ਟੈਸਟਿੰਗ ਨਾਲ ਹੀ ਕੋਰੋਨਾ ਵਾਇਰਸ ਦੇ ਪ੍ਰਸਾਰ ’ਤੇ ਲੱਗੇਗੀ ਬ੍ਰੇਕ :- ਐੱਸ.ਡੀ.ਐੱਮ. ਜਗਦੀਸ਼ ਸਿੰਘ ਜੌਹਲ

ਨਵਾਂਸ਼ਹਿਰ, 24 ਮਈ 2021 :- ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਿੱਥੇ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਜ਼ਰੂਰੀ ਹੈ, ਉਸਦੇ ਨਾਲ ਕੋਰੋਨਾ ਟੈਸਟਿੰਗ ਵੀ ਬਹੁਤ ਜ਼ਰੂਰੀ ਹੈ। ਇਹ ਜਾਣਕਾਰੀ ਦਿੰਦਿਆਂ ਸਬ ਡਿਵੀਜਨ ਮੈਜਿਸਟ੍ਰੇਟ, ਨਵਾਂਸ਼ਹਿਰ ਸ. ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਡਾ ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹਿਰੀ ਤੇ ਪੇਂਡੂ ਖੇਤਰਾਂ ਨੂੰ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਦੇ ਮੰਤਵ ਨਾਲ ਲੋਕਾਂ ਨੂੰ ਕੋਰੋਨਾ ਟੈਸਟਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਐੱਸ.ਡੀ.ਐਮ ਸ. ਜਗਦੀਸ਼ ਸਿੰਘ ਜੌਹਲ ਨੇ ਅੱਜ ਰਾਹੋਂ-ਜਾਡਲਾ ਟੀ-ਪੁਆਇੰਟ, ਕੰਗਾ ਅਤੇ ਭਾਰਟਾ ਖੁਰਦ ਵਿਖੇ ਕੰਮ ਕਰ ਰਹੀਆਂ ਕੋਵਿਡ ਸੈਂਪਲੰਿਗ ਟੀਮਾਂ ਦੇ ਕੰਮਕਾਜ ਦੀ ਸਮੀਖਿਆ ਦੌਰਾਨ ਆਮ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਕੋਵਿਡ-19 ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਟੈਸਟਿੰਗ ਜ਼ਰੂਰ ਕਰਵਾਓ। ਉਨ੍ਹਾਂ ਕਿਹਾ ਕਿ ਟੈਸਟਿੰਗ ਨਾਲ ਹੀ ਕੋਰੋਨਾ ਵਾਇਰਸ ਦੇ ਪ੍ਰਸਾਰ ਉੱਤੇ ਬ੍ਰੇਕ ਲੱਗ ਸਕਦੀ ਹੈ। ਉਨਾਂ ਅੱਗੇ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਕੋਵਿਡ ਬਿਮਾਰੀ ਦੀ ਦੂਸਰੀ ਲਹਿਰ ਦਾ ਪਿੰਡਾਂ ਵਿਚ ਪ੍ਰਕੋਪ ਵੱਧ ਰਿਹਾ ਹੈ, ਇਸ ਲਈ ਪਿੰਡ ਵਾਸੀਆਂ ਨੂੰ ਹੋਰ ਵਧੇਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ। ਲਾਪਰਵਾਹੀ ਬਿਲਕੁੱਲ ਨਹੀਂ ਵਰਤਣੀ ਚਾਹੀਦੀ ਹੈ ਅਤੇ ਕੋਰੋਨਾ ਬਿਮਾਰੀ ਦੇ ਲੱਛਣ ਜਿਵੇਂ ਬੁਖਾਰ, ਸਰੀਰ ਦਾ ਦਰਦ ਹੋਣਾ, ਸਾਹ ਲੈਣ ਵਿਚ ਤਕਲੀਫ, ਖੰਘ ਤੇ ਜੁਕਾਮ ਆਦਿ ਹੋਵੇ ਤਾਂ ਕੋਰੋਨਾ ਟੈਸਟ ਤੁਰੰਤ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਸਮੇਂ ਸਿਰ ਬਿਮਾਰੀ ਦਾ ਪਤਾ ਲੱਗ ਜਾਣ ਨਾਲ ਜਿੱਥੇ ਬਿਮਾਰੀ ਦਾ ਫੈਲਾਅ ਰੁਕੇਗਾ, ਉਸਦੇ ਨਾਲ ਕੀਮਤੀ ਜਾਨ ਵੀ ਬਚਾਈ ਜਾ ਸਕਦੀ ਹੈ। ਸ. ਜੌਹਲ ਨੇ ਅੱਗੇ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਮਾਸਕ ਲਾਜ਼ਮੀ ਤੌਰ 'ਤੇ ਪਹਿਨਆ ਜਾਵੇ। ਆਪਸੀ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਤਾ ਜਾਵੇ ਅਤੇ ਯੋਗ ਵਿਅਕਤੀ ਵੈਕਸੀਨ ਜ਼ਰੂਰ ਲਗਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਰਲ ਮੈਡੀਕਲ ਅਫਸਰ ਡਾ ਰਣਜੀਤ ਹਰੀਸ਼, ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

ਪੀ.ਐਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਡਾ. ਕਪੂਰ

Ø ਜ਼ਿਲ੍ਹਾ ਪੀ.ਸੀ.ਪੀ.ਐਨ.ਡੀ.ਟੀ. ਸਲਾਹਕਾਰ ਕਮੇਟੀ ਦੀ ਮੀਟਿੰਗ ਆਯੋਜਿਤ
ਨਵਾਂਸ਼ਹਿਰ, 24 ਮਈ 2021:-  ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪੀ.ਸੀ.ਪੀ.ਐਨ.ਡੀ.ਟੀ. ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹੇ ਵਿਚ ਪੀ.ਸੀ.ਪੀ.ਐਨ.ਡੀ.ਟੀ. ਨੂੰ ਸਖਤ ਨਾਲ ਲਾਗੂ ਕਰਨ, ਨਵੀਂ ਐਮ.ਟੀ.ਪੀ. ਰਜਿਸਟ੍ਰੇਸ਼ਨ ਕਰਨ, ਜੇ.ਐਸ.ਐੱਸ.ਕੇ. ਸਕੀਮ ਅਧੀਨ ਇਕ ਨਿੱਜੀ ਹਸਪਤਾਲ ਨੂੰ ਸੂਚੀਬੱਧ ਕਰਨ ਉੱਤੇ ਵਿਚਾਰ-ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਪੀ.ਐਨ.ਡੀ.ਟੀ. ਕੋਆਰਡੀਨੇਟਰ ਡਾ. ਸੁਖਮਨੀ ਕੌਰ ਨੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੂੰ ਮੀਟਿੰਗ ਦੇ ਏਜੰਡੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਪੀ.ਸੀ.ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਇਸ ਐਕਟ ਦੀ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਕੈਨਿੰਗ ਸੈਂਟਰਾਂ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਗੈਰ-ਕਾਨੂੰਨੀ ਗਰਭਪਾਤ ਦੇ ਮਾਮਲਿਆਂ ਨੂੰ ਠੱਲ ਪਾਈ ਜਾ ਸਕੇ। ਡਾ. ਕਪੂਰ ਨੇ ਜ਼ਿਲ੍ਹਾ ਸਹਾਲਕਾਰ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਅੰਦਰ ਲਿੰਗ ਅਨੁਪਾਤ ਦੇ ਪਾੜੇ ਨੂੰ ਘੱਟ ਕਰਨ ਲਈ ਮੁਹਿੰਮ ਛੇੜੀ ਜਾਵੇ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਖਿਲਾਫ ਜਾਗਰੂਕ ਕਰਨ ਲਈ ਢੁੱਕਵੇਂ ਕਦਮ ਉਠਾਏ ਜਾਣ। ਉਨ੍ਹਾਂ ਦੱਸਿਆ ਕਿ ਪੀ.ਸੀ.ਪੀ.ਐੱਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ ਹੈ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ ਨੇ ਦੱਸਿਆ ਕਿ ਸਿਹਤ ਵਿਭਾਗ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਲਈ ਪੂਰੀ ਤਰ੍ਹਾਂ ਗੰੰਭੀਰ ਹੈ ਜਿਸ ਲਈ ਜ਼ਿਲ੍ਹੇ ਵਿਚ ਪੀ.ਸੀ. ਐਂਡ ਪੀ.ਐਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਲਿੰਗ ਨਿਧਾਰਣ ਟੈਸਟ ਕਰਨ ਵਾਲੇ ਕੇਂਦਰਾਂ ਵਿਰੁੱਧ ਕਾਰਵਾਈ ਕਰਨ ਲਈ ਪੀ.ਸੀ. ਐਂਡ ਪੀ.ਐਨ.ਡੀ.ਟੀ. ਐਕਟ ਦਰਜ ਹੋਣ 'ਤੇ ਫਰਜ਼ੀ ਮਰੀਜ਼ ਨੂੰ 1 ਲੱਖ ਰੁਪਏ ਤੇ ਸੂਚਨਾ ਦੇਣ ਵਾਲੇ ਨੂੰ 50,000 ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੋਇਆ ਹੈ, ਜਿਸ ਉਪਰੰਤ ਸਕੈਨਿੰਗ ਕੇਂਦਰਾਂ ਦੀ ਕਾਰਗੁਜ਼ਾਰੀ ਵਿਚ ਕਾਫੀ ਹੱਦ ਤੱਕ ਸੁਧਾਰ ਹੋਇਆ ਹੈ ਪਰ ਅਜੇ ਸਖਤੀ ਕਾਰਵਾਈ ਕਰਨ ਦੀ ਲੋੜ ਹੈ।

