ਸਿਹਤ ਵਿਭਾਗ ਆਮ ਲੋਕਾਂ ਨੂੰ ਉੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ


ਸਿਹਤ ਵਿਭਾਗ ਆਮ ਲੋਕਾਂ ਨੂੰ ਉੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

- ਜ਼ਿਲ੍ਹੇ ਨੂੰ ਪੰਜ ਨਵੇਂ ਸਪੈਸ਼ਲਿਸਟ ਡਾਕਟਰ ਮਿਲੇ

ਨਵਾਂਸ਼ਹਿਰ, 14 ਜਨਵਰੀ 2026 : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਅੱਜ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜ ਮੈਡੀਕਲ ਅਫਸਰਾਂ (ਸਪੈਸ਼ਲਿਸਟਾਂ) ਨੂੰ ਇੰਪੈਨਲਮੈਂਟ ਪੱਤਰ ਸੌਂਪੇ।
ਇਨ੍ਹਾਂ ਵਿੱਚੋਂ ਚਾਰ ਮੈਡੀਕਲ ਅਫਸਰ (ਸਪੈਸ਼ਲਿਸਟ) ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਦੋ ਮੈਡੀਸਨ ਸਪੈਸ਼ਲਿਸਟ, ਇੱਕ ਐਨਸਥੀਸੀਆ ਸਪੈਸ਼ਲਿਸਟ ਅਤੇ ਇੱਕ ਇਸਤਰੀ ਰੋਗਾਂ ਦੇ ਮਾਹਰ ਸ਼ਾਮਲ ਹਨ। ਇਸ ਤੋਂ ਇਲਾਵਾ ਲੈਫ. ਜਨਰਲ ਬਿਕਰਮਜੀਤ ਸਿੰਘ ਸਬ ਡਵੀਜ਼ਨਲ ਹਸਪਤਾਲ, ਬਲਾਚੌਰ ਵਿਖੇ ਵੀ ਇੱਕ ਇਸਤਰੀ ਰੋਗਾਂ ਦੇ ਮਾਹਰ ਡਾਕਟਰ ਦੀ ਨਿਯੁਕਤੀ ਕੀਤੀ ਗਈ ਹੈ।

ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਨਵੇਂ ਨਿਯੁਕਤ ਮੈਡੀਕਲ ਅਫਸਰਾਂ (ਸਪੈਸ਼ਲਿਸਟਾਂ) ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਆਪਣੀ ਡਿਊਟੀ ਇਮਾਨਦਾਰੀ, ਨਿਸ਼ਠਾ ਅਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਆਮ ਲੋਕਾਂ ਨੂੰ ਉੱਚ ਮਿਆਰੀ ਅਤੇ ਸੁਲਭ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਨਵੇਂ ਸਪੈਸ਼ਲਿਸਟਾਂ ਦੀ ਨਿਯੁਕਤੀ ਨਾਲ ਜ਼ਿਲ੍ਹੇ ਵਿੱਚ ਇਲਾਜ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਰੇਣੂ ਮਿੱਤਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਹਰਪਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ ਰਾਜ ਕੁਮਾਰੀ, ਸੀਨੀਅਰ ਸਹਾਇਕ ਤੇ ਸਿਵਲ ਸਰਜਨ ਦੇ ਪੀ.ਏ. ਅਜੇ ਕੁਮਾਰ ਸਮੇਤ ਹੋਰ ਸਿਹਤ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।