ਬੰਗਾ 2 ਅਪਰੈਲ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਜ ਲਿਵਰ ਦੀ ਜਾਂਚ ਦੇ ਵਿਸ਼ੇਸ਼ ਟੈਸਟ ਫਾਈਬਰੋ ਸਕੈਨ ਕਰਨ ਦਾ ਫਰੀ ਕੈਂਪ ਲਗਾਇਆ ਗਿਆ, ਜਿਸ ਦਾ 166 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ । ਇਸ ਕੈਂਪ ਬਾਰੇ ਹਸਪਤਾਲ ਪ੍ਰਬੰਧਕ ਟਰੱਸਟ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮੁੱਖ ਸੇਵਾਦਾਰ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਜੀ ਨੇ ਦੱਸਿਆ ਲੋੜਵੰਦਾਂ ਦੀ ਮਦਦ ਕਰਨ ਲਈ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਹੇਠ ਲਿਵਰ ਦੀ ਜਾਂਚ ਕਰਨ ਵਾਲਾ ਮਹਿੰਗਾ ਟੈਸਟ ਫਾਈਬਰੋ ਸਕੈਨ ਮੁਫਤ ਕਰਨ ਦਾ ਵਿਸ਼ੇਸ਼ ਕੈਂਪ ਲਾਇਆ ਗਿਆ ਹੈ । ਇਸ ਮੌਕੇ ਜਾਣਕਾਰੀ ਦਿੰਦੇ ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਸਰੀਰ ਵਿਚ ਵੱਧ ਰਹੇ ਰੋਗਾਂ ਜਿਵੇਂ ਫੈਟੀ ਲਿਵਰ, ਕਾਲਾ ਪੀਲੀਆ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਉੱਚ ਕੈਲਸਟਰੋਲ, ਸਿਗਰਟ ਅਤੇ ਸ਼ਰਾਬ ਪੀਣ ਵਾਲੇ ਮਰੀਜ਼ਾਂ ਨੂੰ ਫਾਈਬਰੋ ਸਕੈਨ ਕਰਵਾ ਕੇ ਵੱਡਾ ਲਾਭ ਮਿਲੇਗਾ । ਹਸਪਤਾਲ ਵਿਖੇ ਫਰੀ ਸਕੈਨ ਕਰਵਾਉਣ ਪੁੱਜੇ ਮਰੀਜ਼ਾਂ ਨੇ ਲਿਵਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ ਵੱਡੇ ਸ਼ਹਿਰਾਂ 'ਚ ਹੋਣ ਵਾਲਾ ਮਹਿੰਗਾ ਸਕੈਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫਤ ਕੈਂਪ ਲਗਾ ਕੇ ਕਰਵਾਉਣ ਲਈ ਹਸਤਪਾਲ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਅੱਜ ਲੋੜਵੰਦ 166 ਮਰੀਜ਼ਾਂ ਨੇ ਫਰੀ ਫਾਈਬਰੋ ਸਕੈਨ ਕਰਵਾਇਆ ਅਤੇ ਡਾਕਟਰ ਵਿਵੇਕ ਗੁੰਬਰ ਤੋਂ ਆਪਣੇ ਇਲਾਜ ਲਈ ਸਲਾਹ ਲਈ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਅਮਨ ਗਿੱਲ ਮੈਡੀਕੋ ਮਾਰਕੀਟ ਮਨੈਜਰ ਜੀਡਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਦਾ ਸਟਾਫ ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਫਾਈਬਰੋ ਸਕੈਨ ਕਰਨ ਮੌਕੇ ਡਾ. ਵਿਵੇਕ ਗੁੰਬਰ ਅਤੇ ਮੈਡੀਕਲ ਟੀਮ