ਮਿਸ਼ਨਫਤਿਹ 2.0ਤਹਿਤ 6.3ਲੱਖ ਪਰਿਵਾਰਾਂ ਦਾ ਕੀਤਾ ਸਰਵੇਖਣ- ਸੋਨੀ

                            -ਘਰੇਲੂ ਇਕਾਂਤਵਾਸ ਵਾਲੇ ਸਾਰੇ ਮਰੀਜ਼ਾਂ ਨੂੰ ਦਿੱਤੀਆਂ ਕਰੋਨਾ ਫਤਿਹ ਕਿੱਟਾਂ

ਅੰਮਿ੍ਤਸਰ, 23 ਮਈ:---ਪੰਜਾਬ ਸਰਕਾਰ ਵਲੋਂ ਮਿਸ਼ਨ ਫਤਹਿ-2.0 ਤਹਿਤ ਪਿੰਡਾਂ ਨੂੰ ਕੋਰੋਨਾ ਮੁਕਤ ਬਣਾਉਣ ਸਬੰਧੀ ਚਲਾਈ ਮੁਹਿੰਮ ਵਿੱਚ ਆਸ਼ਾ (ਮਾਨਤਾ ਪ੍ਰਾਪਤ ਸੋਸ਼ਲ ਹੈਲਥ ਐਕਟੀਵਿਸਟ) ਵਰਕਰਾਂ ਰਾਹੀਂ 6.3 ਲੱਖ ਪਰਿਵਾਰਾਂ  ਦਾ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ 17.7 ਲੋਕਾਂ ਨੂੰ  ਕਵਰ ਕੀਤਾ ਗਿਆ । ਉਕਤ ਸਬਦਾਂ ਦਾ ਪ੍ਰਗਟਾਵਾ ਬਾਬਾ ਜੀਵਨ ਸਿੰਘ ਧਰਮਸ਼ਾਲਾ ਕਮੇਟੀ ਨੂੰ 2 ਲੱਖ ਅਤੇ ਸਾਈਂ ਧਰਮਸ਼ਾਲਾ ਕਮੇਟੀ ਗੁਰਬਖਸ਼ ਨਗਰ ਨੂੰ ਇਕ ਲੱਖ ਰੁਪਏ ਦਾ ਚੈਕ ਭੇਟ ਕਰਨ ਮੌਕੇ ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਕੀਤਾ। ਇਸ ਮੌਕੇ ਕਾਂਗਰਸੀ ਨੇਤਾ ਸਰਬਜੀਤ ਸਿੰਘ ਲਾਟੀ ਨੇ ਸ੍ਰੀ ਸੋਨੀ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਵਿਕਾਸ ਸੋਨੀ, ਸ੍ਰੀ ਪਰਮਜੀਤ ਸਿੰਘ ਚੋਪੜਾ ਸੁਰਿੰਦਰ ਸਿੰਘ ਸਿੰਦਾ ਵੀ ਹਾਜ਼ਰ ਸਨ। ਸ੍ਰੀ ਸੋਨੀ ਨੇ ਦੱਸਿਆ ਕਿ ਇਨਾਂ ਵਿਅਕਤੀਆਂ ਵਿੱਚੋਂ 631 ਕੋਵਿਡ -19 ਪਾਜ਼ੇਟਿਵ ਪਾਏ ਗਏ ਹਨ, ਜਿੰਨਾ ਨੂੰ ਮਿਸ਼ਨ ਫਤਿਹ ਤਹਿਤ ਦਵਾਈਆਂ ਦੀਆਂ ਕਿੱਟਾਂ ਦਿੱਤੀਆਂ ਗਈਆਂ। ਉਨਾਂ ਦੱਸਿਆ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਪਾਜ਼ੇਟਿਵਿਟੀ ਦਰ ਵਿੱਚ ਹੈਰਾਨੀਜਨਕ ਵਾਧਾ ਦਰਜ ਕੀਤਾ ਗਿਆ ਹੈ, ਇਸ ਕਰਕੇ ਪੰਜਾਬ ਸਰਕਾਰ ਨੇ ਮਿਸ਼ਨ ਫਤਹਿ 2.0 (ਕੋਰੋਨਾ ਮੁਕਤ ਪਿੰਡ ਅਭਿਆਨ) ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਯਕੀਨੀ ਤੌਰ 'ਤੇ ਪਿੰਡਾਂ ਨੂੰ ਕੋਵਿਡ ਮੁਕਤ ਬਣਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਸਮੂਹ ਕਮਿਊਨਿਟੀ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਤੁਰੰਤ ਬਲਾਕ ਪੱਧਰ ਅਤੇ ਰਾਜ ਹੈੱਡਕੁਆਰਟਰ ਵਿਖੇ ਸਬੰਧਤ ਸੀਨੀਅਰ ਮੈਡੀਕਲ ਅਫਸਰ ਨੂੰ ਕੋਵਿਡ-19 ਗਰਭਵਤੀ ਔਰਤਾਂ ਦੇ ਕੇਸਾਂ ਦੀ ਰਿਪੋਰਟ ਪੇਸ਼ ਕਰਨ। ਮੰਤਰੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਗਰਭਵਤੀ ਔਰਤਾਂ ਦੇ ਪਰਿਵਾਰਕ ਮੈਂਬਰ ਦੇ ਪਾਜ਼ੇਟਿਵ ਹੋਣ ਸਬੰਧੀ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉੱਚ ਜੋਖਮ ਵਾਲੇ ਸਮੂਹਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਹਾਈਪਰਟੈਨਸ਼ਨ ਅਤੇ ਸ਼ੂਗਰ ਦੇ ਮਰੀਜ਼ ਸ਼ਾਮਲ ਹਨ।     ਮਿਸ਼ਨ ਫਤਹਿ-2.0 ਬਾਰੇ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਆਸ਼ਾ ਵਰਕਰਾਂ ਵਲੋਂ ਹਰੇਕ ਪਿੰਡ ਵਿੱਚ ਘਰ ਘਰ ਜਾ ਕੇ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਤਕਲੀਫ ਵਰਗੇ ਕੋਵਿਡ ਦੇ ਲੱਛਣਾਂ ਦੀ ਜਾਂਚ ਸਬੰਧੀ ਸਰਵੇਖਣ ਕੀਤਾ ਜਾ ਰਿਹਾ ਹੈ। ਆਸ਼ਾ ਵਰਕਰਾਂ ਵਲੋਂ ਸ਼ੱਕੀ ਵਿਅਕਤੀ ਦੀ ਜਾਣਕਾਰੀ ਤੁਰੰਤ ਸੀ.ਐਚ.ਓ ਅਤੇ ਐਸ.ਐਮ.ਓ. ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਸ਼ੱਕੀ ਵਿਅਕਤੀ ਦਾ ਤੁਰੰਤ ਕੋਵਿਡ ਟੈਸਟ ਕੀਤਾ ਜਾ ਸਕੇ ਅਤੇ ਮਰੀਜ਼ ਨੂੰ ਪ੍ਰੋਟੋਕੋਲ ਅਨੁਸਾਰ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਸਾਰੇ ਪ੍ਰਾਇਮਰੀ ਹੈਲਥ ਸੈਂਟਰ (ਪੀ.ਐੱਚ.ਸੀ.), ਤੰਦਰੁਸਤ ਪੰਜਾਬ ਸਿਹਤ ਕੇਂਦਰ (ਐਚ.ਡਬਲਯੂ.ਸੀ.) ਅਤੇ ਸਬ-ਸੈਂਟਰਾਂ ਨੂੰ ਇਸ ਸਰਵੇਖਣ ਲਈ ਜਰੂਰੀ ਵਸਤਾਂ ਜਿਵੇਂ ਰੈਪਿਡ ਐਂਟੀਜੇਨ ਕਿੱਟਾਂ, ਮਿਸ਼ਨ ਫਤਿਹ ਕਿੱਟਾਂ, ਜਰੂਰੀ ਦਵਾਈਆਂ, ਪੀਪੀਈ ਕਿੱਟਾਂ, ਪਲਸ ਆਕਸੀਮੀਟਰ, ਡਿਜੀਟਲ ਥਰਮੋਮੀਟਰ, ਸੈਨੀਟਾਈਜ਼ਰ, ਮਾਸਕ ਆਦਿ ਉਪਲਬਧ ਕਰਵਾਈਆਂ ਗਈਆਂ  ਹਨ । ਉਨਾਂ ਕਿਹਾ ਕਿ ਕਰੋਨਾ ਵਾਇਰਸ ਦੀ ਲੜੀ ਤੋੜਨ ਲਈ ਇਹ ਸਰਵੇਖਣ 15 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ।

