ਕਾਲਾ ਮੋਤੀਆ ਦੁਨੀਆ ਵਿਚ ਇਰਿਵਰਸੀਬਲ ਬਲਾਈਂਡਨੈੱਸ ਦਾ ਸਭ ਤੋਂ ਵੱਡਾ ਕਾਰਨ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 



- ਸਿਹਤ ਵਿਭਾਗ 8 ਮਾਰਚ, 2026 ਤੋਂ ਮਨਾਏਗਾ ਵਿਸ਼ਵ ਗਲੋਕੋਮਾ ਹਫ਼ਤਾ

ਨਵਾਂਸ਼ਹਿਰ, 6 ਮਾਰਚ 2026: ਪੰਜਾਬ ਸਰਕਾਰ ਦੇ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 8 ਮਾਰਚ ਤੋਂ 14 ਮਾਰਚ 2026 ਤੱਕ 'ਵਿਸ਼ਵ ਗਲੋਕੋਮਾ ਹਫ਼ਤਾ' ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦਿੱਤੀ।

ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਸਿਹਤ ਵਿਭਾਗ ਵੱਲੋਂ ਇਸ ਹਫ਼ਤੇ ਦੌਰਾਨ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲ ਵਿੱਚ ਮੁਫ਼ਤ ਗਲੋਕੋਮਾ ਜਾਂਚ ਕੈਂਪ ਲਗਾਏ ਜਾਣਗੇ ਤਾਂ ਜੋ ਗਲੋਕੋਮਾ ਤੋਂ ਪੀੜਤ ਲੋਕਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਇਸ ਰੋਗ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਪਹਿਲਾਂ ਹੀ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਆਮ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਕਹਿ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਗਲੋਕੋਮਾ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਸਕੇ।

ਡਾ. ਸਿੰਘ ਨੇ ਕਿਹਾ ਕਿ ਕਾਲਾ ਮੋਤੀਆ ਦੁਨੀਆ ਵਿਚ ਇਰਿਵਰਸੀਬਲ ਬਲਾਈਂਡਨੈੱਸ ਦਾ ਸਭ ਤੋਂ ਵੱਡਾ ਕਾਰਨ ਹੈ। 90 ਪ੍ਰਤੀਸ਼ਤ ਮਾਮਲਿਆਂ ਵਿੱਚ, ਗਲੋਕੋਮਾ ਦੇ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਜਲਦ ਪਛਾਣ ਕੇ ਅਤੇ ਢੁੱਕਵਾਂ ਇਲਾਜ ਕਰਕੇ ਰੋਕਿਆ ਜਾ ਸਕਦਾ ਹੈ। ਇਹ ਅੱਖ ਦੇ ਦਬਾਅ (ਇੰਟਰਾ-ਓਕੂਲਰ ਪ੍ਰੈਸ਼ਰ) ਵਿੱਚ ਵਾਧੇ ਦੇ ਕਾਰਨ ਆਪਟਿਕ ਨਰਵ ਨੂੰ ਹੋਏ ਨੁਕਸਾਨ ਦੀ ਵਜ੍ਹਾ ਨਾਲ ਹੁੰਦਾ ਹੈ। ਗਲੋਕੋਮਾ ਨੂੰ ਕਈ ਵਾਰ ਨਜ਼ਰ ਦਾ 'ਸਾਈਲੈਂਟ ਥੀਫ' ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸ਼ੁਰੂਆਤੀ ਲੱਛਣਾਂ ਨੂੰ ਦਿਖਾਏ ਬਿਨਾਂ ਮਰੀਜ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਸਕਦਾ ਹੈ। ਮਰੀਜ਼ ਨੂੰ ਉਦੋਂ ਤੱਕ ਲੱਛਣ ਨਜ਼ਰ ਨਹੀਂ ਆਉਂਦੇ ਜਦੋਂ ਤੱਕ ਬਿਮਾਰੀ ਮੱਧਮ ਜਾਂ ਐਡਵਾਂਸ ਪੜਾਅ ਤੱਕ ਨਹੀਂ ਪਹੁੰਚ ਜਾਂਦੀ।

