ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਦਾ 54ਵੇਂ ਆਈ.ਐਸ.ਟੀ.ਈ. ਰਾਸ਼ਟਰੀ ਕਨਵੈਨਸ਼ਨ ਅਤੇ ਯੁਵਾ ਕੌਸ਼ਲ ਉਤਸਵ- 2025 ਵਿੱਚ ਸਨਮਾਨ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਦਾ  54ਵੇਂ ਆਈ.ਐਸ.ਟੀ.ਈ. ਰਾਸ਼ਟਰੀ ਕਨਵੈਨਸ਼ਨ ਅਤੇ ਯੁਵਾ ਕੌਸ਼ਲ ਉਤਸਵ- 2025 ਵਿੱਚ ਸਨਮਾਨ
ਬੰਗਾ 28 ਫਰਵਰੀ - ਬੀਤੇ ਦਿਨੀ  ਲੈਮਰੀਨ ਟੈਕ ਸਕਿੱਲਜ਼ ਯੂਨੀਵਰਸਿਟੀ ਵਿਖੇ ਆਯੋਜਿਤ 54ਵੇਂ ਆਈ.ਐਸ.ਟੀ.ਈ. ਰਾਸ਼ਟਰੀ ਕਨਵੈਨਸ਼ਨ ਅਤੇ ਯੁਵਾ ਕੌਸ਼ਲ ਉਤਸਵ- 2025 ਵਿੱਚ ਵਿਚ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਉਹਨਾਂ ਦੀ ਸ਼ਾਨਦਾਰ ਪੇਸ਼ਕਾਰੀ ਲਈ ਬੈਚਲਰ ਆਫ ਮੈਡੀਕਲ ਲੈਬ ਸਾਇੰਸ ਦੇ ਚੌਥੇ ਸਮੇਸਟਰ ਦੇ ਵਿਦਿਆਰਥੀਆਂ ਮਨਿੰਦਰ ਮਹਿਮੀ ਅਤੇ ਰਫੀਉੱਲਾ ਦਾ ਸਰਟੀਫੀਕੇਟ ਪ੍ਰਦਾਨ ਕਰਕੇ ਸਨਮਾਨ ਵੀ ਕੀਤਾ ਗਿਆ । ਕਾਲਜ ਦੇ ਵਾਈਸ ਪ੍ਰਿੰਸੀਪਲ ਰਾਜਦੀਪ ਥਿਥਵਾਰ ਨੇ ਰਾਸ਼ਟਰੀ ਕਨਵੈਨਸ਼ਨ ਵਿੱਚ ਦੋਵਾਂ ਵਿਦਿਆਰਥੀਆਂ ਸ਼ਾਨਦਾਰ ਸ਼ਮੂਲੀਅਤ ਇਹਨਾਂ ਦੀ ਆਪਣੇ ਪ੍ਰੌਫੈਸ਼ਨਲ ਕੋਰਸ ਪ੍ਰਤੀ ਵਚਨਬੱਧਤਾ ਪ੍ਰਤੀ ਮਿਸਾਲ ਹੈ ।  ਕਾਲਜ ਪੁੱਜਣ ਤੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਅਤੇ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਅਤੇ ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਨੇ ਵਿਦਿਆਰਥੀਆਂ ਵੱਲੋਂ ਕਾਲਜ ਦੀ ਨੁੰਮਾਇੰਦੀ ਕਰਕੇ ਅਤੇ ਸਨਮਾਨ ਪ੍ਰਾਪਤ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਹਾਰਦਿਕ ਵਧਾਈਆਂ ਦਿੱਤੀਆਂ । ਉਹਨਾਂ ਨੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਆਪਣੇ ਪ੍ਰੌਫੈਸ਼ਨਲ ਕਿੱਤੇ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਲਈ ਕਰਨ ਲਈ ਪ੍ਰੇਰਿਤ ਕੀਤਾ ।

Fwd: PN PBI & ENG ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਢਿੱਲੋਂ ਵੱਲੋਂ ਚਲਾਏ ਜਾ ਰਹੇ ਮਿੱਥ ਕੇ ਹੱਤਿਆ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ; 5 ਪਿਸਤੌਲਾਂ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਢਿੱਲੋਂ ਵੱਲੋਂ ਚਲਾਏ ਜਾ ਰਹੇ ਮਿੱਥ ਕੇ ਹੱਤਿਆ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ; 5 ਪਿਸਤੌਲਾਂ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
 ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਮੋਹਾਲੀ ਅਤੇ ਰਾਜਪੁਰਾ ਵਿੱਚ ਮਿੱਥ ਕੇ ਹੱਤਿਆ ਕਰਨ ਦਾ ਕੰਮ ਸੌਂਪਿਆ ਗਿਆ ਸੀ : ਡੀ.ਜੀ.ਪੀ. ਗੌਰਵ ਯਾਦਵ
 ਅਗਲੇਰੀ ਜਾਂਚ ਜਾਰੀ  ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਆਸ : ਐਸ.ਐਸ.ਪੀ. ਪਟਿਆਲਾ ਨਾਨਕ ਸਿੰਘ

ਪਟਿਆਲਾ, 21 ਫਰਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ  ਸੁਰੱਖਿਅਤ ਰਾਜ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਵਿਦੇਸ਼ੀ ਗੈਂਗਸਟਰ ਗੋਲਡੀ ਢਿੱਲੋਂ ਦੁਆਰਾ ਚਲਾਏ ਜਾ ਰਹੇ  ਟਾਰਗੈਟ ਕਿਲਿੰਗ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਰਾਜਪੁਰਾ ਤੋਂ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ  ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਦਿੱਤੀ।
 ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਲਕੀਤ ਸਿੰਘ ਉਰਫ਼ ਮੈਕਸ, ਜੋ ਕਿ ਅਜਨਾਲਾ, ਅੰਮ੍ਰਿਤਸਰ ਦੇ ਪਿੰਡ ਰੋਡਾਲਾ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਫਤਿਹਗੜ੍ਹ ਸਾਹਿਬ ਦੇ ਪਿੰਡ ਸੇਮਪਾਲੀ ਵਿੱਚ ਰਹਿੰਦਾ ਹੈ ਅਤੇ ਸੰਦੀਪ ਸਿੰਘ ਉਰਫ਼ ਦੀਪ, ਜੋ ਕਿ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਦਾ ਰਹਿਣ ਵਾਲਾ ਹੈ, ਵਜੋਂ ਹੋਈ ਹੈ।
         ਪੁਲਿਸ ਟੀਮਾਂ ਨੇ ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਚੋਂ ਪੰਜ ਪਿਸਤੌਲ  ਜਿੰਨ੍ਹਾਂ ਵਿੱਚ ਤਿੰਨ .32 ਕੈਲੀਬਰ, ਇੱਕ .30 ਕੈਲੀਬਰ ਅਤੇ ਇੱਕ .315 ਕੈਲੀਬਰ ਦੇਸੀ ਕੱਟਾ ਸ਼ਾਮਲ ਹਨ ਸਮੇਤ 15 ਕਾਰਤੂਸ ਅਤੇ 1300 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ, ਇਸ ਤੋਂ ਇਲਾਵਾ ਉਨ੍ਹਾਂ ਦਾ ਕਾਲੇ ਰੰਗ ਦਾ ਹੌਂਡਾ ਐਕਟਿਵਾ ਸਕੂਟਰ (ਪੀਬੀ 23 ਏਏ 0795) ਵੀ ਜ਼ਬਤ ਕੀਤਾ ਹੈ।
         ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਜ਼ਬਰਨ ਵਸੂਲੀ ਨਾਲ ਸਬੰਧਤ ਦੋ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ ਅਤੇ ਉਨ੍ਹਾਂ ਦੇ ਹੈਂਡਲਰ ਗੋਲਡੀ ਢਿੱਲੋਂ ਨੇ ਉਨ੍ਹਾਂ ਨੂੰ ਮੋਹਾਲੀ ਅਤੇ ਰਾਜਪੁਰਾ ਵਿੱਚ ਮਿੱਥ ਕੇ ਹੱਤਿਆ ਕਰਨ ਦਾ ਕੰਮ  ਸੌਂਪਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਇਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ, ਅਸਲਾ ਐਕਟ, ਇਰਾਦਾ ਕਤਲ , ਜ਼ਬਰਨ ਵਸੂਲੀ, ਡਕੈਤੀ, ਲੁੱਟ-ਖੋਹ ਆਦਿ  ਕਈ ਮਾਮਲੇ ਦਰਜ ਹਨ।
        ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ -ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਆਸ ਹੈ।  ਆਪਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀ.) ਪਟਿਆਲਾ ਨਾਨਕ ਸਿੰਘ ਨੇ ਕਿਹਾ ਕਿ ਸਪੈਸ਼ਲ ਸੈੱਲ ਰਾਜਪੁਰਾ ਦੀਆਂ ਪੁਲਿਸ ਟੀਮਾਂ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਗੈਂਗਸਟਰ ਗੋਲਡੀ ਢਿੱਲੋਂ ਦੇ ਦੋ ਕਾਰਕੁਨ ਸਰਹਿੰਦ-ਰਾਜਪੁਰਾ ਸੜਕ 'ਤੇ ਕਿਸੇ ਨੂੰ ਨਸ਼ੀਲੀਆਂ ਗੋਲੀਆਂ ਪਹੁੰਚਾਉਣ ਜਾ ਰਹੇ ਹਨ, ਜਿਸ ਤੋਂ ਬਾਅਦ, ਉਨ੍ਹਾਂ ਨੇ ਰਾਜਪੁਰਾ ਵਿੱਚ ਇੱਕ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਜਾਣਾ ਸੀ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਸਪੈਸ਼ਲ ਸੈੱਲ ਰਾਜਪੁਰਾ ਨੇ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਵਿੱਚ  ਖੁਫੀਆ ਜਾਣਕਾਰੀ 'ਤੇ ਅਧਾਰਤ ਕਾਰਵਾਈ ਸ਼ੁਰੂ ਕੀਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਹਥਿਆਰਾਂ ਅਤੇ ਨਸ਼ੀਲੇ ਪਦਾਰਥ ਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ  ਹਾਸਲ ਕੀਤੀ।
       ਐਸ.ਐਸ.ਪੀ. ਨੇ ਦੱਸਿਆ ਕਿ ਦੋ ਪ੍ਰਮੁੱਖ ਵਿਅਕਤੀ, ਜਿਨ੍ਹਾਂ ਨੂੰ ਵਿਦੇਸ਼ੀ ਗੈਂਗਸਟਰਾਂ ਤੋਂ ਧਮਕੀ ਭਰੇ ਫੋਨ ਵੀ ਆਏ ਸਨ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਨਿਸ਼ਾਨੇ 'ਤੇ ਸਨ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਸ ਸਬੰਧੀ  ਕੇਸ ਐਫਆਈਆਰ ਨੰ. 13 ਮਿਤੀ 19/2/2025 ਨੂੰ ਪਟਿਆਲਾ ਦੇ ਪੁਲਿਸ ਸਟੇਸ਼ਨ ਸਦਰ ਰਾਜਪੁਰਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 22 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਕੀਤਾ ਗਿਆ ਹੈ।