ਕੋਰੋਨਾ ਮਹਾਮਾਰੀ ਦੌਰਾਨ ਵੀ ਨਿਰਵਿਘਨ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਸੇਵਾ ਕੇਂਦਰ

ਜ਼ਿਲੇ ਵਿਚ ਕੋਰੋਨਾ ਕਾਲ ਦੌਰਾਨ ਸੇਵਾ ਕੇਂਦਰਾਂ ਤੋਂ 91246 ਲੋਕਾਂ ਨੇ ਪ੍ਰਾਪਤ ਕੀਤੀਆਂ ਸੇਵਾਵਾਂ
ਨਵਾਂਸ਼ਹਿਰ, 23 ਮਈ :- ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਸੇਵਾ ਕੇਂਦਰਾਂ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਵੀ ਨਾਗਰਿਕਾਂ ਨੂੰ ਬਿਹਤਰ ਤੇ ਸੁਰੱਖਿਅਤ ਵਾਤਾਵਰਨ ਵਿਚ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਵਿਚ ਚੱਲ ਰਹੇ ਸੇਵਾ ਕੇਂਦਰਾਂ ਨੇ ਕੋਰੋਨਾ ਕਾਲ ਦੌਰਾਨ ਇਕ ਸਾਲ ਦੇ ਸਮੇਂ ਵਿਚ 91246 ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਨਾਂ ਦੱਸਿਆ ਕਿ 21 ਮਈ 2020 ਤੋਂ 20 ਮਈ 2021 ਦੇ ਸਮੇਂ ਦੌਰਾਨ ਸੇਵਾ ਕੇਂਦਰਾਂ ਵਿਚ ਵੱਖ-ਵੱਖ ਸੇਵਾਵਾਂ ਹਾਸਲ ਕਰਨ ਲਈ 93326 ਅਰਜ਼ੀਆਂ ਆਈਆਂ, ਜਿਨਾਂ ਵਿਚੋਂ 91246 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ ਵਿਚਾਰ ਅਧੀਨ ਹਨ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਇਸ ਵੇਲੇ 17 ਸੇਵਾ ਕੇਂਦਰਾਂ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਨਾਂ ਵਿਚ ਇਕ ਟਾਈਪ-1, ਚਾਰ ਟਾਈਪ-2 ਅਤੇ 12 ਟਾਈਪ-3 ਸੇਵਾ ਕੇਂਦਰ ਸ਼ਾਮਲ ਹਨ। ਉਨਾਂ ਦੱਸਿਆ ਕਿ ਕੋਰੋਨਾ ਕਾਲ ਵਿਚ ਵੀ ਲੋਕਾਂ ਦੀ ਸੁਵਿਧਾ ਨੂੰ ਮੁੱਖ ਰੱਖਦਿਆਂ ਸੇਵਾ ਕੇਂਦਰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨਾਂ ਕਿਹਾ ਕਿ ਕੋਵਿਡ ਕਾਰਨ ਹੁਣ ਸੇਵਾ ਕੇਂਦਰਾਂ ਦੇ ਸਟਾਫ ਅਤੇ ਕੰਮਕਾਜ ਲਈ ਆਉਣ ਵਾਲੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸੇਵਾ ਕੇਂਦਰਾਂ ਵਿਚ ਕੀਤੀ ਜਾਂਦੀ ਫੀਸ ਦੀ ਅਦਾਇਗੀ ਵੀ ਡਿਜੀਟਲ ਮੋਡ ਅਤੇ ਪੀ. ਓ. ਐਸ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ। 
ਉਨਾਂ ਕਿਹਾ ਕਿ ਸੇਵਾ ਕੇਂਦਰਾਂ ਵਿਚੋਂ ਕੋਈ ਵੀ ਸੇਵਾ ਲੈਣ ਲਈ ਹੁਣ ਅਗੇਤੀ ਪ੍ਰਵਾਨਗੀ ਲੈਣੀ ਲਾਜ਼ਮੀ ਕੀਤੀ ਗਈ ਹੈ ਅਤੇ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਬਿਨੈਕਾਰ ਨੂੰ ਸੇਵਾ ਪ੍ਰਦਾਨ ਨਹੀਂ ਕੀਤੀ ਜਾ ਰਹੀ। ਉਨਾਂ ਦੱਸਿਆ ਕਿ ਅਗੇਤੀ ਪ੍ਰਵਾਨਗੀ ਮੋਬਾਈਲ ਐਪ 'ਐਮ-ਸੇਵਾ', 'ਕੋਵਾ', ਸੇਵਾ ਕੇਂਦਰਾਂ ਦੀ ਵੈੱਬਸਾਈਟ ਜਾਂ ਮੋਬਾਈਲ ਨੰਬਰ 8968593812 ਅਤੇ 8968593813 ਉੱਤੇ ਸੰਪਰਕ ਕਰਕੇ ਲਈ ਜਾ ਸਕਦੀ ਹੈ। ਉਨਾਂ ਕਿਹਾ ਕਿ ਸੇਵਾ ਕੇਂਦਰਾਂ ਅੰਦਰ ਸਟਾਫ ਅਤੇ ਨਾਗਰਿਕਾਂ ਲਈ ਮਾਸਕ ਪਾਉਣਾ ਅਤਿ ਲਾਜ਼ਮੀ ਹੈ ਅਤੇ ਸੇਵਾ ਕੇਂਦਰਾਂ ਦੇ ਅੰਦਰ ਸੇਵਾ ਕਾਊਂਟਰਾਂ ਦੀ ਗਿਣਤੀ ਅਨੁਸਾਰ ਹੀ ਪ੍ਰਾਰਥੀ ਜਾ ਸਕਦੇ ਹਨ। ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਵੱਲੋਂ ਸਪੀਡ ਪੋਸਟ ਅਤੇ ਕੋਰੀਅਰ ਸੇਵਾ ਰਾਹੀਂ ਨਾਗਰਿਕਾਂ ਨੂੰ ਉਨਾਂ ਦੇ ਦਸਤਾਵੇਜ ਘਰ ਬੈਠਿਆਂ ਹੀ ਪਹੰੁਚਾਉਣ ਦਾ ਉਪਰਾਲਾ ਵੀ ਕੀਤਾ ਗਿਆ ਹੈ। 
ਫੋਟੋ : -ਸੇਵਾ ਕੇਂਦਰ।

