Fwd: English & Punjabi Press Release with Photos :: Sukhbir S Badal demands a Rs 20,000 crore flood relief & rehabilitation package for Punjab.

ਪੰਜਾਬ ਨੂੰ ਹੜ੍ਹਾਂ ਤੋਂ ਰਾਹਤ ਤੇ ਮੁੜ ਵਸੇਬੇ ਵਾਸਤੇ 20 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਵੇ: ਸੁਖਬੀਰ ਸਿੰਘ ਬਾਦਲ

ਕਿਸਾਨਾਂ ਦਾ ਬੈਂਕਾਂ ਤੇ ਸਹਿਕਾਰੀ ਸਭਾਵਾਂ ਦਾ ਪੂਰਨ ਕਰਜ਼ਾ ਮੁਆਫ ਕਰਨ ਦੀ ਕੀਤੀ ਮੰਗ

ਕਿਸਾਨਾਂ ਦੇ ਖੇਤਾਂ ਵਿਚੋਂ ਰੇਤਾ ਕੱਢਣ ਵਾਸਤੇ ਯੋਜਨਾ ਉਲੀਕਣ ਵਾਸਤੇ ਭਲਕੇ ਪਾਰਟੀ ਦੀ ਐਮਰਜੰਸੀ ਮੀਟਿੰਗ ਸੱਦਣ ਦਾ ਕੀਤਾ ਐਲਾਨ

ਵੱਖ-ਵੱਖ ਥਾਈ ਬੰਨਾਂ ਦੀ ਮਜ਼ਬੂਤੀ ਵਾਸਤੇ ਲੱਖਾਂ ਰੁਪਏ ਨਗਦ ਦਿੱਤੇ ਅਤੇ ਹਜ਼ਾਰਾਂ ਲੀਟਰ ਡੀਜ਼ਲ ਦੇਣ ਦਾ ਕੀਤਾ ਐਲਾਨ