Fwd: ਪੋਕਸੋ ਐਕਟ ਅਤੇ ਜੁਵੇਨਾਇਲ ਜਸਟਿਸ ਐਕਟ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਾਇਆ


ਪੋਕਸੋ ਐਕਟ ਅਤੇ ਜੁਵੇਨਾਇਲ ਜਸਟਿਸ ਐਕਟ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਾਇਆ

8 ਮਾਰਚ ਨੂੰ ਜ਼ਿਲ੍ਹਾ ਪੱਧਰ 'ਤੇ ਲੱਗੇਗੀ ਕੌਮੀ ਲੋਕ ਅਦਾਲਤ

ਹੁਸ਼ਿਆਰਪੁਰ, 27 ਜਨਵਰੀ: ਪੰਜਾਰ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿਚ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਵਲੋਂ ਜ਼ਿਲ੍ਹਾ ਪੱਧਰ ਦੇ ਸਮੂਹ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਮੇਤ ਪੋਕਸੋ ਐਕਟ-2012 ਅਤੇ ਜੁਵੇਨਾਇਲ ਜਸਟਿਸ ਐਕਟ-2015 ਬਾਰੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

        ਜਾਗਰੂਕਤਾ ਪ੍ਰੋਗਰਾਮ ਦੌਰਾਨ ਜੁਡੀਸ਼ੀਅਲ ਮੈਜਿਸਟਰੇਟਾਂ ਵਲੋਂ ਪੀੜਤਾਂ ਦੀ ਦੇਖ-ਭਾਲ ਅਤੇ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ 8 ਮਾਰਚ 2025 ਨੂੰ ਜ਼ਿਲ੍ਹਾ ਪੱਧਰ 'ਤੇ ਲਾਈ ਜਾਣ ਵਾਲੀ ਕੌਮੀ ਲੋਕ ਅਦਾਲਤ ਵਿਚ ਪੈਂਡਿੰਗ ਅਤੇ ਪ੍ਰੀ-ਲਿਟੀਗੇਸ਼ਨ ਵਾਲੇ ਕੇਸਾਂ ਦਾ ਦੋਵਾਂ ਧਿਰਾਂ ਦੇ ਆਪਸੀ ਸਮਝੌਤੇ ਰਾਹੀਂ ਨਿਪਟਾਰਾ ਕਰਵਾਉਣ ਬਾਰੇ ਵੀ ਕਿਹਾ ਗਿਆ।

          ਇਸ ਤੋਂ ਇਲਾਵਾ ਨਵੇਂ ਜ਼ਿਲ੍ਹਾ ਅਤੇ ਸ਼ੈਸ਼ਨ ਕੋਰਟ ਕੰਪਲੈਕਸ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜ਼ਿਲ੍ਹਾ ਪੱਧਰ ਅਤੇ ਸਬ ਡਵੀਜਨ ਪੱਧਰ 'ਤੇ ਸਮੂਹ ਪੈਰਾ ਲੀਗਲ ਵਲੰਟੀਅਰਾਂ  ਨੂੰ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਅਪੰਗਤਾ ਸਰਟੀਫਿਕੇਟ ਬਣਾਉਣ ਲਈ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ ਇਹ ਟਰੇਨਿੰਗ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵਲੋਂ ਡਿਪਟੀ ਕਮਿਸ਼ਨਰ ਦੇ ਸਹਿਯੋਗ ਨਾਲ ਦਿੱਤੀ ਗਈ ਜਿਸ ਵਿੱਚ ਪੈਰਾ ਲੀਗਲ ਵਲੰਟੀਅਰਾ ਨੂੰ ਕੰਪਿਉਟਰ ਉਪਰੇਟਰ, ਸੇਵਾ ਕੇਦਰ ਹੁਸ਼ਿਆਰਪੁਰ ਪਰਦੀਪ ਸਿੰਘ ਵਲੋਂ ਵਿਸਥਾਰਪੁਰਵਕ ਜਾਣਕਾਰੀ ਦਿੱਤੀ ਗਈ।

                   

 

Fwd: Punjabi & Hindi--- ਹੁਸ਼ਿਆਰਪੁਰ ਨੇਚਰ ਫੈਸਟ-2025: ਕੁਦਰਤ, ਸਾਹਸ ਅਤੇ ਸੱਭਿਆਚਾਰ ਦਾ ਇੱਕ ਸ਼ਾਨਦਾਰ ਸਮਾਪਨ

ਹੁਸ਼ਿਆਰਪੁਰ ਨੇਚਰ ਫੈਸਟ-2025: ਕੁਦਰਤ, ਸਾਹਸ ਅਤੇ ਸੱਭਿਆਚਾਰ ਦਾ ਇੱਕ ਸ਼ਾਨਦਾਰ ਸਮਾਪਨ
ਨੇਚਰ ਫੈਸਟ ਦੇ ਆਖਰੀ ਦਿਨ ਲੋਕਾਂ ਨੇ ਬੋਟਿੰਗ, ਜੰਗਲ ਸਫਾਰੀ ਅਤੇ ਪਤੰਗ ਸ਼ੋਅ ਦਾ ਮਾਣਿਆ ਆਨੰਦ
ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਮਨਮੋਹਕ ਗਾਇਕੀ ਨਾਲ ਸਭ ਨੂੰ ਕੀਲਿਆ
ਹੁਸ਼ਿਆਰਪੁਰ, 25 ਫਰਵਰੀ: ਪੰਜ ਰੋਜ਼ਾ ਹੁਸ਼ਿਆਰਪੁਰ ਨੇਚਰ ਫੈਸਟ-2025 ਇੱਕ ਅਭੁੱਲ ਤਜਰਬੇ ਨਾਲ ਸਮਾਪਤ ਹੋਇਆ ਜਿਸ ਵਿੱਚ ਕੁਦਰਤ ਪ੍ਰੇਮੀਆਂ, ਸੈਲਾਨੀਆਂ ਅਤੇ ਸਥਾਨਕ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਫੈਸਟ ਨਾ ਸਿਰਫ਼ ਮਨੋਰੰਜਨ ਦਾ ਮਾਧਿਅਮ ਬਣ ਗਿਆ, ਸਗੋਂ ਕੁਦਰਤ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇੱਕ ਮਜਬੂਤ ਪਲੇਟਫਾਰਮ ਵੀ ਸਾਬਤ ਹੋਇਆ।
ਫੈਸਟ ਦੇ ਆਖਰੀ ਦਿਨ ਸੈਲਾਨੀਆਂ ਨੇ ਨੇਚਰ ਰੀਟਰੀਟ ਚੌਹਾਲ ਵਿਖੇ ਬੋਟਿੰਗ ਦਾ ਆਨੰਦ ਮਾਣਿਆ। ਸ਼ਾਂਤ ਪਾਣੀ ਵਿੱਚ ਬੋਟਿੰਗ ਕਰਦੇ ਹੋਏ, ਉਸਨੇ ਕੁਦਰਤ ਦੀ ਵਿਲੱਖਣ ਸ਼ਾਨ ਦਾ ਅਨੁਭਵ ਕੀਤਾ। ਇਸ ਦੇ ਨਾਲ ਹੀ ਜੰਗਲ ਸਫਾਰੀ ਦੌਰਾਨ ਸੈਲਾਨੀਆਂ ਨੇ ਸੰਘਣੇ ਜੰਗਲਾਂ ਵਿੱਚ ਜੰਗਲੀ ਜੀਵਾਂ ਨੂੰ ਨੇੜਿਓਂ ਦੇਖਿਆ ਅਤੇ ਕੁਦਰਤ ਨਾਲ ਡੂੰਘੀ ਸਾਂਝ ਮਹਿਸੂਸ ਕੀਤੀ। ਸਮਾਪਨ 'ਤੇ ਪਤੰਗਾਂ ਦਾ ਸ਼ੋਅ ਵੀ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਰੰਗਾਂ, ਆਕਾਰਾਂ ਅਤੇ ਡਿਜ਼ਾਈਨਾਂ ਦੀਆਂ ਪਤੰਗਾਂ ਨੇ ਅਸਮਾਨ ਨੂੰ ਰੌਸ਼ਨ ਕੀਤਾ। ਇਸ ਮਨਮੋਹਕ ਨਜ਼ਾਰਾ ਨੇ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੱਤਾ ਅਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੇ ਇਸ ਅਨੁਭਵ ਦਾ ਭਰਪੂਰ ਆਨੰਦ ਲਿਆ।
ਫੈਸਟ ਦੌਰਾਨ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਲੋਕ ਨਾਚ, ਸੰਗੀਤ ਅਤੇ ਨਾਟਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਵੱਖ-ਵੱਖ ਕਲਾਕਾਰਾਂ ਨੇ ਆਪਣੀ ਕਲਾ ਅਤੇ ਪਰੰਪਰਾਵਾਂ ਦਾ ਪ੍ਰਦਰਸ਼ਨ ਕਰਕੇ ਪ੍ਰੋਗਰਾਮ ਨੂੰ ਯਾਦਗਾਰੀ ਬਣਾਇਆ। ਦਰਸ਼ਕਾਂ ਨੇ ਸੰਗੀਤ ਦੀਆਂ ਧੁਨਾਂ 'ਤੇ ਨੱਚ ਕੇ ਸ਼ਾਮ ਦਾ ਖੂਬ ਆਨੰਦ ਮਾਣਿਆ।
ਫੈਸਟ ਦੇ ਸਮਾਪਨ ਦੀ ਖਾਸ ਗੱਲ ਸੀ ਸਟਾਰ ਨਾਈਟ, ਜਿਸ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਮਨਮੋਹਕ ਗਾਇਕੀ ਨਾਲ ਸਮਾਂ ਬੰਨ ਦਿੱਤਾ। ਉਨ੍ਹਾਂ ਦੇ ਪ੍ਰਸਿੱਧ ਗੀਤਾਂ ਨੇ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਅਤੇ ਪੂਰੇ ਮਾਹੌਲ ਨੂੰ ਇੱਕ ਵੱਖਰੀ ਊਰਜਾ ਨਾਲ ਭਰ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ, ਏਡੀਸੀ ਨਿਕਾਸ ਕੁਮਾਰ, ਐਸਡੀਐਮ ਟਾਂਡਾ ਪੰਕਜ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਫੈਸਟ ਦੇ ਆਖ਼ਰੀ ਦਿਨ ਵੱਖ-ਵੱਖ ਰਾਜਾਂ ਤੋਂ ਆਏ ਦਸਤਕਾਰੀ, ਕੱਪੜੇ, ਗਹਿਣੇ, ਝੂਲੇ ਅਤੇ ਸਥਾਨਕ ਪਕਵਾਨਾਂ ਦੇ ਸਟਾਲ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ। ਸੈਲਾਨੀਆਂ ਨੇ ਭਾਰੀ ਖਰੀਦਦਾਰੀ ਕੀਤੀ ਅਤੇ ਸਥਾਨਕ ਕਾਰੀਗਰਾਂ ਦੁਆਰਾ ਬਣਾਏ ਉਤਪਾਦਾਂ ਦੀ ਸ਼ਲਾਘਾ ਕੀਤੀ। ਹੁਸ਼ਿਆਰਪੁਰ ਨੇਚਰ ਫੈਸਟ-2025 ਦੀ ਸਫਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਕੁਦਰਤ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ।