ਪਟਿਆਲਾ ਜ਼ਿਲ੍ਹੇ ਦੇ ਤਿੰਨ ਸਰਕਾਰੀ ਸਕੂਲ ਪੰਜਾਬ ਦੇ ਸਭ ਤੋਂ ਵੱਧ ਵਿਦਿਆਰਥੀਆਂ ਵਾਲੇ 10 ਸਕੂਲਾਂ 'ਚ ਹੋਏ ਸ਼ਾਮਲ

ਸਿਵਲ ਲਾਈਨਜ਼ ਸਕੂਲ ਰਾਜ ਭਰ 'ਚੋਂ ਦੂਸਰੇ ਸਥਾਨ 'ਤੇ
ਜ਼ਿਲ੍ਹੇ ਦੇ 22 ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵਧੀ
ਪਟਿਆਲਾ 23 ਮਈ: - ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਰਾਜ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ 180 ਸਰਕਾਰੀ ਸਕੂਲਾਂ 'ਚ 22 ਸਕੂਲ ਪਟਿਆਲਾ ਜ਼ਿਲ੍ਹੇ ਦੇ ਸ਼ਾਮਲ ਹਨ। ਇਸ ਤੋਂ ਇਲਾਵਾ ਰਾਜ ਦੇ ਸਭ ਤੋਂ ਵੱਧ ਗਿਣਤੀ ਵਾਲੇ ਸਿਖਰਲੇ ਦਸ ਸਕੂਲਾਂ 'ਚ ਤਿੰਨ ਸਕੂਲ ਪਟਿਆਲਾ ਜ਼ਿਲ੍ਹੇ ਦੇ ਹਨ, ਜਿਨ੍ਹਾਂ 'ਚ ਸਰਕਾਰੀ ਮਾਡਲ ਸਕੂਲ ਸਿਵਲ ਲਾਈਨਜ਼ (5146 ਵਿਦਿਆਰਥੀ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ (3853 ਵਿਦਿਆਰਥੀ) ਤੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ (3674 ਵਿਦਿਆਰਥੀ) ਸ਼ਾਮਲ ਹਨ। ਸਿਵਲ ਲਾਈਨਜ਼ ਸਕੂਲ ਪੰਜਾਬ ਭਰ 'ਚੋਂ ਦੂਸਰੇ ਸਥਾਨ 'ਤੇ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ. ਲੁਧਿਆਣਾ 5236 ਵਿਦਿਆਰਥੀਆਂ ਨਾਲ ਰਾਜ ਭਰ 'ਚੋਂ ਪਹਿਲੇ ਸਥਾਨ 'ਤੇ ਹੈ। ਰਾਜ ਭਰ 'ਚੋਂ ਉਪਰੋਕਤ ਦੋਨੋਂ ਸਕੂਲਾਂ 'ਚ ਹੀ ਵਿਦਿਆਰਥੀਆਂ ਦੀ ਗਿਣਤੀ ਪੰਜ ਹਜ਼ਾਰ ਤੋਂ ਵਧੇਰੇ ਹੈ। ਸਿਵਲ ਲਾਈਨਜ਼ ਸਕੂਲ 'ਚ ਇਸ ਵਾਰ 1083, ਫੀਲਖਾਨਾ 'ਚ 1321 ਤੇ ਮਲਟੀਪਰਪਜ਼ ਸਕੂਲ 'ਚ 920 ਵਿਦਿਆਰਥੀ ਵਧੇ ਹਨ।   ਉਪਰੋਕਤ ਤੋਂ ਇਲਾਵਾ ਜ਼ਿਲ੍ਹੇ ਦੇ ਜਿਨ੍ਹਾਂ ਸਰਕਾਰੀ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵਧੀ ਹੈ, ਉਨ੍ਹਾਂ ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ 2341,ਐਨ.ਟੀ.ਸੀ. ਰਾਜਪੁਰਾ 2274, ਭਾਈ ਕਾਹਨ ਸਿੰਘ ਨਾਭਾ ਸੈਕੰਡਰੀ ਸਕੂਲ ਨਾਭਾ 1922, ਸੈਕੰਡਰੀ ਸਕੂਲ ਤ੍ਰਿਪੜੀ 1649, ਸੈਕੰਡਰੀ ਸਕੂਲ ਐਨ.ਪੀ.ਐਚ. ਪਟਿਆਲਾ 1643, ਸੈਕੰਡਰੀ ਸਕੂਲ ਓ.ਪੀ.ਐਲ. ਪਟਿਆਲਾ 1470, ਸੈਕੰਡਰੀ ਸਕੂਲ ਰਾਜਪੁਰਾ ਟਾਊਨ 1388, ਸੈਕੰਡਰੀ ਸਕੂਲ ਪਾਤੜਾਂ 1308, ਸੀਨੀਅਰ ਸੈਕੰਡਰੀ ਸਕੂਲ ਭਾਦਸੋਂ 1306, ਸੈਕੰਡਰੀ ਸਕੂਲ ਬਹਾਦਰਗੜ੍ਹ 1289, ਸੈਕੰਡਰੀ ਸਕੂਲ ਮਹਿੰਦਰਗੰਜ (ਰਾਜਪੁਰਾ) 1238, ਮਾਡਲ ਹਾਈ ਸਕੂਲ ਨਾਭਾ 1236, ਸੈਕੰਡਰੀ ਸਕੂਲ ਘਨੌਰ 1199, ਸੈਕੰਡਰੀ ਸਕੂਲ ਦੇਵੀਗੜ੍ਹ 1165, ਸੈਕੰਡਰੀ ਸਕੂਲ ਘੱਗਾ 1157, ਸੈਕੰਡਰੀ ਸਕੂਲ ਸਨੌਰ (ਲੜਕੇ) 1095, ਸੈਕੰਡਰੀ ਸਕੂਲ ਕਰਮਗੜ੍ਹ (ਸ਼ੁਤਰਾਣਾ) 1087, ਸੈਕੰਡਰੀ ਸਕੂਲ ਸਨੌਰ (ਲੜਕੀਆਂ) 1025 ਤੇ ਸੈਕੰਡਰੀ ਸਕੂਲ ਡਕਾਲਾ 1005 ਸ਼ਾਮਲ ਹਨ।
  ਪ੍ਰਿੰ. ਵਰਿੰਦਰਜੀਤ ਬਾਤਿਸ਼ ਸਿਵਲ ਲਾਈਨਜ਼ ਸਕੂਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਆਧੁਨਿਕ ਸਹੂਲਤਾਂ ਤੇ ਗੁਣਵੱਤਾ ਵਾਲੀ ਸਿੱਖਿਆ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪ੍ਰਿੰ. ਰਜਨੀਸ਼ ਗੁਪਤਾ ਫੀਲਖਾਨਾ ਸਕੂਲ ਦਾ ਕਹਿਣਾ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਪ੍ਰਣਾਲੀ 'ਚ ਲਿਆਂਦੀ ਗੁਣਵੱਤਾ ਨੇ ਹਰੇਕ ਨੂੰ ਪ੍ਰਭਾਵਿਤ ਕੀਤਾ ਹੈ।
  ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਮਲਟੀਪਰਪਜ਼ ਸਕੂਲ ਦਾ ਕਹਿਣਾ ਹੈ ਕਿ ਰਾਜ ਸਰਕਾਰ ਦੀ ਸਰਪ੍ਰਸਤੀ 'ਚ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਵੱਡਾ ਵਾਧਾ ਹੋਇਆ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਖਵਿੰਦਰ ਖੋਸਲਾ ਨੇ ਜ਼ਿਲ੍ਹੇ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਰਾਜ ਪੱਧਰ 'ਤੇ ਮਾਣ ਵਧਾਉਣ 'ਤੇ ਵਧਾਈ ਦਿੱਤੀ ਹੈ।