ਸ਼ਾਹਪੁਰ/ਨਕੋਦਰ, 7 ਸਤੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਵਿਚ ਹੜ੍ਹਾਂ ਤੋਂ ਰਾਹਤ ਅਤੇ ਮੁੜ ਵਸੇਬੇ ਵਾਸਤੇ 20 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾਵੇ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਪੂਰਨ ਕਰਜ਼ਾ ਮੁਆਫ ਕੀਤਾ ਜਾਵੇ ਤਾਂ ਜੋ ਉਹ ਮੁੜ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸੂਬੇ ਦਾ ਦੌਰਾ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਪੰਜਾਬ ਦੇ ਇਹਨਾਂ ਬਹਾਦਰ ਕਿਸਾਨਾਂ ਦਾ ਕਰਜ਼ਦਾਰ ਹੈ ਜਿਹਨਾਂ ਨੇ ਹਰੀ ਕ੍ਰਾਂਤੀ ਲਿਆਂਦੀ ਅਤੇ ਸੂਬੇ ਨੂੰ ਦੇਸ਼ ਦੇ ਅਨਾਜ ਉਤਪਾਦਕ ਸੂਬੇ ਵਿਚ ਬਦਲਿਆ, ਇਸ ਵਾਸਤੇ ਹੁਣ ਸੰਕਟ ਵੇਲੇ ਇਹਨਾਂ ਕਿਸਾਨਾਂ ਨਾਲ ਖੜ੍ਹੇ ਹੋਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਹੜ੍ਹਾਂ ਨਾਲ ਹੋਏ ਕਿਸਾਨਾਂ ਦੇ ਹੋਏ ਫਸਲੀ ਤੇ ਮਕਾਨਾਂ ਦੇ ਨੁਕਸਾਨ ਦੇ ਨਾਲ-ਨਾਲ ਮੁੜ ਸੜਕਾਂ ਬਣਾਉਣ ਤੇ ਬਿਜਲੀ ਦਾ ਬੁਨਿਆਦੀ ਢਾਂਚਾ ਖੜ੍ਹਾ ਕਰਨ ਵਾਸਤੇ 20 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੀ ਬਹੁਤ ਵੱਡੀ ਜ਼ਰੂਰਤ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਕੁਦਰਤੀ ਆਫਤਾਂ ਕਾਰਨ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਮੌਜੂਦਾ ਨੁਕਸਾਨ ਨੇ ਉਹਨਾਂ ਦਾ ਲੱਕ ਤੋੜ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦਾ ਬੈਂਕਾਂ ਅਤੇ ਸਹਿਕਾਰੀ ਸਭਾਵਾਂ ਦਾ ਪੂਰਨ ਕਰਜ਼ਾ ਮੁਆਫ ਹੋਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੜ੍ਹਾਂ ਦੇ ਹਾਲਾਤਾਂ ਦੀ ਸਮੀਖਿਆ ਵਾਸਤੇ ਭਲਕੇ ਪਾਰਟੀ ਦੀਆਂ ਅਹਿਮ ਮੀਟਿੰਗਾਂ ਸੱਦੀਆਂ ਹਨ। ਉਹਨਾਂਕਿਹਾ  ਕਿ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਅਜਿਹੀ ਯੋਜਨਾ ਤਿਆਰ ਕਰਾਂਗੇ ਕਿ ਜਿਸ ਨਾਲ ਖੇਤੀਬਾੜੀ ਜ਼ਮੀਨ ਵਿਚ ਇਕੱਠਾ ਹੋਇਆ ਰੇਤਾ ਬਾਹਰ ਕੱਢਿਆ ਜਾ ਸਕੇ। ਉਹਨਾਂ ਕਿਹਾ ਕਿ ਇਸ ਵਾਸਤੇ ਵੱਡੀ ਮਸ਼ੀਨਰੀ ਵੀ ਲੱਗੇਗੀ ਤੇ ਵਾਲੰਟੀਅਰਜ਼ ਦੀ ਵੀ ਜ਼ਰੂਰਤ ਹੈ ਜਿਸ ਵਾਸਤੇ ਸਾਰੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਡਿਊਟੀਆਂ ਲਗਾਈਆਂ ਜਾਣਗੀਆਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਜਿਹਾ ਕਰਨਾ ਸਰਕਾਰੀ ਨਿਯਮਾਂ ਦੇ ਖਿਲਾਫ ਹੈ ਤਾਂ ਸਰਦਾਰ ਬਾਦਲ ਨੇਕਿਹਾ  ਕਿ ਕਿਸਾਨਾਂ ਨੂੰ ਆਪਣੇ ਖੇਤਾਂ ਵਿਚੋਂ ਰੇਤਾ ਬਾਹਰ ਕੱਢਣ ਦਾ ਪੂਰਾ ਹੱਕ ਹੈ। ਉਹਨਾਂ ਕਿਹਾ ਕਿ ਉਹ ਇਸ ਪਹਿਲਕਦਮੀ ਦੀ ਅਗਵਾਈ ਕਰਨਗੇ ਅਤੇ ਉਹ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਵਾਸਤੇ ਤਿਆਰ ਬਰ ਤਿਆਰ ਹਨ।
ਸਰਦਾਰ ਬਾਦਲ ਨੇ ਇਸ ਮੌਕੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਜਿਹਨਾਂ ਨੇ ਸ਼ਿਕਾਇਤ ਕੀਤੀ ਕਿ ਆਪ ਸਰਕਾਰ ਉਹਨਾਂ ਦੀ ਮਦਦ ਵਾਸਤੇ ਨਿਤਰਣ ਵਿਚ ਨਾਕਾਮ ਰਹੀ ਹੈ ਅਤੇ ਕਿਸਾਨਾਂ ਨੇ ਬੰਨ ਆਪਣੇ ਬਲਬੂਤੇ ਆਪ ਮਜ਼ਬੂਤ ਕੀਤੇ ਹਨ। ਉਹਨਾਂ ਨੇ ਗਿੱਦੜਪਿੰਡੀ, ਦਰੇਵਾਲ, ਗੱਡਾ ਮੁੰਡੀ, ਕਾਸੀ ਅਤੇ ਥੰਮੂਵਾਲ ਬੰਨਾ ਦੀ ਮਜ਼ਬੂਤੀ ਵਾਸਤੇ ਪਿੰਡਾਂ ਦੀਆਂ ਕਮੇਟੀਆਂ ਨੂੰ 15 ਲੱਖ ਰੁਪਏ ਨਗਦ ਦਿੱਤੇ ਅਤੇ 25 ਹਜ਼ਾਰ ਡੀਜ਼ਲ ਵੀ ਪ੍ਰਦਾਨ ਕੀਤਾ।
ਸਰਦਾਰ ਬਾਦਲ ਨੇ ਨਕੋਦਰ ਵਿਚ ਸੰਘੋਵਾਲ, ਫਿਲੌਰ ਵਿਚ ਮਿਓਵਾਲ ਅਤੇ ਸਾਹਨੇਵਾਲ ਵਿਚ ਸਸਰਾਲੀ ਦਾ ਵੀ ਦੌਰਾ ਕੀਤਾ। ਉਹਨਾਂ ਨੇ ਬੰਨਾ ਵਾਲੀਆਂ ਤਿੰਨਾਂ ਥਾਵਾਂ ਦਾ ਦੌਰਾ ਕੀਤਾ ਅਤੇ ਨਗਦ 10 ਲੱਖ ਰੁਪਏ ਦਿੱਤੇ ਤੇ ਭਾਰੀ ਮਸ਼ੀਨਰੀ ਦੀ ਵਰਤੋਂ ਵਾਸਤੇ 15 ਹਜ਼ਾਰ ਲੀਟਰ ਡੀਜ਼ਲ ਵੀ ਦਿੱਤਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਬੱਚਿਤਰ ਸਿੰਘ ਕੋਹਾੜ, ਰਾਜਕਮਲ ਸਿੰਘ ਗਿੱਲ, ਬਲਦੇਵ ਸਿੰਘ ਖਹਿਰਾ ਅਤੇ ਸ਼ਰਨਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।