Fwd: 2015 ਬੈਚ ਦੇ ਆਈ.ਏ.ਐਸ. ਅਧਿਕਾਰੀ ਆਸ਼ਿਕਾ ਜੈਨ ਨੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ


2015 ਬੈਚ ਦੇ ਆਈ.ਏ.ਐਸ. ਅਧਿਕਾਰੀ ਆਸ਼ਿਕਾ ਜੈਨ ਨੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਹੁਸ਼ਿਆਰਪੁਰ, 25 ਫਰਵਰੀ: ਪੰਜਾਬ ਕਾਡਰ ਦੇ 2015 ਬੈਚ ਦੇ ਆਈ.ਏ.ਐਸ. ਅਧਿਕਾਰੀ ਆਸ਼ਿਕਾ ਜੈਨ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਤੌਰ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ, ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ, ਨਾਗਰਿਕ ਸੇਵਾਵਾਂ ਨੂੰ ਹੋਰ ਵੀ ਬਿਹਤਰ ਅਤੇ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ।

        ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ 'ਤੇ ਆਈ.ਏ.ਐਸ. ਅਧਿਕਾਰੀ ਆਸ਼ਿਕਾ ਜੈਨ ਨੂੰ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਸੀਨੀਅਰ ਅਧਿਕਾਰੀਆਂ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਐਸ.ਐਸ.ਪੀ., ਵਧੀਕ ਡਿਪਟੀ ਕਮਿਸ਼ਨਰ, ਐਸ.ਡੀ.ਐਮਜ਼ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਅਤੇ ਅਹਿਮ ਮਸਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਲੋੜੀਂਦੀਆਂ ਸੇਵਾਵਾਂ ਹਰ ਹਾਲ ਮਿੱਥੇ ਸਮੇਂ ਵਿਚ ਮੁਹੱਈਆ ਕਰਵਾਈਆਂ ਜਾਣ ਅਤੇ ਲੋਕਾਂ ਨਾਲ ਜੁੜੇ ਹੋਏ ਮਾਮਲਿਆਂ ਨੂੰ ਪੂਰੀ ਤਰਜ਼ੀਹ ਦਿੱਤੀ ਜਾਵੇ।

        ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਦੀ ਕਾਰਗੁਜ਼ਾਰੀ ਦੀ ਸਮੇਂ-ਸਮੇਂ ਸਿਰ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਮਿਲ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਹੋ ਸਕੇ। ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਨਤਾ ਅਤੇ ਭ੍ਰਿਸ਼ਟ ਸਰਗਰਮੀਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਆਸ਼ਿਕਾ ਜੈਨ ਇਸ ਤੋਂ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸਨ। ਆਸ਼ਿਕਾ ਜੈਨ 2018 ਵਿਚ ਨਗਰ ਨਿਗਮ ਜਲੰਧਰ ਦੇ ਜੁਆਇੰਟ ਕਮਿਸ਼ਨਰ, 2019 ਵਿਚ ਐਸ.ਏ.ਐਸ. ਨਗਰ ਵਿਖੇ ਵਧੀਕ ਡਿਪਟੀ ਕਮਿਸ਼ਨਰ, 2021 ਵਿਚ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ, 2022 ਵਿਚ ਜਲੰਧਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਸੇਵਾਵਾਂ ਦੇ ਚੁੱਕੇ ਹਨ।

ਕੈਪਸ਼ਨ: 2015 ਬੈਚ ਦੇ ਆਈ.ਏ.ਐਸ. ਅਧਿਕਾਰੀ ਆਸ਼ਿਕਾ ਜੈਨ ਹੁਸ਼ਿਆਰਪੁਰ ਵਿਖੇ ਬਤੌਰ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਦੇ ਹੋਏ।

ਹੁਸ਼ਿਆਰਪੁਰ ਵਿਖੇ ਪਹੁੰਚਣ 'ਤੇ ਗਾਰਡ ਆਫ਼ ਆਨਰ ਤੋਂ ਸਲਾਮੀ ਲੈਂਦੇ ਹੋਏ ਆਈ.ਏ.ਐਸ. ਅਧਿਕਾਰੀ ਆਸ਼ਿਕਾ ਜੈਨ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ 15 ਵਿਦਿਆਰਥੀਆਂ ਨੇ ਲਖਨਊ ਵਿਖੇ ਆਯੋਜਿਤ ਟੈਕਨੋਕੂਨ-2025 ਤੀਜੀ ਰਾਸ਼ਟਰੀ ਕਾਨਫਰੰਸ 'ਚ ਕਾਲਜ ਦੀ ਪ੍ਰਤੀਨਿਧਤਾ ਕੀਤੀ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ 15 ਵਿਦਿਆਰਥੀਆਂ ਨੇ ਲਖਨਊ ਵਿਖੇ ਆਯੋਜਿਤ ਟੈਕਨੋਕੂਨ-2025 ਤੀਜੀ ਰਾਸ਼ਟਰੀ ਕਾਨਫਰੰਸ 'ਚ ਕਾਲਜ ਦੀ ਪ੍ਰਤੀਨਿਧਤਾ ਕੀਤੀ
ਬੰਗਾ 25 ਫਰਵਰੀ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਬੈਚਲਰ ਆਫ ਆਪਰੇਸ਼ਨ ਥੀਏਟਰ ਟੈਕਨਾਲੋਜੀ ( ਬੀ ਉ ਟੀ ਟੀ) ਦੀ ਕਲਾਸ ਵਿਚ ਪੜ੍ਹ ਰਹੇ 15 ਵਿਦਿਆਰਥੀਆਂ ਨੇ ਬੀਤੇ ਦਿਨੀ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਲਖਨਊ ਦੁਆਰਾ ਆਯੋਜਿਤ ਟੈਕਨੋਕੂਨ-2025 ਤੀਜੀ ਨੈਸ਼ਨਲ ਕਾਨਫਰੰਸ ਵਿੱਚ ਭਾਗ ਲਿਆ । ਜੋ ਇਹਨਾਂ ਵਿਦਿਆਰਥੀਆਂ ਦੇ ਵਿਦਿਅਕ ਅਤੇ ਪੇਸ਼ੇਵਰ ਸਫ਼ਰ ਵਿੱਚ ਮੀਲ ਪੱਥਰ ਸਾਬਤ ਹੋਵੇਗੀ । ਇਹ ਜਾਣਕਾਰੀ ਕਾਲਜ ਦੇ ਵਾਈਸ ਪ੍ਰਿੰਸੀਪਲ ਰਾਜਦੀਪ ਥਿਥਵਾਰ ਨੇ ਦਿੱਤੀ । ਉਹਨਾਂ ਦੱਸਿਆ ਕਿ ਕਾਲਜ ਦੇ ਬੈਚਲਰ ਆਫ ਆਪਰੇਸ਼ਨ ਥੀਏਟਰ ਟੈਕਨਾਲੋਜੀ ਦੇ ਵੱਖ ਵੱਖ ਸਮੈਸਟਰਾਂ ਦੇ ਵਿਦਿਆਰਥੀਆਂ ਨੇਹਾ , ਕੋਮਲ, ਸਰਵਜੋਤ, ਗੁਰਮਨ, ਲਵਲੀਨ, ਅਦਿਤੀ ਕੌਰ, ਦਿਵਿਆ ਪਾਲ, ਹਮੀਸ਼ਾ, ਈਸ਼ੂ, ਮਨੀਸ਼ਾ, ਮੁਸਕਾਨ ਸਹਿਜਲ, ਨਵਦੀਪ ਕੌਰ, ਪ੍ਰਿਆ, ਤੇਜਸਵੀ, ਵਿਸ਼ਾਲ ਚੌਹਾਨ ਨੇ ਇਸ ਕਾਨਫਰੰਸ ਵਿਚ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੀ ਪ੍ਰਤੀਨਿਧਤਾ ਕੀਤੀ ਅਤੇ ਆਪਣੇ ਕਾਲਜ ਦਾ ਮਾਣ ਵਧਾਇਆ । ਇਸ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਅਤੇ ਮੀਤ ਪ੍ਰਧਾਨ ਸ ਬਰਜਿੰਦਰ ਸਿੰਘ ਢਾਹਾਂ ਨੇ ਕਾਨਫਰੰਸ ਵਿਚ ਸ਼ਿਰਕਤ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ । ਉਨ੍ਹਾਂ ਆਪਣੇ ਪ੍ਰੇਰਣਾਦਾਇਕ ਸ਼ਬਦਾਂ ਨਾਲ ਵਿਦਿਆਰਥੀਆਂ ਨੂੰ ਬੈਚਲਰ ਆਫ ਆਪਰੇਸ਼ਨ ਥੀਏਟਰ ਟੈਕਨਾਲੋਜੀ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਟੈਕਨੋਕੂਨ-2025 ਲਈ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਸਫਲਤਾ ਲਈ ਕਾਮਨਾ ਕੀਤੀ।
ਫੋਟੋ ਕੈਪਸ਼ਨ : ਟੈਕਨੋਕੂਨ-2025 ਤੀਜੀ ਨੈਸ਼ਨਲ ਕਾਨਫਰੰਸ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਸ, ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ

ਪਿੰਡ ਥਾਂਦੀਆਂ ਵਿਖੇ ਲੱਗੇ ਛੇਵੇਂ ਅੱਖਾਂ ਦੇ ਫਰੀ ਚੈੱਕਅੱਪ ਕੈਂਪ ਦਾ 304 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਪਿੰਡ ਥਾਂਦੀਆਂ ਵਿਖੇ ਲੱਗੇ ਛੇਵੇਂ ਅੱਖਾਂ ਦੇ ਫਰੀ ਚੈੱਕਅੱਪ ਕੈਂਪ ਦਾ 304  ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ
ਬੰਗਾ : 24 ਫਰਵਰੀ () ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਛੇਵਾਂ ਫਰੀ ਅੱਖਾਂ ਦਾ ਅਤੇ ਜਨਰਲ ਮੈਡੀਕਲ ਚੈੱਕਅੱਪ ਕੈਂਪ ਗੁ: ਬਾਬਾ ਮੀਹਾਂ ਜੀ ਪਿੰਡ ਥਾਂਦੀਆਂ ਵਿਖੇ ਲਗਾਇਆ ਗਿਆ ਜਿਸ ਵਿਚ 304 ਲੋੜਵੰਦ ਮਰੀਜ਼ਾਂ ਨੇ ਫਰੀ ਚੈੱਕਅੱਪ ਕਰਵਾਇਆ ਅਤੇ ਫਰੀ ਦਵਾਈਆਂ ਪ੍ਰਾਪਤ ਕੀਤੀਆਂ । ਇਸ ਕੈਂਪ ਦੀ ਆਰੰਭਤਾ ਸਮੂਹ ਮਰੀਜ਼ਾਂ ਦੀ ਚੜ੍ਹਦੀਕਲਾ, ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ ਉਪਰੰਤ ਹੋਈ ।
       ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਹਰ ਸਾਲ  ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ  ਵੱਲੋਂ ਅੱਖਾਂ ਅਤੇ ਜਨਰਲ ਮੈਡੀਕਲ ਚੈੱਕਅੱਪ ਲਗਾਉਣ ਲਈ ਕੀਤੇ ਜਾਂਦੇ ਉਦੱਮਾਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਉਹਨਾਂ ਨੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਮੈਡੀਕਲ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ । ਇਸ ਮੌਕੇ ਕਨੈਡਾ ਨਿਵਾਸੀ ਦਲਵੀਰ ਸਿੰਘ ਥਾਂਦੀ ਨੇ ਗੁ: ਬਾਬਾ ਮੀਹਾਂ ਜੀ ਪ੍ਰਬੰਧਕ ਕਮੇਟੀ, ਸਮੂਹ ਐਨ ਆਰ ਆਈ ਵੀਰਾਂ, ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ  ਅੱਖਾਂ ਦਾ ਤੇ ਫਰੀ ਮੈਡੀਕਲ ਚੈੱਕਐਪ ਕੈਂਪ ਲਗਾਉਣ ਲਈ ਹਰ ਸਾਲ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ ।
         ਇਸ ਮੌਕੇ ਡਾ. ਟੀ ਅਗਰਵਾਲ, ਡਾ. ਕੁਲਦੀਪ ਸਿੰਘ, ਡਾ, ਨਵਦੀਪ ਕੌਰ  ਅਤੇ ਉਪਟਰੋਮੀਟਰਸ ਦਲਜੀਤ ਕੌਰ ਨੇ ਕੈਂਪ ਵਿਚ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ । ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਪ੍ਰਦਾਨ ਕੀਤੀਆਂ ਅਤੇ ਸ਼ੂਗਰ ਟੈਸਟ ਫਰੀ ਹੋਏ । ਇਸ ਮੌਕੇ ਅੱਖਾਂ ਦੇ ਅਪਰੇਸ਼ਨਾਂ ਲਈ 34 ਮਰੀਜ਼ ਚੁਣੇ ਗਏ ਜਿਹਨਾਂ ਦੇ ਅਪਰੇਸ਼ਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੀਤੇ ਜਾਣਗੇ । ਇਸ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਸਮੂਹ ਗੁ: ਬਾਬਾ ਮੀਹਾਂ ਜੀ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ । ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਕੈਂਪ ਪ੍ਰਬੰਧਕਾਂ ਵੱਲੋਂ ਇਕੱਤਰ ਇਲਾਕਾ ਨਿਵਾਸੀਆਂ  ਨੂੰ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਪ੍ਰਤੀ ਜਾਗਰੁਕ ਕਰਦੇ ਹੋਏ ਇਸ ਮੌਕੇ 200 ਤੋਂ ਵਧੇਰੇ ਪੌਦੇ ਵੀ ਵੰਡੇ ਗਏ।
ਫੋਟੋ ਕੈਪਸ਼ਨ : ਗੁ: ਮੀਹਾਂ ਸਾਹਿਬ ਜੀ ਪਿੰਡ ਥਾਂਦੀਆਂ ਵਿਖੇ ਲੱਗੇ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਦੀ ਤਸਵੀਰ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਚ ਸ਼ਾਨਦਾਰ ਸੇਵਾਵਾਂ ਕਰਨ ਵਾਲੇ 10 ਸੇਵਾਕਰਮੀ ਸਾਲਾਨਾ ਸੇਵਾ ਉੱਤਮਤਾ ਅਵਾਰਡ ਨਾਲ ਸਨਮਾਨਿਤ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਚ ਸ਼ਾਨਦਾਰ ਸੇਵਾਵਾਂ ਕਰਨ ਵਾਲੇ 10 ਸੇਵਾਕਰਮੀ ਸਾਲਾਨਾ ਸੇਵਾ ਉੱਤਮਤਾ ਅਵਾਰਡ  ਨਾਲ ਸਨਮਾਨਿਤ
ਬੰਗਾ 22 ਫਰਵਰੀ () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਵੱਖ ਵੱਖ ਅਦਾਰਿਆਂ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਸੇਵਾਕਰਮੀਆਂ ਨੂੰ  ਸਾਲਾਨਾ ਸੇਵਾ ਉੇੱਤਮਤਾ ਐਵਾਰਡ 2024-25 ਨਾਲ ਸਨਮਾਨਿਤ ਕੀਤਾ ਗਿਆ । ਗੁਰੂ ਨਾਨਕ ਕਾਲਜ ਆਫ ਨਰਸਿੰਗ ਵਿਖੇ ਹੋਏ ਸਨਮਾਨ ਸਮਾਗਮ ਵਿਚ ਮੈਡੀਕਲ ਅਫਸਰ ਡਾ. ਸੁਰੇਸ਼ ਬਸਰਾ ਮੈਡੀਕਲ ਅਫ਼ਸਰ, ਰਾਜ ਰਾਣੀ ਸਫਾਈ ਸੇਵਕ, ਮਹਿੰਦਰ ਸਿੰਘ ਸਕਿਉਰਿਟੀ ਗਾਰਡ, ਪਰਮਿੰਦਰ ਕੌਰ ਸਟਾਫ ਨਰਸ , ਕਾਬਲ ਸਿੰਘ ਢਿੱਲੋਂ ਸਕੂਲ ਡਰਾਈਵਰ, ਅਮਨਦੀਪ ਕੌਰ ਨਰਸਿੰਗ ਏਡ, ਮਨਪ੍ਰੀਤ ਕੌਰ ਨਰਸਿੰਗ ਅਧਿਆਪਕ, ਰਾਜ ਰਾਣੀ ਇੰਚਾਰਜ ਪੈਥਲੋਜੀ ਲੈਬ, ਪਰਮਜੀਤ ਕੌਰ ਪੰਜਾਬੀ ਅਧਿਆਪਕ ਅਤੇ ਰਾਜ ਬਹਾਦਰ ਯਾਦਵ ਸੇਵਾਦਾਰ ਨੂੰ ਆਪੋ ਆਪਣੀਆਂ ਸੰਸਥਾਵਾਂ ਵਿਚ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਸਾਲਾਨਾ ਸੇਵਾ ਉੇੱਤਮਤਾ ਐਵਾਰਡ 2024-25 ਸਰਟੀਫੀਕੇਟ, ਵਿਸ਼ੇਸ਼ ਗੁੱਟ ਘੜੀ ਭੇਟ ਕਰਕੇ ਅਤੇ ਕਾਲਰ ਪਿੰਨ ਲਗਾ ਕੇ ਸਨਮਾਨਿਤ ਕੀਤਾ ਗਿਆ । ਸਨਮਾਨ ਸਮਾਗਮ ਵਿਚ ਟਰੱਸਟ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ ਅਤੇ ਸੀਨੀਅਰ ਮੈਂਬਰ ਸੁਰਿੰਦਰਪਾਲ ਸਿੰਘ ਥੰਮਣਵਾਲ ਸਾਬਕਾ ਮੰਤਰੀ ਪੰਜਾਬ ਦਾ ਉਨ੍ਹਾਂ ਦੀ ਟਰੱਸਟ ਪ੍ਰਤੀ ਕੀਤੀਆ ਜਾ ਰਹੀਆਂ ਸ਼ਾਨਦਾਰ ਨਿਸ਼ਕਾਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਸਾਧੜਾ ਯੂ ਕੇ ਨੇ ਸਮੂਹ ਟਰੱਸਟ ਮੈਬਰਾਂ ਵੱਲੋਂ ਸੇਵਾਕਰਮੀਆਂ ਨੂੰ ਸਨਮਾਨ ਕਰਨ ਦੀ ਰਸਮ ਅਦਾ ਕੀਤੀ ।
        ਸਮਾਗਮ ਵਿਚ ਸੰਬੋਧਨ ਕਰਦੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਕਿਹਾ ਕਿ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਨੇ ਸਾਲ 1979 ਵਿਚ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਢਾਹਾਂ ਕਲੇਰਾਂ ਵਿਖੇ ਸੰਸਥਾਵਾਂ ਸਥਾਪਿਤ ਕੀਤੀਆਂ , ਜਿਹਨਾਂ ਦੀ ਕਾਮਯਾਬੀ ਲਈ ਇਹਨਾਂ ਸਨਮਾਨਿਤ ਸੇਵਾਕਰਮੀਆਂ ਅਤੇ ਸੀਨੀਅਰ ਟਰੱਸਟੀਆਂ ਦਾ ਵਿਸ਼ੇਸ਼ ਯੋਗਦਾਨ ਹੈ । ਉਹਨਾਂ ਢਾਹਾਂ ਕਲੇਰਾਂ ਵਿਖੇ ਚੱਲਦੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੂੰ ਬੁਲੰਦੀਆਂ 'ਤੇ ਪੁੰਹਚਾਉਣ ਲਈ ਦਾਨੀਆਂ ਅਤੇ ਸਟਾਫ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਹਾਰਦਿਕ ਧੰਨਵਾਦ ਵੀ ਕੀਤਾ ।
        ਟਰੱਸਟ ਦੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਸਨਮਾਨਿਤ ਹਸਤੀਆਂ ਨੂੰ ਸਮੂਹ ਟਰੱਸਟ ਵੱਲੋਂ ਵਧਾਈਆਂ ਦਿੱਤੀਆਂ ਅਤੇ ਸਨਮਾਨਿਤ ਸੇਵਾਕਰਮੀਆਂ ਅਤੇ ਟਰੱਸਟ ਮੈਂਬਰਾਂ ਵੱਲੋਂ ਗੁਰੂ ਨਾਨਕ ਮਿਸ਼ਨ ਲਈ ਕੀਤੇ ਸੇਵਾ ਕਾਰਜਾਂ ਬਾਰੇ ਵੀ ਚਾਨਣਾ ਪਾਇਆ । ਇਸ ਮੌਕੇ ਸੰਬੋਧਨ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਨਮਾਨਿਤ ਪੰਜਾਬੀ ਅਧਿਆਪਕਾ ਪਰਮਜੀਤ ਕੌਰ ਨੇ  ਸਨਮਾਨਿਤ ਸੇਵਾ ਕਰਮੀਆਂ ਵੱਲੋਂ ਸਾਲਾਨਾ ਸੇਵਾ ਉੇੱਤਮਤਾ ਐਵਾਰਡ ਨਾਲ ਸਨਮਾਨ ਪ੍ਰਦਾਨ ਕਰਨ ਲਈ ਟਰੱਸਟ ਪ੍ਰਬੰਧਕਾਂ ਦਾ ਹਾਰਦਿਕ  ਧੰਨਵਾਦ ਕੀਤਾ । ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਏ ਸਨਮਾਨ ਸਮਾਗਮ ਵਿੱਚ ਅਮਰਜੀਤ ਸਿੰਘ ਕਲੇਰਾਂ ਸਕੱਤਰ, ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਸੀਤਲ ਸਿੰਘ ਸਿੱਧੂ ਸੀਨੀਅਰ ਟਰੱਸਟ ਮੈਂਬਰ, ਪ੍ਰੌ: ਹਰਬੰਸ ਸਿੰਘ ਡਾਇਰੈਕਟਰ ਸਿੱਖਿਆ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਡਾ. ਸੁਰਿੰਦਰ ਕੌਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮਹਿੰਦਰਪਾਲ ਸਿੰਘ ਸੁਪਰਡੈਂਟ ਟਰੱਸਟ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਤੋਂ ਇਲਾਵਾ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ ਤੋਂ ਇਲਾਵਾ ਟਰੱਸਟ ਸਟਾਫ ਵੀ ਹਾਜ਼ਰ ਸੀ । ਇਸ ਮੌਕੇ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਨੇ ਮੰਚ ਸੰਚਾਲਨ ਦੀ ਸੇਵਾ ਬਾਖੂਭੀ ਨਿਭਾਈ ।
ਫੋਟੋ ਕੈਪਸ਼ਨ - ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਸੇਵਾ ਕਰਮੀਆਂ ਦੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ, ਟਰੱਸਟ ਅਹੁਦੇਦਾਰਾਂ, ਮੈਂਬਰਾਂ ਅਤੇ ਦਾਨੀ ਸਹਿਯੋਗੀਆਂ ਨਾਲ ਯਾਦਗਾਰੀ ਤਸਵੀਰ

ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਵਿਵੇਕ ਗੁੰਬਰ ਨੇ ਮੌਤ ਨਾਲ ਜੂਝ ਰਹੇ 35 ਸਾਲਾਂ ਨੌਜਵਾਨ ਦੀ ਜਾਨ ਬਚਾਈ

ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਵਿਵੇਕ ਗੁੰਬਰ ਨੇ ਮੌਤ ਨਾਲ ਜੂਝ ਰਹੇ 35 ਸਾਲਾਂ ਨੌਜਵਾਨ ਦੀ ਜਾਨ ਬਚਾਈ
ਬੰਗਾ 13 ਫਰਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਨੇ ਫੇਫੜਿਆਂ ਦੀ ਗੰਭੀਰ ਬਿਮਾਰੀ ਪਲਮੋਨਿਰੀ ਐਂਬੋਲਿਜ਼ਮ ਅਤੇ ਸਰੀਰ ਅੰਦਰ ਕਾਰਬਨਡਾਈਆਕਸਾਈਡ ਗੈਸ ਦੀ ਨਿਯਤ ਮਾਤਰਾ ਤੋਂ ਜਿਆਦਾ ਵਧਣ ਕਰਕੇ ਦਿਲ ਦੀ ਕਾਰਜ ਪ੍ਰਣਾਲੀ 'ਤੇ ਪਏ ਬੁਰੇ ਪ੍ਰਭਾਵਾਂ ਕਰਕੇ ਮੌਤ ਨਾਲ ਜੂਝ ਰਹੇ ਪੀੜ੍ਹਤ ਮਰੀਜ਼ 35 ਸਾਲ ਉਮਰ ਦੇ ਬਲਜਿੰਦਰ ਸਿੰਘ  ਦੀ ਜਾਨ ਨੌ ਦਿਨ ਆਈ.ਸੀ.ਯੂ. ਅਤੇ ਤਿੰਨ ਦਿਨ ਐਚ.ਡੀ.ਯੂ. ਵਾਰਡ ਵਿੱਚ ਰੱਖ ਕੇ ਵੈਂਟੀਲੇਟਰ ਦੀ ਮਦਦ ਨਾਲ ਮਿਆਰੀ ਇਲਾਜ ਕਰਕੇ ਬਚਾਏ ਜਾਣ ਦਾ ਸਮਾਚਾਰ ਹੈ । ਡਾ. ਵਿਵੇਕ ਗੁੰਬਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਕਤ ਮਰੀਜ਼ ਵੱਡੇ ਸ਼ਹਿਰ ਦੇ ਨਿੱਜੀ ਹਸਪਤਾਲ ਤੋਂ ਜਵਾਬ ਮਿਲਣ ਕਰਕੇ ਬਹੁਤ ਮਾੜੀ ਅਤੇ ਗੰਭੀਰ ਹਾਲਤ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਵਿਖੇ ਇਲਾਜ ਲਈ ਲਿਆਂਦਾ ਗਿਆ । ਮਰੀਜ਼  ਦੇ  ਸਰੀਰ ਵਿਚ ਆਕਸੀਜਨ ਦਾ ਪੱਧਰ ਘਟਣ ਕਰਕੇ ਅਤੇ ਸਰੀਰ ਵਿਚ ਕਾਰਬਨਡਾਈਆਕਸਾਈਡ ਗੈਸ ਦੀ ਨਿਯਤ ਮਾਤਰਾ ਤੋਂ ਜਿਆਦਾ ਵੱਧ ਜਾਣ ਨਾਲ ਫੇਫੜਿਆਂ ਨੇ ਲਗਪਗ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਦਾ ਅਸਰ ਮਰੀਜ਼ ਦੇ ਦਿਲ ਦੀ ਕਾਰਜ ਪ੍ਰਣਾਲੀ 'ਤੇ ਪੈਣ ਜਾਣ ਕਰਕੇ ਮਰੀਜ਼ ਨੀਮ-ਬੇਹੋਸ਼ ਹੋ ਚੁੱਕਾ ਸੀ । ਡਾ. ਸਾਹਿਬ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲੇ ਤੋਂ ਇੱਕ ਘੰਟੇ ਬਾਅਦ ਹੀ ਮਰੀਜ਼ ਦੇ ਦਿਲ ਦੀ ਧੜਕਣ ਅਚਾਨਕ ਬੰਦ ਹੋ ਗਈ ਸੀ, ਫੌਰੀ ਤੌਰ 'ਤੇ ਆਈ.ਸੀ.ਯੂ. ਵਿੱਚ ਡਾਕਟਰਾਂ ਦੀ ਟੀਮ ਨੇ ਮਰੀਜ਼ ਦੀ ਰੁਕੀ ਹੋਈ ਧੜਕਣ ਨੂੰ ਦੁਬਾਰਾ ਚਾਲੂ ਕਰਨ ਲਈ ਦੁਨੀਆ ਭਰ ਵਿਚ ਵਰਤੀ ਜਾਂਦੀ ਖਾਸ ਤਕਨੀਕ ਸੀ.ਪੀ.ਆਰ. ਅਤੇ ਖਾਸ ਦਵਾਈਆਂ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਉਕਤ ਟੀਮ ਮਰੀਜ਼ ਦਾ ਰੁਕਿਆ ਹੋਇਆ ਦਿਲ ਦੁਬਾਰਾ ਚਾਲੂ ਕਰਨ ਵਿੱਚ ਕਾਮਯਾਬ ਹੋ ਗਈ ਸੀ । ਉਸ ਤੋਂ ਬਾਅਦ ਮਰੀਜ਼ ਨੂੰ ਸਾਹ ਦੇਣ ਲਈ ਸਾਹ ਨਲੀ ਵਿੱਚ ਇੰਡੋਟਰੈਕਲ ਟਿਊਬ ਪਾ ਕੇ ਵੈਂਟੀਲੇਟਰ ਦੀ ਮਦਦ ਲਈ ਗਈ ਮਰੀਜ਼ ਦੀ ਹਾਲਤ ਵਿੱਚ ਸੁਧਾਰ ਹੋਣ ਲੱਗਾ । ਇਲਾਜ ਦੌਰਾਨ ਪੰਜਵੇਂ ਦਿਨ ਫਿਰ ਅਚਾਨਕ ਮਰੀਜ਼ ਨੂੰ ਦਿਲ ਦਾ ਦੌਰਾ ਪਿਆ । ਜਿੱਥੇ ਡਾ. ਵਿਵੇਕ ਗੁੰਬਰ ਦੀ ਅਗਵਾਈ ਹੇਠ  ਆਈ.ਸੀ.ਯੂ. ਵਿਭਾਗ ਦੀ ਟੀਮ ਨੇ ਸੀ.ਪੀ.ਆਰ. ਦੇ ਜ਼ਰੀਏ ਮਰੀਜ਼ ਦੀ ਧੜਕਣ ਨੂੰ ਦੁਬਾਰਾ ਚਾਲੂ ਕੀਤਾ ਸੀ। ਪਹਿਲੇ ਨੌ ਦਿਨ ਆਈ ਸੀ ਯੂ ਅਤੇ ਤਿੰਨ ਦਿਨ ਵਿਸ਼ੇਸ਼ ਐਚ.ਡੀ.ਯੂ. ਵਾਰਡ ਵਿਚ ਕੀਤੇ ਇਲਾਜ ਉਪਰੰਤ ਮਰੀਜ਼ ਤੰਦਰੁਸਤ ਹੈ । ਇਸ ਮੌਕੇ ਮਰੀਜ਼ ਦੀ ਪਤਨੀ ਜਸਪ੍ਰੀਤ ਕੌਰ ਵੱਲੋਂ ਉਹਨਾਂ ਪਤੀ ਬਲਜਿੰਦਰ ਸਿੰਘ ਦਾ ਵਧੀਆ ਇਲਾਜ ਕਰਕੇ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰਾਂ ਅਤੇ ਨਰਸਿੰਗ ਸਟਾਫ਼ ਦਾ ਹਾਰਦਿਕ ਧੰਨਵਾਦ ਕੀਤਾ। ਹਸਪਤਾਲ ਵਿਚ ਮਿਲਦੀਆਂ ਮੈਡੀਕਲ ਸਹੂਲਤਾਂ ਬਾਰੇ ਡਾ. ਵਿਵੇਕ ਗੁੰਬਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਆਧੁਨਿਕ ਆਈ.ਸੀ.ਯੂ., ਆਈ.ਸੀ.ਸੀ. ਯੂ, ਆਧੁਨਿਕ ਵੈਂਟੀਲੇਟਰਾਂ, ਆਟੋਮੈਟਿਕ ਇਨਫਿਊਜਨ  ਪੰਪ, ਕਾਰਡੀਅਕ ਮੋਨੀਟਰ ਅਤੇ ਹੋਰ ਨਵੀਨਤਮ ਉਪਕਰਨਾਂ ਨਾਲ ਲੈਸ ਹੈ, ਜਿਸ  ਕਰਕੇ ਦਿਲ, ਫੇਫੜਿਆਂ ਅਤੇ ਗੁਰਦਿਆਂ ਦੇ  ਬਿਮਾਰੀਆਂ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਹੋ ਰਿਹਾ ਹੈ । ਇਸ ਮੌਕੇ ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ. ਕੁਲਦੀਪ ਸਿੰਘ ਐਸ ਐਮ ਉ,  ਡਾ. ਮਾਇਆ ਪਾਲ, ਸੋਨੀਆ ਸਿੰਘ ਆਈ ਸੀ ਯੂ ਇੰਚਾਰਜ, ਗੁਰਪ੍ਰੀਤ ਕੌਰ ਅਮਰਜੈਂਸੀ ਇੰਚਾਰਜ, ਬਲਬੀਰ ਕੌਰ ਉ ਪੀ ਡੀ ਇੰਚਾਰਜ, ਹਸਪਤਾਲ ਨਰਸਿੰਗ ਸਟਾਫ ਵੀ ਹਾਜ਼ਰ ਸੀ ।  
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਮੈਡੀਕਲ ਓ.ਪੀ.ਡੀ. ਵਿਚ ਮਰੀਜ਼ ਬਲਜਿੰਦਰ ਸਿੰਘ ਨਾਲ ਖੁਸ਼ੀ ਭਰੇ ਮਾਹੌਲ ਵਿਚ ਡਾਕਟਰ ਵਿਵੇਕ ਗੁੰਬਰ ਤੇ ਹਸਪਤਾਲ ਸਟਾਫ਼