ਮਜਦੂਰ ਮਾਰੂ ਨੀਤੀਆਂ ਦੇ ਵਿਰੋਧ ਵਿਚ ਇਫਟੂ ਫੂਕੇਗੀ ਮੋਦੀ ਸਰਕਾਰ ਦਾ ਪੁਤਲਾ

ਨਵਾਂਸ਼ਹਿਰ 22 ਮਈ :- ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵਲੋਂ 26 ਮਈ ਨੂੰ ਨਵਾਂਸ਼ਹਿਰ ਵਿਖੇ ਮਜਦੂਰ ਮਾਰੂ ਨੀਤੀਆਂ ਦੇ ਵਿਰੋਧ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।ਅੱਜ ਇੱਥੇ ਜਾਣਕਾਰੀ ਦਿੰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸਕੱਤਰ ਅਵਤਾਰ ਸਿੰਘ ਤਾਰੀ ਅਤੇ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਵਿਚ ਸੋਧਾਂ ਦੇ ਨਾਂਅ ਉੱਤੇ ਅਜਿਹੇ ਕਾਨੂੰਨ ਲਿਆਂਦੇ ਹਨ ਜੋ ਕਿਰਤੀਆਂ ਲਈ ਬੇਹੱਦ ਘਾਤਕ ਹਨ ।ਸਰਕਾਰ ਨੇ 8 ਘੰਟੇ ਦੀ ਦਿਹਾੜੀ ਨੂੰ 12 ਘੰਟੇ ਕਰਕੇ ਕਿਰਤੀਆਂ ਦੀ ਉਸ ਕੌਮਾਂਤਰੀ ਪੱਧਰ ਦੀ ਪ੍ਰਾਪਤੀ ਉੱਤੇ ਹਮਲਾ ਬੋਲਿਆ ਹੈ ਜੋ ਦੁਨੀਆਂ ਭਰ ਦੇ ਕਿਰਤੀਆਂ ਨੇ ਕਈ ਦਹਾਕੇ ਸੰਘਰਸ਼ ਕਰਕੇ ਹਾਸਲ ਕੀਤੀ ਸੀ।ਇਸਤੋਂ ਇਲਾਵਾ ਸਰਕਾਰ ਨੇ ਮਜਦੂਰ ਅਧਿਕਾਰਾਂ ਦੀ ਸੰਘੀ ਘੁੱਟਕੇ ਦੇਸੀ ਵਿਦੇਸ਼ੀ ਪੂੰਜੀਪਤੀਆਂ ਨੂੰ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਕਿਰਤੀਆਂ ਦੀਆਂ ਜਥੇਬੰਦਕ ਅਤੇ ਕਾਨੂੰਨੀ ਸ਼ਕਤੀਆਂ ਬੇਅਸਰ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਕਰੋਨਾ ਬਿਮਾਰੀ ਨਾਲ ਘੱਟ ਪਰ ਨਾਗਰਿਕਾਂ ਵਿਰੁੱਧ ਵੱਧ ਲੜਾਈ ਲੜ ਰਹੀ ਹੈ।ਮੌਜੂਦਾ ਸਮੇਂ ਵਿਚ ਇਹਨਾਂ ਸਰਕਾਰਾਂ ਦੇ ਸਿਹਤ ਪ੍ਰਬੰਧਾ ਦੀ ਪੋਲ ਖੁੱਲ੍ਹ ਗਈ ਹੈ ਜੋ ਇਕ ਸਾਲ ਵਿਚ ਲੋਕਾਂ ਲਈ ਨਾ ਹੀ ਲੋੜੀਂਦੀ ਆਕਸੀਜਨ ਦਾ ਪ੍ਰਬੰਧ ਕਰ ਸਕੀਆਂ ਹਨ ਨਾ ਹੀ ਵੈਂਟੀਲੇਟਰ, ਬਿਸਤਰਿਆਂ ਅਤੇ ਦਵਾਈਆਂ ਦਾ।ਪਾਬੰਦੀਆਂ ਦਾ ਸਭਤੋਂ ਵੱਧ ਮਾਰੂ ਅਸਰ ਕਿਰਤੀਆਂ ਉੱਤੇ ਹੋਇਆ ਹੈ।ਲੰਮਾ ਲੌਕਡਾਉਨ ਲੱਗਣ ਦੇ ਡਰੋਂ ਪ੍ਰਵਾਸੀ ਮਜਦੂਰ ਆਪਣੇ ਸੂਬਿਆਂ ਨੂੰ ਹਿਜਰਤ ਕਰ ਰਹੇ ਹਨ।ਸਰਕਾਰ ਸੰਕਟ ਦੀ ਘੜੀ ਦੀ ਦੁਹਾਈ ਦੇਕੇ ਲੋਕਾਂ ਨੂੰ ਪਾਬੰਦੀਆਂ ਦੀ ਪਾਲਣਾ ਕਰਨ ਲਈ ਹੁਕਮ ਚਾਹੜ੍ਹ ਰਹੀ ਹੈ ਪਰ ਲੋੜਵੰਦਾਂ ਦੀ ਧੇਲੇ ਦੀ ਵੀ ਮੱਦਦ ਨਹੀਂ ਕਰ ਰਹੀ। ਨਿੱਜੀ ਹਸਪਤਾਲ ਇਲਾਜ ਦੇ ਨਾਂਅ ਹੇਠ ਮਰੀਜ਼ਾਂ ਦੀ ਲੁੱਟ ਕਰ ਰਹੇ ਹਨ ।ਨਿੱਤ ਵਰਤੋਂ ਦੀਆਂ ਚੀਜਾਂ ਅਤੇ ਦਵਾਈਆਂ ਦੀ ਕੀਮਤਾਂ ਉੱਤੇ ਸਰਕਾਰ ਦਾ ਕੋਈ ਕੰਟਰੋਲ ਹੀ ਨਹੀਂ ਹੈ।ਬਲੈਕ ਮਾਰਕੀਟੀਏ ਖੂਬ ਹੱਥ ਰੰਗ ਰਹੇ ਹਨ ਪਰ ਰੇਹੜੀਆਂ ਫੜੀਆਂ ਵਾਲੇ ਸਰਕਾਰੀ ਹੁਕਮਾਂ ਦਾ ਨਿਸ਼ਾਨਾ ਬਣ ਰਹੇ ਹਨ।ਉਹਨਾਂ ਮੰਗ ਕੀਤੀ ਕਿ ਮੋਦੀ ਸਰਕਾਰ ਨਵੇਂ ਕਿਰਤ ਕਾਨੂੰਨਾਂ ਨੂੰ ਰੱਦ ਕਰੇ ਜੋ ਪੂੰਜਪਤੀਆਂ ਨੂੰ ਕਿਰਤੀਆਂ ਦੀ ਲੁੱਟ ਕਰਨ ਦੀ ਖੁੱਲ੍ਹ ਦਿੰਦੇ ਹਨ।
ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਇਫਟੂ ਦੇ ਸੂਬਾ ਆਗੂ।

ਕਿਰਤੀ ਕਿਸਾਨ ਯੂਨੀਅਨ ਵਲੋਂ 26,27 ਮਈ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ

ਨਵਾਂਸ਼ਹਿਰ 22 ਮਈ :- ਕਿਰਤੀ ਕਿਸਾਨ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐਮ.ਐਸ. ਪੀ ਦੀ ਕਾਨੂੰਨੀ ਗਰੰਟੀ ਦੇਣ ਦੀ ਮੰਗ ਨੂੰ ਲੈਕੇ 26 ਅਤੇ 27 ਮਈ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ।ਇਹ ਫੈਸਲਾ ਅੱਜ ਇੱਥੇ ਸੁਰਿੰਦਰ ਸਿੰਘ ਮਹਿਰਮਪੁਰ ਦੀ ਪ੍ਰਧਾਨਗੀ ਹੇਠ ਯੂਨੀਅਨ ਦੀ ਜਿਲਾ ਕਮੇਟੀ ਦੀ ਹੋਈ ਮੀਟਿੰਗ ਵਿਚ ਕੀਤਾ ਗਿਆ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ  ਭੁਪਿੰਦਰ ਸਿੰਘ ਵੜੈਚ ਅਤੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਨੇ ਸੂਬੇ ਭਰ ਵਿਚ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ 26 ਮਈ ਨੂੰ ਨਵਾਂਸ਼ਹਿਰ ਇਲਾਕੇ ਵਿਚ ,27 ਮਈ ਨੂੰ ਬੰਗਾ ਅਤੇ ਔੜ ਇਲਾਕਿਆਂ ਵਿਚ ਟਰੈਕਟਰ ਮਾਰਚ ਕੱਢੇ ਜਾਣਗੇ।ਇਹਨਾਂ ਦੀ ਤਿਆਰੀ ਲਈ ਇਲਾਕਾ ਕਮੇਟੀਆਂ ਅਤੇ ਪਿੰਡਾਂ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਕਰਵਾਈਆਂ ਜਾਣਗੀਆਂ।ਇਹਨਾਂ ਟਰੈਕਟਰ ਮਾਰਚਾਂ ਵਿਚ ਟਰੈਕਟਰਾਂ ਅਤੇ ਕਿਸਾਨਾਂ ਦੀ ਜੋਰਦਾਰ ਸ਼ਮੂਲੀਅਤ ਕਰਵਾਈ ਜਾਵੇਗੀ ਤਾਂ ਕਿ ਮਚਲੀ ਮੋਦੀ ਸਰਕਾਰ ਨੂੰ ਹਲੂਣਾ ਦਿੱਤਾ ਜਾ ਸਕੇ।ਉਹਨਾਂ ਕਿਹਾ ਕਿ ਕਿਸਾਨਾਂ ਦਾ ਜੋਸ਼ ਮੱਠਾ ਨਹੀਂ ਪਿਆ ਅਤੇ ਉਹਨਾਂ ਦਾ ਜਜ਼ਬਾ ਠਾਠਾਂ ਮਾਰ ਰਿਹਾ ਹੈ।ਕਿਸਾਨ ਮੋਦੀ ਸਰਕਾਰ ਦੀ ਇਸ ਮੋਰਚੇ ਨੂੰ ਫੇਹਲ ਕਰਨ ਦੀ ਹਰ ਸਾਜਿਸ਼ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ।ਸੰਯੁਕਤ ਕਿਸਾਨ ਮੋਰਚਾ ਨੇ ਪਹਿਲੇ ਦਿਨ ਤੋਂ ਹੀ ਲੰਮਾ ਦੰਮ ਰੱਖਕੇ ਇਸ ਘੋਲ ਨੂੰ ਅਰੰਭਿਆ ਸੀ।ਉਹਨਾਂ ਜਿਲਾ ਆਗੂਆਂ ਨੂੰ ਕਿਹਾ ਕਿ ਉਹ ਟਰੈਕਟਰ ਮਾਰਚ ਦੀ ਸਫਲਤਾ ਲਈ ਦਿਨ ਰਾਤ ਇਕ ਕਰ ਦੇਣ।
ਇਸ ਮੀਟਿੰਗ ਵਿਚ ਅਵਤਾਰ ਸਿੰਘ ਕੱਟ, ਮੱਖਣ ਸਿੰਘ ਭਾਨ ਮਜਾਰਾ, ਬੂਟਾ ਸਿੰਘ ਮਹਿਮੂਦ ਪੁਰ,ਪਰਮਜੀਤ ਸਿੰਘ ਸ਼ਹਾਬਪੁਰ, ਰਘਵੀਰ ਸਿੰਘ ਉਸਮਾਨ ਪੁਰ ਆਗੂ ਸ਼ਾਮਲ ਸਨ।
ਕੈਪਸ਼ਨ: ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿਚ ਸ਼ਾਮਲ ਭੁਪਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਬੈਂਸ ਅਤੇ ਹੋਰ ਆਗੂ।

ਵਿਧਾਇਕ ਅੰਗਦ ਸਿੰਘ ਨੇ ਸੰਭਾਵੀ ਹੜਾਂ ਦੀ ਰੋਕਥਾਮ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਨਵਾਂਸ਼ਹਿਰ, 22 ਮਈ :-ਅਗਾਮੀ ਬਰਸਾਤੀ ਮੌਸਮ ਦੇ ਮੱਦੇਨਜ਼ਰ ਵਿਧਾਇਕ ਅੰਗਦ ਸਿੰਘ ਵੱਲੋਂ ਡਰੇਨੇਜ ਅਤੇ ਹੋਰਨਾਂ ਸਬੰਧਤ ਅਧਿਕਾਾਰੀਆਂ ਨਾਲ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਸਬੰਧਤ ਪਿੰਡਾਂ ਵਿਚ ਸੰਭਾਵੀ ਹੜਾਂ ਦੀ ਰੋਕਥਾਮ ਲਈ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਬੰਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਬਰਸਾਤੀ ਮੌਸਮ ਦੌਰਾਨ ਦਰਿਆ ਵਿਚ ਪਾਣੀ ਵਧਣ ਨਾਲ ਨਜ਼ਦੀਕੀ ਪਿੰਡਾਂ ਨੂੰ ਨੁਕਸਾਨ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਉਨਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਰ ਸੰਭਵ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਭਾਵੀ ਹੜਾਂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਵਿਚ ਕੋਈ ਕੋਤਾਹੀ ਨਾ ਵਰਤੀ ਜਾਵੇ ਅਤੇ ਆਪਸੀ ਤਾਲਮੇਲ ਨਾਲ ਇਨਾਂ ਪ੍ਰਬੰਧਾਂ 'ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ। ਉਨਾਂ ਕਿਹਾ ਕਿ ਖਾਸ ਕਰਕੇ ਸੰਵੇਦਨਸ਼ੀਲ ਇਲਾਕਿਆਂ ਵਿਚ ਖਾਸ ਚੌਕਸੀ ਵਰਤੀ ਜਾਵੇ ਅਤੇ ਕਿਸੇ ਵੀ ਹੰਗਾਮੀ ਹਾਲਾਤ ਵਿਚ ਲੋਕਾਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਈ ਜਾਵੇ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਹੜਾਂ ਦੀ ਰੋਕਥਾਮ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਨਾਗਰਿਕਾਂ ਦੀ ਸੁਰੱਖਿਆ ਅਤੇ ਬੰਨ ਦੀ ਨਿਗਰਾਨੀ ਵਿਚ ਕੋਈ ਅਣਗਹਿਲੀ ਨਹੀਂ ਵਰਤੀ ਜਾਵੇਗੀ। ਇਸ ਦੌਰਾਨ ਉਨਾਂ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਹੋਏ ਵਿਕਾਸ ਕਾਰਜਾਂ ਦਾ ਨਿਰੀਖਣ ਵੀ ਕੀਤਾ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।  
ਕੈਪਸ਼ਨ :- ਸੰਭਾਵੀ ਹੜਾਂ ਦੀ ਰੋਕਥਾਮ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਅੰਗਦ ਸਿੰਘ।  

ਸਾਂਝਾ ਮੁਲਾਜ਼ਮ ਫਰੰਟ ਵਲੋਂ ਸਰਕਾਰ ਵਿਰੁੱਧ ਰੋਸ ਹਫਤਾ ਮਨਾਉਂਦਿਆਂ ਦੂਸਰੇ ਦਿਨ ਕਾਲੇ ਬਿੱਲੇ ਲਗਾੲੇ

