ਮੈਡੀਕੋਲੀਗਲ ਰਿਕਾਰਡ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਇਆ ਜਾਏ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ
- ਮੈਡੀਕੋਲੀਗਲ ਕੇਸਾਂ ਦੀ ਆਨਲਾਈਨ ਪੋਰਟਲ 'ਤੇ ਐੰਟਰੀ ਕਰਨ ਲਈ ਟ੍ਰੇਨਿੰਗ ਸੈਸ਼ਨ ਆਯੋਜਿਤ
ਨਵਾਂਸ਼ਹਿਰ, 10 ਦਸੰਬਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਮੈਡੀਕੋਲੀਗਲ ਸੇਵਾਵਾਂ ਦੇ ਮਿਆਰ ਵਿੱਚ ਹੋਰ ਸੁਧਾਰ ਲਿਆਉਣ ਲਈ ਡਾਟਾ ਐੰਟਰੀ ਆਪਰੇਟਰਾਂ ਦੀ ਮੈਡੀਕੋਲੀਗਲ ਕੇਸਾਂ ਦੀ ਆਨਲਾਈਨ ਪੋਰਟਲ 'ਤੇ ਐੰਟਰੀ ਕਰਨ ਸਬੰਧੳ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਮੈਡੀਕੋਲੀਗਲ ਕੇਸਾਂ ਦੇ ਦਸਤਾਵੇਜਾਂ ਨੂੰ ਆਨਲਾਈਨ ਪੋਰਟਲ 'ਤੇ ਅਪਲੋਡ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਡੀਕੋਲੀਗਲ ਕੇਸਾਂ ਨੂੰ ਨਿਰਧਾਰਤ ਆਨਲਾਈਨ ਪੋਰਟਲ 'ਤੇ ਤੁਰੰਤ ਅਤੇ ਸਹੀ ਅਪਲੋਡ ਕਰਨ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਇਆ ਜਾਏ। ਸਿਵਲ ਸਰਜਨ ਨੇ ਕਿਹਾ ਕਿ ਇਹ ਟ੍ਰੇਨਿੰਗ ਸੈਸ਼ਨ ਮੈਡੀਕੋਲੀਗਲ ਰਿਕਾਰਡ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਉਣ, ਸਮਾਂਬੱਧਤਾ ਯਕੀਨੀ ਬਣਾਉਣ ਅਤੇ ਕਾਨੂੰਨੀ ਜ਼ਰੂਰਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਹਾਲਾਂਕਿ ਮੈਡੀਕੋਲੀਗਲ ਕੇਸਾਂ ਵਿਚ ਸਿਹਤ ਵਿਭਾਗ ਦਾ ਮੁੱਢਲਾ ਫਰਜ ਮਰੀਜ਼ ਦੀ ਜਾਨ ਬਚਾਉਣਾ ਹੁੰਦਾ ਹੈ, ਇਸ ਲਈੇ ਮਰੀਜ਼ ਨੂੰ ਪਹਿਲ ਦੇ ਆਧਾਰ 'ਤੇ ਲੋੜੀਂਦਾ ਇਲਾਜ ਮੁਹੱਈਆ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਛੇਤੀ ਹੋ ਸਕੇ, ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਹੈ ਪਰ ਮਰੀਜ਼ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਐੱਮ.ਐੱਲ.ਆਰ. ਤੇ ਮਰੀਜ਼ ਦੀ ਲਿਖਤੀ ਸਹਿਮਤੀ ਲੈਣੀ ਜ਼ਰੂਰੀ ਹੈ।
ਇਸ ਮੌਕੇ ਸੀਨੀਅਰ ਸਹਾਇਕ ਤਰੁਣਦੀਪ ਦੁੱਗਲ ਨੇ ਵੀ ਮੈਡੀਕੋਲੀਗਲ ਕੇਸਾਂ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾਟਾ ਐੰਟਰੀ ਆਪ੍ਰੇਟਰ ਰੇਖਾ ਰਾਣੀ ਤੇ ਸ਼ਿਵ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।