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+1 ਦੇ ਵਿਦਿਆਰਥੀਆਂ ਵੱਲੋਂ 10+2 ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+1 ਦੇ ਵਿਦਿਆਰਥੀਆਂ ਵੱਲੋਂ 10+2 ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ
ਮੁੱਖ ਮਹਿਮਾਨ ਸ. ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ

ਬੰਗਾ  7  ਫਰਵਰੀ () ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਅੱਜ 10+1 ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਿੱਘੀ ਵਿਦਾਇਗੀ ਪਾਰਟੀ ਦਾ ਆਯੋਜਿਨ ਕੀਤਾ ਗਿਆ । ਇਸ ਮੌਕੇ ਵਿਦਾਇਗੀ ਪਾਰਟੀ ਦੀ ਸ਼ੁਰੂਆਤ ਮਹਿਮਾਨ ਸ. ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰ ਕੇ ਕੀਤੀ । ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸਕੂਲ ਤੋਂ ਵਿਦਾ ਹੋ ਰਹੇ 10+2 ਜਮਾਤ ਦੇ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੰਦੇ ਹੋਏ ਉਹਨਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ । ਚੇਅਰਮੈਨ ਸ. ਜਲਵਾਹਾ ਨੇ ਸਮੂਹ ਵਿਦਿਆਰਥੀਆਂ ਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਜਾਗਰੁਕ ਕੀਤਾ।
          ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਆਪਣਾ, ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਜੀਵਨ ਦੇ ਟੀਚਿਆਂ ਦੀ ਪ੍ਰਾਪਤੀ ਕਰਨ ਲਈ ਦ੍ਰਿੜ੍ਹਤਾ, ਲਗਨ ਅਤੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ । ਇਸ ਤੋਂ ਪਹਿਲਾਂ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਨੇ ਚੇਅਰਮੈਨ ਸ. ਸਤਨਾਮ ਸਿੰਘ ਜਲਵਾਹਾ ਦਾ ਨਿੱਘਾ ਸਵਾਗਤ ਕੀਤਾ ਅਤੇ ਸਕੂਲ ਬਾਰੇ ਜਾਣਕਾਰੀ ਸਾਂਝੀ ਕੀਤੀ । ਪ੍ਰਿੰਸੀਪਲ ਵਨੀਤਾ ਚੋਟ ਨੇ ਵਿਦਾਇਗੀ ਸਮਾਰੋਹ ਵਿਚ ਸ਼ਾਮਿਲ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ  ਸਕੂਲ ਤੋਂ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਸਕੂਲ ਤੋਂ ਪ੍ਰਾਪਤ ਸਿੱਖਿਆਵਾਂ ਅਤੇ ਉੱਚੀਆਂ ਕਦਰਾਂ ਕੀਮਤਾਂ ਦੀ ਪਾਲਣਾ ਕਰਨ ਲਈ ਜਾਗਰੁਕ ਕੀਤਾ ।
        ਇਸ ਤੋਂ ਪਹਿਲਾਂ  ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।  ਵਿਦਾਇਗੀ ਸਮਾਰੋਹ ਵਿਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸੱਭਿਆਚਾਰਕ  ਪ੍ਰੋਗਰਾਮ ਪੇਸ਼ ਕੀਤਾ। ਜਿਸ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਹੋਈ । ਉਪੰਰਤ ਗਿੱਧਾ, ਭੰਗੜਾ ਅਤੇ  ਲੋਕ ਗੀਤ ਦੀਆਂ ਮਨਮੋਹਕ ਪੇਸ਼ਕਾਰੀਆਂ ਕੀਤੀਆਂ । ਸਮਾਗਮ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੀ ਕੀਤੀਆਂ ਪਿਆਰ ਭਰੀਆਂ ਤਾਰੀਫ਼ਾਂ ਖਿੱਚ ਦਾ ਕੇਂਦਰ ਸਨ । ਵਿਦਾਇਗੀ ਸਮਾਰੋਹ ਵਿੱਚ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ,  ਸ. ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਬੀਬੀ ਬਲਵਿੰਦਰ ਕੌਰ ਕਲਸੀ ਖਜ਼ਾਨਚੀ ਟਰੱਸਟ,  ਸ. ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ,  ਸ੍ਰੀ ਦਵਿੰਦਰ ਸਿੰਘ ਢਿੱਲੋਂ ਅਮਰੀਕਾ,  ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਟਰੱਸਟ, ਸ੍ਰੀ ਰਾਜਦੀਪ ਥਿਥਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪੈਰਾ ਮੈਡੀਕਲ ਕਾਲਜ , ਸ੍ਰੀ ਲਾਲ ਚੰਦ ਵਾਈਸ ਪ੍ਰਿੰਸੀਪਲ, ਸ੍ਰੀਮਤੀ ਰਵਿੰਦਰ ਕੌਰ ਵਾਈਸ ਪ੍ਰਿੰਸੀਪਲ, ਸ੍ਰੀ ਰਮਨ ਕੁਮਾਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਪਰਮਜੀਤ ਕੌਰ, ਸਮੂਹ ਅਧਿਆਪਕ, ਦਫਤਰੀ ਸਟਾਫ, ਸਮੂਹ  ਵਿਦਿਆਰਥੀ ਵੀ ਹਾਜ਼ਰ ਸਨ । ਇਸ ਮੌਕੇ ਵਿਦਾ ਹੋ ਰਹੇ 10+2 ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਨੂੰ 13 ਹੋਟ ਕੇਸ, ਇੱਕ ਮਿਊਜਿਕ ਸਿਸਟਮ ਅਤੇ ਚਾਰ ਮੈਟਰਸ ਵੀ ਭੇਟ ਕੀਤੇ ਗਏ ।  
ਫੋਟੋ ਕੈਪਸ਼ਨ :-  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਹੋਈ ਨਿੱਘੀ ਵਿਦਾਇਗੀ ਪਾਰਟੀ ਦਾ ਉਦਘਾਟਨ ਕਰਦੇ ਹੋਏ ਸ. ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ , ਨਾਲ ਸਹਿਯੋਗ ਦੇ ਰਹੇ ਹਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਪਤਵੰਤੇ ਸੱਜਣ

ਸ਼ਾਮ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ 'ਤੇ ਪਾਬੰਦੀ ਦੇ ਹੁਕਮ ਜਾਰੀ

ਪਟਿਆਲਾ, 6 ਫਰਵਰੀ: ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ 'ਤੇ ਪੂਰਨ ਪਾਬੰਦੀ ਲਗਾਈ ਹੈ ਅਤੇ ਜਿਨ੍ਹਾਂ ਲੋਕਾਂ ਨੇ ਗਊ ਵੰਸ਼ ਰੱਖੇ ਹੋਏ ਹਨ ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਕੋਲ ਰਜਿਸਟਰਡ ਕਰਾਉਣ ਦੇ ਆਦੇਸ਼ ਦਿੱਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਮ ਵੇਖਣ ਵਿੱਚ ਆਇਆ ਹੈ ਲਾਵਾਰਸ ਗਊਆਂ ਕਾਰਨ ਰਾਤ ਸਮੇਂ ਸੜਕ 'ਤੇ ਕਈ ਵਾਰ ਐਕਸੀਡੈਂਟ ਹੋ ਜਾਂਦੇ ਹਨ। ਇਸ ਕਾਰਨ ਆਮ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਐਕਸੀਡੈਂਟ ਕਾਰਨ ਗਊ ਵੰਸ਼ ਸਬੰਧੀ ਕਈ ਵਾਰ ਲੋਕਾਂ ਵੱਲੋਂ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਇਹਨਾਂ ਨੂੰ ਕਿਸੇ ਸ਼ਰਾਰਤੀ ਅਨਸਰਾਂ ਨੇ ਮਾਰ ਕੇ ਸੁੱਟ ਦਿੱਤਾ ਹੈ ਜਿਸ ਨਾਲ ਸਮਾਜ ਦੇ ਵੱਡੇ ਵਰਗ ਵਿੱਚ ਬੇਚੈਨੀ ਫੈਲਦੀ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਿਨ੍ਹਾਂ ਲੋਕਾਂ ਕੋਲ ਗਊ ਵੰਸ਼ ਰੱਖਿਆ ਹੋਇਆ ਹੈ, ਉਹ ਉਹਨਾਂ ਨੂੰ ਰਜਿਸਟਰਡ ਜ਼ਰੂਰ ਕਰਵਾਉਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਗਊ ਵੰਸ਼ ਨੂੰ ਲੈ ਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਅਤੇ ਗਊ ਵੰਸ਼ ਦੀ ਸੁਰੱਖਿਆ ਸਬੰਧੀ ਉਪਰਾਲੇ ਕੀਤੇ ਜਾ ਸਕਣ। ਇਹ ਹੁਕਮ 5 ਅਪ੍ਰੈਲ 2025 ਤੱਕ ਲਾਗੂ ਰਹਿਣਗੇ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖਿਲਾਫ਼ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

ਆਈ.ਐਸ.ਸੀ. ਵੈਲਫੇਅਰ ਐਸੋਸ਼ੀਏਸ਼ਨ ਯੂ.ਕੇ. ਵੱਲੋਂ 24 ਹੁਸ਼ਿਆਰ ਵਿਦਿਆਰਥੀਆਂ ਨੂੰ 1,05,500 ਰੁਪਏ ਦੇ ਵਜ਼ੀਫੇ ਪ੍ਰਦਾਨ