ਸਾਂਝੇ ਅਧਿਆਪਕ ਮੋਰਚੇ ਵੱਲੋਂ ਸਕੂਲਾਂ ਵਿੱਚ ਕਾਲੇ ਬਿੱਲੇ ਲਗਾ ਕੇ ਘੋਲ਼ ਵਿੱਚ ਸ਼ਮੂਲੀਅਤ ਵਧਾਈ  
26 ਮਈ ਨੂੰ ਕਾਂਗਰਸੀ ਵਿਧਾਇਕਾਂ  ਨੂੰ ਦਿੱਤੇ ਜਾਣਗੇ ਰੋਸ ਪੱਤਰ
ਨਵਾਂ ਸ਼ਹਿਰ, 21 ਮਈ :-  ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਪੰਜਾਬ ਸਰਕਾਰ ਖ਼ਿਲਾਫ਼ 20 ਤੋਂ 27 ਮਈ ਤੱਕ ਮਨਾੲੇ ਜਾ ਰਹੇ ਰੋਸ ਹਫਤੇ ਦੇ ਦੂਜੇ ਦਿਨ ਵੱਖ ਵੱਖ ਸਕੂਲਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਅਧਿਆਪਕਾਂ, ਮੁਲਾਜ਼ਮਾਂ ਅਤੇ ਮਿਡ-ਡੇ-ਮੀਲ ਵਰਕਰਾਂ ਨੇ ਕਾਲੇ ਬਿੱਲੇ ਲਗਾ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ 'ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਪਸਸਫ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਰਾਹੋਂ ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਨੇ ਦੱਸਿਆ ਕਿ ਹਰ ਤਰ੍ਹਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਲੜੇ ਜਾ ਰਹੇ ਇਸ ਘੋਲ ਵਿੱਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਸਕੂਲਾਂ ਵਿੱਚ ਕਾਲੇ ਬਿੱਲੇ ਲਗਾ ਕੇ ਰੋਸ ਪਰਗਟ ਕਰਦਿਆਂ ਸ਼ਮੂਲੀਅਤ ਵਧਾਈ ਜਾ ਰਹੀ ਹੈ। ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚੋਣ ਵਾਅਦੇ ਯਾਦ ਕਰਵਾਉਣ ਲਈ 26 ਮਈ ਨੂੰ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਰਾਹੀਂ ਰੋਸ ਪੱਤਰ ਦਿੱਤੇ ਜਾਣਗੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਜ਼ਿਟਿਵ ਮੁਲਾਜ਼ਮਾਂ ਲਈ 30 ਦਿਨ ਦੀ ਇਕਾਂਤਵਾਸ ਛੁੱਟੀ ਦੇਣ ਲਈ ਜਾਰੀ ਕੀਤੇ ਪੱਤਰ ਵੀ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਵੱਲੋਂ ਲਾਗੂ ਨਾ ਕਰਨ ਅਤੇ ਜ਼ਬਾਨੀ ਹੁਕਮਾਂ ਰਾਹੀਂ ਦਰਜਨਾਂ ਅਧਿਆਪਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਲਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਸਕੱਤਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਆਗੂਆਂ ਆਖਿਆ ਕਿ ਸਰਕਾਰ ਕੋਰੋਨਾ ਦੇ ਪ੍ਰਕੋਪ ਸਮੇਂ ਮੁਲਾਜ਼ਮਾਂ ਨੂੰ ਇਨ੍ਹਾਂ ਹਾਲਾਤਾਂ ਨਾਲ ਜੂਝਣ ਲਈ ਸਹੂਲਤਾਂ ਦੇਣ ਦੀ ਬਜਾਏ ਆਪਣੀ ਕੁਰਸੀ ਦੇ ਬਚਾਅ ਵਿੱਚ ਲੱਗੀ ਹੋਈ ਹੈ ਅਤੇ ਆਪਣੇ ਰਾਜਨੀਤਕ ਹਿੱਤ ਸਾਧ ਰਹੀ ਹੈ। ਉਨ੍ਹਾਂ ਮਿਉਂਸਪਲ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਦਾ ਵੀ ਪੂਰਨ ਤੌਰ ਤੇ ਸਮਰਥਨ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ  ਤਨਖਾਹ ਕਮਿਸ਼ਨ ਦੀ ਰਿਪੋਰਟ ਜਨਤਕ ਕਰੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰੇ, ਮਾਣ ਭੱਤਾ/ ਇੰਸਟੈਂਟਿਵ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇਵੇ, ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਸਾਂਝਾ ਫਰੰਟ ਦੇ ਮੰਗ ਪੱਤਰ ਵਿਚ ਦਰਜ ਸਮੁੱਚੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਮਿਡ-ਡੇ-ਮੀਲ ਵਰਕਰਾਂ, ਪੀ ਡਬਲਿਊ ਡੀ ਦੇ ਮੁਲਾਜ਼ਮਾਂ, ਨਹਿਰੀ ਵਿਭਾਗ ਦੇ ਮੁਲਾਜ਼ਮਾਂ,  ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ /ਕਾਲੀਆਂ ਪੱਟੀਆਂ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੁਹਿੰਮ ਵਿੱਚ ਜਸਵਿੰਦਰ ਸਿੰਘ ਗਰਚਾ, ਬਲਜੀਤ ਸਿੰਘ, ਕੁਲਵਿੰਦਰ ਰਾਮ, ਰਜਿੰਦਰ ਸਿੰਘ, ਗੁਰਮੀਤ ਸਿੰਘ ਸਿਆਣ, ਗੁਰਪਾਲ ਸਿੰਘ, ਗੁਰਚਰਨ ਸਿੰਘ, ਬਿਕਰਮਜੀਤ ਸਿੰਘ, ਦੀਪਕ ਕੁਮਾਰ, ਰੇਸ਼ਮ ਲਾਲ, ਰਾਮ ਪਾਲ ਆਦਿ ਸ਼ਾਮਲ ਸਨ।