ਉਨ੍ਹਾਂ ਨੇ ਅੱਗੇ ਕਿਹਾ, "ਕਿਸੇ ਵੀ ਵਿਅਕਤੀ ਨੂੰ ਗਲੋਕੋਮਾ ਹੋ ਸਕਦਾ ਹੈ ਪਰ ਕੁਝ ਲੋਕਾਂ ਨੂੰ ਵਧੇਰੇ ਖਤਰਾ ਹੁੰਦਾ ਹੈ ਜਿਵੇਂ ਕਿ 60 ਸਾਲ ਤੋਂ ਵੱਧ ਉਮਰ, ਪਰਿਵਾਰਕ ਇਤਿਹਾਸ, ਡਾਕਟਰੀ ਸਥਿਤੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮਾਈਓਪੀਆ, ਕੋਰਟੀਕੋਸਟੀਰੋਇਡ ਤਿਆਰੀਆਂ ਖਾਸ ਕਰਕੇ ਲੰਬੇ ਸਮੇਂ ਤੱਕ ਅੱਖਾਂ ਦੀ ਦਵਾਈ ਪਾਉਣ ਵਾਲੇ ਵਿਅਕਤੀ। ਅੱਖ ਦੀ ਸੱਟ ਦੇ ਨਤੀਜੇ ਵਜੋਂ ਵੀ ਗਲੋਕੋਮਾ ਹੋ ਸਕਦਾ ਹੈ। ਸ਼ੁਰੂਆਤੀ ਖੋਜ ਅਤੇ ਸਾਵਧਾਨੀ ਨਾਲ ਇਲਾਜ ਕਰਵਾਉਣ ਨਾਲ ਜ਼ਿਆਦਾਤਰ ਲੋਕਾਂ ਦੀ ਨਜ਼ਰ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।''

ਜ਼ਿਲ੍ਹਾ ਸਿਹਤ ਅਫ਼ਸਰ ਡਾ. ਰੇਣੂ ਮਿੱਤਲ ਨੇ ਦੱਸਿਆ ਕਿ ਲਗਭਗ 12 ਮਿਲੀਅਨ ਭਾਰਤੀ ਇਸ ਬਿਮਾਰੀ ਤੋਂ ਪੀੜਤ ਹਨ ਅਤੇ 1.2 ਮਿਲੀਅਨ ਲੋਕ ਇਸ ਕਾਰਨ ਅੰਨ੍ਹੇਪਣ ਦਾ ਸ਼ਿਕਾਰ ਹੋਏ ਹਨ। ਇਸ ਲਈ ਜੋਖਮ ਵਾਲੇ ਲੋਕਾਂ ਅਤੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਦੋ ਤੋਂ ਤਿੰਨ ਸਾਲ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਛੇ ਮਹੀਨੇ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਗਲੋਕੋਮਾ ਪ੍ਰਬੰਧਨ ਵਿੱਚ ਗੰਭੀਰ ਚੁਣੌਤੀਆਂ ਹਨ ਜਿਵੇਂ ਜਾਗਰੂਕਤਾ ਦੀ ਘਾਟ, ਅਣਪਛਾਤੇ ਅਤੇ ਇਲਾਜ ਵਿਹੂਣੇ ਮਾਮਲੇ, ਗਲੋਕੋਮਾ ਡਾਇਗਨੌਸਟਿਕ ਅਤੇ ਇਲਾਜ ਸੇਵਾਵਾਂ ਤੱਕ ਮਾੜੀ ਪਹੁੰਚ ਅਤੇ ਇਲਾਜ ਦੀ ਪਾਲਣਾ ਨਾਲ ਸਬੰਧਤ ਕਈ ਮੁੱਦੇ।

ਡਾ. ਮਿੱਤਲ ਨੇ ਕਿਹਾ ਕਿ ਸਿਹਤ ਵਿਭਾਗ ਐੱਨ.ਪੀ.ਸੀ.ਬੀ.ਐਂਡ.ਵੀ.ਆਈ. ਦੇ ਤਹਿਤ ਆਈਈਸੀ ਗਤੀਵਿਧੀਆਂ ਦੀ ਇੱਕ ਲੜੀਬੱਧ ਯੋਜਨਾ ਬਣਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਮੋਤੀਆ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ, ਜਿਸ ਵਿੱਚ ਸਕੂਲਾਂ ਵਿੱਚ ਜਾਗਰੂਕਤਾ ਭਾਸ਼ਣ, ਜਾਗਰੂਕਤਾ ਰੈਲੀਆਂ, ਪੇਂਟਿੰਗ ਮੁਕਾਬਲੇ, ਵਾਕਾਥਨ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਸ਼ਾਮਲ ਹਨ। 

ਇਸ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਨੇ ਆਮ ਲੋਕਾਂ ਨੂੰ ਇਸ ਹਫ਼ਤੇ ਲਗਾਏ ਜਾਣ ਵਾਲੇ ਮੁਫ਼ਤ ਜਾਂਚ ਕੈਂਪਾਂ ਵਿੱਚ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਅਤੇ ਗਲੋਕੋਮਾ ਦੀ ਰੋਕਥਾਮ ਲਈ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।