ਆਈ.ਐਸ.ਸੀ. ਵੈਲਫੇਅਰ ਐਸੋਸ਼ੀਏਸ਼ਨ ਯੂ.ਕੇ. ਵੱਲੋਂ 24 ਹੁਸ਼ਿਆਰ ਵਿਦਿਆਰਥੀਆਂ ਨੂੰ 1,05,500 ਰੁਪਏ ਦੇ ਵਜ਼ੀਫੇ ਪ੍ਰਦਾਨ
ਬੰਗਾ 6 ਫਰਵਰੀ () ਸਮਾਜ ਸੇਵਾ ਨੂੰ ਸਮਰਪਿਤ ਇੰਡੀਅਨ ਸ਼ਡਿਊਲ ਕਾਸਟ ਵੈਲਫੇਅਰ ਐੋਸੋਸ਼ੀਏਸ਼ਨ ਡਰਬੀ ਯੂ ਕੇ ਦੀ ਪੰਜਾਬ ਇਕਾਈ ਵੱਲੋਂ ਬੰਗਾ ਵਿਖੇ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫਾ ਵੰਡ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੇ  ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ 24‍ ਵਿਦਿਆਰਥੀਆਂ ਨੂੰ 1,05,500/- ਰੁਪਏ (ਇੱਕ ਲੱਖ, ਪੰਜ ਹਜ਼ਾਰ ਤੇ ਪੰਜ ਸੌ ਰੁਪਏ)  ਦੇ ਵਜ਼ੀਫੇ ਤਕਸੀਮ ਕੀਤੇ । ਇਸ ਮੌਕੇ ਸ. ਢਾਹਾਂ ਨੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਐੋਸੋਸ਼ੀਏਸ਼ਨ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ ਅਤੇ ਉਹਨਾਂ ਦੇ ਸੁਨਿਹਿਰੀ ਭਵਿੱਖ ਦੀ ਕਾਮਨਾ ਕੀਤੀ। ਸ. ਢਾਹਾਂ ਨੇ ਇੰਡੀਅਨ ਸ਼ਡਿਊਲ ਕਾਸਟ ਵੈਲਫੇਅਰ ਐੋਸੋਸ਼ੀਏਸ਼ਨ ਵੱਲੋਂ ਲੋੜਵੰਦ, ਹੁਸ਼ਿਆਰ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਲਈ ਵਜ਼ੀਫੇ ਦੇ ਰੂਪ ਵਿੱਚ ਵਿੱਤੀ ਮੱਦਦ ਮੁਹੱਈਆ ਕਰਵਾਉਣ ਦੇ ਕਾਰਜਾਂ ਦੀ  ਭਾਰੀ ਸ਼ਲਾ੍ਘਾ ਕੀਤੀ ।
           ਸਮਾਗਮ ਵਿਚ ਐਸੋਸੀਏਸ਼ਨ ਦੇ ਚੇਅਰਮੈਨ ਸ. ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਚੌਰ ਅਤੇ ਕਮਾਂਡੈਂਟ (ਰਿਟਾ.) ਸ. ਗਿਆਨ ਸਿੰਘ ਨੇ ਕਿਹਾ ਕਿ ਇੰਡੀਅਨ ਸ਼ਡਿਊਲ ਕਾਸਟ ਵੈਲਫੇਅਰ ਐੋਸੋਸ਼ੀਏਸ਼ਨ  ਜ਼ਰੂਰਤਮੰਦ ਪੜ੍ਹਨ ਵਾਲੇ ਵਿਦਿਆਰਥੀ ਨੂੰ ਲਗਾਤਾਰ ਮਦਦ ਕਰਨ ਲਈ ਵਚਨਬੱਧ ਹੈ । ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਐਸ਼ੋਸ਼ੀਏਸ਼ਨ ਵਲੋਂ ਸਪਾਂਸਰ ਵਿਦਿਆਰਥੀਆਂ ਵਿਚੋਂ ਅਨੇਕਾਂ ਬੱਚੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਵਧੀਆ ਜੀਵਨ ਬਿਤਾ ਰਹੇ ਹਨ। ਇਸ ਤੋਂ ਪਹਿਲਾਂ ਐਸ਼ੋਸ਼ੀਏਸ਼ਨ ਦੇ  ਸਮੂਹ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ  ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾ ਦਾ ਨਿੱਘਾ ਸਵਾਗਤ ਕੀਤਾ ਅਤੇ  ਧੰਨਵਾਦ ਕਰਦੇ ਹੋਏ ਵਿਸ਼ੇਸ਼ ਸਨਮਾਨ ਵੀ ਕੀਤਾ। ਉਹਨਾਂ ਕਿਹਾ ਕਿ ਸ. ਕੁਲਵਿੰਦਰ ਸਿੰਘ ਢਾਹਾਂ ਜੀ ਦੀ ਅਗਵਾਈ ਹੇਠ  ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਅਤੇ ਸਿੱਖਿਆ ਸੇਵਾਵਾਂ ਇਲਾਕੇ ਲਈ ਵਰਦਾਨ ਹਨ ।
        ਇਸ ਮੌਕੇ ਸ੍ਰੀ ਅਮਰਜੀਤ ਜੱਸਲ, ਉਪਿੰਦਰਜੀਤ ਜੱਸਲ, ਹਰਮੇਸ਼ ਲਾਲ, ਵਰਿੰਦਰ ਜੱਸਲ, ਅਵਤਾਰ ਵਿਰਦੀ, ਕੁਲਵੰਤ ਸਿੰਘ, ਲੰਬੜਦਾਰ ਬਲਦੇਵ ਸਿੰਘ, ਡਾ. ਸਿਮਰਨਜੀਤ ਕੌਰ ਬੀ ਡੀ ਐਸ, ਹਰਜੋਤ ਕੌਰ ਬੀ ਐਸ ਸੀ ਨਰਸਿੰਗ, ਰਾਜਵਿੰਦਰ ਕੌਰ ਬੀ ਏ ਐਲ ਐਲ ਬੀ, ਮੁਸਕਾਨ ਸੱਲਾਂ ਕਿੱਕ ਬੌਕਸਿੰਗ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।
ਤਸਵੀਰ : ਆਈ.ਐਸ. ਸੀ. ਵੈੱਲਫੇਅਰ  ਐਸੋਸ਼ੀਏਸ਼ਨ ਯੂ.ਕੇ. ਵੱਲੋਂ 24 ਹੁਸ਼ਿਆਰ ਵਿਦਿਆਰਥੀਆਂ ਨੂੰ 1,05,500 ਰੁਪਏ ਦੇ ਵਜ਼ੀਫੇ ਪ੍ਰਦਾਨ ਕਰਨ ਮੌਕੇ ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ, ਸ. ਪਰਮਜੀਤ ਸਿੰਘ  ਚੇਅਰਮੈਨ, ਕਮਾਂਡੈਂਟ (ਰਿਟਾ.) ਸ. ਗਿਆਨ ਸਿੰਘ  ਅਤੇ ਹੋਰ ਪਤਵੰਤੇ

Fwd: ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਵੱਲੋਂ ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ ‘ਤੇ ਪੁਲਿਸ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, ਪਟਿਆਲਾ ਰੇਂਜ ਦੇ 727 ਪੁਲਿਸ ਕਰਮਚਾਰੀਆਂ ਨੂੰ ਤਰੱਕੀ ਦਿੱਤੀ

ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਵੱਲੋਂ ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ 'ਤੇ ਪੁਲਿਸ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, ਪਟਿਆਲਾ ਰੇਂਜ ਦੇ 727 ਪੁਲਿਸ ਕਰਮਚਾਰੀਆਂ ਨੂੰ ਤਰੱਕੀ ਦਿੱਤੀ 
 ਪਟਿਆਲਾ, 2 ਫ਼ਰਵਰੀ: ਪਟਿਆਲਾ ਰੇਂਜ, ਪਟਿਆਲਾ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਸ. ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ. ਨੇ ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ 'ਤੇ ਪੁਲਿਸ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਪਟਿਆਲਾ ਰੇਂਜ ਦੇ ਜਿ਼ਲ੍ਹਾ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਵਿਖੇ ਤਾਇਨਾਤ 727 ਪੁਲਿਸ ਕਰਮਚਾਰੀਆਂ ਨੂੰ ਤਰੱਕੀਯਾਬ ਕੀਤਾ ਹੈ।
 ਇਨ੍ਹਾਂ ਤਰੱਕੀਆਂ ਦੇ ਅੱਜ ਬਸੰਤ ਪੰਚਮੀ ਦੇ ਮੌਕੇ 'ਤੇ ਹੁਕਮ ਜਾਰੀ ਕਰਦਿਆਂ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਸੂਬੇ ਦੀ ਸੁਰੱਖਿਆ ਅਤੇ ਅਮਨ ਸ਼ਾਂਤੀ ਲਈ ਕੰਮ ਕਰ ਰਹੀ ਹੈ, ਜਿਸ ਦੇ ਮੱਦੇਨਜ਼ਰ ਸਮੇਂ-ਸਮੇਂ 'ਤੇ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਜਾਂਦੀ ਹੈ ਪਰੰਤੂ ਜਦੋਂ ਕਿਸੇ ਤਿੱਥ ਤਿਉਹਾਰ ਮੌਕੇ ਕਿਸੇ ਵੀ ਮੁਲਾਜ਼ਮ ਨੂੰ ਤਰੱਕੀ ਮਿਲਦੀ ਹੈ ਤਾਂ ਉਸ ਦੀ ਖੁਸ਼ੀ ਵੱਖਰੀ ਹੀ ਹੁੰਦੀ ਹੈ।  ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਜਿਹੜੇ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਗਈ ਹੈ ਉਨ੍ਹਾਂ ਵਿੱਚ ਸਹਾਇਕ ਥਾਣੇਦਾਰ ਤੋਂ ਸਬ–ਇੰਸਪੈਕਟਰ 23, ਹੌਲਦਾਰ ਤੋਂ ਸਹਾਇਕ ਥਾਣੇਦਾਰ 132, ਸਿਪਾਹੀ ਤੋਂ ਹੌਲਦਾਰ 572 ਸ਼ਾਮਲ ਹਨ। 
        ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੇ ਤਰੱਕੀਯਾਬ ਹੋਏ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੱਤੀ। ਇਨ੍ਹਾਂ ਕਰਮਚਾਰੀਆਂ ਨੂੰ ਸ਼ੁਭ ਇੱਛਾਵਾਂ ਦਿੰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਹ ਤਰੱਕੀਯਾਬ ਕਰਮਚਾਰੀ ਤਨਦੇਹੀ ਨਾਲ ਸਥਾਪਤ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਲੋਕ ਹਿੱਤ ਵਿੱਚ ਕੰਮ ਕਰਨਗੇ।
        ਜਿਕਰਯੋਗ ਹੈ ਕਿ ਡੀ.ਆਈ.ਜੀ. ਸਿੱਧੂ ਨੇ ਨਵੀਆਂ ਪੈੜਾਂ ਪਾਈਆਂ ਹਨ, ਨਵੇਂ ਸਾਲ ਦੇ ਮੌਕੇ 'ਤੇ ਵੀ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਸਨ।ਉਨ੍ਹਾਂ ਨੇ ਪਟਿਆਲਾ ਰੇਂਜ ਦੇ ਜ਼ਿਲ੍ਹਾ ਪਟਿਆਲਾ ਦੇ 73, ਸੰਗਰੂਰ ਦੇ 18, ਬਰਨਾਲਾ ਦੇ 10, ਮਾਲੇਰਕੋਟਲਾ ਦੇ 6 ਅਤੇ ਜੀ.ਆਰ.ਪੀ. ਦੇ 19 ਕੁੱਲ 126 ਸਿਪਾਹੀਆਂ ਨੂੰ ਹੌਲਦਾਰ ਤਰੱਕੀਯਾਬ ਕੀਤਾ ਸੀ।

51 ਹਜ਼ਾਰ ਕੈਨੇਡੀਅਨ ਡਾਲਰ ਵਾਲੇ ਢਾਹਾਂ ਸਾਹਿਤ ਇਨਾਮ-2025 ਲਈ ਪੁਸਤਕਾਂ ਦੀਆਂ ਨਾਮਜ਼ਦਗੀਆਂ ਆਰੰਭ