ਪੰਜਾਬ ਦੇ 3 ਮੈਡੀਕਲਾਂ ਕਾਲਜਾਂ ਵਿਚ ਵੈਟੀਲੇਟਰ ਦੀ ਕੋਈ ਕਮੀ ਨਹੀ-ਸੋਨੀ

ਫਿਕੀ ਫਲੋ ਅਤੇ ਵਿਰਦੀ ਫਾਊਡੇਸ਼ਨ ਇੰਗਲੈਡ ਨੇ ਦਿੱਤੇ 10-10 ਆਕਸੀਜਨ ਕੰਨਸਟਰੇਟਰ

ਅੰਮ੍ਰਿਤਸਰ: 21 ਮਈ:- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਨਿਪਟਣ ਲਈ ਪਿਛਲੇ ਸਾਲ ਤੋ ਹੀ ਤਿਆਰੀਆਂ ਕਰ ਲਈਆਂ ਗਈਆਂ ਸਨ ਅਤੇ ਪੰਜਾਬ ਦੇ 3 ਮੈਡੀਕਲ ਕਾਲਜਾਂ ਵਿਚ ਵੱਡੀ ਗਿਣਤੀ ਵਿੱਚ ਵੈਟੀਲੇਟਰ ਮੌਜੂਦ ਹਨ ਅਤੇ ਵੈਟੀਲੇਟਰਾਂ ਦੀ ਕੋਈ ਕਮੀ ਨਹੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਫਿੱਕੀ ਫਲੋ ਅਤੇ ਵਿਰਦੀ ਫਾਉਂਡੇਸ਼ਨ ਇੰਗਲੈਂਡ ਵੱਲੋਂ 10-10 ਆਕਸੀਜਨ ਕੰਨਸਟਰੇਟਰ ਲੈਣ ਸਮੇਂ ਕੀਤਾ।  ਸ੍ਰੀ ਸੋਨੀ ਨੇ ਕਿਹਾ ਕਿ ਫਿੱਕੀ ਫਲੋ ਸੰਸਥਾ ਵੱਲੋਂ ਜਿਹੜੇ 10 ਆਕਸੀਜਨ ਕੰਨਸਟਰੇਟਰ ਦਿੱਤੇ ਗਏ ਹਨ ਨੂੂੰ  ਰੈਡ ਕਰਾਸ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ  ਦੱਸਿਆ ਕਿ ਰੈਡ ਕਰਾਸ ਵੱਲੋਂ ਇਕ ਨਿਵੇਕਲੀ ਪਹਿਲ ਕਰਦਿਆਂ ਕਰੋਨਾ ਮਰੀਜਾਂ ਨੂੰ 200 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਆਕਸੀਜਨ ਕੰਨਸਟਰੇਟਰ ਮੁਹੱਈਆ ਕਰਵਾਏ ਜਾ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ  ਹੈ। ਉਨ੍ਹਾਂ ਦੱਸਿਆ ਕਿ ਫਿੱਕੀ ਫਲੋ ਸੰਸਥਾ ਵੱਲੋਂਕਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਨੂੰ ਰਾਸ਼ਨ ਕਿੱਟਾਂ ਦੇ ਨਾਲ ਨਾਲ ਦਵਾਈਆਂ ਵੀ ਮੁੁਹੱਈਆ ਕਰਵਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਸਾਸ਼ਨ ਨਾਲ ਮੋਢੇ ਮੋਢੇ ਨਾਲ ਮਿਲਾ ਕੇ ਲੋੜਵੰਦਾਂ ਦੀ ਮਦਦ ਲਈ ਅਨੇਕਾਂ ਭਲਾਈ ਦੇ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕਈ ਐਨ:ਜੀ:ਓ ਵੱਲੋਂ ਵੀ ਪ੍ਰਸਾਸ਼ਨ ਦਾ ਭਰਪੂਰ ਸਹਿਯੋਗ ਦੇਣ ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਵਿਰਦੀ ਫਾਉਂਡੇਸ਼ਨ ਇੰਗਲੈਂਡ ਵੱਲੋਂ ਮਹਰੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਬਰਸੀ ਤੇ ਕਰੋਨਾ ਮਰੀਜਾਂ ਦੀ ਸੇਵਾ ਲਈ 10 ਆਕਸੀਜਨ ਕੰਨਸਟਰੇਟਰ, 12 ਆਕਸੀਮੀਟਰ ਅਤੇ ਵੱਡੀ ਗਿਣਤੀ ਵਿੱਚ ਆਕਸੀ ਮਾਸਕ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸੇਵਾ ਮਹਰੂਮ ਪ੍ਰਧਾਨ ਸ੍ਰੀ ਰਾਜੀਵ ਗਾਂਧੀ ਨੂੰ ਇਕ ਸੱਚੀ ਸ਼ਰਧਾਂਜਲੀ ਅਤੇ ਦੇਸ਼ ਸੇਵਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ਅੱਜ ਦੇ ਦਿਨ ਸਾਰਾ ਦੇਸ਼ ਮਹਰੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ 30ਵੀਂ ਬਰਸੀ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਹੀ ਦਿਨ ਸ੍ਰੀ ਰਾਜੀਵ ਗਾਂਧੀ ਜੀ ਨੇ ਆਪਣਾ ਬਲੀਦਾਨ ਦਿੱਤਾ ਸੀ ਅਤੇ ਉਨ੍ਹਾਂ ਦੀ ਬਰਸੀ ਮੌਕੇ ਇਸ ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਨਾ ਸਾਡੇ ਸਾਰਿਆਂ ਵੱਲੋਂ ਇਕ ਸ਼ਰਧਾਂਜਲੀ ਹੋਵੇਗੀ।  ਇਸ ਮੌਕੇ ਕਰੋਨਾ ਮਹਾਂਮਾਰੀ ਸਬੰਧੀ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਦੇ 7 ਸਰਕਾਰੀ ਹਸਪਤਾਲਾਂ ਵਿੱਚ 6617457 ਕਰੋਨਾ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿੰਨਾਂ ਵਿੱਚੋਂ 292498 ਵਿਅਕਤੀ ਕਰੋਨਾ ਪਾਜਟਿਵ ਪਾਏ ਗਏ ਹਨ ਅਤੇ ਪੰਜਾਬ ਵਿੱਚ ਹੁਣ ਤੱਕ 4317 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸ੍ਰੀ ਸੋਨੀ ਨੇ ਦਸਿਆ ਕਿ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਵਿੱਚੋਂ ਤੀਜੀ ਲਹਿਰ ਨਾਲ ਨਿਪਟਣ ਲਈ 25 ਫੀਸਦੀ ਬੈਡ ਵਧਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 3 ਮੈਡੀਕਲ ਕਾਲਜਾਂ ਵਿੱਚ ਇਸ ਸਮੇਂ ਕਰੀਬ 920 ਮਰੀਜ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਮੈਡੀਕਲ ਕਾਲਜ ਵਿਖੇ ਦਿੱਲੀ ਤੋਂ ਕਰੀਬ 40 ਆਏ ਮਰੀਜਾਂ ਦਾ ਇਲਾਜ ਵੀ ਕੀਤਾ ਗਿਆ  ਹੈ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਏ ਗਏ ਮਿੰਨੀ ਲਾਕਡਾਊਨ ਨਾਲ ਇਸ ਸਮੇਂ ਕੇਸ ਘੱਟ ਰਹੇ ਹਨ ਅਤੇ ਮੌਤ ਦਰ ਵਿੱਚ ਵੀ ਕਮੀ ਆਈ ਹੈ। ਉਨ੍ਹਾਂ  ਦੱਸਿਆ ਕਿ ਆਕਸੀਜਨ ਦੀ ਸਪਲਾਈ ਵੀ ਨਾਰਮਲ ਹੋ ਗਈ ਹੈ ਅਤੇ ਪ੍ਰਸਾਸ਼ਨ ਵੱਲੋਂ ਤੀਜੀ ਲਹਿਰ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਤਹਿਤ ਪਿੰਡਾਂ ਵਿੱਚ ਵੱਧ ਰਹੇ ਕਰੋਨਾ ਦੇ ਕੇਸਾਂ ਨੂੰ ਠੱਲ ਪਾਉਣ ਲਈ ਜੰਗੀ ਪੱਧਰ ਤੇ ਪਿੰਡਾਂ ਵਿੱਚ ਟੈਸਟ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਵੀ ਇਸ ਮਹਾਂਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।  ਸ੍ਰੀ ਸੋਨੀ ਨੇ ਬਲੈਕ ਫੰਗਸ ਦੀ ਗੱਲਬਾਤ ਕਰਦਿਆਂ ਦੱਸਿਆ ਕਿ ਮੈਡੀਕਲ ਕਾਲਜ ਪਟਿਆਲਾ ਵਿਖੇ ਬਲੈਕ ਫੰਗਸ ਦੇ 8 ਕੇਸ ਪਾਏ ਗਏ ਹਨ ਜਦ ਕਿ ਫਰੀਦਕੋਟ ਵਿਖੇ 10 ਅਤੇ  ਅੰਮ੍ਰਿਤਸਰ ਤੇ ਮੁਹਾਲੀ ਵਿਖੇ 1-1 ਮਰੀਜ ਬਲੈਕ ਫੰਗਸ ਦਾ ਸ਼ੱਕੀ ਪਾਏ ਜਾਣ ਦੀ ਪੁਸ਼ਟੀ ਕੀਤੀ।   ਇਸ ਮੌਕੇ ਡੀ:ਸੀ:ਪੀ ਸ੍ਰੀ ਪਰਮਿੰਦਰ ਸਿੰਘ ਭਡਾਲਐਸ:ਡੀ:ਐਮ ਵਿਕਾਸ ਹੀਰਾਪ੍ਰਿੰਸੀਪਲ ਮੈਡੀਕਲ ਕਾਲਜ ਰਾਜੀਵ ਦੇਵਗਨਫਿੱਕੀ ਫਲੋ ਸੰਸਥਾ ਦੀ ਚੇਅਰਪਰਸਨ ਮਨਜੋਤ ਢਿਲੋਂਫਿੱਕੀ ਫਲੋ ਸੰਸਥਾ ਦੇ ਕਾਰਜਕਾਰੀ ਮੈਂਬਰ ਮੈਡਮ ਆਰਤੀ ਮਰਵਾਹਾਡਾ: ਯੁਕਤੀ ਗੁਪਤਾਮੈਡਮ ਰਮਿੰਦਰ ਗਰੋਵਰਵਿਰਦੀ ਫਾਉਂਡੇਸ਼ਨ ਇੰਗਲੈਂਡ ਦੇ ਬਾਬਾ ਚਰਨਦਾਸਗੁਰਪ੍ਰੀਤ ਸਿੰਘ ਅਤੇ ਹਰ ਸਿਮਰਤ ਸਿੰਘ ਵੀ  ਹਾਜਰ ਸਨ।