 3 ਫੁੱਟ (ਚੌੜਾਈ)× 2 ਫੁੱਟ (ਉਚਾਈ) ਬਣਾਓ। ਬੈੱਡ ਦਾ ਫ਼ਰਸ਼ ਵੀ ਪੱਕਾ ਹੋਣਾ ਚਾਹੀਦਾ ਹੈ। ਇਸ ਬੈੱਡ ਹੇਠਾਂ 1 ਫੁੱਟ ਤੱਕ ਫ਼ਸਲਾਂ ਦੀ ਰਹਿੰਦ-ਖੂਦ (ਝੋਨੇ ਦੀ ਪਰਾਲੀ, ਖ਼ਰਾਬ ਮੱਕੀ ਦਾ ਅਚਾਰ) ਨਾਲ ਭਰਨਾ ਚਾਹੀਦਾ ਹੈ, ਇਸ ਨੂੰ ਪਾਣੀ ਛਿੜਕ ਕੇ ਸਲਾਬਾ ਕਰਨਾ ਚਾਹੀਦਾ ਹੈ। ਇਸ ਦੇ ਉਪਰ 1 ਫੁੱਟ ਤੱਕ ਪਸ਼ੂਆਂ ਦਾ ਗੋਹਾ ਪਾਓ, ਗੋਹਾ 5 ਦਿਨ ਪੁਰਾਣਾ ਹੋਵੇ ਕਿਉਕਿ ਤਾਜ਼ੇ ਗੋਹੇ ਦੇ ਉੱਚ ਤਾਪਮਾਨ ਕਰਕੇ ਗੰਡੋਏ ਮਰ ਜਾਂਦੇ ਹਨ।ਇਸ ਤੋਂ ਬਾਅਦ 1 ਕਿਲੋਂ ਗੰਡੋਏ (ਆਈਸੀਨੀਆ ਫਿਉਟਿਡਾ) ਨੂੰ ਬੈੱਡ ਵਿੱਚ ਛੱਡਣਾ ਚਾਹੀਦਾ ਹੈ।ਇਸ ਤੋਂ ਬਾਅਦ ਬੈੱਡ ਨੂੰ ਪਰਾਲੀ ਜਾਂ ਬੋਰੀਆਂ ਨਾਲ ਢੱਕਣਾ ਚਾਹੀਦਾ ਹੈ। ਬੈੱਡ ਅੰਦਰ ਲਗਾਤਾਰ ਨਮੀ ਬਣਾਈ ਰੱਖਣ ਲਈ, ਗਰਮੀਆ ਵਿੱਚ ਪਾਣੀ ਦਾ ਛਿੜਕਾ ਦਿਨ ਵਿੱਚ 2 ਵਾਰ ਕਰਨਾ ਚਾਹੀਦਾ ਹੈ ਅਤੇ ਸਰਦੀਆ ਵਿੱਚ 2-3 ਦਿਨਾਂ ਬਾਅਦ, ਬੈੱਡ ਵਿੱਚ ਹਵਾਖੋਰੀ ਲਈ ਹਫ਼ਤੇ ਬਾਅਦ ਫ਼ਸਲਾਂ ਦੀ ਰਹਿੰਦ-ਖੂਦ ਅਤੇ ਪਸ਼ੂਆਂ ਦਾ ਗੋਹਾ ਨੂੰ ਹਿਲਾ ਦੇਣਾ ਚਾਹੀਦਾ ਹੈ। ਗੰਡੋਇਆਂ ਨੂੰ ਸਿਧੀ ਧੁੱਪ ਜਾਂ ਬਾਰਿਸ਼ ਤੋਂ ਬਚਾਉਣ ਲਈ ਬੈੱਡਾਂ ਦਾ ਉੱਪਰ ਸ਼ੈੱਡ ਬਣਾਉਣਾ ਚਾਹੀਦਾ ਹੈ। ਗੰਡੋਇਆਂ ਤੋਂ ਖਾਦ ਲਗਭਗ 2-2.5 ਮਹੀਨੇ ਵਿੱਚ ਤਿਆਰ ਹੋ ਜਾਂਦੀ  ਹੈ, ਜਿਸ ਨੂੰ ਫ਼ਸਲਾਂ, ਫ਼ਲ ਅਤੇ ਸ਼ਬਜ਼ੀਆਂ ਦੀ ਪੈਦਾਵਾਰ ਲਈ ਵਰਤਿਆ ਜਾ ਸਕਦਾ ਹੈ।ਅੰਤ ਵਿੱਚ ਸਾਰੇ ਸਿਖਿਆਰਥੀਆਂ ਨੇ ਗੰਡੋਇਆ ਖਾਦ ਤਿਆਰ ਕਰਨ ਦੀ ਵਿਧੀ ਨੂੰ ਆਮਦਨ ਦੇ ਸਾਧਨ ਵਜੋਂ ਅਪਣਾਉਣ ਲਈ ਵਿਸ਼ਵਾਸ ਦੁਆਇਆ।