51 ਹਜ਼ਾਰ ਕੈਨੇਡੀਅਨ ਡਾਲਰ ਵਾਲੇ ਢਾਹਾਂ ਸਾਹਿਤ ਇਨਾਮ-2025 ਲਈ ਪੁਸਤਕਾਂ ਦੀਆਂ ਨਾਮਜ਼ਦਗੀਆਂ ਆਰੰਭ
ਪੁਸਤਕਾਂ ਭੇਜਣ ਦੀ ਆਖਰੀ ਤਾਰੀਕ 28 ਫਰਵਰੀ 2025

ਵੈਨਕੂਵਰ/ਬੰਗਾ  02 ਫਰਵਰੀ () ਕੈਨੇਡਾ ਦੀ ਧਰਤੀ ਤੋਂ ਆਰੰਭ ਹੋਏ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ 51000 ਕੈਨੇਡੀਅਨ ਡਾਲਰ ਦੇ ਕੌਮਾਂਤਰੀ ਪ੍ਰਸਿੱਧੀ ਵਾਲੇ ਢਾਹਾਂ ਸਾਹਿਤ ਇਨਾਮ ਸਾਲ 2025 ਲਈ  ਨਾਮਜ਼ਦਗੀਆਂ ਹੁਣ ਪ੍ਰਵਾਨ ਕਰਨੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ 28 ਫਰਵਰੀ 2025 ਹੈ । ਇਹ ਜਾਣਕਾਰੀ ਢਾਹਾਂ ਸਾਹਿਤ ਇਨਾਮ ਦੇ ਬਾਨੀ ਸ੍ਰੀ ਬਰਜਿੰਦਰ ਸਿੰਘ ਢਾਹਾਂ ਦੁਆਰਾ  ਦਿੱਤੀ ਗਈ । ਉਹਨਾਂ ਕਿਹਾ ਕਿ ਇਸ ਸਨਮਾਨ ਮਾਂ-ਬੋਲੀ ਪੰਜਾਬੀ ਵਿਚ ਸਮੁੱਚੇ ਸੰਸਾਰ ਵਿਚ ਰਚੇ ਗਏ ਉੱਤਮ ਸਾਹਿਤ ਦੀ ਪਛਾਣ ਕਰਨ ਅਤੇ  ਪੰਜਾਬੀ ਸਾਹਿਤ-ਸਿਰਜਣਾ ਨੂੰ ਉਤਸ਼ਾਹ ਦੇਣ ਦੇ ਮਨੋਰਥ ਨਾਲ ਸ਼ੁਰੂ ਕੀਤਾ ਗਿਆ । ਜੋ ਕੌਮਾਂਤਰੀ ਪੱਧਰ ਉੱਤੇ ਮਾਂ ਬੋਲੀ ਪੰਜਾਬੀ ਦੀ ਗੁਰਮੁਖੀ ਜਾਂ ਸ਼ਾਹਮੁਖੀ  ਲਿਪੀ ਵਿਚ ਛਪੇ ਨਾਵਲ ਤੇ ਕਹਾਣੀ ਦੀਆਂ ਤਿੰਨ ਕਿਤਾਬਾਂ ਨੂੰ ਦਿੱਤਾ ਜਾਂਦਾ ਹੈ । ਜਿਸ ਵਿਚ ਤਿੰਨ ਪੁਸਤਕਾਂ ਵਿਚੋ ਇੱਕ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਦਾ ਇਨਾਮ ਅਤੇ ਦੋ ਪੁਸਤਕਾਂ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦਾ ਢਾਹਾਂ ਸਾਹਿਤ ਇਨਾਮ ਬਹੁਤ ਸਤਿਕਾਰ ਸਹਿਤ ਭੇਟ ਕੀਤਾ ਜਾਂਦਾ ਹੈ । ਇਸ ਮੌਕੇ ਜੇਤੂ ਕਿਤਾਬਾਂ ਦੇ ਲੇਖਕਾਂ ਨੂੰ ਗੁਰਮੁਖੀ ਜਾਂ ਸ਼ਾਹਮੁਖੀ ਵਿੱਚ ਲਿਪੀਅੰਤਰਨ ਕਰਨ ਲਈ ਵੀ 6,000 ਕੈਨੇਡੀਅਨ ਡਾਲਰ ਦਾ ਵਿਸ਼ੇਸ਼ ਸਨਮਾਨ ਵੀ ਭੇਟ ਕੀਤਾ ਜਾਂਦਾ ਹੈ। ਢਾਹਾਂ ਸਾਹਿਤ ਇਨਾਮ ਵੱਲੋਂ  11 ਸਾਲਾਂ ਦੇ ਸਫਰ ਵਿਚ ਹੁਣ ਤੱਕ ਭਾਰਤ, ਪਾਕਿਸਤਾਨ, ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਦੇ ਪੰਜਾਬੀ ਲੇਖਕਾਂ ਦੀਆਂ  33  ਨਾਮਵਰ ਪੁਸਤਕਾਂ  ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿਚ ਨਾਵਲ ਤੇ ਕਹਾਣੀ ਸੰਗ੍ਰਿਹ ਸ਼ਾਮਿਲ ਹਨ ।  ਸ. ਢਾਹਾਂ ਨੇ ਇਸ ਮੌਕੇ  ਢਾਹਾਂ ਸਾਹਿਤ ਇਨਾਮ ਨੂੰ ਦੇਸ-ਵਿਦੇਸ ਦੇ ਲੇਖਕਾਂ, ਪ੍ਰਕਾਸ਼ਿਕਾਂ ਅਤੇ ਪਾਠਕਾਂ ਵੱਲੋ ਦਿੱਤੇ ਜਾ ਰਹੇ ਪਿਆਰ-ਸਤਿਕਾਰ ਲਈ ਤਹਿ ਦਿਲੋਂ ਧੰਨਵਾਦ ਕੀਤਾ।
          ਸ. ਢਾਹਾਂ ਨੇ ਨਾਮਜ਼ਦਗੀਆਂ ਦਾਖਲ ਕਰਨ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਸਾਲ 2025 ਦੇ ਢਾਹਾਂ ਇਨਾਮ ਲਈ  ਪ੍ਰਕਾਸ਼ਿਤ ਨਾਵਲ ਜਾਂ ਕਹਾਣੀਆਂ ਦੀ ਕਿਤਾਬ ਨਾਮਜ਼ਦ ਕਰਨ ਦੇ ਚਾਹਵਾਨ ਲੇਖਕ, ਪ੍ਰਕਾਸ਼ਿਕ  ਨਾਮਜ਼ਦਗੀ ਫਾਰਮ ਭਰ ਕੇ  ਸੰਬਧਿਤ ਪੁਸਤਕ ਦੀਆਂ ਤਿੰਨ ਕਾਪੀਆਂ ਨੂੰ ਢਾਹਾਂ ਇਨਾਮ ਦੇ ਮੁੱਖ ਦਫਤਰ Dhahan Prize Book Submission # 1058 – 2560 Shell Road Richmond, B.C.,  Canada V6X 0B8 ਜਾਂ ਈਮੇਲ submissions@dhahanprize.com  'ਤੇ ਭੇਜ ਸਕਦੇ ਹਨ  । ਇਸ ਸਬੰਧੀ ਹੋਰ ਜਾਣਕਾਰੀ  ਵੈਬਸਾਈਟ www.dhahanprize.com  ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਤੋਂ ਲੇਖਕ-ਪ੍ਰਕਾਸ਼ਿਕ ਤਿੰਨ ਭਾਸ਼ਾਵਾਂ ਗੁਰਮੁਖੀ, ਸ਼ਾਹਮੁਖੀ ਅਤੇ ਅੰਗਰੇਜ਼ੀ ਵਿਚ ਜਾਣਕਾਰੀ ਮਿਲ ਸਕਦੀ ਹੈ । ਵਰਨਣਯੋਗ ਹੈ ਕਿ ਢਾਹਾਂ ਇਨਾਮ ਪੰਜਾਬੀ ਭਾਸ਼ਾ ਦਾ ਸਭ ਤੋਂ ਵੱਡਾ ਸਨਮਾਨ ਹੈ, ਜੋ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਹਿਤ ਕਰਨ, ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਨੂੰ ਆਪਸ ਵਿੱਚ ਜੋੜਨ ਅਤੇ ਕੌਮਾਂਤਰੀ ਪੱਧਰ 'ਤੇ ਪੰਜਾਬੀ ਸਾਹਿਤ ਦਾ ਪ੍ਰਚਾਰ ਤੇ ਪਸਾਰ ਕਾਰਜਸ਼ੀਲ ਹੈ । ਇਸ ਨਾਲ ਪੰਜਾਬੀ ਲੇਖਕਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਨਿਵੇਕਲੀ ਪਛਾਣ ਮਿਲਦੀ ਹੈ ਅਤੇ ਜਿਸ ਰਾਹੀਂ ਉਹ ਦੁਨੀਆ ਭਰ ਦੇ ਬਹੁ-ਭਾਸ਼ੀ ਪਾਠਕਾਂ ਤੱਕ ਪਹੁੰਚ ਸਕਦੇ ਹਨ ।
        ਢਾਹਾਂ ਇਨਾਮ ਦੀ ਸਥਾਪਨਾ ਬਰਜ ਢਾਹਾਂ (ਬਰਜਿੰਦਰ ਸਿੰਘ) ਅਤੇ ਉਹਨਾਂ ਧਰਮਪਤਨੀ ਰੀਟਾ ਢਾਹਾਂ ਦੁਆਰਾ ਪਰਿਵਾਰ, ਦੋਸਤਾਂ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਹਿਯੋਗ ਨਾਲ ਵੈਨਕੂਵਰ, ਕੈਨੇਡਾ ਵਿੱਚ ਸਾਲ 2013 ਵਿਚ ਕੀਤੀ ਸੀ । ਢਾਹਾਂ ਸਾਹਿਤ ਇਨਾਮ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ (ਕਨੈਡਾ) ਸਥਾਪਿਤ ਹੋਇਆ ਸੀ, ਜਿੱਥੇ ਪੰਜਾਬੀ ਲੋਕਾਂ ਦਾ, ਪੰਜਾਬੀ ਭਾਸ਼ਾ ਦਾ ਅਤੇ ਪੰਜਾਬੀ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ । ਇਸ ਤੋਂ ਇਲਾਵਾ ਮਾਣ ਵਾਲੀ ਗੱਲ ਹੈ ਕਿ ਪੰਜਾਬੀ  ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਜੋ ਇਸ ਦੇਸ਼ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਵਿੱਚ ਇੱਕ ਮਜ਼ਬੂਤ ਥੰਮ ਦਾ ਕੰਮ ਕਰ ਰਹੀ ਹੈ ।
ਤਸਵੀਰ : ਢਾਹਾਂ ਸਾਹਿਤ ਇਨਾਮ ਦੇ ਬਾਨੀ ਸ. ਬਰਜਿੰਦਰ ਸਿੰਘ ਢਾਹਾਂ